Thu. Jun 20th, 2019

ਆਪ ਦੀ ਤਰਜ਼ ‘ਤੇ ਕਾਂਗਰਸ ਵਲੋਂ ਲੋਕਲ ਉਮੀਦਵਾਰ ਨੂੰ ਚੋਣ ਪਿੜ ਵਿੱਚ ਉਤਾਰਣ ਦੀ ਸੰਭਾਵਨਾ ਬਣੀ

ਆਪ ਦੀ ਤਰਜ਼ ‘ਤੇ ਕਾਂਗਰਸ ਵਲੋਂ ਲੋਕਲ ਉਮੀਦਵਾਰ ਨੂੰ ਚੋਣ ਪਿੜ ਵਿੱਚ ਉਤਾਰਣ ਦੀ ਸੰਭਾਵਨਾ ਬਣੀ
ਬਾਹਰਲੇ ਕਾਂਗਰਸੀ ਦਾਅਵੇਦਾਰਾਂ ਦੇ ਚਿਹਰਿਆਂ ਤੇ ਆਈਆਂ ਪਲੱਤਣਾਂ ਹਲਕੇ ਵਾਲਿਆਂ ਤੇ ਪਰਤੀ ਰੌਣਕ

ਨਿਹਾਲ ਸਿੰਘ ਵਾਲਾ , 8 ਅਕਤੂਬਰ (ਕੁਲਦੀਪ ਘੋਲੀਆ/ਰਾਜਿੰਦਰ ਖੋਟੇ/ਸਭਾਜੀਤ ਪੱਪੂ ) ਬੀਤੇ ਕੱਲ ਆਮ ਆਦਮੀ ਪਾਰਟੀ ਵਲੋਂ ਹਲਕਾ ਨਿਹਾਲ ਸਿੰਘ ਵਾਲਾ ਨਾਲ ਸਬੰਧਿਤ ਲੋਕਲ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੂੰ ਪਾਰਟੀ ਉਮੀਦਵਾਰ ਬਣਾਏ ਜਾਣ ਮਗਰੋਂ ਹੁਕਮਰਾਨ ਧਿਰ ਵਿਰੋਧੀ ਮੁੱਖ ਪਾਰਟੀ ਕਾਂਗਰਸ ਵਲੋਂ ਵੀ ਹਲਕੇ ਨਾਲ ਸਬੰਧਿਤ ਕਿਸੇ ਸਿਰਕੱਢ ਕਾਂਗਰਸੀ ਆਗੂ ਨੂੰ ਹੀ ਉਮੀਦਵਾਰ ਬਣਾਏ ਜਾਣ ਦੀ ਚਰਚਾ ਸ਼ੁਰੂ ਹੋ ਗਈ ਹੈ। ਦੱਸਣ ਬਣਦਾ ਹੈ ਕਿ ਆਪ ਪਾਰਟੀ ਵਲੋਂ ਸ੍ਰੀ ਬਿਲਾਸਪੁਰ ਨੂੰ ਟਿਕਟ ਦਾ ਸਭ ਤੋਂ ਵੱਡਾ ਕਾਰਨ ਉਨਾਂ ਦਾ ਹਲਕੇ ਨਾਲ ਸਬੰਧਿਤ ਹੋਣਾ ਦੱਸਿਆ ਜਾ ਰਿਹਾ ਹੈ, ਉਝ ਇਸ ਹਲਕੇ ਤੋਂ ਰਾਜਵਿੰਦਰ ਸਿੰਘ ਧਰਮਕੋਟ, ਪਿਆਰਾ ਸਿੰਘ ਅਤੇ ਕਈ ਹੋਰ ਆਗੂ ਵੀ ਆਪ ਪਾਰਟੀ ਦੇ ਦਾਅਵੇਦਾਰ ਸਨ।
ਸੂਤਰ ਦੱਸਦੇ ਹਨ ਕਿ ਕਾਂਗਰਸ ਵਲੋਂ ਵੀ ਹਲਕੇ ਨਾਲ ਸਬੰਧਿਤ ਕਿਸੇ ਆਗੂ ਨੂੰ ਟਿਕਟ ਦੇਣ ਦੀ ਅੱਜ ਸ਼ੁਰੂ ਹੋਈ ਚਰਚਾ ਮਗਰੋਂ ਜਿੱਥੇ ਹਲਕਾ ਨਾਲ ਸਬੰਧਿਤ ਟਿਕਟ ਦੇ ਦਾਅਵੇਦਾਰ ਆਗੂਆਂ ਦੇ ਚਿਹਰਿਆਂ ਤੇ ਰੌਣਕ ਪਰਤ ਆਈ ਹੈ, ਉੱਥੇ ਬਾਹਰੋ ਆ ਕੇ ਇਸ ਹਲਕੇ ਤੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਦੇ ਆਗੂਆਂ ਦੇ ਇੱਕ ਵਾਰ ਮੁੜ ਚਿਹਰਿਆਂ ਤੇ ਪਲੱਤਣਾਂ ਆ ਗਈਆ ਹਨ। ਜਿਕਰਯੋਗ ਹੈ ਕਿ ਹਲਕੇ ਦੇ ਲੋਕਾਂ ਨੇ ਪਹਿਲਾ ਪਿੰਡ ਖੋਟੇ ਵਿਖੇ ਇਕੱਠ ਕਰਕੇ ਸਿੱਧੇ ਤੌਰ ਤੇ ਹਲਕੇ ਦੇ ਕਿਸੇ ਯੋਗ ਆਗੂ ਨੂੰ ਟਿਕਟ ਦਿੱਤੇ ਜਾਣ ਮੰਗ ਤਾਂ ਕੀਤੀ ਹੀ ਸੀ ਅਤੇ ਇਸ ਉਪਰੰਤ ‘ਹਲਕੇ ਵਿੱਚ ਕੈਪਟਨ’ ਪ੍ਰੋਗਰਾਮ ਤਹਿਤ ਪਿੰਡ ਭਾਗੀਕੇ ਵਿਖੇ ਹੋਏ ਪ੍ਰੋਗਰਾਮ ਦੌਰਾਨ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਵੀ ਕਈ ਕਾਂਗਰਸੀ ਵਰਕਰਾਂ ਨੇ ਵਿਧਾਨ ਸਭਾ ਟਿਕਟ ਹਲਕੇ ਦੇ ਹੀ ਕਿਸੇ ਆਗੂ ਨੂੰ ਦਿੱਤੇ ਜਾਣ ਦੀ ਵਕਾਲਤ ਕਰੀ ਸੀ।
ਕਾਂਗਰਸ ਪਾਰਟੀ ਦੇ ਮਿਆਰੀ ਸੂਤਰਾਂ ਨੇ ਇਸ ਗੱਲ ਨੂੰ ਵੀ ਬੇਪਰਦ ਕੀਤਾ ਹੈ ਕਿ ਜੇਕਰ ਪਾਰਟੀ ਨੇ 2002 ਵਿੱਚ ਕਾਂਗਰਸੀ ਟਿਕਟ ਦੇ ਦਾਅਵੇਦਾਰ ਅਜੀਤ ਸਿੰਘ ਸ਼ਾਤ ਦੀ ਟਿਕਟ ‘ਕੱਟ’ ਕੇ ਬਾਹਰਲੇ ਹਲਕੇ ਨਾਲ ਸਬੰਧ ਰੱਖਦੇ ਪਾਰਟੀ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੂੰ ਉਮੀਦਵਾਰ ਦੇ ਤੌਰ ਤੇ ਥੋਪ ਦਿੱਤਾ ਸੀ ਅਤੇ ਬਾਅਦ ਵਿਚ ਸ਼ਾਤ ਨੂੰ ਹਲਕੇ ਦੇ ਲੋਕਾਂ ਨੇ ਅਜ਼ਾਦ ਜਿਤਾਇਆ ਸੀ ਜੇਕਰ ਬਾਹਰੋ ਕੋਈ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਜਾਂਦਾ ਹੈ ਤਾਂ ਹਲਕੇ ਦੇ ਲੋਕ ਕਿਸੇ ਮਿਹਨਤੀ ਆਗੂ ਨੂੰ ਅਜ਼ਾਦ ਤੌਰ ਤੇ ਹੀ ਚੋਣ ਮੈਦਾਨ ਵਿਚ ਉਤਾਰ ਸਕਦੇ ਹਨ ਜਿਸ ਕਰਕੇ ਪਾਰਟੀ ਹੁਣ ਕੋਈ ਵੀ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ। ਹੁਣ ਦੇਖਣਾ ਇਹ ਹੈ ਕਿ ਉਠ ਕਿਸ ਕਰਵਟ ਬੈਠਦਾ ਹੈ।

Leave a Reply

Your email address will not be published. Required fields are marked *

%d bloggers like this: