‘ਆਪ’ ਦੇ ਉਮੀਦਵਾਰ ਸਮੇਤ ਦਰਜਨ ਸਰਪੰਚਾਂ, ਪੰਚਾਂ ਵੱਲੋਂ ਨੂਰਪੁਰ ਬੇਦੀ ਦੀ ਮੁੱਖ ਸੜਕ ਬਣਾਉਣ ਲਈ ਡਾ. ਚੀਮਾ ਨੂੰ ਫਰਿਆਦ

ss1

‘ਆਪ’ ਦੇ ਉਮੀਦਵਾਰ ਸਮੇਤ ਦਰਜਨ ਸਰਪੰਚਾਂ, ਪੰਚਾਂ ਵੱਲੋਂ ਨੂਰਪੁਰ ਬੇਦੀ ਦੀ ਮੁੱਖ ਸੜਕ ਬਣਾਉਣ ਲਈ ਡਾ. ਚੀਮਾ ਨੂੰ ਫਰਿਆਦ

photo-sandohaਰੂਪਨਗਰ, 5 ਦਸੰਬਰ (ਗੁਰਮੀਤ ਮਹਿਰਾ): ਰੋਪੜ ਹੈੱਡ ਵਰਕਸ ਤੋਂ ਲੈ ਕੇ (ਵਾਇਆ ਕਾਨਪੁਰ ਖੂਹੀ) ਪਿੰਡ ਭੰਗਲਾ ਖੇੜਾ ਤੱਕ ਲਗਭਗ 60 ਕਿਲੋਮੀਟਰ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਤਰਸਯੋਗ ਚਲ ਰਹੀ ਹੈ। ਭਾਵੇਂ ਕੇ ਲੋਕਾਂ ਨੂੰ ਦਿਲਾਸਾ ਦੇਣ ਖਾਤਰ ਕੁਝ ਥਾਵਾਂ ਤੇ ਪੈਚਿੰਗ ਵੀ ਕੀਤੀ ਗਈ ਹੈ। ਪਰ ਕੁਲ ਮਿਲਾ ਕੇ ਸੜਕ ਦੀ ਹਾਲਤ ਇੰਨੀ ਕੁ ਮਾੜੀ ਹੋ ਚੁੱਕੀ ਹੈ ਕਿ ਡਿਸਕ ਦੀ ਬਿਮਾਰੀ ਤੋਂ ਪੀੜਤ ਜਦੋਂ ਇਸ ਸੜਕ ਤੋਂ ਗੁਜਰ ਕੇ ਦਵਾਈ ਲੈਣ ਜਾਂਦਾ ਹੈ ਤਾਂ ਰੱਬ ਤੋਂ ਮੌਤ ਦੀ ਭੀਖ ਮੰਗਣ ਲਗ ਜਾਂਦਾ ਹੈ। ਇਹ ਪ੍ਰਗਟਾਵਾ ਹਲਕਾ ਰੋਪੜ ਤੋਂ ‘ਆਪ’ ਦੇ ਐਲਾਨੇ ਉਮੀਦਵਾਰ ਅਮਰਜੀਤ ਸਿੰਘ ਸੰਦੋਆ ਅਤੇ ਸਬੰਧਤ ਪਿੰਡਾਂ ਦੇ ਦਰਜਨ ਸਰਪੰਚਾਂ ਅਤੇ ਪੰਚਾਂ ਵੱਲੋਂ ਪ੍ਰੈੱਸ ਰਾਹੀਂ ਕਰਦੇ ਹੋਏ ਮੌਜੂਦਾ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੂੰ ਫਰਿਆਦ ਕੀਤੀ ਹੈ ਉਕਤ ਸੜਕ ਨੂੰ ਪਹਿਲ ਦੇ ਆਧਾਰ ਤੇ ਬਣਾ ਦਿੱਤਾ ਜਾਵੇ। ‘ਆਪ’ ਦੇ ਉਮੀਦਵਾਰ ਨੇ ਕਿਹਾ ਕਿ ਰੋਪੜ ਵਿਧਾਨ ਸਭਾ ਹਲਕੇ ਦੀ 70% ਤੋਂ ਵੱਧ ਵੋਟ ਨੂਰਪੁਰ ਬੇਦੀ ਹਲਕੇ ਵਿੱਚ ਪੈਂਦੀ ਹੈ। ਪਰ ਫਿਰ ਵੀ ਇਸ ਇਲਾਕੇ ਦੀ ਬਹੁਤ ਹੀ ਜਾਇਜ਼ ਇਸ ਮੰਗ ਨੂੰ ਪਿਛਲੇ ਕਈ ਸਾਲਾਂ ਤੋਂ ਠੰਡੇ ਬਸਤੇ ਵਿੱਚ ਪਾ ਕੇ ਰਖਿਆ ਹੋਇਆ ਹੈ।ਸੰਦੋਆ ਨੇ ਕਿਹਾ ਰਾਜਨੀਤਿਕ ਗਲਿਆਰਾ ਦੀ ਸਮਝ ਰੱਖਣ ਵਾਲੇ ਲੋਕ ਇਹ ਜਾਣਦੇ ਹਨ ਕਿ ਆਰਥਿਕ ਤੌਰ ਤੇ ਪੰਜਾਬ ਸਰਕਾਰ ਇਸ ਵੇਲੇ ਕੰਗਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਪਰ ਫਿਰ ਵੀ ਚੀਮਾ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਐਮ. ਪੀ. ਕੋਟੇ ਵਿੱਚੋਂ ਮਿਲੀਆਂ ਗਰਾਂਟਾਂ ਦੇ ਨਾਲ ਗਲੀਆਂ ਨਾਲੀਆਂ ਬਣਾਉਣ ਦਾ ਕੰਮ ਚਲਾ ਰਹੇ ਹੋ ਉਸੇ ਤਰ੍ਹਾਂ ਕੋਈ ਜੁਗਾੜ ਲੜਾ ਕੇ ਸਾਡੇ ਇਲਾਕੇ ਦੀ ਸੜਕ ਦਾ ਬੇੜਾ ਪਾਰ ਕਰਨ ਦਾ ਉਪਰਾਲਾ ਕੀਤਾ ਜਾਵੇ।
ਸੰਦੋਆ ਨੇ ਕਿਹਾ ਸੜਕ ਬਣਾਉਣ ਦਾ ਕੰਮ ਭਾਵੇਂ ਸਰਕਾਰਾਂ ਦਾ ਮੁੱਢਲਾ ਕੰਮ ਹੁੰਦਾ ਹੈ, ਪਰ ਸਾਡੀ ਇਸ ਸੜਕ ਦਾ ਕੰਮ ਜਿਸ ਤਰ੍ਹਾਂ ਅੜ੍ਹ ਗਿਆ ਹੈ ਤੁਸੀਂ ਇਸ ਨੂੰ ਜੇ ਸਿਰੇ ਚੜ੍ਹਾ ਦਿੰਦੇ ਹੋ ਤਾਂ ਸਮੁੱਚਾ ਇਲਾਕਾ ਤੁਹਾਡੇ ਗੁਣ ਗਾਏਗਾ। ਉਹਨਾਂ ਕਿਹਾ ਕਿ ਤੁਸੀਂ ਅਕਾਲੀ ਦਲ ਦੇ ਬੁਲਾਰੇ ਬਾਅਦ ਵਿੱਚ ਹੋ ਪਹਿਲਾਂ ਪੰਜਾਬ ਦੇ ਲੋਕਾਂ ਦੇ ਮੰਤਰੀ ਹੋ। ਉਸ ਤੋਂ ਵੀ ਪਹਿਲਾਂ ਤੁਸੀਂ ਸਾਡੇ ਇਲਾਕੇ ਦੇ ਵਿਧਾਇਕ ਹੋ। 2012 ਦੀਆਂ ਚੋਣਾਂ ਵਿੱਚ ਜਿਹਨਾਂ ਲੋਕਾਂ ਨੇ ਤੁਹਾਡੇ ਸਿਰ ਤੇ ਜਿੱਤ ਦਾ ਸਿਹਰਾ ਬੰਨ੍ਹਿਆ ਸੀ ਅਜ ਉਹੀ ਲੋਕ ਗੱਲਾਂ ਕਰਨ ਲੱਗ ਪਏ ਹਨ ਕਿ ਕੀਰਤਪੁਰ ਸਾਹਿਬ ਲਾਗੇ ਮੁੱਖ ਸੜਕ ਉੱਤੇ ਲੱਗੇ ਟੋਲ ਪਲਾਜ਼ਾ ਨੂੰ ਫਾਇਦਾ ਪਹੁੰਚਾਉਣ ਖਾਤਰ ਸਾਡੀ ਸੜਕ ਨਹੀਂ ਬਣਾਈ ਜਾ ਰਹੀ। ਸੰਦੋਆ ਨੇ ਦੱਸਿਆ ਕਿ ਮਾਝੇ ਅਤੇ ਦੁਆਬੇ ਤੋਂ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਅੱਧ ਤੋਂ ਵੱਧ ਇਸ ਰਸਤੇ ਨੂੰ ਹੀ ਜਾਂਦੀਆਂ ਹਨ। ਪਿੰਡ ਬਜਰੂੜ ਤੋਂ ਕਸ਼ਮੀਰੀ ਲਾਲ, ਉਘੇ ਸਮਾਜ ਸੇਵਕ ਬਲਬੀਰ ਸਿੰਘ ਭੱਟੋਂ ਅਤੇ ਕੁਲਦੀਪ ਚੰਦਰ ਢੰਡ ਤੋਂ ਇਲਾਵਾ ਨਸੀਬ ਚੰਦ ਸਰਪੰਚ (ਪਲਾਟਾ) ਹੁਸ਼ਨ ਲਾਲ, ਜਨਕ ਜੀ ਸਾਬਕਾ ਸਰਪੰਚ ਸਪਾਲਟਾ, ਰਾਮ ਸਿੰਘ ਸਰਪੰਚ ਮੁੰਨੇ, ਪੰਪਾ ਅਭਿਆਣਾ, ਮੋਹਣ ਸਿੰਘ ਤਖਤਗੜ੍ਹ ਬੈਂਸ, ਅਮਰੀਕ ਸਿੰਘ ਮਾਧੋਵਾਲ, ਜਰਨੈਲ ਸਿੰਘ ਮਾਧੋਵਾਲ, ਡਾ. ਭਜਨ ਸਿੰਘ ਟਿੱਬਾ ਟਪਰੀਆਂ, ਵੇਦ ਪ੍ਰਕਾਸ਼, ਜਸਵਿੰਦਰ ਸਿੰਘ ਸਮੂੰਦੜੈ, ਬਲਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਹਲਕਾ ਵਿਧਾਇਕ ਨੂੰ ਕਿਹਾ ਕਿ ਉਕਤ ਸੜਕ ਬਣਾਉਣ ਦੀ ਮੰਗ ਨੂੰ ਪੂਰਾ ਕਰਨਾ ਇਕ ਉਪਕਾਰ ਦਾ ਕੰਮ ਹੈ, ਜਿਸ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਨੇਪਰੇ ਚਾੜ੍ਹਿਆ ਜਾਵੇ।

Share Button

Leave a Reply

Your email address will not be published. Required fields are marked *