ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

‘ਆਨਲਾਈਨ ਗੇਮਾਂ’ ਕਰ ਰਹੀਆਂ ਨੇ ਬੱਚਿਆਂ ਦੇ ਭਵਿੱਖ ਨੂੰ ਤਬਾਹ

‘ਆਨਲਾਈਨ ਗੇਮਾਂ’ ਕਰ ਰਹੀਆਂ ਨੇ ਬੱਚਿਆਂ ਦੇ ਭਵਿੱਖ ਨੂੰ ਤਬਾਹ

ਕਰੋਨਾ ਵਾਇਰਸ ਦੇ ਕਹਿਰ ਤੋਂ ਪਹਿਲੋਂ ਵੀ ਭਾਰਤ ਸਮੇਤ ਅਨੇਕਾਂ ਹੀ ਦੇਸ਼ਾਂ ਦੇ ਵਿੱਚ ਆਨਲਾਈਨ ਗੇਮਾਂ ਖੇਡਣ ਦਾ ਰੁਝਾਨ ਬਹੁਤ ਜ਼ਿਆਦਾ ਸੀ। ਕਰੋਨਾ ਦੇ ਕਾਰਨ ਲੋਕ ਘਰਾਂ ਵਿੱਚ ਬੰਦ ਹੋ ਗਏ। ਲੋਕਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਸੀ ਅਤੇ ਲੋਕ ਆਨਲਾਈਨ ਗੇਮਾਂ ਹੀ ਖੇਡਣ ਵਿੱਚ ਰੁੱਝ ਗਏ। ਕਰੋਨਾ ਕਹਿਰ ਤੋਂ ਪਹਿਲੋਂ ਜੇਕਰ ਆਨਲਾਈਨ ਗੇਮਾਂ ਤੇ ਝਾਤ ਮਾਰੀਏ ਤਾਂ ਸਭ ਤੋਂ ਪਹਿਲੋਂ ਖ਼ਤਰਨਾਕ ਗੇਮ ਬਲ਼ੂ ਵੇਲ ਅਤੇ ਉਸ ਤੋਂ ਬਾਅਦ ਮੋਮੋ ਚੈਲੰਜ ਆਈਆਂ ਸਨ। ਇਸ ਦੇ ਨਾਲ ਹੀ ਪੱਬ ਜੀ ਗੇਮ ਨੇ ਵੀ ਭਾਰਤ ਦੇ ਅੰਦਰ ਦਸਤਕ ਦਿੱਤੀ ਸੀ। ਮੋਮੋ ਚੈਲੰਜ ਅਤੇ ਬਲ਼ੂ ਵੇਲ ਗੇਮ ਨੇ ਜਿੱਥੇ ਕਈ ਨੌਜਵਾਨਾਂ ਦੀਆਂ ਜਾਨਾਂ ਲੈ ਲਈਆਂ, ਉੱਥੇ ਹੀ ਉਨਾਂ ਨੂੰ ਧਮਕੀਆਂ ਅਤੇ ਵੱਖੋ ਵੱਖ ਟਾਕਸ ਦੇ ਕੇ ਨੌਜਵਾਨਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਕੋਈ ਵੀ ਮੁੰਡਾ ਕੁੜੀ ਜਦੋਂ ਵੀ ਉਕਤ ਗੇਮਾਂ ਨੂੰ ਖੇਡਣ ਲੱਗਦੇ ਸਨ ਤਾਂ ਉਨਾਂ ਸਾਹਮਣੇ ਕੁੱਝ ਕੁ ਟਾਕਸ ਦਿੱਤੇ ਜਾਂਦੇ ਸਨ, ਜਿੰਨਾ ਟਾਕਸਾਂ ਨੂੰ ਜੇਕਰ ਉਹ ਪੂਰਾ ਕਰਦੇ ਚੱਲਦੇ ਸਨ, ਤਾਂ ਠੀਕ ਹੁੰਦਾ ਜਾਂਦਾ ਸੀ।

ਜੇਕਰ ਉਕਤ ਟਾਕਸ ਉਹ ਨਹੀਂ ਸੀ ਪੂਰਾ ਕਰ ਪਾਉਂਦੇ, ਤਾਂ ਗੇਮ ਦੇ ਐਡਮਿਨ ਵੱਲੋਂ ਉਨਾਂ ਨੂੰ ਇੱਕ ਚੈਲੰਜ ਭਰਿਆ ਜਾਂ ਫਿਰ ਇਹ ਕਹਿ ਲਓ ਕਿ ਧਮਕੀ ਭਰਿਆ ਸੁਨੇਹਾ ਭੇਜਿਆ ਜਾਂਦਾ ਸੀ ਕਿ ਜੇਕਰ ਤੁਸੀਂ ਇਹ ਟਾਕਸ ਨੂੰ ਪੂਰਾ ਨਾ ਕੀਤਾ ਤਾਂ ਅਸੀਂ ਤੁਹਾਡੇ ਮੋਬਾਈਲ ਦਾ ਡਾਟਾ ਤੋਂ ਇਲਾਵਾ ਤੁਹਾਡੇ ਫ਼ੋਨ ਦੇ ਵਿੱਚ ਜੋ ਕੁੱਝ ਵੀ ਹੈ, ਉਸ ਨੂੰ ਜਨਤਕ ਕਰ ਦਿਆਂਗੇ ਅਤੇ ਜੇਕਰ ਅਜਿਹਾ ਗੇਮ ਖੇਡਣ ਵਾਲੇ ਨੇ ਨਾ ਕੀਤਾ ਤਾਂ ਉਸ ਦਾ ਭਵਿੱਖ ਅਸੀਂ ਤਬਾਹ ਕਰਕੇ ਰੱਖ ਦਿਆਂਗੇ। ਅਕਸਰ ਹੀ ਇਸ ਤਰਾਂ ਹੁੰਦਾ ਹੈ ਕਿ ਜਦੋਂ ਸਾਹਮਣੇ ਤੋਂ ਕੋਈ ਧਮਕੀ ਜਾਂ ਫਿਰ ਚੈਲੰਜ ਦੇ ਰਿਹਾ ਹੋਵੇ, ਉਹ ਵੀ ਕੋਈ ਅਣਪਛਾਤਾ ਤਾਂ ਅਸੀਂ ਇੱਕ ਵਾਰ ਜ਼ਰੂਰ ਘਬਰਾ ਜਾਂਦੇ ਹਾਂ ਕਿ ਆਖ਼ਰ ਸਾਡੇ ਨਾਲ ਹੋਵੇਗਾ ਕੀ? ਬਲ਼ੂ ਵੇਲ ਅਤੇ ਮੋਮੋ ਚੈਲੰਜ ਗੇਮਾਂ ਖੇਡਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਵੀ ਇਸ ਤਰਾਂ ਹੀ ਘਬਰਾ ਜਾਂਦੇ ਸਨ ਕਿ ਉਨਾਂ ਨੂੰ ਡਰ ਲੱਗਦਾ ਸੀ ਕਿ ਜੇਕਰ ਉਹ ਅਜਿਹਾ ਨਹੀਂ ਕਰਨਗੇ ਤਾਂ ਉਨਾਂ ਦੇ ਮੋਬਾਈਲ ਦਾ ਸਾਰਾ ਡਾਟਾ ਚੋਰੀ ਕਰ ਲਿਆ ਜਾਵੇਗਾ।

ਡਰਦੇ ਮਾਰੇ ਨੌਜਵਾਨ ਮੁੰਡੇ ਕੁੜੀਆਂ ਦੇ ਵੱਲੋਂ ਬਲ਼ੂ ਵੇਲ ਅਤੇ ਮੋਮੋ ਚੈਲੰਜ ਦੇ ਵੱਲੋਂ ਦਿੱਤੇ ਗਏ ਟਾਕਸ ਅਤੇ ਦਿੱਤੀਆਂ ਗਈਆਂ ਧਮਕੀਆਂ ਦੇ ਚੱਲਦਿਆਂ ਕਈ ਤਾਂ ਉਕਤ ਟਾਕਸ ਨੂੰ ਪੂਰਾ ਕਰ ਲੈਂਦੇ ਸਨ, ਪਰ ਜਿਹੜੇ ਉਕਤ ਟਾਕਸ ਨੂੰ ਪੂਰਾ ਨਹੀਂ ਕਰ ਸਕੇ, ਉਹ ਆਖ਼ਰ ’ਤੇ ਖੁਦਕੁਸ਼ੀਆਂ ਕਰ ਗਏ। ਕਿਉਂਕਿ ਦੱਸਿਆ ਜਾਂਦਾ ਹੈ ਕਿ ਗੇਮ ਦੇ ਸਭ ਤੋਂ ਆਖ਼ਰ ਵਿੱਚ ਟਾਕਸ ਦੇ ਵਿੱਚ ਇਹ ਹੀ ਦਰਸਾਇਆ ਜਾਂਦਾ ਸੀ ਕਿ ਤੁਸੀਂ ਲਾਈਵ ਵੀਡੀਓ ਰਾਹੀਂ ਇੱਕ ਬਿਲਡਿੰਗ ਤੋਂ ਛਾਲ ਮਾਰਨੀ ਹੈ ਜਾਂ ਫਿਰ ਤੁਸੀਂ ਆਪਣੇ ਹੱਥ ’ਤੇ ਕੋਈ ਅਜਿਹਾ ਟੈਟੂ ਬਣਾਉਣਾ ਹੈ ਅਤੇ ਉਹ ਟੈਟੂ ਤੁਸੀਂ ਮੋਮੋ ਚੱਲਣ ਜਾਂ ਫਿਰ ਬਲ਼ੂ ਵੇਲ ਗੇਮ ਦੇ ਐਡਮਿਨ ਨੂੰ ਸੈਂਡ ਕਰਨਾ ਹੈ। ਜੇਕਰ ਅਜਿਹਾ ਕੁੱਝ ਗੇਮ ਖੇਡਣ ਵਾਲਾ ਨਹੀਂ ਕਰਦਾ ਤਾਂ, ਹੋਰ ਟਾਕਸ ਅਤੇ ਧਮਕੀਆਂ ਮਿਲਦੀਆਂ ਹਨ, ਜੋ ਇਹ ਉਸ ਤੋਂ ਵੀ ਖ਼ਤਰਨਾਕ ਕੰਮ ਹੁੰਦਾ ਹੈ।

ਦਰਅਸਲ ਕਈ ਨੌਜਵਾਨ ਮੁੰਡੇ ਕੁੜੀਆਂ ਜਦੋਂ ਅਜਿਹਾ ਕਰਨ ਤੋਂ ਡਰ ਜਾਂਦੇ ਸਨ, ਤਾਂ ਉਹ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਸਨ। ਅਜਿਹੇ ਕੇਸਾਂ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ, ਕਿ ਜਦੋਂ ਮਾਪੇ ਆਪਣੇ ਬੱਚਿਆਂ ਦੇ ਵੱਲ ਧਿਆਨ ਨਹੀਂ ਸਨ ਦਿੰਦੇ, ਤਾਂ ਬੱਚਿਆਂ ਨੂੰ ਮੌਕਾ ਮਿਲ ਜਾਂਦਾ ਸੀ ਕਿ ਉਹ ਆਪਣਾ ਸਮਾਂ ਕਿਸੇ ਹੋਰ ਕੰਮ ਵਿੱਚ ਲਗਾਉਣ ਦੀ ਬਿਜਾਏ, ਕਿਉਂ ਨਾ ਬਲ਼ੂ ਵੇਲ, ਮੋਮੋ ਚੈਲੰਜ ਵਰਗੀਆਂ ਗੇਮਾਂ ਨਾਲ ਹੀ ਸਮਾਂ ਬਿਤਾ ਲੈਣ। ਅਕਸਰ ਹੀ ਅਜਿਹਾ ਹੁੰਦਾ ਹੈ ਕਿ ਜਦੋਂ ਮਾਪੇ ਆਪਣੇ ਬੱਚਿਆਂ ਦੇ ਵੱਲ ਧਿਆਨ ਨਹੀਂ ਦਿੰਦੇ ਤਾਂ ਬੱਚੇ ਕੁਰਾਹੇ ਪੈ ਜਾਂਦੇ ਹਨ। ਜਿਸ ਦੇ ਕਾਰਨ ਉਨਾਂ ਦਾ ਭਵਿੱਖ ਤਬਾਹ ਹੋਣਾ ਸ਼ੁਰੂ ਹੋ ਜਾਂਦਾ ਹੈ। ਮੋਮੋ ਚੈਲੰਜ ਅਤੇ ਬਲ਼ੂ ਵੇਲ ਨੇ ਸਾਡੇ ਭਾਰਤ ਵਿੱਚ ਸੈਂਕੜੇ ਹੀ ਲੋਕਾਂ ਦੀਆਂ ਜਾਨਾਂ ਲਈਆਂ ਹਨ, ਜਿਸ ਤੋਂ ਬਾਅਦ ਮਾਣਯੋਗ ਅਦਾਲਤ ਦੇ ਵੱਲੋਂ ਇਹ ਸਾਫ਼ ਕਹਿਣਾ ਪਿਆ ਕਿ ਅਜਿਹੀਆਂ ਗੇਮਾਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।

ਬੇਸ਼ੱਕ ਇਸ ਵੇਲੇ ਬਲ਼ੂ ਵੇਲ ਅਤੇ ਮੋਮੋ ਚੈਲੰਜ ਵਰਗੀਆਂ ਗੇਮਾਂ ਦਾ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਕਰੇਜ਼ ਘੱਟ ਗਿਆ ਹੈ, ਪਰ ਹੁਣ ਨੌਜਵਾਨ ਮੁੰਡੇ ਕੁੜੀਆਂ ਕੁੱਝ ਹੋਰ ਗੇਮਾਂ ਖੇਡਣ ਵਿੱਚ ਰੁੱਝ ਗਏ ਹਨ। ਜਿਵੇਂ ਕਿ ਇਸ ਸਮੇਂ ਸਭ ਤੋਂ ਵੱਧ ਫੇਮਸ ਪੱਬ ਜੀ ਗੇਮ ਹੋਈ ਪਈ ਹੈ। ਜ਼ਿਕਰ ਏ ਖ਼ਾਸ ਕਿ ਗੁਆਂਢੀ ਮੁਲਕ ਪਾਕਿਸਤਾਨ ਦੇ ਵੱਲੋਂ ਪੱਬ ਜੀ ਗੇਮ ’ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਆਨਲਾਈਨ ਗੇਮ ਖੇਡਣ ਦਾ ਰੁਝਾਨ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਅਤੇ ਬਹੁਤ ਸਾਰੇ ਨੌਜਵਾਨ ਇਨਾਂ ਆਨਲਾਈਨ ਗੇਮਾਂ ਦੇ ਕਾਰਨ ਮਾਰ ਰਹੇ ਸਨ। ਇਸ ਤੋਂ ਇਲਾਵਾ ਪੈਸੇ ਦਾ ਵੀ ਉਜਾੜਾ ਨੌਜਵਾਨ ਕਰ ਰਹੇ ਸਨ। ਜਿਸ ਦੇ ਚੱਲਦਿਆਂ ਉੱਥੋਂ ਦੀ ਸਰਕਾਰ ਨੇ ਅਜਿਹਾ ਕਦਮ ਚੁੱਕਿਆ, ਕਿ ਕਿਉਂ ਨਾ ਇਨਾਂ ਗੇਮਾਂ ਨੂੰ ਬੰਦ ਹੀ ਕਰ ਦਿੱਤਾ ਜਾਵੇ ਤਾਂ ਜੋ ਨੌਜਵਾਨਾਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਇਆ ਜਾ ਸਕੇ।

ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇਸ ਸਮੇਂ ਸਭ ਤੋਂ ਵੱਧ ਜੋ ਗੇਮ ਖੇਡੀ ਜਾ ਰਹੀ ਹੈ, ਉਸ ਦਾ ਨਾਮ ਪੱਬ ਜੀ ਹੈ। ਜਿਸ ਦੇ ਜਰੀਏ ਨੌਜਵਾਨਾਂ ਦਾ ਭਵਿੱਖ ਨਾ ਸਿਰਫ਼ ਤਬਾਹ ਹੋ ਰਿਹਾ ਹੈ, ਬਲਕਿ ਨੌਜਵਾਨ ਇਸ ਗੇਮ ਦੇ ਚੱਲਦਿਆਂ ਖੁਦਕੁਸ਼ੀਆਂ ਦੇ ਰਾਹ ਵੀ ਪੈ ਰਹੇ ਹਨ। ਪੱਬ ਜੀ ਗੇਮ ਦੇ ਨਾਲ ਹੁਣ ਤੱਕ ਕਰੋੜਾਂ ਲੋਕਾਂ ਦੇ ਅਰਬਾਂ ਖਰਬਾਂ ਰੁਪਈਆ ਤਬਾਹ ਹੋ ਚੁੱਕਿਆ ਹੈ। ਪਹਿਲੀ ਗੱਲ ਤਾਂ ਆਨਲਾਈਨ ਗੇਮ ਖੇਡਣ ਦੇ ਵਾਸਤੇ ਸਾਨੂੰ ਮਹਿੰਗੇ ਡਾਟੇ ਦਾ ਪ੍ਰਯੋਗ ਕਰਨਾ ਪੈਂਦਾ ਹੈ। ਉਸ ਤੋਂ ਬਾਅਦ ਜੇਕਰ ਗੇਮ ਦੇ ਵਿੱਚ ਵੱਡੇ ਪੱਧਰ ’ਤੇ ਹਥਿਆਰ ਖਰੀਦਦੇ ਹਾਂ ਤਾਂ ਉਹਦੇ ਲਈ ਅਲੱਗ ਤੋਂ ਪੈਸੇ ਖ਼ਰਚਣੇ ਪੈਂਦੇ ਹਨ। ਇੱਕ ਮੋਬਾਈਲ ਦੇ ਵਿੱਚ ਗੇਮ ਖੇਡਣ ਦੇ ਵਾਸਤੇ ਅਸੀਂ ਲੱਖਾਂ ਕਰੋੜਾਂ ਰੁਪਿਆ ਉਜਾੜ ਦਿੰਦੇ ਹਾਂ। ਆਨਲਾਈਨ ਗੇਮਾਂ ਦੇ ਵਿੱਚ ਬਰਬਾਦ ਹੋ ਰਹੇ ਮੋਬਾਈਲ ਡਾਟੇ ਦਾ ਕਈ ਮੋਬਾਈਲ ਕੰਪਨੀਆਂ ਨੂੰ ਫ਼ਾਇਦਾ ਪਹੁੰਚ ਰਿਹਾ ਹੈ, ਪਰ ਇਸ ਦਾ ਨੁਕਸਾਨ ਆਮ ਲੋਕਾਂ ਨੂੰ ਹੀ ਹੋ ਰਿਹਾ ਹੈ ਅਤੇ ਨੌਜਵਾਨਾਂ ਦਾ ਭਵਿੱਖ ਤਾਂ ਸਿੱਧੇ ਤੌਰ ’ਤੇ ਕਹਿ ਲਈਏ ਤਾਂ ਬਰਬਾਦ ਹੋ ਰਿਹਾ ਹੈ।

ਪਿਛਲੇ ਦਿਨੀਂ ਹੀ ਇੱਕ ਘਟਨਾ ਸਾਹਮਣੇ ਆਈ ਸੀ ਕਿ ਪੰਜਾਬ ਦਾ ਇੱਕ ਨੌਜਵਾਨ, ਜਿਸ ਦਾ ਬਾਪ ਸਰਕਾਰੀ ਨੌਕਰੀ ਕਰਦਾ ਸੀ ਅਤੇ ਉਹਦੇ ਖਾਤੇ ਵਿੱਚ ਲੱਖਾਂ ਰੁਪਏ ਜਮਾਂ ਸਨ, ਜੋ ਕਿ ਉਸ ਦੀ ਮਿਹਨਤ ਦੀ ਕਮਾਈ ਸੀ। ਦੱਸਿਆ ਜਾਂਦਾ ਹੈ ਕਿ ਨੌਜਵਾਨ ਪੱਬ ਜੀ ਗੇਮ ਖੇਡਣ ਦਾ ਬਹੁਤ ਜ਼ਿਆਦਾ ਸ਼ੌਕੀਨ ਸੀ ਅਤੇ ਨੌਜਵਾਨ ਹਰ ਵੇਲੇ ਹੀ ਫ਼ੋਨ ਨੂੰ ਫੜੀ ਰੱਖਦਾ ਸੀ। ਜਿਸ ਤੇ ਚੱਲਦਿਆਂ ਨੌਜਵਾਨ ਇੱਕ ਨਹੀਂ, ਦੋ ਨਹੀਂ, ਬਲਕਿ ਇੱਕ ਦਿਨ ਦੇ ਵਿੱਚ ਕਈ ਟਾਕਸ ਲਗਾ ਜਾਂਦਾ ਸੀ। ਖ਼ਬਰਾਂ ਦੇ ਮੁਤਾਬਿਕ ਨੌਜਵਾਨ ਨੂੰ ਗੇਮਾਂ ਖੇਡਣ ਦਾ ਸ਼ੌਕ ਕੁੱਝ ਦੋਸਤਾਂ ਤੋਂ ਹੀ ਪਿਆ ਸੀ। ਨੌਜਵਾਨ ਨੇ ਜਿੱਥੇ ਗੇਮ ਵਿੱਚ ਮੁਫ਼ਤ ਹਥਿਆਰ ਲੈਣ ਦੀ ਬਜਾਏ, ਪੈਸਿਆਂ ਦੇ ਨਾਲ ਹਥਿਆਰ ਖ਼ਰੀਦਨੇ ਸ਼ੁਰੂ ਕਰ ਦਿੱਤੇ, ਉੱਥੇ ਹੀ ਨੌਜਵਾਨ ਦੇ ਵੱਲੋਂ ਹਜ਼ਾਰਾਂ ਲੱਖਾਂ ਰੁਪਏ ਦੇ ਹਥਿਆਰ ਇੱਕ ਮੋਬਾਈਲ ਗੇਮ ਖੇਡਣ ਦੇ ਵਿੱਚ ਹੀ ਲਗਾ ਦਿੱਤੇ।

ਦਰਅਸਲ ਹਥਿਆਰ ਖ਼ਰੀਦਣ ਦੇ ਨਾਂਅ ’ਤੇ ਨੌਜਵਾਨ ਨੇ, ਆਪਣੇ ਮੋਬਾਈਲ ਫ਼ੋਨ ਨੂੰ ਬੈਂਕ ਦੇ ਨਾਲ ਅਟੈਂਚ ਕਰ ਦਿੱਤਾ ਅਤੇ ਕਰੀਬ 16 ਲੱਖ ਰੁਪਏ ਉਕਤ ਨੌਜਵਾਨ ਨੇ ਆਪਣੇ ਮਾਪਿਆਂ ਦੇ ਖਾਤੇ ਵਿੱਚੋਂ ਉੱਡਾ ਦਿੱਤੇ। ਨੌਜਵਾਨ ਨੇ ਹਥਿਆਰ ਬੇਸ਼ੱਕ ਪੱਬ ਜੀ ਗੇਮ ਵਾਸਤੇ ਖ਼ਰੀਦੇ ਸਨ, ਪਰ ਇਹ ਹਥਿਆਰ ਉਨਾਂ ਦੇ ਮਾਂ ਬਾਪ ਦੀ ਕੀਤੀ ਕਮਾਈ ਨੂੰ ਮਿੰਟਾਂ ਵਿੱਚ ਹੀ ਖ਼ਤਮ ਕਰ ਗਏ। ਦੱਸਿਆ ਜਾਂਦਾ ਹੈ ਕਿ ਨੌਜਵਾਨ ਦੇ ਵੱਲੋਂ ਜੋ ਹਥਿਆਰ ਪੈਸਿਆਂ ਦੇ ਨਾਲ ਖ਼ਰੀਦੇ ਗਏ ਸਨ, ਉਸ ਦਾ ਉਸ ਨੂੰ ਗੇਮ ਵਿੱਚ ਬੇਸ਼ੱਕ ਫ਼ਾਇਦਾ ਹੋਇਆ ਹੋਵੇਗਾ ਜਾਂ ਨਹੀਂ। ਪਰ ਬੱਚੇ ਦੇ ਮਾਂ ਬਾਪ ਨੂੰ ਬਹੁਤ ਵੱਡਾ ਨੁਕਸਾਨ ਹੋਇਆ। ਉਨਾਂ ਦੀ ਉਮਰ ਭਰ ਦੀ ਕਮਾਈ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਉਨਾਂ ਦੇ ਲਾਡਲੇ ਨੇ ਉਡਾ ਦਿੱਤੀ। ਜੇਕਰ ਇਸ ਦੇ ਨਾਲ ਹੀ ਅਸੀਂ ਗੱਲ ਕਰ ਲਈਏ ਇੱਕ ਹੋਰ ਮਾਮਲੇ ਦੀ ਕਰੀਏ ਤਾਂ, ਸੱਤ ਅੱਠ ਮਹੀਨੇ ਪਹਿਲਾਂ ਇੱਕ ਨੌਜਵਾਨ ਦੇ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ, ਕਿਉਂਕਿ ਉਸ ਦਾ ਮਾਂ ਬਾਪ ਉਸ ਨੂੰ ਗੇਮ ਖੇਡਣ ਤੋਂ ਰੋਕਦਾ ਸੀ।

ਜਦੋਂ ਨੌਜਵਾਨ ਦੀ ਖ਼ੁਦਕੁਸ਼ੀ ਦੇ ਬਾਰੇ ਵਿਚ ਡੂੰਘਾਈ ਦੇ ਨਾਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੇਲੇ ਛਪੀਆਂ ਖ਼ਬਰਾਂ ਦੇ ਵਿੱਚ ਇਹ ਦਰਸਾਇਆ ਗਿਆ ਕਿ ਨੌਜਵਾਨ ਪੱਬ ਜੀ ਗੇਮ ਖੇਡਣ ਦਾ ਸ਼ੌਕ ਰੱਖਦਾ ਸੀ। ਨੌਜਵਾਨ ਗੇਮ ਖੇਡਦਾ ਖੇਡਦਾ ਹੀ ਪਹਿਲੋਂ ਘਰੋਂ ਬਾਹਰ ਚਲਾ ਗਿਆ ਅਤੇ ਉਸ ਤੋਂ ਬਾਅਦ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਮਾਨਸਿਕ ਤੌਰ ’ਤੇ ਛੋਟੀ ਉਮਰ ਦਾ ਹੀ ਨੌਜਵਾਨ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਚੁੱਕਿਆ ਸੀ ਅਤੇ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਹੀ ਉਸ ਨੇ ਖ਼ੁਦਕੁਸ਼ੀ ਕਰ ਲਈ। ਦਰਅਸਲ ਇਹ ਤਾਂ ਕੋਈ ਇੱਕ ਦੋ ਮਾਮਲੇ ਹਨ, ਜਦੋਂ ਕਿ ਪੰਜਾਬ ਤੋਂ ਇਲਾਵਾ ਦੇਸ਼ ਭਰ ਦੇ ਵਿੱਚ ਅਜਿਹੇ ਸੈਂਕੜੇ ਹੀ ਮਾਮਲੇ ਸਾਹਮਣੇ ਪਿਛਲੇ ਸਮੇਂ ਦੇ ਵਿੱਚ ਸਾਹਮਣੇ ਆਏ ਹਨ ਅਤੇ ਹੁਣ ਵੀ ਆ ਰਹੇ ਹਨ। ਨੌਜਵਾਨ ਆਨਲਾਈਨ ਗੇਮਾਂ ਦੇ ਵਿੱਚ ਕਰੋੜਾਂ ਰੁਪਿਆ ਬਰਬਾਦ ਕਰ ਰਹੇ ਹਨ ਅਤੇ ਆਪਣਾ ਭਵਿੱਖ ਖ਼ਰਾਬ ਕਰਨ ਵਿੱਚ ਰੁੱਝੇ ਹੋਏ ਹਨ।

ਲੱਗਦਾ ਹੈ, ਕਿ ਮਾਪਿਆਂ ਨੂੰ ਇਸ ਗੱਲ ਦੀ ਭੋਰਾ ਵੀ ਫ਼ਿਕਰ ਨਹੀਂ ਕਿ ਉਨਾਂ ਦੇ ਬੱਚੇ ਕੀ ਕੁੱਝ ਕਰ ਰਹੇ ਹਨ? ਮਾਪਿਆਂ ਨੂੰ ਇਸ ਦੇ ਵੱਲ ਧਿਆਨ ਦੇਣਾ ਪਵੇਗਾ ਅਤੇ ਬੱਚਿਆਂ ਦੇ ਹੱਥ ਵਿੱਚ ਜੋ ਮੋਬਾਈਲ ਫ਼ੋਨ ਹਨ, ਬੱਚੇ ਉਨਾਂ ਦੇ ਨਾਲ ਕਰਦੇ ਕੀ ਹਨ, ਮਾਪਿਆਂ ਨੂੰ ਫੋਨਾਂ ਦੀ ਜਾਂਚ ਕਰਨੀ ਹੀ ਪਵੇਗੀ, ਤਾਂ ਹੀ ਉਨਾਂ ਦੇ ਭਵਿੱਖ ਨੂੰ ਬਚਾਇਆ ਜਾ ਸਕਦਾ ਹੈ। ਵੈਸੇ ਹੁਣ ਤਾਂ ਅੱਧੀ ਨਾਲੋਂ ਜ਼ਿਆਦਾ ਨੌਜਵਾਨ ਪੀੜੀ ਇਸ ਵੇਲੇ ਆਨਲਾਈਨ ਗੇਮਾਂ ਦੇ ਵਿੱਚ ਰੁੱਝ ਚੁੱਕੀ ਹੈ ਅਤੇ ਉਨਾਂ ਨੂੰ ਆਸ ਪਾਸ ਆਪਣੇ ਮਾਪੇ ਜਾਂ ਫਿਰ ਭੈਣ ਭਾਈ ਕੋਈ ਵੀ ਵਿਖਾਈ ਨਹੀਂ ਦੇ ਰਿਹਾ। ਅੱਜ ਕੱਲ ਬਹੁਤੇ ਬੱਚੇ ਆਨਲਾਈਨ ਗੇਮ ਵਿੱਚ ਰੁੱਝ ਚੁੱਕੇ ਹਨ, ਜਿੰਨਾਂ ਨੂੰ ਬਾਹਰ ਕੱਢਣ ਦੇ ਵਾਸਤੇ ਸਾਡੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਕਦਮ ਚੁੱਕਣੇ ਪੈਣਗੇ ਅਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੈ।

ਮਾਪਿਆਂ ਨੂੰ ਆਪਣੇ ਬੱਚਿਆਂ ਦੇ ਵੱਲ ਧਿਆਨ ਜ਼ਰੂਰ ਦੇਣਾ ਹੋਵੇਗਾ। ਕਿਉਂਕਿ ਆਨਲਾਈਨ ਗੇਮਾਂ ਜੇਕਰ ਇਵੇਂ ਹੀ ਖੇਡੀਆਂ ਜਾਂਦੀਆਂ ਰਹੀਆਂ, ਤਾਂ ਉਹ ਵੇਲਾ ਦੂਰ ਨਹੀਂ ਜਦੋਂ ਪੰਜਾਬ ਤੋਂ ਇਲਾਵਾ ਦੇਸ਼ ਪੂਰੀ ਤਰਾਂ ਕੰਗਾਲ ਹੋ ਜਾਵੇਗਾ ਅਤੇ ਨੌਜਵਾਨ ਇਨਾਂ ਮੋਬਾਈਲ ਗੇਮਾਂ ਦੇ ਜ਼ਰੀਏ ਹੀ ਅਰਬਾਂ ਖਰਬਾਂ ਰੁਪਿਆ ਮੋਬਾਈਲ ਡਾਟੇ ਦੇ ਵਿੱਚ ਹੀ ਉਜਾੜ ਦੇਣਗੇ। ਸੋ ਇਹ ਤਾਂ ਹੁਣ ਸਭਨਾਂ ਮਾਪਿਆਂ ਨੂੰ ਹੀ ਸੋਚਣਾ ਪੈਣਾ ਹੈ ਕਿ ਆਖ਼ਰ ਇਨਾਂ ਮੋਬਾਈਲ ਗੇਮਾਂ ਦਾ ਕਰਨਾ ਕੀ ਹੈ? ਵੈਸੇ ਸਾਡੀ ਸਭਨਾਂ ਮਾਪਿਆਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਆਨਲਾਈਨ ਗੇਮਾਂ ਤੋਂ ਦੂਰ ਰੱਖਣ ਅਤੇ ਉਨਾਂ ਦੇ ਭਵਿੱਖ ਵੱਲ ਧਿਆਨ ਦੇਣ।

ਪਰਮਜੀਤ ਕੌਰ ਸਿੱਧੂ
98148-90905

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: