Thu. Feb 20th, 2020

ਅੱਜ ਸ਼ਰਧਾਂਜਲੀ ਮੌਕੇ ਵਿਸੇਸ਼: ਕਾਮਰੇਡ ਕੋਸ਼ੋ ਰਾਮ

ਅੱਜ ਸ਼ਰਧਾਂਜਲੀ ਮੌਕੇ ਵਿਸੇਸ਼: ਕਾਮਰੇਡ ਕੋਸ਼ੋ ਰਾਮ

ਕਾਮਰੇਡ ਕੋਸ਼ੋ ਰਾਮ ਸਾਨੂੰ ਮਿਤੀ 30-01-2020 ਨੂੰ ਦਿਲ ਦੀ ਨਾ ਮੁਰਾਦ ਬਿਮਾਰੀ ਕਾਰਨ ਸਦੀਵੀਂ ਵਿਛੋੜਾ ਦੇ ਗਏ ਹਨ। ਉਹਨਾਂ ਦਾ ਜਨਮ ਮਿਤੀ 04-04-1956 ਨੂੰ ਮਾਤਾ ਵਿਦਿਆ ਅਤੇ ਪਿਤਾ ਵਾਸਦੇਵ ਦੇ ਘਰ ਹੋਇਆ। ਪਿਤਾ ਵਾਸਦੇਵ ਮੁਜਾਰਾ ਕਿਸਾਨ ਸੀ ਅਤੇ ਮੁਜਾਰਾ ਲਹਿਰ ਦਾ ਕਾਰਕੁੰਨ ਸੀ। ਉਹ ਲਾਲ ਪਾਰਟੀ ਦੀ ਅਗਵਾਈ ਵਿੱਚ ਸਥਾਨਕ ਪੱਧਰ ਦਾ ਹਰਮਨ ਪਿਆਰਾ ਆਗੂ ਸੀ। ਘਰ ਵਿੱਚ ਸੰਘਰਸ਼ਸੀਲ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਅਤੇ ਵਾਸਦੇਵ ਪਰਿਵਾਰਿਕ ਜਿੰਮੇਵਾਰੀ ਤੋਂ ਵੱਧ ਪਾਰਟੀ ਦੇ ਕੰਮੀਂ-ਕਾਰੀ ਭੱਜਿਆ ਫਿਰਦਾ। ਮਾਂ ਵਿਦਿਆ ਹਰ ਆਏ ਮਹਿਮਾਨ ਦੀ ਦਿਲੋਂ ਸੇਵਾ ਕਰਦੀ ਤੇ ਪਿੰਡ ਦੀਆਂ ਔਰਤਾਂ ਨਾਲ ਰਲ ਕੇ ਸੰਘਰਸ਼ ਦੇ ਪਿੜ ਮੱਲਦੀ। ਘਰ ਦੇ ਇਸ ਜਰਖੇਜ ਮਾਹੌਲ ਵਿੱਚ ਪੈਦਾ ਹੋਏ ਸਾਰੇ ਬੱਚੇ ਹੀ ਹੱਕਾਂ ਦੀ ਲਹਿਰ ਦੇ ਸੁਭਾਵਿਕ ਹਮਦਰਦ ਬਣ ਗਏ। ਪਰਿਵਾਰ ਬੇਹੱਦ ਆਰਥਿਕ ਤੰਗੀਆਂ ਨਾਲ ਜੂਝਦਾ ਹੋਇਆ ਵੀ ਹੱਕ ਦੀ ਰੋਟੀ ਤੱਕ ਸੀਮਿਤ ਰਿਹਾ। ਤੰਗੀਆਂ ਤੁਰਸ਼ੀਆਂ ’ਚ ਹੀ ਸਾਰੇ ਭਰਾਵਾਂ ਨੇ ਡਟ ਕੇ ਪੜਾਈ ਕੀਤੀ। ਭੈਣਾਂ ਵੀ ਸਥਾਨਕ ਸਕੂਲ ਦੇ ਪੱਧਰ ਤੱਕ ਪੜੀਆਂ।
ਬੇਸ਼ੱਕ ਸਾਰੇ ਭਰਾਵਾਂ ਨੇ ਹੀ ਮਾਪਿਆਂ ਦੀ ਇਨਕਲਾਬੀ ਵਿਰਾਸਤ ਨੂੰ ਅਗਾਂਹ ਤੋਰਿਆ ਪਰ ਕਾਮਰੇਡ ਕੋਸ਼ੋ ਰਾਮ ਸਭ ਦਾ ਮੁਹਰੈਲ ਹੋ ਕੇ ਵਿਚਰਿਆ। ਕਾਮਰੇਡ ਕੇਸ਼ੇ ਰਾਮ ਨੇ ਪੰਜਾਬ ਦੀ ਇਨਕਲਾਬੀ ਲਹਿਰ ਨਾਲ ਸਜਿੰਦ ਰਿਸ਼ਤਾ ਜੋੜਿਆ ਅਤੇ ਆਪਣੀ ਸ਼ਖਸ਼ੀਅਤ ਨੂੰ ਇਨਕਲਾਬੀ ਕਦਰਾਂ ਕੀਮਤਾਂ ਮੁਤਾਬਿਕ ਇਉਂ ਢਾਲਿਆ ਕੇ ਉਹ ਸਦਾ ਕਹਿਣੀ ਤੇ ਕਰਨੀ ਦਾ ਸੱਚਾ ਪਾਂਧੀ ਹੋ ਨਿਬੜਿਆ। ਉਸਨੇ ਇਨਕਲਾਬੀ ਲਹਿਰ ਤੋਂ ਜੋ ਸਿਖਿਆ ਉਸਨੂੰ ਜਿੰਦਗੀ ਵਿੱਚ ਲਾਗੂ ਕੀਤਾ। ਆਪਣੀ ਭਰ ਜੁਆਨੀ ਵਿੱਚ ਜਦੋਂ ਪੰਜਾਬ ’ਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਤੂਤੀ ਬੋਲਦੀ ਸੀ ਤੇ ਪਿੰਡਾਂ ’ਚ ਨੌਜੁਆਨ ਸਭਾਵਾਂ ਵੱਡੀ ਤਾਕਤ ਸਨ ਤਾਂ ਵੱਡੇ ਭਰਾ ਗਿਆਨ ਚੰਦ ਜੋ ਖੁਦ ਨੌਜੁਆਨ ਸਭਾ ’ਚ ਸਰਗਰਮ ਸੀ, ਤੋਂ ਪ੍ਰੇਰਨਾ ਲੈਕੇ ਸਾਥੀ ਕੇਸ਼ੋ ਰਾਮ ਮੈਦਾਨ ਵਿੱਚ ਨਿੱਤਰ ਪਿਆ ਅਤੇ ਇਨਕਾਲਬ ਦਾ ਸੂਹਾ ਝੰਡਾ ਚੁੱਕ ਲਿਆ। ਜੋ ਉਹਨੇ ਆਪਣੇ ਆਖਰੀ ਦਮ ਤੱਕ ਕਦੇ ਝੁਕਣ ਨਹੀ ਦਿੱਤਾ। ਉਹ ਪੰਜਾਬ ਸਟੂਡੈਂਟਸ ਯੂਨੀਅਨ, ਨੌਜੁਆਨ ਸਭਾ, ਪੈਰਾ ਮੈਡੀਕਲ ਕਾਮਿਆ ਦੀਆਂ ਜਥੇਬੰਦੀਆਂ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ, ਇਨਕਲਾਬੀ ਕੇਂਦਰ ਤੇ 2011 ਤੋਂ ਲੋਕ ਸੰਗਰਾਮ ਮੰਚ ਵਿੱਚ ਨਿਧੜਕ ਜਰਨੈਲ ਵਜੋਂ ਵਿਚਰਿਆ। ਉਹਨੇ ਲੋਕ ਸੰਗਰਾਮ ਮੰਚ ਇਲਾਕਾ ਰਾਮਪੁਰਾ ਫੂਲ ਦੀ ਕਮਾਨ ਬਾਖੂਬੀ ਸਾਂਭੀ।
ਸਾਥੀ ਕੇਸ਼ੋ ਰਾਮ ਦੀਨ ਦੁਖੀਆਂ ਦਾ ਸੇਵਕ ਮਾਨਵਤਾਵਾਦੀ ਇਨਕਲਾਬੀ ਯੋਧਾ ਸੀ। ਉਸ ਨੇ ਸਿਹਤ ਮਹਿਕਮੇ ਵਿੱਚ ਕੰਮ ਕਰਦਿਆਂ, ਪਿੰਡ ਦੇ ਬਿਮਾਰਾਂ, ਟੀ.ਬੀ. ਰੋਗੀਆਂ, ਬਜੁਰਗਾਂ ਦੀ ਰੱਜ ਕੇ ਸੇਵਾ ਕੀਤੀ। ਉਸ ਦੀ ਤਨਖਾਹ ਦਾ ਇੱਕ ਹਿੱਸਾ ਹਮੇਸ਼ਾ ਲੋਕਾਂ ਨੂੰ ਮੁਫਤ ਦਵਾਈਆਂ ਵੰਡਣ ਉੱਤੇ ਲਗਦਾ ਸੀ। ਮਰੀਜਾਂ ਦੀ ਸੇਵਾ ਕਰਦਿਆਂ, ਉਹ ਭਾਈ ਕਨੱਈਏ ਦਾ ਵਾਰਿਸ ਬਣ ਕੇ ਵਿਚਰਿਆ। ਖਾਲਸਤਾਨੀ ਦੌਰ ਵਿੱਚ ਜਦ ਲੋਕ ਸੂਰਜ ਛਿਪਦੇ ਹੀ ਘਰਾਂ ਦੇ ਦਰਵਾਜੇ ਬੰਦ ਕਰ ਲੈਂਦੇ ਸੀ ਸਾਥੀ ਕੇਸ਼ੋ ਰਾਮ ਹਰ ਲੋੜਵੰਦ ਲਈ ਦਿਨ-ਰਾਤ ਹਾਜਰ ਰਹਿੰਦਾ, ਹਸਪਤਾਲਾਂ ’ਚ ਗਰੀਬ ਮਰੀਜਾਂ ਨਾਲ ਰਾਤਾਂ ਝਾਕਦਾ, ਆਪਣਾ ਖੂਨ ਦੇ ਕੇ ਵੀ ਜਾਨਾਂ ਬਚਾਉਦਾ। ਇਹ ਕੰਮ ਕਰਦਿਆਂ-ਕਰਦਿਆਂ ਉਹਨੇ ਖੂਨ ਦਾਨ ਦੇ ਖੇਤਰ ਵਿੱਚ ਸ਼ਲਾਘਾਯੋਗ ਕੰਮ ਕੀਤਾ। ਗਰੀਬ ਲੋਕਾਂ ਦੇ ਅੱਖਾਂ ਦੇ ਮੁਫਤ ਆਪਰੇਸ਼ਨ ਕਰਾਉਣ ਲਈ ਪਹਿਲਾਂ ਵੱਖ-2 ਲੋਕਾਂ ਨੂੰ ਲਿਜਾਂਦਾ ਰਿਹਾ ਫਿਰ ਇੱਕ ਸੰਸਥਾ ਕਾਇਮ ਕਰਕੇ ਕੈਂਪ ਲਾ-ਲਾ ਕੇ ਸੈਂਕੜੇ ਬਜੁਰਗਾਂ ਨੂੰ ਮੁੜ ਦੁਨੀਆ ਦਿਖਾਉਣ ਲਈ ਯੋਗਦਾਨ ਪਾਇਆ।
ਜਬਰ ਜੁਲਮ ਵਿਰੁੱਧ ਉਸ ਅੰਦਰ ਸੁਭਾਵਿਕ ਤੌਰ ’ਤੇ ਹੀ ਨਫਰਤ ਭਰੀ ਹੋਈ ਸੀ ਤੇ ਹਰ ਧੱਕੇ ਵਿਰੁੱਧ ਉਹ ਹਿੱਕ ਡਾਹ ਖਲੋਂਦਾ ਸਾਹਮਣੇ ਚਾਹੇ ਕੋਈ ਅਫਸਰ ਹੋਵੇ, ਚੌਧਰੀ ਹੋਵੇ, ਸਰਕਾਰ ਹੋਵੇ ਜਾਂ ਕੋਈ ਸਕਾ ਸਬੰਧੀ। ਉਸ ਵੱਲੋ ਲੜੇ ਅਜਿਹੇ ਸੰਘਰਸ਼ਾਂ ਦੀ ਜਿੰਦਗੀ ਭਰ ਲੰਬੀ ਲੜੀ ਹੈ। ਇਸੇ ਕਾਰਨ ਉਹ ਪਿੰਡ ਵਿੱਚ ਗਰੀਬ ਲੋਕ ਖਾਸ ਕਰਕੇ ਔਰਤਾਂ ਦੀਆਂ ਅੱਖਾਂ ਦਾ ਤਾਰਾ ਸੀ। ਉਸਨੇ ਜਿੱਥੇ ਵੀ ਨੌਕਰੀ ਕੀਤੀ ਔਰਤ ਮੁਲਾਜਮਾਂ ਵਿੱਚ ਉਹ ਉਹਨਾਂ ਦਾ ਰਾਖਾ ਬਣਕੇ ਉੱਭਰਿਆਂ। ਅਨੇਕਾ ਮੌਕਿਆਂ ’ਤੇ ਉਸਨੇ ਧਕੱੜ ਅਧਿਕਾਰੀਆਂ ਵਿਰੁੱਧ ਮੋਰਚੇ ਮੱਲੇ। ਕਾਮਰੇਡ ਕੋਸ਼ੇ ਰਾਮ ਸੱਚਾ ਜਮਹੂਰੀ ਵਿਅਕਤੀ ਸੀ। ਤੰਗ-ਨਜਰੀ ਉਸ ਦੇ ਨੇੜੇ ਤੇੜੇ ਨਹੀਂ ਸੀ। ਪੰਜਾਬ ਦੀ ਕੋਈ ਵੀ ਧਿਰ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਦੀ ਤਾਂ ਉਸ ਦਾ ਚਿਹਰਾ ਖਿੜ ਜਾਂਦਾ। ਜਦੋਂ ਕਦੇ ਹੂਕਮਤੀ ਜਬਰ ਢਹਿੰਦਾ ਤਾਂ ਉਹ ਇੱਕਦਮ ਹਰਕਤ ਵਿੱਚ ਆ ਜਾਂਦਾ। ਲਾਮਬੰਦੀ ਕਰਦਾ, ਥਾਣਿਆਂ ਮੂਹਰੇ ਰਾਤਾਂ ਕੱਟਦਾ ਅਤੇ ਹਕੂਮਤੀ ਧੱਕਿਆਂ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੁੰਦਾ। ਲੋੜ ਪੈਣ ਤੇ ਅਗਵਾਈ ਵੀ ਕਰਦਾ ਤੇ ਧੁਰੇ ਵੀ ਲਾਉਂਦਾ। ਇਸੇ ਕਾਰਨ ਹੋਰਨਾਂ ਸੰਘਰਸ਼ਸੀਲ ਜੱਥੇਬੰਦੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ਾਂ ਮੌਕੇ ਵੀ ਪੁਲਿਸ ਉਸ ਦਾ ਪਿੱਛਾ ਕਰਦੀ ਤੇ ਘਰ ’ਤੇ ਛਾਪੇ ਮਾਰਦੀ ਸੀ। ਇਹ ਭਾਵੇਂ ਜੇਠੂਕੇ ਕਾਂਡ ਹੋਵੇ, ਮਾਇਸਰ ਖਾਨਾ ਕਾਂਡ ਹੋਵੇ, ਬਿਜਲੀ ਕਾਮਿਆਂ ਦਾ ਘੋਲ ਹੋਵੇ ਜਾਂ ਕਾਮਰੇਡ ਹਰਭਿੰਦਰ ਜਲਾਲ ਦੀ ਗਿਰਫਤਾਰੀ ਮੌਕੇ ਚੱਲਿਆ ਪੁਲਿਸੀ ਜਬਰ ਹੋਵੇ। ਅਜਿਹੇ ਕਿਸੇ ਮੌਕੇ ਉਹ ਨਾ ਝੁਕਿਆ ਤੇ ਨਾ ਹੀ ਪਿੱਛੇ ਹੱਟਿਆ। ਸਾਥੀ ਵਿੱਚ ਇੱਕ ਬਹੁਤ ਖਾਸ ਗੁਣ ਇਹ ਸੀ ਕਿ ਜਿਸ ਵਿਅਕਤੀ ਵਿਰੁੱਧ ਉਹਦੇ ਧੱਕੇ ਕਾਰਨ ਉਹ ਲੜਿਆ ਉਹਦੇ ਨਾਲ ਕੋਈ ਨਿੱਜੀ ਨਫਰਤ ਨਹੀ ਪਾਲੀ। ਜਦ ਵੀ ਉਹਨੂੰ ਲੋੜ ਪਈ ਤਾਂ ਉਸਦੇ ਨਾਲ ਹਿੱਕ ਡਾਹਕੇ ਖੜਿਆ। ਇਸ ਕਰਕੇ ਉਹਦੇ ਵਿਰੋਧੀ ਵੀ ਉਸ ਦੇ ਕਦਰਦਾਨ ਬਣ ਜਾਂਦੇ ਸਨ। ਖਾਲਿਸਤਾਨੀ ਦੌਰ ਵਿੱਚ ਜੇਕਰ ਉਸ ਤੋਂ ਕਿਸੇ ਜਖਮੀ ਨੇ ਮਦਦ ਮੰਗੀ ਤਾਂ ਉਹਨੇ ਉਹ ਵੀ ਕੀਤੀ। ਪਰ ਜਦ ਬੇਦੋਸ਼ੇ ਲੋਕ ਮਾਰੇ ਗਏ ਤਾਂ ਖਾਲਿਸਤਾਨੀ ਧਿਰਾਂ ਵਿਰੁੱਧ ਵੀ ਸੀਸ ਤਲੀ ਤੇ ਧਰਕੇ ਨਿਤਰਿਆ। ਇਹ ਸਾਰਾ ਕੁਝ ਕਰਦਿਆਂ ਉਸਨੇ ਹਮੇਸ਼ਾ ਆਪਣੇ ਆਪ ਨੂੰ ਸਮਾਜਿਕ ਤਬਦੀਲੀ ਲਈ ਚੱਲ ਰਹੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ-ਸੰਗ ਰੱਖਿਆ। ਇਸ ਕਰਕੇ ਜਿੱਥੇ ਉਹ ਸੱਚਾ ਟਰੇਡ ਯੂਨੀਅਨ ਆਗੂ, ਸੱਚਾ ਜਮਹੂਰੀ ਕਾਰਕੁੰਨ, ਸੱਚਾ ਇਨਕਲਾਬੀ ਜਮਹੂਰੀ ਆਗੂ ਸੀ। ਉੱਥੇ ਉਹ ਸੱਚਾ-ਸੁੱਚਾ ਕਮਿਊਨਿਸਟ ਸੀ। ਜਿਸ ਵਿੱਚ ਦਰਿੜ ਇਨਕਲਾਬੀ ਨਿਹਚਾ, ਕੁਰਬਾਨੀ, ਹੱਦ ਦਰਜੇ ਦੀ ਇਮਾਨਦਾਰੀ, ਕਹਿਣੀ ਤੇ ਕਰਨੀ ਦਾ ਪੂਰਾ, ਪਹਿਲੀ ਕਦਮੀ ਅਤੇ ਧੜੱਲਾ, ਲੋਕਾਂ ਪ੍ਰਤੀ ਲਗਾਅ, ਹੱਕ ਸੱਚ ਤੇ ਇਨਸਾਫ ਲਈ ਡਟਣ ਵਾਲੇ ਇਨਕਲਾਬੀ ਗੁਣ ਸਨ। ਉਸਦੀ ਮੌਤ ਨਾਲ ਉਸਦੇ ਪਰਿਵਾਰ, ਲੋਕਾਂ ਅਤੇ ਸਮੁੱਚੀ ਇਨਕਲਾਬੀ ਲਹਿਰ ਨੂੰ ਵੱਡਾ ਘਾਟਾ ਪਿਆ ਹੈ। ਕਾਮਰੇਡ ਕੇਸ਼ੋ ਰਾਮ ਵਰਗੇ ਇਨਕਲਾਬੀ ਗੁਣਾ ਨੂੰ ਆਪਣੇ ਅੰਦਰ ਪੈਦਾ ਕਰਨਾ ਤੇ ਉਸਦੀਆਂ ਪੈੜਾਂ ਤੇ ਤੁਰਨਾ ਉਸਨੂੰ ਸੱਚੀ ਸ਼ਰਧਾਂਜਲੀ ਹੈ। ਉਸਦੇ ਦੱਸੇ ਰਾਹ ਉੱਤੇ ਤੁਰਨ ਦਾ ਅਹਿਦ ਕਰਨ ਲਈ 9 ਫਰਵਰੀ ਰਾਮਪੁਰੇ ਪਿੰਡ ਚ ਸ਼ਰਧਾਂਜਲੀ ਸਮਾਗਮ ਵਿੱਚ ਕੀਤਾ ਜਾ ਰਿਹਾ ਹੈ।

ਡਾ ਅਜੀਤਪਾਲ ਸਿੰਘ
9815629301

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: