ਆਤਮ ਹਤਿਆਵਾਂ ਕਰਨ ਦੀ ਥਾਂ ਸੰਘਰਸ਼ ਕਰਨ ਕਿਸਾਨ : ਲੱਖੋਵਾਲ

ss1

ਆਤਮ ਹਤਿਆਵਾਂ ਕਰਨ ਦੀ ਥਾਂ ਸੰਘਰਸ਼ ਕਰਨ ਕਿਸਾਨ : ਲੱਖੋਵਾਲ

ਐਸ ਏ ਐਸ ਨਗਰ, 18 ਸਤੰਬਰ: ਸਥਾਨਕ ਫੇਜ 8 ਦੇ ਗੁਰਦੁਆਰਾ ਅੰਬ ਸਾਹਿਬ ਤੋਂ  ਭਾਰਤੀ ਕਿਸਾਨ ਯੂਨੀਅਨ  ਲੱਖੋਵਾਲ ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਚੰਡੀਗੜ੍ਹ ਵੱਲ ਮਾਰਚ ਕੀਤਾ, ਜਿਹਨਾਂ ਨੂੰ ਚੰਡੀਗੜ੍ਹ ਪੁਲੀਸ ਨੇ ਬੈਰੀਅਰ ਉਪਰ ਹੀ ਰੋਕ ਲਿਆ| ਇਸ ਮੌਕੇ ਕਿਸਾਨਾਂ ਨੇ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਵਧਣ ਦਾ ਬਹੁਤ ਯਤਨ ਕੀਤਾ ਪਰ ਚੰਡੀਗੜ੍ਹ ਪੁਲੀਸ ਨੇ ਕਿਸਾਨਾਂ ਦੀ ਇਕ ਨਾ ਚੱਲਣ ਦਿਤੀ| ਜਿਸ ਕਰਕੇ ਕਿਸਾਨ ਬੈਰੀਅਰ ਉਪਰ ਹੀ ਧਰਨਾ ਲਗਾ ਕੇ ਬੈਠ ਗਏ|
ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸ ਅਜਮੇਰ ਸਿੰਘ ਲੱਖੋਵਾਲ ਨੇ ਕਿਹਾ ਕਿ ਕਿਸਾਨਾਂ ਦੀ ਸਰਕਾਰ ਵੱਲ 100 ਕਰੋੜ ਦੀ ਗੰਨੇ ਦੀ ਅਦਾਇਗੀ ਰੁਕੀ ਪਈ ਹੈ, ਜਿਸ ਨੂੰ ਤੁਰੰਤ ਜਾਰੀ ਕੀਤਾ ਜਾਣਾ  ਚਾਹੀਦਾ ਹੈ| ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਤਮ ਹਤਿਆਵਾਂ ਕਰਨ ਦੀ ਥਾਂ ਸੰਘਰਸ ਕਰਕੇ ਆਪਣੇ ਮਸਲੇ ਹੱਲ ਕਰਵਾਉਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਸਰਕਾਰ ਤੋਂ ਗੰਨੇ, ਆਲੂ ਅਤੇ ਹੋਰ ਫਸਲਾਂ ਦੀਆਂ ਅਦਾਇਗੀਆਂ ਨਾ ਹੋਣ ਕਰਕੇ ਕਿਸਾਨਾਂ ਸਿਰ ਚੜਿਆ ਕਰਜਾ ਨਹੀਂ  ਉਤਰ ਰਿਹਾ, ਜਿਸ ਕਾਰਨ ਕਿਸਾਨ ਆਤਮ ਹਤਿਆਵਾਂ ਕਰਨ ਲਈ ਮਜਬੂਰ ਹੋ ਰਹੇ ਹਨ| ਉਹਨਾ ਕਿਹਾ ਕਿ ਸਰਕਾਰ ਨੇ ਪਰਾਲੀ  ਸਾੜਨ ਉਪਰ ਜੋ 500 ਰੁਪਏ ਜੁਰਮਾਨਾ ਲਾਗੂ ਕੀਤਾ ਹੈ, ਉਹ ਗਲਤ ਹੈ| ਪਰਾਲੀ ਸਾੜਨ ਨਾਲ ਓਨਾ ਪ੍ਰਦੂਸਨ ਨਹੀਂ ਫੈਲਦਾ, ਜਿੰਨਾ ਕਿ ਵੱਡੀਆਂ ਫੈਕਟਰੀਆਂ ਤੋਂ ਫੈਲਦਾ ਹੈ| ਉਹਨਾਂ ਕਿਹਾ ਕਿ ਜੇ ਕੋਈ ਕੁਦਰਤੀ ਬਿਪਤਾ ਆਉਂਦੀ ਹੈ ਤਾਂ ਉਸਦਾ ਮੁਆਵਜਾ ਪ੍ਰਤੀ ਏਕੜ 35 ਹਜਾਰ ਰੁਪਏ ਦਿਤਾ ਜਾਇਆ ਕਰੇ| ਪਸ਼ੂਆਂ ਵਲੋਂ ਫਸਲਾਂ ਦੇ ਕੀਤੇ ਜਾਂਦੇ ਨੁਕਸਾਨ ਨੂੰ ਰੋਕਣ ਲਈ ਸਰਕਾਰ ਨੂੰ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ| ਉਹਨਾਂ ਕਿਹਾ ਕਿ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਵਾਉਣ ਲਈ ਉਹ ਕੇਂਦਰ ਸਰਕਾਰ ਨਾਲ ਗਲਬਾਤ ਕਰਨਗੇ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਯੂ ਪੀ ਇਕਾਈ ਦੇ ਪ੍ਰਧਾਨ ਨਰੇਸ਼ ਟਿਕੈਟ ਨੇ ਕਿਹਾ ਕਿ  ਲੋਕਾਂ ਤੋਂ ਵੋਟਾਂ ਲੈ ਕੇ ਮੁੱਖ ਮੰਤਰੀ ਅਤੇ ਮੰਤਰੀ ਏ ਸੀ ਕਮਰਿਆਂ ਵਿਚ ਬੈਠ ਜਾਂਦੇ ਹਨ ਅਤੇ ਕੋਈ ਕੰਮ ਨਹੀਂ  ਕਰਦੇ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈਂਦਾ ਹੈ, ਕਿਸਾਨਾਂ ਕੋਲ ਧਰਨੇ,ਪ੍ਰਦਰਸਨ ਅਤੇ ਅੰਦੋਲਨ ਕਰਨ ਤੋਂ ਸਿਵਾ ਹੋਰ ਕੋਈ ਰਸਤਾ ਹੀ ਨਹੀਂ. ਬਚਿਆ| ਸਰਕਾਰ ਭਾਵੇਂ ਭਾਜਪਾ ਵੀ ਹੋਵੇ ਜਾਂ ਕਾਂਗਰਸ ਦੀ, ਸਾਰੀਆਂ ਹੀ ਸਰਕਾਰਾਂ ਕਿਸਾਨ ਵਿਰੋਧੀ ਹਨ| ਕਿਸਾਨਾਂ ਦਾ ਗੰਨੇ ਦਾ, ਅ ਾਲੁਆਂ , ਝੋਨੇ ਦਾ ਅਤੇ ਹੋਰ ਫਸਲਾਂ ਦਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ, ਇਸ ਸਬੰਧੀ ਸਰਕਾਰ ਨੁੰ ਉਪਰਾਲੇ ਕਰਨ ਦੀ ਲੋੜ ਹੈ,ਖਾਦਾਂ, ਡੀਜਲ ਅਤੇ ਬੀਜ ਮਹਿੰਗੇ ਹੋਣ ਕਾਰਨ ਕਿਸਾਨਾ ਦੇ ਖਰਚੇ ਵੱਧ ਗਏ ਹਨ ਅਤੇ ਆਮਦਨ ਘਟ ਗਈ ਹੈ, ਜਿਸ ਕਰਕੇ ਕਿਸਾਨਾਂ ਕੋਲ ਖੁਦਕਸੀਆਂ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਹੀ ਨਹੀਂ ਬਚਿਆ| ਸਰਕਾਰਾਂ ਨੂੰ ਇਸ ਪਾਸੇ ਜਰੂਰ ਧਿਆਨ ਦੇਣਾ ਚਾਹੀਦਾ ਹੈ|
ਇਸ ਮੌਕੇ ਖਾਸ ਗਲ ਇਹ ਰਹੀ ਕਿ ਜਿਹੜੇ ਗੰਨੇ ਕਿਸਾਨਾਂ ਨੇ ਧਰਨੇ ਵਿਚ ਰੱਖਣ ਲਈ ਲਿਆਂਦੇ ਸਨ ਬਾਅਦ ਵਿਚ ਭੁੱਖ ਲੱਗਣ ਤੇ ਉਹ ਗੰਨੇ ਹੀ ਕਿਸਾਨਾਂ ਨੇ ਚੂਪ ਲਏ| ਇਸ ਤੋਂ ਇਲਾਵਾ ਕਿਸਾਨਾਂ ਵਲੋਂ ਪ੍ਰਸਾਸਨ ਤੋਂ ਪੀਣ ਵਾਲੇ ਪਾਣੀ ਦੀ ਵੀ ਮੰਗ ਕੀਤੀ ਜਾਂਦੀ ਰਹੀ ਪਰ ਕਿਸਾਨਾਂ ਨੂੰ ਇਸ ਮੌਕੇ ਕਿਸੇ ਪਾਸਿਓਂ ਵੀ ਪਾਣੀ ਨਹੀਂ ਮਿਲਿਆ|

Share Button

Leave a Reply

Your email address will not be published. Required fields are marked *