ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ

ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ

        yashpal-toni ਪੰਜਾਬ ਦੇ ਬਾਰਡਰ ਤੇ ਵਸਦੇ ਜਿਲ੍ਹਾ ਗੁਰਦਾਸਪੁਰ ਨੇ ਪੰਜਾਬੀ ਸਾਹਿਤ ਨੂੰ ਸ਼ਿੰਗਾਰਾ ਸਿੰਘ ਭੁੱਲਰ, ਸ਼ਿਵ ਬਟਾਲਵੀ, ਸੁਲੱਖਣ ਸਰਹੱਦੀ, ਥੰਮਣ ਸਿੰਘ ਸੈਣੀ, ਮੱਖਣ ਕੁਹਾੜ, ਦੀਵਾਨ ਸਿੰਘ ਮਹਿਰਮ, ਧਿਆਨ ਸਿੰਘ ਸ਼ਾਹ ਸਿਕੰਦਰ, ਪੈਦਲ ਧਿਆਨ ਪੁਰੀ, ਚਮਨ ਲਾਲ ਚਮਨ, ਪ੍ਰਤਾਪ ਪਾਰਸ, ਬਲਵਿੰਦਰ ਪੰਨੂ, ਅਵਿਨਾਸ਼ ਜੱਜ, ਬਲਵਿੰਦਰ ਬਾਲਮ, ਜੀ. ਐਸੱ. ਪਾਹੜਾ, ਹਰੀ ਕਾਦਿਆਨੀ, ਨਿਰਮਲ ਬੋਬਾਵਾਲੀਆ ਆਦਿ ਦੇ ਨਾਲ-ਨਾਲ ਵਰਿੰਦਰ ਕੌਰ ਰੰਧਾਵਾ, ਸਿਮਰਤ ਸੁਮੈਰਾ, ਕਮਲਜੀਤ ਕੋਮਲ, ਮਹਿੰਗਾ ਸਿੰਘ ਕਲਸੀ, ਕਸ਼ਮੀਰ ਘੇਸਲ, ਰਾਜ ਕੁਮਾਰ ਸਾਹੋਵਾਲੀਆ, ਡਾ. ਪੰਨਾ ਲਾਲ ਮੁਸਤਫਾਬਾਦੀ, ਵਰਿਆਮ ਬਟਾਲਵੀ, ਆਰ. ਬੀ. ਸੋਹਲ, ਓਮ ਪ੍ਰਕਾਸ਼ ਭਗਤ, ਵਿਜੇ ਬੱਧਣ, ਪਾਲ ਗੁਰਦਾਸਪੁਰੀ, ਦੁੱਖਭੰਜਨ ਰੰਧਾਵਾ, ਸੁੱਚਾ ਪਸਨਵਾਲ, ਕ੍ਰਿਸ਼ਨ ਥਾਪੁਰ, ਲਲਿਤ ਲਾਲੀ ਗੁਰਦਾਸਪੁਰੀ ਅਤੇ ਰਾਜਨ ਤਰੇੜੀਆ ਵਰਗੀਆਂ ਦਰਜਨਾਂ ਕਲਮਾਂ ਦਿੱਤੀਆਂ ਹਨ; ਜਿਹੜੀਆਂ ਕਿ ਸਫਲ ਕਦਮੀ ਅੱਗੇ-ਪਿੱਛੇ ਤੁਰੀਆਂ ਆਪੋ-ਆਪਣੇ ਕਲਮੀ-ਵਿਤ ਮੁਤਾਬਿਕ ਆਪਣੀ ਕਲਮੀ-ਰੋਸ਼ਨੀ ਨਾਲ ਸਾਹਿਤ ਤੇ ਸੱਭਿਆਚਾਰ ਨੂੰ ਰੁਸ਼ਨਾਉਣ ਵਿਚ ਬਣਦਾ-ਸਰਦਾ ਯੋਗਦਾਨ ਪਾ ਰਹੀਆਂ ਹਨ।  ਇਨ੍ਹਾਂ ਮਾਣ-ਮੱਤੀਆਂ ਕਲਮਾਂ ਦੇ ਕਾਫਲੇ ਵਿਚ ਤੁਰਿਆ ਨਜਰੀ ਆਉਂਦਾ ਇਕ ਹੋਰ ਸਿਰ ਕੱਢਵਾਂ ਨਾਂਓਂ ਹੈ- ਯੱਸ਼ਪਾਲ ਟੋਨੀ।

        ਇਸ ਬਾਰਡਰ ਜਿਲ੍ਹੇ ਦੇ ਪਿੰਡ ਕੋਠੇ ਘੁਰਾਲਾ ਵਿਚ ਮਾਸਟਰ ਕਰਮ ਚੰਦ ਜੀ (ਪਿਤਾ) ਦੇ ਘਰ ਮਾਤਾ ਕਾਂਤਾ ਦੇਵੀ ਜੀ ਦੀ ਪਾਕਿ ਕੁੱਖੋਂ ਪੈਦਾ ਹੋਇਆ ਯੱਸ਼ਪਾਲ ਟੋਨੀ ਦੱਸਦਾ ਹੈ ਕਿ ਉਸ ਨੂੰ ਕਲਮ-ਘਸਾਉਣ ਦਾ ਚਸਕਾ ਬਚਪਨ ਤੋਂ ਹੀ ਪੈ ਗਿਆ ਸੀ।  ਉਸ ਨੇ ਆਪਣੇ ਲਿਖਣ ਦੀ ਸ਼ੁਰੂਆਤ ਹਿੰਦੀ ਤੋਂ ਕੀਤੀ ਜੋ ਹੌਲੀ-ਹੌਲੇ ਪੰਜਾਬੀ ਵਲ ਨੂੰ ਵੀ ਆਪ-ਮੁਹਾਰੇ ਤੁਰ ਪਈ।  ਚੱਲਦੇ-ਚੱਲਦੇ ਅਚਾਨਕ ਉਸ ਦੀ ਮੁਲਾਕਾਤ ਨਾਮਵਰ ਲੇਖਕ ਬਲਵਿੰਦਰ ਬਾਲਮ ਜੀ ਨਾਲ ਹੋਈ, ਜਿਨ੍ਹਾਂ ਨੇ ਉਸ ਦੀਆਂ ਰਚਨਾਵਾਂ ਨੂੰ ਪੜ੍ਹਿਆ ਅਤੇ ਉਸ ਦੇ ਅੱਖਰਾਂ ਵਿੱਚੋਂ ਆਸ ਦੀ ਕਿਰਨ ਦਿਖਾਈ ਦੇਣ ਤੇ ਉਸ ਨੂੰ ਲਿਖਣ ਦੇ ਗੁਰ ਸਿਖਾਉਣ ਦਾ ਉਨ੍ਹਾਂ ਬੀੜਾ ਚੁੱਕ ਲਿਆ।  ਉਹ ਉਸ ਨੂੰ ਸਮੇਂ-ਸਮੇਂ ਤੇ ਵਾਜਿਬ ਸਲਾਹ-ਮਸ਼ਵਰਾ ਦਿੰਦੇ ਉਸ ਨੂੰ ਚੰਗਾ ਲਿਖਣ ਲਈ ਲਗਾਤਾਰ ਪ੍ਰੇਰਦੇ ਰਹੇ।  ਫਿਰ, ਟੋਨੀ ਹੌਲੀ-ਹੌਲੀ ਪ੍ਰਸਿੱਧ ਗਜਲਗੋ ਸੁਲੱਖਣ ਸਿੰਘ ਸਰਹੱਦੀ ਜੀ ਤਕ ਵੀ ਕਿਵੇਂ-ਨਾ-ਕਿਵੇਂ ਜਾ ਪੁੱਜਾ। ਬਸ ਫਿਰ ਕੀ ਸੀ, ਜਾਣੋ ਪਿਆਸੇ ਨੂੰ ਸਾਹਿਤ ਦਾ ਸਮੁੰਦਰ ਹੀ ਲੱਭ ਆਇਆ, ਜਿਸ ਦੇ ਪਾਕਿ ਸਾਹਿਤਕ-ਜਲ ਵਿਚ ਖੂਬ ਟੁੱਭੀਆਂ ਲਗਾ-ਲਗਾਕੇ ਸਾਹਿਤ ਦੇ ਹੀਰੇ, ਮੋਤੀ ਤੇ ਜਵਾਹਰਾਤ ਲੱਭ-ਲੱਭਕੇ ਸਾਹਿਤ ਦੀ ਝੋਲੀ ਪਾ ਰਿਹਾ ਹੈ, ਹੁਣ ਇਹ ਸਖਸ਼।

         ਟੋਨੀ ਦਾ ਕਹਿਣ ਹੈ ਕਿ ਭਾਵੇਂ ਕੁਝ ਘਰੇਲੂ ਕਾਰਨਾਂ ਕਰਕੇ ਲਿਖਣ ਵਿੱਚ ਲੰਬੀ ਖੜੋਤ ਆ ਗਈ ਸੀ, ਪਰ ਉਸ ਨੇ ਆਪਣੀ ਜੀਵਨ-ਸਾਥਣ ਕਿਰਨ ਬਾਲਾ (ਸਾਇੰਸ ਅਧਿਆਪਕਾ) ਵਲੋਂ ਮਿਲੀ ਹੱਲਾ-ਸ਼ੇਰੀ ਸਦਕਾ ਦੁਬਾਰਾ ਕਲਮ ਚੁੱਕ ਲਈ ਅਤੇ ਕੁਝ ਹੀ ਸਮੇਂ ਵਿੱਚ 300 ਤੋਂ ਵਂਧ ਮਿਆਰੀ ਰਚਨਾਵਾਂ ਲਿਖ ਮਾਰੀਆਂ।  ਟੋਨੀ ਨੇ ਕਵਿਤਾਵਾਂ, ਬੈਂਤ, ਗਜਲਾਂ ਤੇ ਨਜਮਾਂ ਦੁਆਰਾ ਪਰਿਵਾਰਕ ਤੇ ਭਾਈਚਾਰਕ ਸਾਝਾਂ ਆਦਿ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਦਾ ਵਿਸ਼ਾ ਬਣਾਇਆ ਹੈ।

         ਟੋਨੀ ਹਾਲੇ ਤੱਕ ਸਿਰਫ ਇਕ ਸਾਂਝੀ ਪ੍ਰਕਾਸ਼ਨਾ ‘ਰੁੱਖ ਪਾਣੀ ਅਨਮੋਲ’ ਵਿੱਚ ਹੀ ਹਾਜਰੀ ਲਵਾ ਸਕਿਆ ਹੈ, ਜਿਸ ਦੀ ਬਦੌਲਤ ਉਸਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ।  ਹੁਣ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦਾ ਸਾਂਝਾ ਕਾਵਿ-ਸੰਗ੍ਰਹਿ ਉਸ ਦੇ ਦਰ ਤੇ ਦੂਜੇ ਸਾਂਝੇ ਦਸਤਾਵੇਜ ਵਜੋਂ ਦਸਤਕ ਦੇਣ ਜਾ ਰਿਹਾ ਹੈ।  ਇੱਕ ਸਰਕਾਰੀ ਅਧਿਆਪਕ ਦੇ ਰੁੱਤਬੇ (ਸਰਕਾਰੀ ਐਲੀਮੈਂਟਰੀ ਸਕੂਲ, ਕਰਾਲ ਵਿਖੇ), ਭਾਵ ਕਿ ਵਿੱਤੀ ਪੱਖੋਂ ਠੀਕ ਹੁੰਦੇ ਸੁੰਦਿਆਂ ਵੀ, ਚਾਰ ਮਿਆਰੀ ਪੁਸਤਕਾਂ ਦੇ ਖਰੜੇ ਘਰ ਦੀ ਅਲਮਾਰੀ ‘ਚ ਸੰਭਾਲੀ ਬੈਠਣਾ ਉਸ ਦੇ ਸੁਸਤਪਨ ਦੀ ਨਿਸ਼ਾਨੀ ਹੈ। ਅਖਬਾਰਾਂ-ਮੈਗਜੀਨਾਂ ਦੇ ਮਾਮਲੇ ‘ਚ ਵੀ ਬਹੁਤ ਹੀ ਢਿੱਲਾ ਕਿਹਾ ਜਾ ਸਕਦਾ ਹੈ, ਉਸਨੂੰ : ਕਿਉਂਕਿ ‘ਸੂਹੀ ਸਵੇਰ’ ਅਤੇ ‘ਸੰਗੀਤ ਦਰਪਣ’ ਤਕ ਹੀ ਛਲਾਂਗ ਲਗਾ ਸਕਿਆ ਹੈ, ਅਜੇ ਉਹ।   ਇਕ ਸਵਾਲ ਦਾ ਜੁਵਾਬ ਦਿੰਦਿਆਂ ਯੱਸ਼ਪਾਲ ਟੋਨੀ ਨੇ ਦੱਸਿਆ ਕਿ ‘ਮੇਰਾ ਅਤੀਤ’, ‘ਤੂੰ ਤੀਰ ਚਲਾ ਲਵੀਂ’, ‘ਕੀ ਕਰਾਂਗਾ ਮੈਂ’ ਅਤੇ ‘ਮੰਨ ਛੱਡਿਆ’ ਆਦਿ ਅਨੇਕਾਂ ਉਸ ਦੀਆਂ ਰਚਨਾਵਾਂ ਨੂੰ ਵੱਖ-ਵੱਖ ਸਹਿਤ ਸਭਾਵਾਂ ਵਲੋਂ ਕਾਫੀ ਸਰਾਹਿਆ ਗਿਆ ਹੈ।  ਇਨ੍ਹਾਂ ਵੱਖ-ਵੱਖ ਸਾਹਿਤ ਸਭਾਵਾਂ ‘ਚੋਂ ਵਾਹ-ਵਾਹ ਦੇ ਲੱਗੇ ‘ਪਰਾਂ’ ਦੇ ਬੱਲਬੂਤੇ ਉਡਦਿਆਂ ਹੁਣ ਉਸ ਨੇ ਆਪਣੇ ਦੋ ਕਾਵਿ-ਸੰਗ੍ਰਹਿ ਅੱਗੇ-ਪਿੱਛੇ ਪ੍ਰੈਸੱ ‘ਚ ਭੇਜਕੇ ਪਾਠਕਾਂ ਦੇ ਹੱਥਾਂ ਤੀਕ ਪਹੁੰਚਾਉਣ ਦਾ ਮਨ ਬਣਾਇਆ ਹੈ।

        ਜਿਲ੍ਹਾ ਗੁਰਦਾਸਪੁਰ ਵਿਚ ਚਲਦੀ ‘ਸਭ ਰੰਗ ਸਾਹਿਤ ਸਭਾ’ ਨਾਲ ਸਾਂਝਾ ਪਾਲਦਿਆਂ, ਆਪਣੀ ਬੇਟੀ ਸਮਾਨਤਾ, ਬੇਟਾ ਰਾਘਵ ਅਤੇ ਆਪਣੀ ਜੀਵਨ-ਸਾਥਣ ਨਾਲ, ਰਾਮ ਸ਼ਰਨਮ ਕਲੋਨੀ ਗੁਰਦਾਸਪੁਰ ਵਿਖੇ ਡੇਰੇ ਲਾਈ ਬੈਠੇ ਯੱਸ਼ਪਾਲ ਟੋਨੀ ਦਾ ਕਹਿਣ ਹੈ ਕਿ ਬੇਸ਼ੱਕ ਮੈਂ ਘੱਟ ਹੀ ਲਿਖਾਂ, ਪਰ ਜੋ ਵੀ ਲਿਖਾਂਗਾ, ਆਪਣੇ ਵੱਡਮੁੱਲੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਕਲੰਕਤ ਕਰਨ ਵਾਲੀ ਲਿਖਤ ਕਦੀ ਜਿੰਦਗੀ ਭਰ ਵਿਚ ਵੀ ਨਹੀ ਲਿਖਾਂਗਾ। ਇਹੀ ਹੋਕਾ ਉਹ ਅੱਗੋਂ ਖੁੱਲ੍ਹਕੇ ਦਿੰਦਾ ਹੈ, ਹੋਰ ਕਲਮਾਂ, ਅਵਾਜਾਂ ਅਤੇ ਸੁਰਾਂ ਦੇ ਵਾਰਸਾਂ ਨੂੰ।

       ਸ਼ਾਲ੍ਹਾ ! ਉਸਤਾਦ ਕਲਮ ਬਲਵਿੰਦਰ ਬਾਲਮ ਦੀ ਉਂਗਲੀ ਫੜਕੇ ਤੁਰੇ ਹੋਏ, ਯੱਸ਼ਪਾਲ ਟੋਨੀ ਦੀਆਂ ਸੋਚਾਂ ਨੂੰ ਭਰਵਾਂ ਬੂਰ ਪਵੇ ! ਮੱਲੋ ਮੱਲੀ ਦੁਆ ਨਿਕਲਦੀ ਹੈ ਕਲਮ ਦੇ ਇਸ ਵਾਰਸ ਲਈ !  ਆਮੀਨ !

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

ਸੰਪਰਕ : ਯੱਸ਼ਪਾਲ ਟੋਨੀ, ਗੁਰਦਾਸਪੁਰ (9876498603)

Share Button

Leave a Reply

Your email address will not be published. Required fields are marked *

%d bloggers like this: