ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਆਓ, ਆਪਣੀਆਂ ਗ਼ਲਤੀਆਂ ਤੋਂ ਸੇਧ ਲਈਏ

ਆਓ, ਆਪਣੀਆਂ ਗ਼ਲਤੀਆਂ ਤੋਂ ਸੇਧ ਲ ਈਏ

ਇਕ ਆਇਰਿਸ਼ ਲੇਖਕ ਦਾ ਕਹਿਣਾ ਹੈ ਕਿ ਹਰ ਸੰਤ ਦਾ ਇਕ ਅਤੀਤ ਹੁੰਦਾ ਹੈ ਅਤੇ ਹਰ ਪਾਪੀ ਦਾ ਇੱਕ ਭਵਿੱਖ ।ਭਾਵ ਹਰੇਕ ਇਨਸਾਨ ਦੀ ਜ਼ਿੰਦਗੀ ਵਿੱਚ ਕੁਝ ਅਜਿਹੇ ਅਣਚਾਹੇ ਭਾਣੇ ਵਾਪਰੇ ਹੁੰਦੇ ਹਨ ਜੋ ਉਸ ਦੀ ਜ਼ਿੰਦਗੀ ਲਈ ਰਾਹ-ਦਸੇਰਾ ਸਿੱਧ ਹੁੰਦੇ ਹਨ।ਸਿੱਖਣ ਪ੍ਰਕ੍ਰਿਆ ਵਿਕਾਸ ਲਈ ਅਤਿ ਜ਼ਰੂਰੀ ਹੈ।ਇਹ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਗੰਗਾ ਦੇ ਪਵਿੱਤਰ ਨੀਰ ਵਾਂਗ ਨਿਰੰਤਰ ਚਲਦੀ ਰਹਿੰਦੀ ਹੈ। ਇਨਸਾਨ ਵੱਲੋਂ ਕੀਤੀਆਂ ਗ਼ਲਤੀਆਂ ਸਿੱਖਣ ਪ੍ਰਕਿਰਿਆ ਦਾ ਅਜਿਹਾ ਸੁਚਾਰੂ ਸੰਦ ਹਨ ਜੋ ਉਸ ਦੇ ਜੀਵਨ ਨੂੰ ਸੁਚੱਜੇ ਅਕਾਰ ‘ਚ ਤਰਾਸ਼ ਦਿੰਦੀਆਂ ਹਨ। ਗ਼ਲਤੀ ਹੋ ਜਾਣਾ ਇਕ ਅਟੱਲ ਸੱਚਾਈ ਹੈ। ਇਕ ਖੋਜ ਮੁਤਾਬਿਕ ਇਕ ਵਿਅਕਤੀ ਇਕ ਘੰਟੇ ਵਿਚ 3 ਤੋਂ 6 ਗਲਤੀਆਂ ਕਰਦਾ ਹੈ। ਬਚਪਨ ਤੋਂ ਬੁਢਾਪੇ ਤੱਕ ਇਨਸਾਨ ਗ਼ਲਤੀਆਂ ਕਰ-ਕਰ ਕੇ ਹੀ ਜ਼ਿੰਦਗੀ ਜਿਉਣਾ ਸਿੱਖ ਜਾਂਦਾ ਹੈ ਅਤੇ ਭਵਿੱਖ ਲਈ ਨਵੀਆਂ ਸੇਧਾਂ ਵੀ ਪ੍ਰਾਪਤ ਕਰਦਾ ਹੈ ।ਕੋਈ ਵੀ ਨੇਕ ਜਾਂ ਸਾਊ ਇਨਸਾਨ ਜਾਣ-ਬੁੱਝ ਕੇ ਗ਼ਲਤੀ ਨਹੀਂ ਕਰਦਾ ।ਜੋ ਵਿਅਕਤੀ ਮਿਹਨਤੀ ਅਤੇ ਨਿਰੰਤਰ ਕਾਰਜਸ਼ੀਲ ਹੁੰਦੇ ਹਨ, ਜਾਣੇ ਅਣਜਾਣੇ ਉਨ੍ਹਾਂ ਕੋਲੋਂ ਗ਼ਲਤੀਆਂ ਹੋ ਹੀ ਜਾਂਦੀਆਂ ਹਨ । ਜ਼ਿੰਦਗੀ ਵਿਚ ਜ਼ਿਆਦਾ ਗ਼ਲਤੀਆਂ ਦਾ ਮਤਲਬ ਜ਼ਿਆਦਾ ਤਜ਼ਰਬੇ ਹਾਸਲ ਕਰਨਾ ਹੈ।ਇੱਕ ਵਿਹਲੜ ਤੇ ਨਕਾਰਾ ਵਿਅਕਤੀ ਕੋਈ ਕੰਮ ਕਰਨ ਦੀ ਬਜਾਇ ਦੂਜਿਆਂ ਦੀਆਂ ਗ਼ਲਤੀਆਂ ਕੱਢਣ ਦਾ ਕੰਮ ਬਾਖ਼ੂਬੀ ਕਰ ਲੈਂਦਾ ਹੈ। ਉਹ ਕਿਸੇ ਨੂੰ ਆਪਣੀ ਗ਼ਲਤੀ ਕੱਢਣ ਦੀ ਨੌਬਤ ਹੀ ਨਹੀਂ ਆਉਣ ਦਿੰਦਾ,ਕਿਉਂ ਕਿ ਉਹ ਕੋਈ ਕੰਮ ਹੀ ਨਹੀਂ ਕਰਦਾ।ਆਮ ਕਹਾਵਤ ਵੀ ਹੈ ਕਿ ਡੁੱਬਦਾ ਵੀ ਉਹੀ ਹੈ ਜੋ ਤੈਰਨਾ ਜਾਣਦਾ ਹੈ। ਯਾਦ ਰੱਖੀਏ ਕਿ ਨਕੰਮਿਆਂ ਦੇ ਹਿੱਸੇ ਗ਼ਲਤੀਆਂ ਨਹੀਂ ਆਉਂਦੀਆਂ।

ਗ਼ਲਤੀ ਹੋਣਾ ਤੁਹਾਡੇ ਪ੍ਰਯਤਨਸ਼ੀਲ ਹੋਣ ਦਾ ਸੂਚਕ ਹੈ। ਜੇਕਰ ਇਨਸਾਨ ਗਲ਼ਤੀ ਨਾ ਕਰੇ ਤਾਂ ਉਹ ਭਗਵਾਨ ਹੀ ਬਣ ਜਾਵੇ ।ਗ਼ਲਤੀ ਹੋ ਜਾਣਾ ਕੋਈ ਗੁਨਾਹ ਨਹੀਂ ਹੈ ਬਸ ਇਨਸਾਨ ਵਿੱਚ ਆਪਣੀ ਗ਼ਲਤੀ ਮੰਨਣ ਦੀ ਤਾਕਤ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਵਿਰਲੇ ਹੀ ਲੋਕਾਂ ਵਿੱਚ ਹੁੰਦੀ ਹੈ । ਮਨੋਵਿਗਿਆਨਕਾਂ ਦਾ ਵੀ ਕਹਿਣਾ ਹੈ ਕਿ ਜਿਹੜੇ ਵਿਅਕਤੀ ਆਪਣੀ ਗ਼ਲਤੀ ਮੰਨ ਲੈਂਦੇ ਹਨ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਖ਼ੂਬਸੂਰਤ ਹੋ ਜਾਂਦੀ ਹੈ।ਉਹ ਪਹਿਲਾਂ ਨਾਲੋਂ ਜ਼ਿਆਦਾ ਰਚਨਾਤਮਕ ਬਣਦੇ ਜਾਂਦੇ ਹਨ।ਓਹਨਾਂ ਦੇ ਘਰੇਲੂ ਅਤੇ ਵਿਵਸਾਇਕ ਸਬੰਧਾਂ ਵਿੱਚ ਮਿਠਾਸ ਅਤੇ ਸਥਿਰਤਾ ਰਹਿੰਦੀ ਹੈ । ਤੁਸੀਂ ਅਜ਼ਮਾਇਆ ਹੋਵੇਗਾ ,ਜਦੋਂ ਵਿਅਕਤੀ ਤੋਂ ਅਚਾਨਕ ਕੋਈ ਗ਼ਲਤੀ ਹੋ ਜਾਂਦੀ ਹੈ ਤਾਂ ਉਸਦਾ ਮੂੰਹ ਸੁੱਕਦਾ ਹੈ, ਦਿਲ ਜ਼ੋਰ ਨਾਲ਼ ਧੜਕਦਾ ਹੈ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ ਪਰ ਗ਼ਲਤੀ ਮੰਨਦਿਆਂ ਹੀ ਸਾਰੀ ਸਥਿਤੀ ਸਹਿਜ ਅਤੇ ਸੁਖਾਲ਼ੀ ਹੋ ਜਾਂਦੀ ਹੈ।ਇਸ ਲਈ ਇਹ ਸਾਫ਼ ਜ਼ਾਹਿਰ ਹੈ ਕਿ ਆਪਣੀ ਗ਼ਲਤੀ ਮੰਨ ਲੈਣਾ ਸਰੀਰਕ ਅਤੇ ਦਿਮਾਗੀ ਪੱਖੋਂ ਨਕਾਰਾਤਮਕਤਾ ਦੇ ਚੱਕਰਚੂੰਢੇ ‘ਚੋਂ ਬਾਹਰ ਆਉਣਾ ਹੈ।ਬੱਚਿਆਂ ਵਿੱਚ ਸ਼ੁਰੂਆਤੀ ਦੌਰ ਤੋਂ ਹੀ ਆਪਣੀ ਗ਼ਲਤੀ ਮੰਨ ਕੇ ਅੱਗੇ ਵਧਣ ਦੀ ਪਿਰਤ ਪਾਉਣਾ ਜ਼ਰੂਰੀ ਹੈ। ਇਹ ਜ਼ਿੰਮੇਵਾਰੀ ਮਾਪਿਆਂ ਨੂੰ ਨਿਭਾਉਣੀ ਚਾਹੀਦੀ ਹੈ।

ਦੂਜਿਆਂ ਦੀਆਂ ਗ਼ਲਤੀਆਂ ਲੱਭਣੀਆਂ ਅਤੇ ਆਪਣੀਆਂ ਗ਼ਲਤੀਆਂ ਲੁਕਾਉਣੀਆਂ ਇੱਕ ਸਧਾਰਨ ਮਨੋਵਿਗਿਆਨਿਕਤਾ ਹੈ। ਆਪਣੀ ਇੱਕ ਗ਼ਲਤੀ ਤੇ ਪਰਦਾ ਪਾਉਣ ਲਈ ਇਨਸਾਨ ਸੌ ਝੂਠ ਬੋਲਦਾ ਹੈ। ਸਰਵ-ਉੱਤਮ ਰਹਿਣ ਦੀ ਭਾਵਨਾ ਗ਼ਲਤੀ ਨਾ ਮੰਨਣ ਦੀ ਭਾਵਨਾ ਨੂੰ ਅਮਲੀ ਜਾਮਾ ਪਹਿਨਾਉਂਦੀ ਹੈ ।ਅਸੀਂ ਬਹਾਨੇਬਾਜ਼ੀ ਅਤੇ ਝੂਠ ਦੇ ਲਿਬਾਸ ਨਾਲ ਆਪਣੀ ਗ਼ਲਤੀਆਂ ਨੂੰ ਢੱਕਦੇ ਫਿਰਦੇ ਹਾਂ।ਇਸ ਲਈ ਸਾਡੇ ਆਸ-ਪਾਸ ਅਜਿਹੇ ਦੋਸਤ ਜਾਂ ਸੱਚੇ ਪਥ-ਪ੍ਰਦਰਸ਼ਕ ਦਾ ਹੋਣਾ ਬਹੁਤ ਜ਼ਰੂਰੀ ਹੈ ਜੋ ਸਾਡੀਆਂ ਗ਼ਲਤੀਆਂ ਸਾਡੇ ਸਾਹਮਣੇ ਬੇਝਿਜਕ ਬਿਆਨ ਸਕੇ। ਸ਼ਾਂਤੀ ਤੇ ਸਥਿਰਤਾ ਨਾਲ ਆਪਣੀ ਗ਼ਲਤੀ ਸੁਣ ਤੇ ਸਮਝ ਲੈਣਾ ਵੀ ਇੱਕ ਬਹੁਤ ਵੱਡੀ ਕਲਾ ਹੈ ਜੋ ਦਰਸਾਉਂਦੀ ਹੈ ਕਿ ਤੁਸੀਂ ਵਿਕਾਸ ਦੀਆਂ ਰਾਹਾਂ ਤੇ ਹੋ। ਆਪਣੀ ਗ਼ਲਤੀ ਨੂੰ ਮੰਨ ਕੇ,ਸਮਝ ਕੇ ਤੇ ਉਸ ਤੋਂ ਸੇਧ ਲੈਣ ਵਾਲਾ ਵਿਅਕਤੀ ਸਫ਼ਲਤਾ ਦੀਆਂ ਪੌੜੀਆਂ ਬਿਨਾ ਹਫ਼ੇ ਚੜ੍ਹ ਜਾਂਦਾ ਹੈ ।ਜੋ ਵਿਅਕਤੀ ਆਪਣੀ ਗ਼ਲਤੀ ਬਾਰੇ ਜਾਣੂ ਹੋ ਕੇ ਵੀ ਉਸ ਗ਼ਲਤੀ ਨੂੰ ਬਾਰ-ਬਾਰ ਜਾਂ ਜਾਣ-ਬੁੱਝ ਕੇ ਦੁਹਰਾ ਰਿਹਾ ਹੈ ਇਸ ਤੋਂ ਭਾਵ ਹੈ ਕਿ ਉਹ ਮਹਾਂ-ਮੂਰਖ ਹੈ। ਖ਼ੁਦ ਦੀ ਗ਼ਲਤੀ ਨੂੰ ਗ਼ਲਤੀ ਨਾ ਮੰਨਣਾ ਵੀ ਇੱਕ ਬਹੁਤ ਵੱਡੀ ਗ਼ਲਤੀ ਹੈ। ਕਿਸੇ ਬੁੱਧੀਜੀਵੀ ਨੇ ਵੀ ਕਿਹਾ ਹੈ ਕਿ ਜ਼ਿੰਦਗੀ ਵਿਚ ਗ਼ਲਤੀ ਕਰੋ ਪਰ ਹਰ ਵਾਰ ਨਵੀਂ। ਇੱਥੇ ਇਹ ਵੀ ਭਾਵ ਕੱਢਣਾ ਗ਼ਲਤ ਹੈ ਕਿ ਜਾਣ-ਬੁਝ ਕੇ ਗਲਤੀਆਂ ਕੀਤੀਆਂ ਜਾਣ ।ਜੇਕਰ ਇਨਸਾਨ ਨੂੰ ਪਤਾ ਹੈ ਕਿ ਅੱਗੇ ਖ਼ੂਹ ਜਾਂ ਖਾਈ ਹੈ ਅਤੇ ਨੁਕਸਾਨ ਨਿਸ਼ਚਿਤ ਹੈ ਤਾਂ ਉਸ ਕੰਮੋਂ ਟਲ ਜਾਣਾ ਹੀ ਸਿਆਣਪ ਹੈ। ਆਰਟ ਆਫ ਲਿਵਿੰਗ ਦੇ ਸੰਸਥਾਪਕ,ਧਾਰਮਿਕ ਗੁਰੂ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਦਾ ਕਹਿਣਾ ਹੈ ਕਿ ਨਾ ਚਾਹੁੰਦੇ ਹੋਏ ਕਿਤੇ ਗ਼ਲਤੀ ਹੋ ਵੀ ਜਾਂਦੀ ਹੈ ਤਾਂ ਆਪਣੀ ਗ਼ਲਤੀ ਮੰਨ ਲਓ ਅਤੇ ਦੋਸ਼ੀ ਭਾਵ ਤੋਂ ਮੁਕਤ ਹੋ ਜਾਓ ਅਤੇ ਗਿਆਨ ਦੇ ਰਸਤੇ ‘ਚ ਅੱਗੇ ਵਧੋ।

ਆਮ ਆਦਮੀ ਹਉਮੈ ਅਤੇ ਹੰਕਾਰ ਨਾਲ ਭਰਿਆ ਪਿਆ ਹੈ।ਆਪਣੇ ਅੰਦਰ ਵਿਛੀਆਂ ਅਹੰਕਾਰ ਦੀਆਂ ਖੋਖਲੀਆਂ ਬਰਮੀਆਂ ਪੁੱਟ ਸੁੱਟੋ। ਅਹੰਕਾਰ ਗ਼ਲਤੀ ਮੰਨਣ ਦੀ ਭਾਵਨਾ ਨੂੰ ਉਪਜਣ ਹੀ ਨਹੀਂ ਦਿੰਦਾ ।ਲੰਕਾ ਦੇ ਰਾਜਾ ਰਾਵਣ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਸੀ ਪ੍ਰੰਤੂ ਉਸ ਦੀ ਹਉਮੈ ਨੇ ਉਸ ਨੂੰ ਹਨੇਰੇ ‘ਚ ਰੱਖ ਛੱਡਿਆ। ਨਤੀਜਾ ਇਹ ਹੋਇਆ ਕਿ ਉਹ ਗਿਆਨੀ ਹੁੰਦੇ ਹੋਏ ਵੀ ਸਰਬਨਾਸ਼ ਦੀ ਚਰਮਸੀਮਾ ਤੱਕ ਪਹੁੰਚ ਗਿਆ।ਆਪਣੀ ਗ਼ਲਤੀ ਮੰਨ ਕੇ ਅਸੀਂ ਅੰਦਰੋਂ ਖ਼ਾਲੀ ਹੋ ਜਾਂਦੇ ਹਾਂ ਅਤੇ ਉਸ ਨਵੇਂ ਨਕੋਰ ,ਸਾਫ਼-ਸੁਥਰੇ ਭਾਂਡੇ ਵਾਂਗ ਹੋ ਜਾਂਦੇ ਹਾਂ ਜਿਸ ਵਿੱਚ ਕੋਈ ਚੀਜ਼ ਖ਼ਰਾਬ ਹੋਣ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਸਾਡੀ ਸੋਚ ਸ਼ੁੱਧ ਰਹਿੰਦੀ ਹੈ ।ਅਸੀਂ ਆਪਣੀ ਨਿਰੰਤਰ ਮਿਹਨਤ ਨਾਲ ਨੇਕੀ ਦੀਆਂ ਪੈੜਾਂ ਛੱਡਦੇ ਹੋਏ ਜੀਵਨ ਯਾਤਰਾ ਤੇ ਤੁਰੇ ਰਹਿੰਦੇ ਹਾਂ।ਆਓ ਡਟ ਕੇ ਕੰਮ ਕਰੀਏ ਤੇ ਨਿਰੰਤਰ ਕਾਰਜਸ਼ੀਲ ਰਹਿ ਕੇ ਆਪਣੀ ਮੰਜ਼ਿਲ ਸਰ ਕਰੀਏ।ਇਹੀ ਜ਼ਿੰਦਗੀ ਹੈ ਤੇ ਇਹੀ ਜਿਉਣ ਦੀ ਕਲਾ।

ਰੇਣੂ ਕੌਸ਼ਲ (ਸਟੇਟ ਅਵਾਰਡੀ)
ਈ ਟੀ ਟੀ ਟੀਚਰ
ਸ.ਐ. ਸਕੂਲ ਈ ਈ,ਨੰਗਲ
ਮੋਬ: 9876877607

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: