‘ਆਪ’ ਦੀ ਨੁਕਤਾਚੀਨੀ ਕਰਨ ਦੀ ਬਜਾਏ ਅਕਾਲੀ ਲੀਡਰ ਆਪਣਾ ਅਕਸ਼ ਸੁਧਾਰਨ ਵੱਲ ਧਿਆਨ ਦੇਣ – ਰਜਿੰਦਰ ਸ਼ਰਮਾ

‘ਆਪ’ ਦੀ ਨੁਕਤਾਚੀਨੀ ਕਰਨ ਦੀ ਬਜਾਏ ਅਕਾਲੀ ਲੀਡਰ ਆਪਣਾ ਅਕਸ਼ ਸੁਧਾਰਨ ਵੱਲ ਧਿਆਨ ਦੇਣ – ਰਜਿੰਦਰ ਸ਼ਰਮਾ

 

ਰੂਪਨਗਰ, 20 ਮਈ (ਗੁਰਮੀਤ ਮਹਿਰਾ): ਅਜ ਭਾਵੇਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਨਾਂ ਦੀ ਹਨੇਰੀ ਚਲ ਰਹੀ ਹੈ ਫਿਰ ਵੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਮਹੀਨਾਵਾਰ ਅੰਦਰੂਨੀ ਸਰਵਿਆਂ ਮੁਤਾਬਿਕ ਰੂਪਨਗਰ, ਸ੍ਰੀ ਆਨੰਦਪੁਰ ਸਾਹਿਬ ਅਤੇ ਬਲਾਚੌਰ ਵਿਧਾਨ ਸਭਾ ਹਲਕਿਆਂ ਵਿੱਚ ਪਾਰਟੀ ਦੀ ਚੜ੍ਹਤ ਦਿਨੋਂ ਦਿਨੀਂ ਵੱਧਦੀ ਹੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਰਜਿੰਦਰ ਸ਼ਰਮਾ ਨੇ ਪ੍ਰੈਸ ਨੋਟ ਰਾਹੀਂ ਕਿਹਾ ਕਿ 16 ਮਈ ਨੂੰ ਆਮ ਆਦਮੀ ਪਾਰਟੀ ਵੱਲੋਂ ਅਨਾਜ ਘੁਟਾਲੇ ਦੇ ਜ਼ਿੰਮੇਵਾਰ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਗਏ ਪਾਰਟੀ ਵਲੰਟੀਅਰ ਦੇ ਹੜ੍ਹ ਨੂੰ ਰੋਕਣ ਲਈ ਪੰਜਾਬ ਸਰਕਾਰ ਦੀਆਂ ਜੋ ਚੀਕਾਂ ਨਿਕਲੀਆਂ ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਇਸ ਇਕੱਠ ਨੂੰ ਅਸਫਲ ਬਣਾਉਣ ਲਈ ਬਾਦਲ ਸਰਕਾਰ ਹਰ ਹਰਬਾ ਵਰਤਣ ਤੋਂ ਬਾਅਦ ਵੀ ਅਸਫਲ ਰਹੀ ਹੈ। ਸਰਕਾਰ ਵਿੱਚ ਵਿਰੋਧੀ ਧਿਰ ਵਜੋਂ ਵਿਚਰਨ ਵਾਲੀ ਕਾਂਗਰਸ ਸਰਕਾਰ ਨੇ ਵੀ ਅਜ ਤੱਕ ਕਦੇ ਮੁੱਖ ਮੰਤਰੀ ਤੋਂ ਇਸ ਸਿਦਤ ਨਾਲ ਸਵਾਲ ਪੁੱਛਣ ਦੀ ਹਿੰਮਤ ਨਹੀਂ ਕੀਤੀ ਕਿਉਂਕਿ ਕਾਂਗਰਸ ਅਤੇ ਅਕਾਲੀ ਸਰਕਾਰ ਦੇ ਲੀਡਰ ਕੋਲ ਇਕ ਦੂਜੇ ਦੇ ਘੁਟਾਲੇ ਦੀਆਂ ਫਾਈਲਾਂ ਦਬੀਆਂ ਹੋਣ ਕਰਕੇ ਇਕ ਦੂਜੇ ਦੇ ਵਿਰੋਧ ਕਰਨ ਦਾ ਨਾਟਕ ਕਰਕੇ ਪਰਦਾ ਗਿਰਾ ਦਿੰਦੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪਾਰਟੀ ਵਿਰੋਧੀ ਧਿਰ ਵਿੱਚ ਨਾ ਹੁੰਦੇ ਹੋਏ ਵੀ ਮੁੱਖ ਮੰਤਰੀ ਨੂੰ ਲੋਕਾਂ ਦੇ ਕਟਹਿਰੇ ਵਿੱਚ ਖੜ੍ਹਾ ਕਰਕੇ ਉਸ ਤੋਂ ਸਵਾਲ ਪੁੱਛੇ। ਪੰਜਾਬ ਸਰਕਾਰ ਦੇ 10 ਸਾਲਾਂ ਦੀ ਨਲਾਇਕੀ ਦੀ ਲਿਸਟ ਮੁੱਖ ਮੰਤਰੀ ਦੇ ਸਾਹਮਣੇ ਰੱਖੀ, ਜਿਸ ਨੂੰ ਸ਼ੋਸਲ ਮੀਡੀਏ ਉੱਤੇ ਹਰ ਪੰਜਾਬੀ ਨੇ ਵੇਖਿਆ ਹੈ।
ਸੈਕਟਰ ਇੰਚਾਰਜ ਨੇ ਕਿਹਾ ਕਿ ਰੋਪੜ ਤੋਂ ਕੁਝ ਨਵੇਂ ਨਵੇਂ ਬਣੇ ਅਕਾਲੀ ਦਲ ਦੇ ਲੀਡਰ ਆਪਣੀ ਹਾਈ ਕਮਾਂਡ ਤੋਂ ਥਾਪੀ ਲੈਣ ਵਾਸਤੇ ਪ੍ਰੈੱਸ ਵਿੱਚ ਬਿਨਾਂ ਕਿਸੇ ਤੱਥਾਂ ਤੋਂ ਬਿਆਨ ਦੇ ਕੇ ਬਚਕਾਨਾ ਹਰਕਤਾਂ ਕਰ ਰਹੇ ਹਨ। ਜਿਹੜੇ ਕਹਿੰਦੇ ਹਨ ਕਿ ਰੋਪੜ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ ਹੈ। ਉਸ ਪ੍ਰਤੀਕਰਮ ਵਜੋਂ ਰਜਿੰਦਰ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ 2017 ਦੀਆਂ ਚੋਣਾਂ ਲਈ 100 ਸੀਟਾਂ ਜਿਤਣ ਦਾ ਆਪਣਾ ਹੋਮਵਰਕ ਮੁਕਾ ਚੁੱਕੀ ਹੈ। ਹੁਣ ਸਾਰੀਆਂ ਪਾਰਟੀਆਂ ਦੀ ਲੜਾਈ ਅਤੇ ਜਦੋ ਜਹਿਦ (ਸਮੇਤ ਆਮ ਪਾਰਟੀ) ਸਿਰਫ ਬਾਕੀ ਬਚੀਆਂ 17 ਸੀਟਾਂ ਲਈ ਹੋਵੇਗੀ।
ਰੋਪੜ ਦੇ (ਸ਼ਹਿਰੀ) ਸਰਕਲ ਇੰਚਾਰਜ ਬਲਵਿੰਦਰ ਸੈਣੀ ਨੇ ਮਿਊਂਸੀਪਲ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਮਕੜ ਨੂੰ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਹੀਖਾਤੇ ਫਰੋਲਣ ਦੀ ਬਜਾਏ ਆਪਣੀ ਪਾਰਟੀ ਦੀ ਬੇਹਤਰੀ ਲਈ ਐਨਾ ਕੁ ਕੰਮ ਜ਼ਰੂਰ ਕਰਨ ਤਾਂ ਜੋ ਰੋਪੜ ਵਿਧਾਨ ਸਭਾ ਸੀਟ ਤੇ ਅਕਾਲੀ ਉਮੀਦਵਾਰ ਦੀ ਜ਼ਮਾਨਤ ਬਚ ਜਾਵੇ। ਉਹਨਾ ਕਿਹਾ ਕਿ ਹੁਣ ਅਕਾਲੀ ਅਤੇ ਕਾਂਗਰਸੀਆਂ ਦੇ ਫਰੈਂਡਲੀ ਮੈਚ ਦੀ ਪ੍ਰਥਾ ਬੰਦ ਹੋਣ ਵਾਲੀ ਹੈ। ਦੋਨਾਂ ਪਾਰਟੀਆਂ ਦੇ ਲੀਡਰ ਆਪਣੇ ਭਵਿਖ ਲਈ ਰੁਜ਼ਗਾਰ ਲਭਣ ਦੀ ਤਿਆਰੀ ਵਿੱਚ ਜੁੱਟ ਜਾਣ ਕਿਉਂਕਿ ਲੁੱਟ ਖਸੁਟ ਦਾ ਵਕਤ ਖਤਮ ਹੋਣ ਵਾਲਾ ਹੈ।
ਪਾਰਟੀ ਦੇ ਵਲੰਟੀਅਰ ਭਾਗ ਸਿੰਘ ਮਦਾਨ ਅਤੇ ਆਰ. ਐਸ. ਪਰਮਾਰ ਨੇ ਅਕਾਲੀ ਦਲ ਦੇ ਇਹਨਾਂ ਖੈਰ ਖਵਾਹ ਤੋਂ ਪੁਛਿਆ ਹੈ ਕਿ ਇਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਅਨਸਰ ਕਿਉਂ ਨਹੀਂ ਪਕੜੇ ਗਏ ਅਤੇ ਇਸ ਬੇਅਦਬੀ ਦੇ ਰੋਸ ਵਜੋਂ ਬਰਗਾੜੀ ਵਿਖੇ ਇਕੱਠੀ ਹੋਈ ਸੰਗਤ ਦੇ ਉਪਰ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਸ਼ਹੀਦ ਕਰਨ ਵਾਲੀ ਪੁਲਿਸ ਜਾਂ ਅਕਾਲੀ ਦਲ ਦੇ ਕਰਿੰਦੇ ਕਿਹੜੀ ਖੁੱਡ ਵਿੱਚ ਉੱਤਰ ਗਏ ਜਿਹਨਾਂ ਬਾਰੇ ਸਰਕਾਰ ਨੂੰ ਕੋਈ ਥੁਹ ਪਤਾ ਨਹੀਂ ਲਗ ਰਿਹਾ। ਉਹਨਾਂ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਲਈ ਤਾਂ ਅਕਾਲੀ ਦਲ ਢਾਲ ਬਣ ਕੇ ਖੜ੍ਹਾ ਹੈ ਪਰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਦਿਨ ਦਿਹਾੜੇ ਫਿਲਮੀ ਸਟਾਇਲ ਵਾਂਗ ਗੋਲੀਆਂ ਦਾ ਮੀਂਹ ਵਰਾ ਕੇ ਉਹਨਾਂ ਦੇ ਇਕ ਸਾਥੀ ਨੂੰ ਜਾਨੋਂ ਮਾਰਨ ਦੀ ਘਟਨਾ ਪੰਜਾਬ ਦੇ ਲੋਕਾਂ ਨੂੰ ਜੰਗਲ ਰਾਜ ਦਾ ਅਹਿਸਾਸ ਕਰਵਾ ਰਹੀ ਹੈ।ਅਖੀਰ ਵਿੱਚ ਪਾਰਟੀ ਆਗੂ ਅਤੇ ਉਘੇ ਸਮਾਜ ਸੇਵਕ ਭਾਗ ਸਿੰਘ ਮਦਾਨ ਨੇ ਪਰਮਜੀਤ ਸਿੰਘ ਮਕੜ ਨੂੰ ਬੱਚਿਆਂ ਵਾਂਗ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਸਾਰਾ ਦਿਨ ‘ਆਪ’ ‘ਆਪ’ ਕਹਿਣ ਨਾਲੋਂ ਕੁਝ ਚਿਰ ਪ੍ਰਮਾਤਮਾ ਦਾ ਜਾਪ ਕਰਿਆ ਕਰਨ ਜਿਸ ਨਾਲ ਮਨ ਦੀ ਸ਼ਾਂਤੀ ਬਣੀ ਰਹਿੰਦੀ ਹੈ।

Share Button

Leave a Reply

Your email address will not be published. Required fields are marked *

%d bloggers like this: