ਆਪ ਨੂੰ ਵੱਡਾ ਝਟਕਾ: ਮੁੱਖ ਆਗੂ, ਸਮਰਥਕ ਪੰਜਾਬ ਕਾਂਗਰਸ ‘ਚ ਸ਼ਾਮਿਲ

ਆਪ ਨੂੰ ਵੱਡਾ ਝਟਕਾ: ਮੁੱਖ ਆਗੂ, ਸਮਰਥਕ ਪੰਜਾਬ ਕਾਂਗਰਸ ‘ਚ ਸ਼ਾਮਿਲ

ਚੰਡੀਗੜ੍ਹ, 23 ਦਸੰਬਰ( ਦੀਪਕ ਵਾਟਸ )– ਸੰਕਟਾਂ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਨੂੰ ਆਗੂਆਂ ਦਾ ਛੱਡਣਾ ਜ਼ਾਰੀ ਹੈ ਤੇ ਸ਼ੁੱਕਰਵਾਰ ਨੂੰ ਕਈ ਮੁੱਖ ਆਪ ਆਗੂ ਤੇ ਉਨ੍ਹਾਂ ਦੇ ਸਮਰਥਕ ਪੰਜਾਬ ਕਾਂਗਰਸ ‘ਚ ਸ਼ਾਮਿਲ ਹੋ ਗਏ, ਜਿਨ੍ਹਾਂ ਦਾ ਇਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਮਹੱਤਵਪੂਰਨ ਆਪ ਆਗੂਆਂ ‘ਚ ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਸੰਸਦੀ ਹਲਦਿਆਂ ਦੇ ਆਪ ਇੰਚਾਰਜ਼ ਵੀਰਇੰਦਰ ਖੀਰਾ ਸਮੇਤ ਆਪ ਬੁੱਧੀਜੀਵੀ ਵਿੰਗ ਦੇ ਮੰਡੀ ਗੋਬਿੰਦਗੜ੍ਹ ਦੇ ਕੋਆਰਡੀਨੇਟਰ ਜਤਿਨ ਸੂਦ ਸ਼ਾਮਿਲ ਹਨ।
ਦੋਨਾਂ ਆਗੂਆਂ ਨੇ ਉਨ੍ਹਾਂ ਦਾ ਪਾਰਟੀ ਪ੍ਰਤੀ ਮੋਹ ਭੰਗ ਹੋਣ ਲਈ ਆਪ ‘ਚ ਭ੍ਰਿਸ਼ਟਾਚਾਰ ਦੇ ਗੰਭੀਰ ਮੁੱਦਿਆਂ ਦਾ ਜ਼ਿਕਰ ਕੀਤਾ ਤੇ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਕਾਂਗਰਸ ਪ੍ਰਤੀ ਆਪਣਾ ਪੂਰਾ ਸਮਰਥਨ ਪ੍ਰਗਟਾਇਆ।
ਕੈਪਟਨ ਅਮਰਿੰਦਰ ਨੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੇ ਨਵੇਂ ਆਗੂਆਂ ਦਾ ਪਾਰਟੀ ‘ਚ ਸਵਾਗਤ ਕਰਦਿਆਂ ਕਿਹਾ ਕਿ ਆਪ ‘ਚ ਇਮਾਨਦਾਰ ਤੇ ਸਹੀ ਲੋਕਾਂ ਦਾ, ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਤੇ ਦਾਗੀ ਵਿਅਕਤੀਆਂ ਨੂੰ ਟਿਕਟਾਂ ਦੀ ਵੰਡ ਕਾਰਨ ਹੁਣ ਪਾਰਟੀ ਤੋਂ ਮੋਹ ਭੰਗ ਹੋ ਰਿਹਾ ਹੈ।
ਇਸ ਲੜੀ ਹੇਠ, ਤਿੰਨ ਸਾਲ ਪਹਿਲਾਂ ਆਪ ‘ਚ ਸ਼ਾਮਿਲ ਹੋਣ ਤੋਂ ਪਹਿਲਾਂ ਅਮਰੀਕਾ ‘ਚ ਆਪਣਾ ਬਿਜਨੇਸ ਚਲਾ ਰਹੇ ਖਾਰਾ ਨੇ ਕਿਹਾ ਕਿ ਉਨ੍ਹਾਂ ਦਾ ਜ਼ਲਦੀ ਹੀ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਭਰੋਸਾ ਟੁੱਟ ਗਿਆ, ਜਿਹੜੇ ਖੁਦ ਨੂੰ ਭ੍ਰਿਸ਼ਟਾਚਾਰ ਤੋਂ ਪ੍ਰਤਾੜਤ ਆਮ ਲੋਕਾਂ ਦੇ ਮਸੀਹਾ ਵਜੋਂ ਪੇਸ਼ ਕਰ ਰਹੇ ਸਨ, ਲੇਕਿਨ ਕੇਜਰੀਵਾਲ ਖੁਦ ਪੂਰੀ ਤਰ੍ਹਾਂ ਝੂਠੇ ਤੇ ਧੋਖੇਬਾਜ ਨਿਕਲੇ।
ਖਾਰਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪੰਜਾਬ ਦੀ ਸੇਵਾ ਕਰਨ ਦੀ ਸੋਚ ਹੇਠ ਆਪਣੇ ਗ੍ਰੀਨ ਕਾਰਡ ਤੇ ਅਮਰੀਕਾ ‘ਚ ਮੁੜ ਦਾਖਿਲ ਹੋਣ ਦੀ ਪਰਮਿਟ ਨੂੰ ਸਿਰੈਂਡਰ ਕੀਤਾ ਸੀ ਤੇ 2013 ‘ਚ ਆਪ ‘ਚ ਸ਼ਾਮਿਲ ਹੋਏ ਸਨ। ਲੇਕਿਨ ਆਪ ‘ਚ ਵੱਡੇ ਪੱਧਰ ‘ਤੇ ਹਰ ਤਰ੍ਹਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਕਾਰਨ ਉਨ੍ਹਾਂ ਦਾ ਪਾਰਟੀ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਗਿਆ।
ਇਸ ਦੌਰਾਨ ਆਪ ‘ਤੇ ਟਿਕਟਾਂ ਵੇਚਣ ਤੇ ਚੋਣਾਂ ਲਈ ਦਾਗੀ ਵਿਅਕਤੀਆਂ ਨੂੰ ਖੜ੍ਹਾ ਕਰਨ ਦਾ ਦੋਸ਼ ਲਗਾਉਂਦਿਆਂ, ਖਾਰਾ ਨੇ ਕੈਪਟਨ ਅਮਰਿੰਦਰ ਦੀ ਅਗਵਾਈ ‘ਚ ਪੂਰਾ ਭਰੋਸਾ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਪੰਜਾਬ ਦੀ ਸੇਵਾ ਕਰਨਾ ਹੈ ਤੇ ਉਹ ਸਮਝ ਚੁੱਕੇ ਹਨ ਕਿ ਕਾਂਗਰਸ ਹੀ ਇਸ ਦਿਸ਼ਾ ‘ਚ ਸੱਭ ਤੋਂ ਵਧੀਆ ਮੰਚ ਹੈ। ਖਾਰਾ ਨੇ ਕਿਹਾ ਕਿ ਉਹ ਕਾਂਗਰਸ ‘ਚ ਬਗੈਰ ਕਿਸੇ ਸ਼ਰਤ ਸ਼ਾਮਿਲ ਹੋਏ ਹਨ।
ਉਥੇ ਹੀ, ਇਕ ਸਨਅੱਤਕਾਰ ਸੂਦ ਨੇ ਕੈਪਟਨ ਅਮਰਿੰਦਰ ਨੂੰ ਪੰਜਾਬ ‘ਚ ਪੂਰੀ ਤਰ੍ਹਾਂ ਢਹਿ ਚੁੱਕੀ ਇੰਡਸਟਰੀ ਨੂੰ ਲੈ ਕੇ ਸ਼ਿਕਾਇਤ ਕਰਦਿਆਂ ਕਿਹਾ ਕਿ ਲੁਧਿਆਣਾ ਦੇ 60 ਪ੍ਰਤੀਸ਼ਤ ਉਦਯੋਗ ਜਾਂ ਤਾਂ ਬੰਦ ਹੋ ਚੁੱਕੇ ਹਨ, ਜਾਂ ਫਿਰ ਪੰਜਾਬ ਛੱਡ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਤ ਕੈਪਟਨ ਅਮਰਿੰਦਰ ਵੱਲੋਂ ਤੁਰੰਤ ਦਖਲ ਦਿੱਤੇ ਜਾਣ ਦੀ ਲੋੜ ‘ਤੇ ਜ਼ੋਰ ਦਿੰਦੇ ਹਨ, ਜਿਸ ‘ਤੇ ਪੰਜਾਬ ਕਾਂਗਰਸ ਪ੍ਰਧਾਨ ਨੇ ਸੂਦ ਨੂੰ ਭਰੋਸਾ ਦਿੱਤਾ ਕਿ ਉਹ ਸੱਤਾ ‘ਚ ਵਾਪਿਸੀ ਤੋਂ ਬਾਅਦ ਸੂਬੇ ਦੇ ਉਦਯੋਗਾਂ ਨੂੰ ਮੁੜ ਖੜ੍ਹਾ ਕਰਨ ਹਿੱਤ ਹਰ ਤਰ੍ਹਾਂ ਦੇ ਕਦਮ ਚੁੱਕਣਗੇ।
ਇਸ ਮੌਕੇ ਵੱਡੀ ਗਿਣਤੀ ‘ਚ ਆਪ ਵਲੰਟੀਅਰਾਂ ਤੇ ਸਮਰਥਕਾਂ ਨੇ ਕੈਪਟਨ ਅਮਰਿੰਦਰ ਨੂੰ ਆਪਣਾ ਸਮਰਥਨ ਪ੍ਰਗਟਾਉਂਦਿਆਂ, ਕਾਂਗਰਸ ਪ੍ਰਤੀ ਆਪਣੀ ਨਿਸ਼ਠਾ ਪ੍ਰਗਟ ਕੀਤੀ।

Share Button

Leave a Reply

Your email address will not be published. Required fields are marked *

%d bloggers like this: