Sun. Aug 25th, 2019

ਅੱਜ ਜਦੋਂ ਡਾਊਨਿੰਗ ਸਟ੍ਰੀਟ 10 ਨੰਬਰ ਦਾ ਦਰਵਾਜ਼ਾ ਜਾ ਖੜਕਾਇਆ

ਅੱਜ ਜਦੋਂ ਡਾਊਨਿੰਗ ਸਟ੍ਰੀਟ 10 ਨੰਬਰ ਦਾ ਦਰਵਾਜ਼ਾ ਜਾ ਖੜਕਾਇਆ

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

 

ਯੂ ਕੇ ਦੇ ਵੈਸਟ ਮਨਿਸਟਰ ਸ਼ਹਿਰ ਚ ਡਾਊਨਿੰਗ ਸਟ੍ਰੀਟ ‘ਤੇ ਸਥਿਤ ਨੰਬਰ 10 ਇਮਾਰਤ ਇਸ ਮੁਲਖ ਦੀ ਇਕ ਬਹੁਤ ਹੀ ਇਤਿਹਾਸਕ ਤੇ ਮਹੱਤਵਪੂਰਨ ਇਮਾਰਤ ਹੈ । ਇਹ ਇਮਾਰਤ ਯੂ ਕੇ ਦੇ ਪਹਿਲੇ ਲਾਰਡ ਆਫ ਟਰੈਜਰੀ (ਪ੍ਰਧਾਨ ਮੰਤਰੀ) ਦਾ ਦਫਤਰ ਤੇ ਰਿਹਾਇਸ਼ਗਾਹ ਰਹੀ ਹੈ । ਇਮਾਰਤ ਦੀ ਉਸਾਰੀ ਅੱਜ ਤੋਂ 337 ਵਰ੍ਹੇ ਪਹਿਲਾਂ 1682 ਚ ਸ਼ੁਰੂ ਹੋਈ ਤੇ 335 ਵਰ੍ਹੇ ਪਹਿਲਾਂ 1684 ਚ ਸੰਪੂਰਨ ਹੋਈ । ਲਗਭਗ 100 ਕਮਰਿਆਂ ਵਾਲੀ ਇਸ ਇਮਾਰਤ ਚ ਮਹਿਮਾਨ ਨਿਵਾਜੀ ਕਮਰਾ, ਇੰਤਜ਼ਾਰ ਕਮਰਾ, ਪ੍ਰਧਾਨਮੰਤਰੀ ਦਾ ਦਫਤਰ, ਰਿਹਾਇਸ਼, ਰਸੋਈ, ਖਾਣਾ ਖਾਣ ਵਾਸਤੇ ਖ਼ਾਸ ਕਮਰਾ, ਕਾਨਫਰੰਸ ਹਾਲ, ਤੇ ਸੁਰੱਖਿਆ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਰਿਹਾਇਸ਼ ਤੇ ਮੋਰਚਿਆਂ ਦਾ ਪੁਖ਼ਤਾ ਪਰਬੰਧ ਹੈ ।

ਇਹ ਇਮਾਰਤ 1905 ਤੱਕ ਯੂ ਕੇ ਦੇ ਲਾਰਡ ਆਫ ਟਰੈਜਰੀ ਦੀ ਰਿਹਾਇਸ਼ ਬਣੀ ਰਹੀ ਜਿਸ ਨੂੰ 1905 ਤੋਂ ਬਾਦ ਯੂ ਕੇ ਦੇ ਪ੍ਰਧਾਨਮੰਤਰੀ ਦੀ ਰਿਹਾਇਸ਼ ਬਣਾ ਦਿੱਤਾ ਗਿਆ । ਹੁਣ ਇਸ ਇਮਾਰਤ ਦੀ ਤੀਜੀ ਮੰਜਿਲ ਉੱਤੇ ਪ੍ਰਧਾਨਮੰਤਰੀ ਦੀ ਰਿਹਾਇਸ਼ ਹੈ, ਪਹਿਲੀ ਮੰਜਿਲ ਤੇ ਰਸੋਈਖਾਨਾ, ਮਹਿਮਾਨ ਕਮਰਾ ਤੇ ਇੰਤਜ਼ਾਰ ਕਮਰਾ ਹੈ ਜਦ ਕਿ ਇਮਾਰਤ ਦੇ ਬਾਕੀ ਕਮਰਿਆਂ ਚ ਪ੍ਰਧਾਨਮੰਤਰੀ ਦੇ ਵੱਖ ਵੱਖ ਵਿਭਾਗਾਂ ਦੇ ਦਫਤਰ ਹਨ ।

ਇਹ ਇਮਾਰਤ ਯੂ ਕੇ ਦੀ ਮਹਾਰਾਣੀ ਦੇ ਮਹਿਲ ਬੁਕਿੰਘਮ ਪੈਲੇਸ , ਪਾਰਲੀਮੈਂਟ ਹਾਊਸ (ਹਾਊਸ ਆਫ ਕਾਮਨਜ), ਪੈਲੇਸ ਆਫ ਵੈਸਟ ਮਨਿਸਟਰ ਤੇ ਬਰਿਟਸ਼ ਮੋਨਾਰਕ ਦੇ ਵਿਚਕਾਰ ਸਥਿਤ ਹੈ । ਕਹਿਣ ਦਾ ਭਾਵ ਉਕਤ ਸਮੂਹ ਇਤਿਹਾਸਕ ਸਥਾਨਾਂ ਦਾ ਆਪਸ ਵਿੱਚ ਪੈਦਲ ਤੁਰਕੇ ਚਾਰ ਤੋਂ ਪੰਜ ਕੁ ਮਿੰਟ ਦਾ ਫ਼ਾਸਲਾ ਹੈ । 10 ਨੰਬਰ ਡਾਊਨਿੰਗ ਸਟ੍ਰੀਟ ਦੇ ਪਿਛਵਾੜੇ ਜੇਮਜ ਪਾਰਕ ਹੈ ਤੇ ਇਮਾਰਤ ਦੇ ਇਸ ਪਾਸੇ ਵੱਲ ਕੋਈ ਅੱਧੇ ਕੁ ਏਕੜ ਦੇ ਘੇਰੇ ਚ ਪ੍ਰਧਾਨਮੰਤਰੀ ਵਾਸਤੇ ਫੁਰਸਤ ਦੇ ਪਲਾਂ ਚ ਟਹਿਲ ਕਦਮੀ ਕਰਨ ਵਾਸਤੇ ਅਤੀ ਸੁੰਦਰ ਬਾਗ਼ ਬਗ਼ੀਚਾ ਹੈ ਜਿਸ ਵਿੱਚ ਭਾਂਤ ਸੁਭਾਂਤੇ ਫੁੱਲ ਬੂਟੇ ਲਗਾਏ ਹੋਏ ਹਨ ਤੇ ਉਹਨਾ ਦੀ ਸਾਂਭ ਸੰਭਾਲ਼ ਵਾਸਤੇ ਸਰਕਾਰੀ ਅਮਲਾ ਫੈਲਾ ਵੀ ਤਾਇਨਾਤ ਹੈ ।

ਬਹੁਤ ਹੀ ਖ਼ਾਸ ਕਿਸਮ ਦੇ ਪੱਥਰਾਂ ਨਾਲ ਉਸਾਰੀ ਗਈ ਇਸ ਇਮਾਰਤ ਦੇ ਖਿੜਕੀਆਂ ਦਰਵਾਜ਼ੇ ਜੌਰਜੀਅਨ ਆਰਟ ਸਟਾਈਲ ਦੇ ਹਨ ਜਿਹਨਾ ਦੀ ਪਰੰਪਰਾਗਤ ਦਿੱਖ ਕਾਇਮ ਰੱਖਣ ਵਾਸਤੇ ਬਹੁਤ ਹੀ ਮਾਹਿਰ ਕਾਰੀਗਰਾਂ ਵੱਲੋਂ ਸਮੇਂ ਸਮੇਂ ਲੋੜ ਪੈਣ ਲਗਾਤਾਰ ਮੁਰੰਮਤ ਕਰਵਾਈ ਜਾਂਦੀ ਰਹਿੰਦੀ ਹੈ।

ਇਸ ਇਮਾਰਤ ਦੇ ਆਸ ਪਾਸ ਸੁਰੱਖਿਆ ਘੇਰਾ ਏਨਾ ਕੁ ਪੁਖ਼ਤਾ ਹੈ ਕਿ ਚਿੜੀ ਵੀ ਪਰ ਨਹੀਂ ਮਾਰ ਸਕਦੀ । ਇਮਾਰਤ ਦੇ ਮੁੱਖ ਦਰਵਾਜੇ ਤੱਕ ਤਾਂ ਕੀ ਕਿਸੇ ਨੂੰ ਆਸ ਪਾਸ ਵੀ ਫਟਕਣ ਨਹੀਂ ਦਿੱਤਾ ਜਾਂਦਾ । ਕਹਿਣ ਦੀ ਭਾਵ ਇਸ ਪੂਰੇ ਇਲਾਕੇ ਚ ਆਮ ਜਨਤਾ ਦੇ ਦਾਖਲੇ ਦੀ ਮਨਾਹੀ ਹੈ । ਜਦੋਂ ਕਿਸੇ ਖ਼ਾਸ ਸਮੇਂ ਪ੍ਰਧਾਨਮੰਤਰੀ ਵੱਲੋਂ ਕਿਸੇ ਨੂੰ ਸੱਦਾ ਪੱਤਰ ਵੀ ਭੇਜਿਆ ਜਾਂਦਾ ਹੈ ਤਾਂ ਉਸ ਦਾ ਪਹਿਚਾਣ ਪੱਤਰ ਤੇ ਸੱਦਾ ਪੱਤਰ ਚੈੱਕ ਕਰਨ ਤੋਂ ਬਾਦ ਉਸ ਨੂੰ ਅੱਗੋ ਫਿਰ ਕਈ ਪੜਾਵਾਂ ਦੀ ਜਾਮਾ ਤਲਾਸ਼ੀ ਵਿੱਚੋਂ ਲੰਘਣ ਦੇ ਬਾਅਦ ਹੀ ਇਮਾਰਤ ਚ ਦਾਖਲ ਹੋਣ ਦਿੱਤਾ ਜਾਂਦਾ ਹੈ।

ਇਮਾਰਤ ਜੇ ਅੰਦਰ ਫ਼ੋਨ ਤੇ ਬੈਗ ਵਗੈਰਾ ਲੈ ਕੇ ਜਾਣ ਦੀ ਸਖਤ ਮਨਾਹੀ ਹੈ । ਅੰਦਰ ਵੜਦਿਆਂ ਹੀ ਫ਼ੋਨ, ਬੈਗ ਤੇ ਓਵਰ ਕੋਟ ਅੰਦਰ ਬਣੀ ਇਕ ਸੁਰੱਖਿਅਤ ਸੁਰੱਖਿਆ ਜਗਾ ‘ਤੇ ਰੱਖ ਦੇਣ ਵਾਸਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਬਹੁਤ ਹੀ ਹਲੀਮੀ ਨਾਲ ਬੇਨਤੀ ਕਰ ਦਿੱਤੀ ਜਾਂਦੀ ਹੈ ਤੇ ਵਾਪਸੀ ਉਪਰੰਤ ਆਪਣਾ ਰੱਖਿਆ ਹੋਇਆ ਸਮਾਨ ਉੱਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ।

ਇਮਾਰਤ ਦੇ ਅੰਦਰ ਦਾਖਲ ਹੁੰਦਿਆਂ ਹੀ ਇਕ ਦੀਵਾਰ ਹੈ ਜਿਸ ਉੱਤੇ ਯੂ ਕੇ ਦੇ ਅਜ ਤੱਕ ਦੇ ਪ੍ਰਧਾਨਮੰਤਰੀਆ ਦੇ ਵੱਡੇ ਵੱਡੇ ਤੇਲ ਚਿੱਤਰ ਲੱਗੇ ਹੋਏ ਹਨ ਜਿਹਨਾ ਦੇ ਹੇਠਾਂ ਉਹਨਾਂ ਦਾ ਕਾਰਜ-ਕਾਲ ਅੰਕਿਤ ਕੀਤਾ ਹੋਇਆ ਹੈ । ਇਸ ਤੋਂ ਇਲਾਵਾ ਇਮਾਰਤ ਦੇ ਅੰਦਰ ਸ਼ੁਸ਼ੋਭਤ ਫ਼ਰਨੀਚਰ ਵੀ ਦੇਖਣ ਯੋਗ ਹੈ ਜੋ ਇਮਾਰਤ ਦੇ 337 ਸਾਲਾਂ ਦੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ ।

ਕੁਲ ਮਿਲਾਕੇ ਕਹਿ ਸਕਦਾ ਹਾਂ ਕਿ 8 ਮਈ 2019 ਨੂੰ ਨੰਬਰ 10 ਡਾਊਨਿੰਗ ਸਟ੍ਰੀਟ ‘ਤੇ ਦਸਤਕ ਦੇਣ ਦੇ ਮੌਕੇ ਦਾ ਮੈਂ ਤੇ ਮੇਰੇ ਬਹੁਤ ਹੀ ਅਜ਼ੀਜ਼ ਸਾਥੀ ਸ ਜਗਜੀਤ ਸਿੰਘ ਸਹੋਤਾ ਨੇ ਬਹੁਤ ਹੀ ਭਰਪੂਰ ਲਾਹਾ ਲਿਆ । ਉਥੇ ਬੇਸ਼ੱਕ ਯੂ ਕੇ ਦੇ ਇਤਿਹਾਸ ਨਾਲ ਸਾਂਝ ਪਾ ਕੇ ਸਾਡੇ ਅੰਦਰ ਇਕ ਖ਼ਾਸ ਤਰਾਂ ਦਾ ਅਹਿਸਾਸ ਪੈਦਾ ਹੋਇਆ ਪਰ ਬੜਾ ਕੁੱਝ ਨਵਾਂ ਵੀ ਦੇਖਣ ਤੇ ਸਮਝਣ ਨੂੰ ਮਿਲਿਆ । ਵੱਡੀ ਗੱਲ ਇਹ ਪੱਲੇ ਪਈ ਕਿ ਵਿਰਸੇ ਅਤੇ ਆਪਣੀ ਧਰੋਹਰ ਦੀ ਸਾਂਭ ਸੰਭਾਲ ਦਾ ਕੀ ਮਹੱਤਵ ਹੁੰਦਾ ਹੈ, ਕੌਮਾ ਨੂੰ ਜਿੰਦਾ ਰੱਖਣ ਵਾਸਤੇ ਅਜਿਹਾ ਕਰਨਾ ਕਿਓਂ ਜਰੂਰੀ ਹੁੰਦਾ ਹੈ, ਇਤਿਹਾਸ ਦਾ ਕੀ ਮਹੱਤਵ ਹੈ, ਇਹ ਕਿਓਂ ਪੜ੍ਹਿਆ ਤੇ ਪੜ੍ਹਾਇਆ ਜਾਂਦਾ ਹੈ, ਇਸ ਦੇ ਮਹੱਤਵ ਨੂੰ ਕਿਵੇ ਸਮਝਿਆ ਜਾ ਸਕਦਾ ਹੈ ਤੇ ਸਦੀਆ ਤੋ ਚਲੀ ਆ ਰਹੀ ਪਰੰਪਰਾ ਦੀ ਪਰੋਟੋਕੋਲ ਨੂੰ ਬਣਾਈ ਰੱਖਣ ਦੇ ਕੀ ਅਰਥ ਹੁੰਦੇ ਹਨ ਆਦਿ ਸਾਰੇ ਸਵਾਲਾਂ ਦਾ ਉੱਤਰ ਮੈਨੂੰ ਇਸ ਇਤਿਹਾਸਕ ਇਮਾਰਤ ਦੇ ਮੁੱਖ ਦਰਵਾਜੇ ‘ਤੇ ਪਹਿਲੀ ਦਸਤਕ ਦੇਣ ਨਾਲ ਹੀ ਮਿਲ ਗਿਆ ਜੋ ਕਿ ਨਿਸਚੇ ਹੀ ਮੇਰੀ ਇਕ ਵੱਡੀ ਪਰਾਪਤੀ ਹੈ । ਮੈਨੂੰ, ਮੇਰੀ ਇਹ ਦਸਤਕ ਜ਼ਿੰਦਗੀ ਦੀਆਂ ਅਭੁੱਲ ਯਾਦਾਂ ਦੀ ਪਟਾਰੀ ਚ ਸ਼ਾਮਲ ਕਰਕੇ ਅਥਾਹ ਤੇ ਅਕਹਿ ਖ਼ੁਸ਼ੀ ਹੈ ।

Leave a Reply

Your email address will not be published. Required fields are marked *

%d bloggers like this: