Thu. Feb 20th, 2020

ਅੱਜ ਦੇ ਅਕਾਲੀ ਆਗੂ ਅਤੇ ਉਨ੍ਹਾਂ ਦੀ ਰਾਜਨੀਤੀ ?

ਅੱਜ ਦੇ ਅਕਾਲੀ ਆਗੂ ਅਤੇ ਉਨ੍ਹਾਂ ਦੀ ਰਾਜਨੀਤੀ ?

-ਜਸਵੰਤ ਸਿੰਘ ‘ਅਜੀਤ’

ਗਲ ਬਹੁਤ ਪੁਰਾਣੀ ਹੈ ਕਿ ਇੱਕ ਦਿਨ ਕੁਝ ਮਿਤਰਾਂ ਨਾਲ ਇੱਕ ਹੋਟਲ ਵਿੱਚ ਬੈਠ, ਗਪ-ਸ਼ਪ ਮਾਰਦੇ ਸਿੱਖ ਰਾਜਨੀਤੀ ਪੁਰ ਚਰਚਾ ਕਰ ਰਹੇ ਸੀ, ਕਿ ਅਚਾਨਕ ਹੀ ਗਲਾਂ-ਗਲਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬੰਧ ਵਿੱਚ ਚਲ ਰਹੀਆਂ ਚਰਚਾਵਾਂ ਪੁਰ ਗਲ ਆ ਗਈ। ਇਸੇ ਦੌਰਾਨ ਇੱਕ ਮਿਤ੍ਰ ਨੇ ਇਸ਼ਾਰਾ ਕੀਤਾ ਕਿ ਨਾਲ ਦੀ ਟੇਬਲ ਪੁਰ ਬੈਠੇ ਸਜਣ ਸਾਡੀਆਂ ਗਲਾਂ ਵਿੱਚ ਦਿਲਚਸਪੀ ਲੈ ਰਹੇ ਹਨ। ਕੁਝ ਹੀ ਦੇਰ ਬਾਅਦ ਇਉਂ ਜਾਪਿਆ ਜਿਵੇਂ ਉਨ੍ਹਾਂ ਵਿਚੋਂ ਇੱਕ ਆਪਣੇ ਸਾਥੀਆਂ ਨੂੰ ਕਹਿ ਰਿਹਾ ਹੈ ਕਿ ਛਡੋ ਵੀ ਯਾਰੋ! ਇਨ੍ਹਾਂ ਦਾ ਤਾਂ ਰੋਜ਼-ਦਿਨ ਦਾ ਹੀ ਕੰਮ ਹੈ ਕਿ ਗੁਰੂ-ਗੋਲਕ ਪੁਰ ਕਬਜ਼ੇ ਨੂੰ ਲੈ ਕੇ ਆਪੋ ਵਿੱਚ ਜੁਤਮ-ਜੁੱਤੀ ਹੁੰਦਿਆਂ ਰਹਿਣਾ। ਜਦੋਂ ਇੱਕ ਗੁਰੂ-ਗੋਲਕ ਪੁਰ ਕਬਜ਼ਾ ਜਮਾ ਬੈਠਦਾ ਹੈ, ਤਾਂ ਦੂਸਰਾ ਇਸ ਗਲ ਨੂੰ ਲੈ ਕੇ ਪ੍ਰੇਸ਼ਾਨ ਹੋ ਜਾਂਦਾ ਹੈ ਕਿ ਸਾਰੀ ਗੋਲਕ ਕਬਜ਼ਾ-ਧਾਰੀ ਲੁਟ ਰਿਹਾ ਹੈ, ਉਸਨੂੰ ਉਸਦਾ ਬਣਦਾ ਹਿੱਸਾ ਨਹੀਂ ਦੇ ਰਿਹਾ। ਇਹ ਸੁਣ ਦਿਲ ਨੂੰ ਇੱਕ ਧੱਕਾ ਜਿਹਾ ਲਗਾ ਅਤੇ ਆਪਣੇ-ਆਪ ਨਾਲ ਅਜਿਹੀ ਗਿਲਾਨੀ ਹੋਈ ਕਿ ਇੱਕ ਮਿੰਟ ਲਈ ਵੀ ਉਥੇ ਹੋਰ ਬੈਠਣਾ ਔਖਾ ਜਾਪਣ ਲਗਾ। ਫਲਸਰੂਪ ਚੁਪਚਾਪ ਬਿਲ ਅਦਾ ਕਰ ਉਥੋਂ ਨਿਕਲਣ ਵਿੱਚ ਹੀ ਗ਼ਨੀਮਤ ਸਮਝੀ।
ਉਸ ਦਿਨ ਸ਼ਾਇਦ ਪਹਿਲੀ ਵਾਰ ਇਹ ਅਹਿਸਾਸ ਹੋਇਆ ਕਿ ਅਕਾਲੀ ਆਗੂ ਇੱਕ-ਦੂਸਰੇ ਦੇ ਵਿਰੁਧ ਆਏ ਦਿਨ ਜੋ ਦੂਸ਼ਣ-ਬਾਜ਼ੀ, ਕਰਦੇ ਚਲੇ ਆ ਰਹੇ ਹਨ, ਉਸ ਨਾਲ ਆਮ ਲੋਕਾਂ, ਵਿਸ਼ੇਸ਼ ਕਰ ਗ਼ੈਰ-ਸਿੱਖਾਂ ਵਿੱਚ ਕੀ ਸੰਦੇਸ਼ ਜਾ ਰਿਹਾ ਹੈ? ਸ਼ਾਇਦ ਹੀ ਅਕਾਲੀ ਆਗੂਆਂ ਵਿਚੋਂ ਕਿਸੇ ਨੂੰ ਇਸ ਗਲ ਦਾ ਕਦੀ ਕੋਈ ਅਹਿਸਾਸ ਹੋਇਆ ਹੋਵੇ ਜਾਂ ਕਦੀ ਹੋ ਸਕੇ, ਕਿਉਂਕਿ ਉਨ੍ਹਾਂ ਦੀਆਂ ਅੱਖਾਂ ਪੁਰ ਤਾਂ ਰਾਜਸੀ ਸੁਆਰਥ ਦਾ ਚਸ਼ਮਾ ਚੜ੍ਹਿਆ ਹੋਇਆ ਹੈ ਅਤੇ ਕੰਨਾਂ ਵਿੱਚ ਵਿਰੋਧੀ ਨੂੰ ਠਿੱਬੀ ਲਾਣ ਦੀ ਲਾਲਸਾ ਦੀ ਰੂੰ ਭਰੀ ਹੋਈ ਹੈ ਜਿਸ ਕਾਰਣ ਉਨ੍ਹਾਂ ਨੂੰ ਨਾ ਕੁਝ ਸੁਣਾਈ ਦਿੰਦਾ ਹੈ ਅਤੇ ਨਾ ਹੀ ਕੁਝ ਵਿਖਾਈ।
ਕੋਈ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਰਾਜਨੀਤੀ ਵਿੱਚ ਵਿਚਾਰਕ ਮਤਭੇਦ ਹੋਣਾ ਤਾਂ ਸੁਭਾਵਕ ਹੈ, ਪ੍ਰੰਤੂ ਇਨ੍ਹਾਂ ਮਤਭੇਦਾਂ ਦੇ ਚਲਦਿਆਂ ਇੱਕ-ਦੂਜੇ ਪ੍ਰਤੀ, ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਜਦੋਂ ਕਦੀ ਇੱਕ-ਦੂਜੇ ਨਾਲ ਆਮ੍ਹੋ-ਸਾਹਮਣਾ ਹੋ ਜਾਏ ਜਾਂ ਆਪੋ ਵਿੱਚ ਮਿਲ-ਬੈਠਣ ਦਾ ਮੌਕਾ ਬਣੇ ਤਾਂ ਸ਼ਰਮਿੰਦਿਆਂ ਨਾ ਹੋਣਾ ਪਵੇ। ਪਰ ਅੱਜਕਲ ਜੋ ਰਾਜਨੈਤਿਕ ਹਾਲਾਤ ਸਾਹਮਣੇ ਹਨ, ਉਨ੍ਹਾਂ ਤੋਂ ਇਉਂ ਜਾਪਦਾ ਹੈ, ਜਿਵੇਂ ਕਿ ਰਾਜਨੀਤੀ, ਵਿਸ਼ੇਸ਼ ਰੂਪ ਵਿੱਚ, ਅਕਾਲੀ ਰਾਜਨੀਤੀ ਦਾ ਸਰੂਪ, ਉਸਦੇ ਮੂਲ ਸਰੂਪ ਨਾਲੋਂ ਬਿਲਕੁਲ ਹੀ ਬਦਲ ਗਿਆ ਹੋਇਆ ਹੈ। ਅੱਜਕਲ ਅਕਾਲੀ ਰਾਜਨੀਤੀ ਵਿੱਚ ਇੱਕ-ਦੂਜੇ ਦਾ ਵਿਰੋਧ, ਰਾਜਨੈਤਿਕ ਅਤੇ ਵਿਚਾਰਕ ਮਤਭੇਦਾਂ ਦੇ ਅਧਾਰ ‘ਤੇ ਹੀ ਨਹੀਂ, ਸਗੋਂ ਇਹ ਮੰਨ ਕੇ ਕੀਤਾ ਜਾਂਦਾ ਹੈ, ਕਿ ਵਿਰੋਧ ਕਰਨਾ ਹੈ ਤਾਂ ਬਸ ਕਰਨਾ ਹੀ ਹੈ। ਜੇ ਗਲ ਵਿਰੋਧ ਲਈ ਵਿਰੋਧ ਤਕ ਹੀ ਸੀਮਤ ਰਹਿੰਦੀ, ਤਾਂ ਵੀ ਕਿਸੇ ਹਦ ਤਕ ਠੀਕ ਸੀ, ਪ੍ਰੰਤੂ ਗਲ ਇਸ ਤੋਂ ਵੀ ਕਿਤੇ ਅੱਗੇ ਵੱਧ, ਨਿਜੀ ਆਚਰਣ ਪੁਰ ਹਮਲਿਆਂ ਤੋਂ ਹੁੰਦੀ ਹੋਈ, ਇੱਕ-ਦੂਜੇ ਦੇ ਪਹਿਰਾਵੇ ਅਤੇ ਕਾਰੋਬਾਰ ਦੇ ਨਾਲ ਹੀ ਬਜ਼ੁਰਗਾਂ ਤਕ ਨੂੰ ਭੰਡਣ ਤੇ ਲਪੇਟਣ ਤਕ ਜਾ ਪੁਜੀ ਹੈ। ਜਿਸ ਤੋਂ ਇਉਂ ਜਾਪਣ ਲਗਾ ਹੈ, ਜਿਵੇਂ ਅਕਾਲੀ ਮੁੱਖੀਆਂ ਨੇ ਮਨੁਖੀ ਕਦਰਾਂ-ਕੀਮਤਾਂ ਨੂੰ ਭੁਲਾਉਣ ਦੇ ਨਾਲ ਇਹ ਵੀ ਸੋਚਣਾ-ਸਮਝਣਾ ਛੱਡ ਦਿੱਤਾ ਹੈ ਕਿ ਜਿਸ ਵਿਰੁਧ ਉਹ ਮੰਦ-ਭਾਸ਼ਾ ਦੀ ਵਰਤੋਂ ਕਰ ਰਹੇ ਹਨ, ਜਿਸਦੇ ਨਿਜੀ ਜੀਵਨ ਪੁਰ ਚਿਕੜ ਉਛਾਲ ਰਹੇ ਹਨ ਅਤੇ ਜਿਸਦੇ ਬਜ਼ੁਰਗਾਂ ਨੂੰ ਆਪਣੀ ਵਿਰੋਧੀ ਸੋਚ ਅਧੀਨ ਭੰਡ ਰਹੇ ਹਨ, ਕਦੀ ਉਨ੍ਹਾਂ ਨਾਲ ਮਿਲ-ਬੈਠਣ ਜਾਂ ਗਲੇ ਮਿਲਣ ਦਾ ਵੀ ਮੌਕਾ ਬਣ ਸਕਦਾ ਹੈ, ਹੋਰ ਕੁਝ ਨਹੀਂ ਤਾਂ ਕਦੀ ਆਮ੍ਹੋ-ਸਾਹਮਣਾ ਹੋਣ ‘ਤੇ ਸਿੱਖੀ ਮਾਨਤਾਵਾਂ ਦੇ ਅਨੁਰੂਪ ਫਤਹਿ ਨਹੀਂ ਤਾਂ, ਇੱਕ-ਦੂਜੇ ਨਾਲ ਹੱਥ ਹੀ ਮਿਲਾਣਾ ਪੈ ਸਕਦਾ ਹੈ। ਇਹ ਸਥਿਤੀ ਇੱਕ-ਪਾਸੜ ਨਹੀਂ, ਸਰਬ-ਪੱਖੀ ਹੈ।
ਸੋਚਣ ਤੇ ਵਿਚਾਰਨ ਵਾਲੀ ਗਲ ਇਹ ਹੈ ਕਿ ਇੱਕ ਪਾਸੇ ਤਾਂ ਸੱਤਾ ਦੇ ਗਲਿਆਰਿਆਂ ਤਕ ਪੁਜ, ਲੋਕ-ਸੇਵਾ ਕਰਨ ਅਤੇ ਦੂਜੇ ਪਾਸੇ ਧਾਰਮਕ ਸੰਸਥਾਵਾਂ ਪੁਰ ਕਬਜ਼ਾ ਕਰ, ਉਨ੍ਹਾਂ ਦੀ ਸੇਵਾ-ਸੰਭਾਲ ਕਰਨ ਦੇ ਨਾਲ ਹੀ ਸਿੱਖੀ ਦੇ ਪਹਿਰੇਦਾਰ ਬਣ ਉਸਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਕਰਨ ਦੇ ਸੰਕਲਪ ਨੂੰ ਦੁਹਰਾਇਆ ਜਾਂਦਾ ਹੈ। ਸੁਆਲ ਉਠਦਾ ਹੈ ਕਿ ਕੀ ਅਜਿਹੇ ‘ਨੇਤਾ’, ਜਿਨ੍ਹਾਂ ਨੂੰ ‘ਨੇਤਾ’ ਲਿਖਦਿਆਂ ਹੋਇਆਂ ਕਲਮ ਵੀ ਸ਼ਰਮਿੰਦਾ ਹੋਣ ਲਗਦੀ ਹੈ, ਜੋ ਇੱਕ-ਦੂਜੇ ਵਿਰੁੱਧ ਮੰਦ-ਭਾਸ਼ਾ ਦੀ ਵਰਤੋਂ ਕਰਦਿਆਂ, ਆਪਣੀ ਜ਼ੁਬਾਨ ਪੁਰ ਕਾਬੂ ਨਹੀਂ ਰਖ ਪਾਂਦੇ, ਉਹ ਲੋਕ-ਸੇਵਾ ਕਰਨ ਅਤੇ ਸਿੱਖੀ ਦੇ ਪਹਿਰੇਦਾਰ ਹੋਣ ਦੀ ਜ਼ਿਮੇਂਦਾਰੀ ਸੰਭਾਲਣ ਜਾਂ ਉਸਨੂੰ ਸੰਭਾਲ, ਨਿਭਾਉਣ ਪ੍ਰਤੀ ਕਿਵੇਂ ਤੇ ਕਿਤਨੇ-ਕੁ ਈਮਾਨਦਾਰ ਹੋ ਸਕਦੇ ਹਨ?
ਕਿਉਂ ਬਦਲੀ ਸੋਚ : ਅੱਜ ਹਾਲਤ ਇਹ ਹੋ ਗਈ ਹੈ ਕਿ ਸ਼ੋ੍ਰਮਣੀ ਅਕਾਲੀ ਦਲਾਂ ਦੇ ਮੁਖੀਆਂ ਵਲੋਂ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਤੇ ਮਾਨਤਾਵਾਂ ਦੀ ਰਖਿਆ ਲਈ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਣ ਦੀ ਬਜਾਏ, ਰਾਜਨੀਤੀ ਵਿਚ ਸਥਾਪਤ ਹੋਣ ਲਈ ਇਨ੍ਹਾਂ ਸੰਸਥਾਵਾਂ ਨੂੰ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਇਸੇ ਕਾਰਣ, ਇਨ੍ਹਾਂ ਦੀ ਸੱਤਾ ਪੁਰ ਕਬਜ਼ਾ ਕਾਇਮ ਕਰਨ ਤੇ ਕਾਇਮ ਰਖਣ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਅਪਨਾਣੇ ਸ਼ੁਰੂ ਕਰ ਦਿਤੇ ਗਏ ਹਨ। ਇੱਕ ਪਾਸੇ ਮੈਂਬਰਾਂ ਦਾ ਸਹਿਯੋਗ ਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਦੇ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ ਅਤੇ ਦੂਜੇ ਪਾਸੇ ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ। ਇਹ ਮੁਲ ਉਹ ਵਫਾਦਾਰੀ ਬਦਲਣ ਲਈ ਵੀ ਵਸੂਲ ਕਰਦੇ ਹਨ ਤੇ ਵਫਾਦਾਰ ਬਣੇ ਰਹਿਣ ਲਈ ਵੀ।
ਇਸ ਸਥਿਤੀ ਦੇ ਸੰਬੰਧ ਵਿਚ ਜਦੋਂ ਕੁਝ ਬਜ਼ੁਰਗ ਤੇ ਟਕਸਾਲੀ ਅਕਾਲੀਆਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ ਸ਼ਾਮਲ ਹੋ, ਇਸਲਈ ਕੁਰਬਾਨੀਆਂ ਨਹੀਂ ਸੀ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਤੇ ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਤੇ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਹੀ ਇਸਦੇ ਨਾਂ ਦੀ ਵਰਤੋਂ ਕਰਦੇ ਰਹਿਣ।
…ਅਤੇ ਅੰਤ ਵਿਚ : ਇਕ ਅਕਾਲੀ ਮੁੱਖੀ ਨੇ ਦੁਖੀ ਲਹਿਜੇ ਵਿਚ ਇਹ ਕਹਿਣੋਂ ਵੀ ਸੰਕੋਚ ਨਹੀਂ ਕੀਤਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀਆਂ ਦੀਆਂ ਕੁਰਬਾਨੀਆਂ ਅਤੇ ਸਿੱਖੀ ਦੀਆਂ ਧਾਰਮਕ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣਕੇ ਰਹਿ ਗਏ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ ਲਗੇ ਫਟਿਆਂ ਤੇ ‘ਸ਼੍ਰੋਮਣੀ ਅਕਾਲੀ ਦਲ’ ਦੇ ਨਾਂ ਨਾਲ ਦੁਕਾਨਾਂ ਤੇ ਕੰਪਨੀਆਂ ਦੇ ਮਾਲਕਾਂ ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਅਤੇ ਏਜੰਡੇ ਦਾ ਸਨਮਾਨ ਕਰਦਿਆਂ, ਇਸਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿਸਾ ਲਿਆ ਤੇ ਕੁਰਬਾਨੀਆਂ ਕੀਤੀਆਂ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਜਿਸਦੀ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਪ੍ਰਮੁਖ ਭੂਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ, ਪਰੰਪਰਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਹੋਰ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਸੀ ਆਇਆ ਹੋਣਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਨੂੰ ਪੂਰਿਆਂ ਕੀਤਾ ਜਾਂਦਾ ਰਹੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ ਇਸਦੀ ਸਥਾਪਨਾ ਕੀਤੀ ਗਈ ਸੀ ਅਤੇ ਜਿਨ੍ਹਾਂ ਮੰਤਵਾਂ ਤੇ ਆਦਰਸ਼ਾਂ ਦੇ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਸੀ।

ਜਸਵੰਤ ਸਿੰਘ ‘ਅਜੀਤ’
ਸੀਨੀਅਰ ਪੱਤਰਕਾਰ
ਰੋਹਿਨੀ, ਦਿੱਲੀ
+ 91 95 82 71 98 90

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: