ਅੱਤ ਦੀ ਗਰਮੀ: ਪਾਣੀ ਪੀਣ ਨੂੰ ਤਰਸੇ ਲੋਕ, ਅੱਕ ਕੇ ਸੜਕ ਜਾਮ

ss1

ਅੱਤ ਦੀ ਗਰਮੀ: ਪਾਣੀ ਪੀਣ ਨੂੰ ਤਰਸੇ ਲੋਕ, ਅੱਕ ਕੇ ਸੜਕ ਜਾਮ

ਮਾਨਸਾ: ਥੋੜ੍ਹੀ ਦੂਰ ਪਿੰਡ ਖ਼ਿਆਲਾ ਕਲਾਂ, ਮਲਕਪੁਰ ਖ਼ਿਆਲਾ ਤੇ ਖ਼ਿਆਲਾਂ ਖ਼ੁਰਦ ਵਿੱਚ ਇੱਕ ਵਾਟਰ ਵਰਕਸ ਦੀ ਸਪਲਾਈ ਹੈ। ਇਸ ਵਿੱਚ ਨਹਿਰੀ ਪਾਣੀ ਇੱਕ ਛੋਟੇ ਜਿਹੇ ਰਾਜਬਾਹ ਵਿੱਚੋਂ ਆਉਂਦਾ ਹੈ। ਪਿੱਛੋਂ ਪਾਣੀ ਪੂਰਾ ਨਾ ਹੋਣ ਕਾਰਨ ਵਾਟਰ ਵਰਕਸ ਦੀ ਸਪਲਾਈ ਬੰਦ ਰਹਿੰਦੀ ਹੈ। ਇਸ ਕਾਰਨ ਤਿੰਨ ਪਿੰਡਾਂ ਦੇ ਲੋਕ ਧਰਤੀ ਹੇਠਲਾ ਖਾਰਾ ਪਾਣੀ ਪੀਣ ਲਈ ਮਜਬੂਰ ਹਨ। ਘੱਟੋ-ਘੱਟ ਦੋ ਮਹੀਨੇ ਤੋਂ ਵੱਧ ਸਮਾਂ ਤੋਂ ਵਾਟਰ ਵਰਕਸ ਦੀ ਸਪਲਾਈ ਬੰਦ ਹੈ।
ਇਸ ਦੀ ਜਾਣਕਾਰੀ ਅਧਿਕਾਰੀਆਂ ਦੇ ਪਹਿਲਾਂ ਹੀ ਕਈ ਵਾਰੀ ਧਿਆਨ ਵਿੱਚ ਲਿਆਂਦੀ ਗਈ ਹੈ। ਇਸ ਦੇ ਬਾਵਜੂਦ ਅੱਜ ਤੱਕ ਅਧਿਕਾਰੀਆਂ ਦੇ ਕੰਨ ‘ਤੇ ਜੂੰ ਨਹੀਂ ਸਰਕੀ। ਇਸ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਪਿੰਡ ਦੀ ਸੱਥ ਵਿੱਚ ਇਕੱਠੇ ਹੋਏ। ਪਿੰਡ ਵਿੱਚ ਦੀ ਰੋਸ ਮੁਜ਼ਾਹਰਾ ਕਰਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਤੇ ਮੁੱਖ ਸੜਕ ਬਠਿੰਡਾ-ਪਟਿਆਲਾ ਇੱਕ ਘੰਟਾ ਜਾਮ ਕੀਤਾ ਗਿਆ।
ਧਰਨੇ ਨੂੰ ਕਿਸਾਨ ਆਗੂ ਮਾਨਸਾ ਬਲਾਕ ਦੇ ਪ੍ਰਧਾਨ ਬਲਵਿੰਦਰ ਸ਼ਰਮਾ, ਗੋਰਾ ਸਿੰਘ ਭੈਣੀ ਬਾਘਾ ਤੇ ਮਹਿੰਦਰ ਸਿੰਘ ਭੈਣੀ ਬਾਘਾ ਨੇ ਸੰਬੋਧਨ ਕਰਦੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਤੋਂ ਭੱਜ ਰਹੀ ਹੈ ਤੇ ਆਮ ਲੋਕਾਂ ਨੂੰ ਪੀਣ ਯੋਗ ਸ਼ੁੱਧ ਪਾਣੀ ਤੋਂ ਹੱਥ ਖੜ੍ਹੇ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਹੋਣ ਕਾਰਨ ਪਿੰਡ ਵਾਸੀਆਂ ਵਾਸਤੇ ਪੀਣ ਯੋਗ ਸ਼ੁੱਧ ਪਾਣੀ ਨਹੀਂ ਦਿੱਤਾ ਜਾ ਰਿਹਾ। ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ ਤੇ ਹਸਪਤਾਲ ਵਿਚ ਮਰੀਜ਼ ਪਾਣੀ ਬਿਨਾ ਤੰਗ ਪ੍ਰੇਸਾਨ ਹੋ ਰਹੇ ਹਨ।
ਆਗੂਆਂ ਦਾ ਕਹਿਣਾ ਹੈ ਕਿ ਹਾਲਤ ਇਹ ਹੈ ਕਿ ਮਾੜਾ ਪਾਣੀ ਪੀਣ ਨਾਲ ਦੰਦਾਂ, ਅੱਖਾਂ ਤੇ ਹੋਰ ਕਈ ਤਰ੍ਹਾਂ ਦੀਆ ਬਿਮਾਰੀਆਂ ਹੋ ਰਹੀਆਂ ਹਨ। ਜਥੇਬੰਦੀ ਡਕੌਂਦਾ ਨੇ ਚੇਤਾਵਨੀ ਦਿੰਦੇ ਕਿਹਾ ਜੇਕਰ ਹਫ਼ਤੇ ਦੇ ਅੰਦਰ-ਅੰਦਰ ਪੀਣ ਵਾਲੇ ਪਾਣੀ ਦਾ ਤੇ ਰਸਤੇ ਵਿੱਚੋਂ ਟੁੱਟੀਆਂ ਪਾਈਪਾਂ ਦੀ ਮੁਰੰਮਤ ਦਾ ਹੱਲ ਨਾ ਹੋਇਆ ਤਾਂ ਬਲਾਕ ਪੱਧਰ ‘ਤੇ ਵੱਡਾ ਐਕਸ਼ਨ ਕੀਤਾ ਜਾਵੇਗਾ। ਧਰਨੇ ਵਿਚ ਅਧਿਕਾਰੀ ਡੀਡੀਪੀਓ ਭੀਖੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਫ਼ਤੇ ਦੇ ਅੰਦਰ-ਅੰਦਰ ਪੀਣ ਵਾਲੇ ਪਾਣੀ ਦਾ ਹੱਲ ਕੀਤਾ ਜਾਵੇਗਾ। ਇਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।
Share Button

Leave a Reply

Your email address will not be published. Required fields are marked *