ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 24, 2020

ਆਓ ਸੂਰਜ ਗ੍ਰਹਿਣ ਬਾਰੇ ਜਾਣੀਏ

ਆਓ ਸੂਰਜ ਗ੍ਰਹਿਣ ਬਾਰੇ ਜਾਣੀਏ

ਸਾਲ ਦੇ ਸਭ ਤੋਂ ਲੰਬੇ ਦਿਨ 21ਜੂਨ ਨੂੰ ਇੱਕ ਅਦਭੁਤ ਕੁਦਰਤੀ ਨਜ਼ਾਰਾ ਵਾਪਰਨ ਵਾਲਾ ਹੈ ਜਿਸ ਵਿੱਚ ਸੂਰਜ ਤੇ ਚੰਦਰਮਾ ਲੁੱਕਣ-ਮੀਚੀ ਖੇਡਣਗੇ ਤੇ ਇਸ ਦੇ ਗਵਾਹ ਸਾਡੇ ਵਿੱਚੋਂ ਬਹੁਤ ਸਾਰੇ ਭਾਰਤੀ ਬਣਨਗੇ। ਇਹ ਕੁਦਰਤੀ ਬ੍ਰਹਿਮੰਡੀ ਨਜ਼ਾਰਾ ਕੁੰਡਲਾਕਾਰ ਸੂਰਜ ਗ੍ਰਹਿਣ ਦਾ ਹੈ ਜੋ ਉੱਤਰੀ ਭਾਰਤ ਦੇ ਚਾਰ ਰਾਜਾਂ ਰਾਜਸਥਾਨ , ਹਰਿਆਣਾ , ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ ਦੇ ਕੁੱਝ ਹਿੱਸਿਆਂ ਵਿੱਚੋਂ ਗੁਜਰਦਾ ਹੋਇਆ ਦਿਖਾਈ ਦੇਵੇਗਾ।

ਵਿਗਿਆਨ ਪ੍ਰਸਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੂਬਸੂਰਤ ਦ੍ਰਿਸ਼ ਭਾਰਤ ਵਿੱਚ 6 ਮਹੀਨਿਆਂ ਅੰਦਰ ਦੂਜੀ ਵਾਰ ਵੇਖਣ ਨੂੰ ਮਿਲ ਰਿਹਾ ਹੈ , ਇਸ ਤੋਂ ਪਹਿਲਾਂ ਕੁੰਡਲਾਕਾਰ ਸੂਰਜ ਗ੍ਰਹਿਣ 26 ਦਸੰਬਰ 2019 ਨੂੰ ਦੱਖਣੀ ਭਾਰਤ ਦੇ ਕਈ ਰਾਜਾਂ ਵਿੱਚ ਦੇਖਣ ਨੂੰ ਮਿਲਿਆ ਸੀ।ਇਹ ਕੁਦਰਤੀ ਨਜ਼ਾਰਾ ਭਾਵ ਕੁੰਡਲਾਕਾਰ ਸੂਰਜ ਗ੍ਰਹਿਣ ਭਾਰਤ ਦੇ ਪੱਛਮ ਵਿੱਚ ਰਾਜਸਥਾਨ ਦੇ ਘਰਸ਼ਾਨਾ ਤੋਂ ਸ਼ੁਰੂ ਹੋ ਕੇ ਪੂਰਬ ਦਿਸ਼ਾ ਵਿੱਚ ਉੱਤਰਾਖੰਡ ਦੇ ਜੋਸ਼ੀਮੱਠ `ਚ ਸਮਾਪਤ ਹੋ ਜਾਵੇਗਾ। ਇਹ ਸਵੇਰੇ 10 ਵੱਜ ਕੇ 12 ਮਿੰਟ ਤੇ ਸ਼ੁਰੂ ਹੋਵੇਗਾ ਤੇ ਦੁਪਹਿਰ । ਵੱਜ ਕੇ 54 ਮਿੰਟ ਤੇ ਸਮਾਪਤ ਹੋ ਜਾਵੇਗਾ। ਇਹ ਗ੍ਰਹਿਣ ਲਗਭਗ 3 ਘੰਟੇ 30 ਮਿੰਟ ਲਈ ਲੱਗੇਗਾ ਪਰੰਤੂ ਇਸਦੀ ਕੁੰਡਲੀ ਜਾਂ ਰਿੰਗ (Annularity or Ring) ਘੱਟੋ ਘੱਟ 9 ਸੈਕਿੰਡ ਤੇ ਵੱਧ ਤੋਂ ਵੱਧ 33 ਸੈਕਿੰਡ ਲਈ ਹੀ ਦਿਖਾਈ ਦੇਵੇਗੀ। ਇਸਦਾ ਪਹਿਲਾ ਕੁੰਡਲਾਕਾਰ ਰੂਪ 11 ਵੱਜ ਕੇ 50 ਮਿੰਨਟ 8 ਸੈਕਿੰਡ ਤੇ ਸ਼ੁਰੂ ਹੋਵੇਗਾ ਤੇ 11 ਵੱਜ ਕੇ 50 ਮਿੰਨਟ 32 ਸੈਕਿੰਡ ਤੇ ਰਾਜਸਥਾਨ ਦੇ ਘਰਸ਼ਾਨਾ ਵਿਖੇ 24 ਸੈਕਿੰਡ ਦਾ ਸਮਾਂ ਵਿਤਾਉਣ ਪਿੱਛੋਂ ਸਮਾਪਤ ਹੋ ਜਾਵੇਗਾ।

ਭਾਰਤ ਵਿੱਚ ਅਖ਼ਰੀਲਾ ਦਿੱਖਣ ਵਾਲਾ ਕੁੰਡਲੀਕਾਰ ਰੂਪ ਉਤਰਾਖੰਡ ਦੇ ਜੋਸ਼ੀਮੱਠ ਵਿਖੇ 12 ਵੱਜ ਕੇ 9 ਮਿੰਨਟ 40 ਸੈਕਿੰਡ ਤੋਂ ਸ਼ੁਰੂ ਹੋ ਕੇ 24 ਸੈਕਿੰਡ ਦਾ ਸਮਾਂ ਵਿਤਾਉਣ ਪਿੱਛੋਂ 12 ਵੱਜ ਕੇ 10 ਮਿੰਨਟ 4 ਸੈਕਿੰਡ ਤੇ ਸਮਾਪਤ ਹੋ ਜਾਵੇਗਾ ।ਕੁੰਡਲੀਦਾਰ ਗ੍ਰਹਿਣ ਰਾਜਸਥਾਨ ਦੇ ਘਰਸ਼ਾਨਾ, ਅਨੂਪਗੜ੍ਹ, ਭਾਗਸਰ, ਸ੍ਰੀ ਵਿਜੈਨਗਰ ਤੇ ਸੂਰਤਗੜ੍ਹ, ਹਰਿਆਣਾ ਦੇ ਅਲਮੋਹਾ , ਸਿਰਸਾ , ਰੱਤੀਆ , ਐਲਾਨਾਬਾਦ ,ਪਿਹੋਵਾ, ਗੁਮਥਾਲਾ ਗੰਦੂ ,ਕੁਰੂਕਸ਼ੇਤਰ, ਯਮੁਨਾ ਨਗਰ , ਤਲਵਾਰਾ ਖੁਰਦ ਆਦਿ ਜ਼ਿਲ੍ਹਿਆਂ , ਉੱਤਰ ਪ੍ਰਦੇਸ਼ ਦੇ ਬੇਹਾਤ ਅਤੇ ਉੱਤਰਾਖੰਡ ਦੇ ਦੇਹਰਾਦੂਨ, ਚੰਬਾ, ਚੰਦਰਾਪੁਰੀ, ਮਾਰੋਰਾ, ਅਗਸਤਮੁਨੀ , ਚਮੋਲੀ , ਗੋਮੇਸ਼ਵਰ ਤੇ ਜੋਸ਼ੀ ਮੱਠ ਆਦਿ ਜ਼ਿਲ੍ਹਿਆਂ ਵਿੱਚ ਦਿਖਾਈ ਦੇਵੇਗਾ। ਪੰਜਾਬ ਸਮੇਤ ਭਾਰਤ ਦੇ ਬਾਕੀ ਰਾਜਾਂ ਤੇ ਕਈ ਕੇਂਦਰ ਸ਼ਾਸਿਤ ਪ੍ਰਦੇਸ਼ਾਂ `ਚ ਅੰਸ਼ਿਕ ਸੂਰਜ ਗ੍ਰਹਿਣ ਦਿਖਾਈ ਦੇਵੇਗਾ। ਭਾਰਤ ਤੋਂ ਇਲਾਵਾ ਕੁੰਡਲਾਕਾਰ ਸੂਰਜ ਗ੍ਰਹਿਣ ਅਫ਼ਰੀਕਾ ਦੇ ਕੁਝ ਹਿੱਸਿਆਂ ਜਿਨ੍ਹਾਂ ਵਿੱਚ ‘ਦ ਸੈਂਟਰਲ ਅਫ਼ੇਰੀਕਨ ਰਿਪਬਲਿਕ , ਕੰਗੋ, ਇਥੋਪੀਆ, ਯੇਮੇਨ ,ਸਾਊਦੀ ਅਰੇਬੀਆ, ਓਮਾਨ, ਤਾਇਵਾਨ, ਪਾਕਿਸਤਾਨ ਤੇ ਚੀਨ ਆਦਿ ਤੋਂ ਹੁੰਦਾ ਹੋਇਆ ਸ਼ਾਮ ਨੂੰ ਸਾਊਥ ਪੈਸੀਫਿਕ ੳਸ਼ੀਅਨ ਵਿੱਚ ਸਮਾਪਤ ਹੋਵੇਗਾ।

ਸੂਰਜ ਗ੍ਰਹਿਣ ਕਦੋਂ ਲੱਗਦਾ ਹੈ ?
ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਤੇ ਇਹ ਤਿੰਨੋ ਇੱਕੋ ਸਿੱਧੀ ਰੇਖਾ ਤੇ ਗੋਲਾਕਾਰ ਤਲ ਤੇ ਆ ਜਾਂਦੇ ਹਨ ਅਤੇ ਚੰਦਰਮਾ ਸੂਰਜ ਦੀ ਰੌਸ਼ਨੀ ਦਾ ਰਸਤਾ ਰੋਕ ਲੈਂਦਾ ਹੈ ਤੇ ਇਸਨੂੰ ਧਰਤੀ ਤੇ ਪਹੁੰਚਣ ਤੋਂ ਰੋਕਦਾ ਹੈ।ਇਸ ਦੁਰਲੱਭ ਸਥਿਤੀ ਵਿਚ ਧਰਤੀ ਦੇ ਜਿਸ ਹਿੱਸੇ ਵਿੱਚ ਚੰਦਰਮਾ ਦਾ ਪਰਛਾਵਾਂ ਧਰਤੀ ਤੇ ਪੈਂਦਾ ਹੈ ਉੱਥੇ ਇਹ ਗ੍ਰਹਿਣ ਦਿਖਾਈ ਦਿੰਦਾ ਹੈ । ਚੰਦਰਮਾ ਦੇ ਪਹਿਲੇ ਪਰਛਾਂਵੇ ਨੂੰ ਛਾਇਆ ਤੇ ਦੂਜੇ ਪਰਛਾਂਵੇ ਨੂੰ ਅਲਪ ਛਾਇਆ ਕਿਹਾ ਜਾਂਦਾ ਹੈ। ਇਹ ਤੱਥ ਹੈ ਕਿ ਹਰ ਮਹੀਨੇ ਦੀ ਮੱਸਿਆ ਨੂੰ ਸੂਰਜ , ਚੰਦਰਮਾ ਤੇ ਧਰਤੀ ਇੱਕ ਸੇਧ ਵਿੱਚ ਆਉਂਦੇ ਹਨ ਪਰੰਤੂ ਹਰ ਮਹੀਨੇ ਸੂਰਜ ਗ੍ਰਹਿਣ ਨਹੀਂ ਲੱਗਦਾ ਕਿਉਂਕਿ ਚੰਦਰਮਾ ਆਪਣੇ ਗੋਲਾਕਾਰ ਧੁਰੇ ਤੇ ਧਰਤੀ ਦੇ ਗੋਲਾਕਾਰ ਧੁਰੇ ਨਾਲ 5 ਡਿਗਰੀ ਤੇ ਝੁਕਿਆ ਹੋਇਆ ਹੈ । ਇਸ ਤਰ੍ਹਾਂ ਚੰਦਰਮਾ ਦਾ ਪਰਛਾਵਾਂ ਜ਼ਿਆਦਾਤਰ ਧਰਤੀ ਦੇ ਉੱਪਰੋਂ ਜਾਂ ਹੇਠੋਂ ਲੰਘ ਜਾਂਦਾ ।

ਸੂਰਜ ਗ੍ਰਹਿਣ ਦੀਆਂ ਕਿਸਮਾਂ :-
ਚੰਦਰਮਾ ਧਰਤੀ ਦੁਆਲੇ ਇੱਕ ਚੱਕਰ ਲਗਪਗ 27.32 ਦਿਨਾਂ ‘ਚ ਪੂਰਾ ਕਰਦਾ ਹੈ। ਇਸ ਤਰ੍ਹਾਂ ਘੁੰਮਦੇ ਹੋਏ ਚੰਦਰਮਾ ਤੇ ਧਰਤੀ ਦੇ ਕੋਣੀ ਆਕਾਰ ਵਿੱਚ ਬਦਲਾਅ ਆਉਂਦੇ ਰਹਿੰਦੇ ਹਨ। ਇਹਨਾਂ ਬਦਲਾਵਾਂ ਕਾਰਨ ਸੂਰਜ ਗ੍ਰਹਿਣ ਦੀਆਂ 4 ਕਿਸਮਾਂ ਹਨ:-

1. ਪੂਰਣ ਸੂਰਜ ਗ੍ਰਹਿਣ(TOTAL SOLAR ECLIPSE):-ਇਸ ਪ੍ਰਕਿਰਿਆ ਵਿਚ ਜਦੋਂ ਮੱਸਿਆ ਵਾਲੇ ਦਿਨ ਚੰਦਰਮਾ ਧਰਤੀ ਦੇ ਸਭ ਤੋਂ ਨੇੜੇ ਹੁੰਦਾ ਹੈ ਅਤੇ ਸੂਰਜ- ਚੰਦਰਮਾ – ਧਰਤੀ ਇੱਕ ਸੇਧ ‘ ਚ ਤੇ ਇੱਕ ਹੀ ਗੋਲਾਕਾਰ ਤਲ ਵਿੱਚ ਹੁੰਦੇ ਹਨ ਤਾਂ ਪੂਰਣ ਸੂਰਜ ਗ੍ਰਹਿਣ ਹੁੰਦਾ ਹੈ।

2. ਕੁੰਡਲਕਾਰ ਸੂਰਜ ਗ੍ਰਹਿਣ (ANNULAR SOLAR ECLIPSE which is in the form of Ring Of Fire):-
ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਮੱਸਿਆ ਵਾਲੇ ਦਿਨ ਚੰਦਰਮਾ ਧਰਤੀ ਤੋਂ ਸਭ ਤੋਂ ਜ਼ਿਆਦਾ ਦੂਰੀ ਤੇ ਹੁੰਦਾ ਹੈ ਅਤੇ ਸੂਰਜ – ਚੰਦਰਮਾ – ਧਰਤੀ ਇੱਕ ਸੇਧ `ਚ ਤੇ ਇੱਕ ਹੀ ਗੋਲਾਕਾਰ ਤਲ `ਚ ਸਥਿਤ ਹੁੰਦੇ ਹਨ। ਇਸ ਦਿਨ ਚੰਦਰਮਾ ਦਾ ਸਪਸ਼ਟ ਆਕਾਰ ਸੂਰਜ ਨਾਲੋਂ ਛੋਟਾ ਹੁੰਦਾ ਹੈ ਤੇ ਇਹ ਸੂਰਜ ਵਿੱਚ ਡੁੱਬੀ ਹੋੋਈ ਇੱਕ ਰਿੰਗ ਵਾਂਗ ਦਿਖਾਈ ਦਿੰਦਾ ਹੈ।

3. ਹਾਈਬ੍ਰਿਡ ਸੂਰਜ ਗ੍ਰਹਿਣ (HYBRID SOLAR ECLIPSE):- ਇਹ ਇੱਕ ਦੁਰਲੱਭ ਗ੍ਰਹਿਣ ਹੈ ਜੋ ਆਪਣੀ ਦਿੱਖ ਬਦਲਦਾ ਰਹਿੰਦਾ ਹੈ। ਗ੍ਰਹਿਣ ਦੇਖਣ ਵਾਲੇ ਦੀ ਸਥਿਤੀ ਦੇ ਅਧਾਰ ਤੇ ਇਸ ਦਾ ਰੂਪ ਪੂਰਣ ਸੂਰਜ ਗ੍ਰਹਿਣ ਤੋਂ ਕੁੰਡਲਾਕਾਰ ਸੂਰਜ ਗ੍ਰਹਿਣ ਦੇ ਰੂਪ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਕਾਰਣ ਪ੍ਰਿਥਵੀ ਦੇ ਕੁਝ ਹਿੱਸਿਆਂ `ਚ ਪੂਰਣ ਸੂਰਜ ਗ੍ਰਹਿਣ ਤੇ ਕੁਝ ਹਿੱਸਿਆਂ `ਚ ਕੁੰਡਲਾਕਾਰ ਸੂਰਜ ਗ੍ਰਹਿਣ ਲੱਗਦਾ ਹੈ ।

4.ਅੰਸ਼ਿਕ ਸੂਰਜ ਗ੍ਰਹਿਣ (PARTIAL SOLAR ECLIPSE):- ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਧਰਤੀ ਦਾ ਇਕ ਹਿੱਸਾ ਚੰਦਰਮਾ ਦੇ ਪਰਛਾਵੇਂ ਵਿੱਚ ਗ੍ਰਸਤ ਹੋ ਜਾਂਦਾ ਹੈ ਜੋ ਪੂਰੀ ਜਾਂ ਅੰਸ਼ਕ ਤੌਰ ਤੇ ਸੂਰਜ ਦੀ ਰੌਸ਼ਨੀ ਨੂੰ ਰੋਕਦਾ ਹੈ।ਇਹ ਉਦੋਂ ਹੁੰਦਾ ਹੈ ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇਕ ਸੇਧ ਵਿੱਚ ਹੁੰਦੇ ਹਨ।
ਕਿੰਨੇ ਸੂਰਜ ਗ੍ਰਹਿਣ?
ਇੱਕ ਸਾਲ ਵਿੱਚ ਘੱਟੋ ਘੱਟ 2 ਤੇ ਵੱਧ ਤੋਂ ਵੱਧ 5 ਗ੍ਰਹਿਣ ਹੋ ਸਕਦੇ ਹਨ।

ਸਾਵਧਾਨੀਆਂ :- ਸੂਰਜ ਗ੍ਰਹਿਣ ਵੇਲੇ ਸਾਨੂੰ ਸਾਵਧਾਨੀਆਂ ਦੇ ਤੌਰ ਤੇ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :-
1. ਸਾਨੂੰ ਸੂਰਜ ਨੂੰ ਕਦੇ ਵੀ ਸਿੱਧੇ ਨੰਗੀਆਂ ਅੱਖਾਂ ਨਾਲ਼ ਨਹੀਂ ਦੇਖਣਾ ਚਾਹੀਦਾ ਕਿਉਂਕਿ ਸੂਰਜ ਦੇ ਪ੍ਰਤੀਬਿੰਬ ਦਾ ਆਕਾਰ ਰੈਟੀਨਾ ਤੇ ਲਗਭਗ 0.2 ਮਿਲੀਮੀਟਰ ਹੁੰਦਾ ਹੈ ਤੇ ਰੈਟੀਨਾ ਦੇ ਲਗਭਗ 0.1 ਮਿਲੀਮੀਟਰ ਅਰਧ ਵਿਆਸ ਤੇ ਇਹ ਊਰਜਾ ਇਕੱਤਰ ਹੋ ਜਾਂਦੀ ਹੈ।ਇਸ ਤਰ੍ਹਾਂ ਸੂਰਜੀ ਊਰਜਾ ਦੀ ਤੀਬਰਤਾ ਰੈਟੀਨਾ ਤੇ ਲਗਪਗ ਧਰਤੀ ਦੇ 1 ਵਰਗਮੀਟਰ ਤੇ ਪੈਣ ਵਾਲੇ ਊਰਜਾ ਤੋਂ 74% ਵੱਧ ਹੁੰਦੀ ਹੈ।

2.ਕਦੇ ਵੀ ਸੂਰਜ ਗ੍ਰਹਿਣ ਨੂੰ ਟੇਲੀਸਕੋਪ ਨਾਲ ਨਹੀਂ ਦੇਖਣਾ ਚਾਹੀਦਾ।

3.ਉਹ ਫਿਲਟਰ ਕਦੇ ਨਾ ਵਰਤੋਂ ਜੋ ਸਿਰਫ ਸੂਰਜ ਦੀ ਰੌਸ਼ਨੀ ਦੀ ਤੀਬਰਤਾ ਘੱਟ ਕਰਦੇ ਹਨ। 52% ਸੂਰਜ ਦੀਆਂ ਕਿਰਨਾਂ ਅਦਿੱਖ ਇਨਫਰਾਰੈੱਡ ਖੇਤਰ ਵਿੱਚ ਆਉਂਦੀਆਂ ਹਨ ਜੋ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।

4. ਸਸਤੀਆਂ ਟੈਲੀਸਕੋਪਾਂ ਨਾਲ ਆਉਣ ਵਾਲੇ ਸਾਧਰਨ ਫਿਲਟਰਾਂ ਦੀ ਵਰਤੋਂ ਕਦੇ ਵੀ ਸੂਰਜ ਗ੍ਰਹਿਣ ਦੇਖਣ ਲਈ ਨਾ ਕਰੋ। 5. ਰੰਗੀਨ ਪਾਣੀ ਵਿੱਚੋਂ ਕਦੇ ਵੀ ਸੂਰਜ ਦਾ ਪਰਾਵਰਤਨ ਨਾ ਦੇਖੋ।

ਕਿਵੇਂ ਦੇਖੀਏ ਸੂਰਜ ਗ੍ਰਹਿਣ ?
1. ਸੋਲਰ ਫਿਲਟਰ ਗੋਗਲਜ਼ :-ਇਹ ਗੌਗਲਜ਼ ਪਰਮਾਣਿਤ ਸੋਲਰ ਫਿਲਟਰਾਂ ਦੀ ਮੱਦਦ ਨਾਲ ਕਾਰਡ ਬੋਰਡ ਫ਼ਰੇਮ ਦੀ ਮੱਦਦ ਨਾਲ ਬਣਾਏ ਜਾਂਦੇ ਹਨ। ਇਹ ਸੂਰਜ ਗ੍ਰਹਿਣ ਦੇਖਣ ਦਾ ਸਭ ਤੋਂ ਆਸਾਨ ਤੇ ਸੌਖਾ ਤਰੀਕਾ ਹੈ। ਇਨ੍ਹਾਂ ਫਿਲਟਰਾਂ ਨੂੰ ਸਧਾਰਨ ਐਨਕਾਂ ਉੱਪਰ ਲੱਗਾ ਕੇ ਵੀ ਸੂਰਜ ਗ੍ਰਹਿਣ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

2. ਵੇਲਡਰਜ਼ ਗੋਗਲਜ਼:- ਸੂਰਜ ਗ੍ਰਹਿਣ ਨੂੰ ਸਿੱਧੇ ਦੇਖਣ ਲਈ ਵਧੀਆ ਕੁਆਲਿਟੀ ਤੇ ਆਈ ਐੱਸ ਓ (ISO) ਦੁਆਰਾ ਮਾਨਤਾ ਪ੍ਰਾਪਤ ਨੰਬਰ 14 ਵੇਲਡਰਜ਼ ਗੋਗਲਜ਼ ਵੀ ਇੱਕ ਸੁਰੱਖਿਅਤ ਵਿਕਲਪ ਹੈ ਪਰੰਤੂ ਇਹ ਸੋਲਰ ਫਿਲਟਰਾਂ ਨਾਲੋਂ ਮਹਿੰਗਾ ਹੁੰਦਾ ਹੈ ਤੇ ਇਸ ਵਿੱਚੋਂ ਸੂਰਜ ਹਰੇ ਰੰਗ ਦਾ ਦਿਖਾਈ ਦਿੰਦਾ ਹੈ।

3. ਸੋਲਰ ਫਿਲਟਰ ਵਾਲੇ ਕੈਮਰੇ ਤੇ ਟੈਲੀਸਕੋਪ ਨਾਲ਼:- ਟੈਲੀਸਕੋਪ ਤੇ ਕੈਮਰਾ ਕੰਪਨੀਆਂ ਵੱਖਰੇ ਵੱਖਰੇ ਡਿਜ਼ਾਇਨ ਦੇ ਸੋਲਰ ਫਿਲਟਰ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਟੈਲੀਸਕੋਪ ਤੇ ਲਗਾ ਕੇ ਸੂਰਜ ਗ੍ਰਹਿਣ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

4.ਗੇਂਦ ਦਰਪਣ(Ball Mirror) ਦੁਆਰਾ ਪ੍ਰਤੀਬਿੰਬ ਬਣਾਕੇ:- ਗੇਂਦ ਉੱਤੇ ਦਰਪਣ ਲਗਾ ਕੇ ਸੂਰਜ ਦਾ ਪ੍ਰਤਿਬਿੰਬ ਕੰਧ ਤੇ ਬਣਾ ਕੇ ਸੂਰਜ ਗ੍ਰਹਿਣ ਦੇਖਣਾ ਸਭ ਤੋਂ ਸਾਧਾਰਨ ਤੇ ਸਰਲ ਤਰੀਕਾ ਹੈ।

5. ਪਿੰਨ ਹੋਲ ਪ੍ਰੋਜੈਕਸ਼ਨ ਕੈਮਰਾ :- ਕਾਰਡ ਬੋਰਡ ਤੇ ਟਰੇਸਿੰਗ ਪੇਪਰ ਦੀ ਮੱਦਦ ਨਾਲ ਪਿੰਨ ਹੋਲ ਕੈਮਰਾ ਬਣਾ ਕੇ ਉਸਦੀ ਮੱਦਦ ਨਾਲ ਵੀ ਸੂਰਜ ਗ੍ਰਹਿਣ ਨੂੰ ਦੇਖਿਆ ਜਾ ਸਕਦਾ ਹੈ ਪਰੰਤੂ ਸੂਰਜ ਵੱਲ ਨੂੰ ਪਿੱਠ ਕਰਕੇ ਮੋਢਿਆਂ ਉੱਪਰੋ ਲੰਘਦੀ ਰੌਸ਼ਨੀ ਦੀ ਮੱਦਦ ਨਾਲ ਹੀ ਇਸਦਾ ਪ੍ਰਤੀਬਿੰਬ ਦੇਖਣਾ ਚਾਹੀਦਾ ਹੈ।

6. ਟੈਲੀਸਕੋਪ ਪ੍ਰੋਜੈਕਸ਼ਨ :-ਸੂਰਜ ਦਾ ਪ੍ਰਤਿਬਿੰਬ ਦੇਖਣ ਲਈ ਇੱਕ ਛੋਟੀ ਟੈਲੀਸਕੋਪ ਜਿਸਦਾ ਆਕਾਰ 80 ਮਿਲੀਮੀਟਰ ਤੋ ਛੋਟਾ ਹੋਵੇ ਵਰਤੀ ਜਾ ਸਕਦੀ ਹੈ l

ਫ਼ੌਰਨ ਚੰਦ ( ਸਾਇੰਸ ਮਾਸਟਰ )
ਸ.ਹ. ਸਕੂਲ – ਦਸਗਰਾਂਈ ( ਰੂਪਨਗਰ )
ਮੋਬ:- 9463091075

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: