ਅੰਜ਼ਾਮ

ss1

ਅੰਜ਼ਾਮ

ਬੈੱਡ ਤੇ ਪਏ ਫੋਨ ਦੀ ਸਕਰੀਨ ਇਕ ਦਮ ਰੋਸ਼ਨੀ ਨਾਲ ਜਗਮਗਾਈ।ਸਕਰੀਨ ਤੇ ਕੋਈ ਅਜਨਬੀ ਜਿਹਾ ਨੰਬਰ ਫਲੈਸ਼ ਕਰ ਰਿਹਾ ਸੀ ਜਿਸ ਤੋਂ ਫੋਨ ਆ ਰਿਹਾ ਸੀ।ਪਹਿਲਾਂ ਤਾਂ ਚੁੱਕਣਾ ਜਰੂਰੀ ਨਾ ਸਮਝਿਆ ਫਿਰ ਇਕ ਦਮ ਨਾ ਜਾਣੇ ਕੀ ਖਿਆਲ ਆਇਆ ਕਿ ਫੋਨ ਚੁੱਕ ਲਿਆ।ਸਾਹਮਣੇ ਤੋਂ ਕੋਈ ਅਣਜਾਣ ਜਿਹੇ ਮੁੰਡੇ ਦੀ ਆਵਾਜ ਸੀ ।
ਮੈਂ ਪੁੱਛਿਆ ‘ਕੌਣ?’
ਅੱਗੋਂ ਉਹ ਬੋਲਿਆ ‘ਤੁਸੀਂ ਸੰਜਨਾ ਬੋਲ ਰਹੇ ਹੋ ਨਾ?’
‘ਹਾਂ ਜੀ, ਮੈਂ ਸੰਜਨਾ ਹੀ ਬੋਲ ਰਹੀ ਹਾਂ ਪਰ ਤੁਸੀਂ ਕੌਣ? ‘
‘ਪਹਿਚਾਣਿਆ ਨਹੀਂ, ਮੈਂ ਸਾਹਿਲ ਜੋ ਤੁਹਾਡੇ ਨਾਲ ਤੁਹਾਡੀ ਕਲਾਸ ਚ’ ਪੜਦਾ ਹੁੰਦਾ ਸੀ ਸਕੂਲ ਵਿਚ।’
ਜਦ ਉਸ ਮੁੰਡੇ ਨੇ ਆਪਣਾ ਨਾਮ ਸਾਹਿਲ ਦੱਸਿਆ ਤਾਂ ਇਕ ਦਮ ਬਚਪਨ ਵਾਲੇ ਸਾਹਿਲ ਦਾ ਚਿਹਰਾ ਅੱਖਾਂ ਸਾਹਮਣੇ ਘੁੰਮ ਗਿਆ।ਕਈ ਸਵਾਲ ਦਿਮਾਗ ਵਿਚ ਆਏ ਤੇ ਕਈ ਜਵਾਬ ਵੀ ।ਅਚਾਨਕ ਨੌ ਸਾਲ ਬਾਅਦ ਮੈਨੂੰ ਕਿਉਂ ਫੋਨ ਕਰ ਰਿਹਾ?
ਸ਼ਾਇਦ ਸਭ ਨਵੇਂ ਪੁਰਾਣੇ ਸਹਿਪਾਠੀਆਂ ਨਾਲ ਰਾਬਤਾ ਕਰਨਾ ਚਾਹੁੰਦਾ ਹੋਏਗਾ।
ਪਰ ਮੈਂ ਤਾਂ ਕਦੇ ਇਸ ਨਾਲ ਗੱਲ ਤੱਕ ਨਹੀਂ ਕੀਤੀ ਸੀ ਸਕੂਲ ਵਿਚ ਫਿਰ ਮੈਨੂੰ ਕਿਉਂ ਫੋਨ ਕਰ ਰਿਹਾ?
ਤੇ ਮੇਰਾ ਨੰਬਰ ਇਸ ਕੋਲ ਕਿਵੇਂ ਆ ਗਿਆ?
ਇਹ ਸਭ ਸੋਚ ਹੀ ਰਹੀ ਸੀ ਕਿ ਅਚਾਨਕ ਫਿਰ ਉਸਦੀ ਆਵਾਜ਼ ਕੰਨਾ ਚ ਪਈ ਜਿਸ ਨਾਲ ਮੈਂ ਚੌਂਕ ਗਈ ।
‘ਤੁਹਾਨੂੰ ਬੁਰਾ ਤਾਂ ਨਹੀਂ ਲੱਗਿਆ ਮੇਰਾ ਇਸ ਤਰ੍ਹਾਂ ਫੋਨ ਕਰਨਾ? ‘
ਬੁਰਾ ਤਾਂ ਨਹੀਂ ਪਰ ਅਜੀਬ ਜਿਹਾ ਲੱਗਿਆ ਸੀ ਕਿ ਐਨੇ ਸਾਲ ਬਾਅਦ ਮੈਨੂੰ ਕੋਈ ਕਿਉਂ ਯਾਦ ਰੱਖੇਗਾ।
ਚਾਹ ਕੇ ਵੀ ਮੈਂ ਝੂਠ ਬੋਲ ਦਿੱਤਾ’ ਨਹੀਂ ਬਿਲਕੁਲ ਵੀ ਬੁਰਾ ਨਹੀਂ ਲੱਗਿਆ।’
ਉਸ ਤੋਂ ਬਾਅਦ ਸਾਡੇ ਦਰਮਿਆਨ ਕੁਝ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ।ਫਿਰ ਬਿਜੀ ਹੋਣ ਦਾ ਬਹਾਨਾ ਬਣਾ ਕੇ ਮੈਂ ਉਸਨੂੰ ਬਾਅਦ ਵਿੱਚ ਗੱਲ ਕਰਨ ਦਾ ਕਿਹਾ।
ਹਾਲਾਂਕਿ ਉਸ ਨਾਲ ਫਿਰ ਕਦੇ ਮੈਂ ਫੋਨ ਤੇ ਗਲ ਨਹੀਂ ਕੀਤੀ ।ਸਾਡੀਆਂ ਜੋ ਵੀ ਗੱਲਾਂ ਹੋਈਆਂ ਬਸ ਮੈਸੇਜ ਵਿਚ ਹੀ ਹੋਈਆਂ।ਉਸਨੇ ਮੈਸੇਜ ਵਿਚ ਹੀ ਆਪਣੇ ਐਨੇ ਸਾਲਾਂ ਬਾਅਦ ਮੇਰੇ ਨਾਲ ਰਾਬਤਾ ਕਰਨ ਦਾ ਕਾਰਨ ਦੱਸਿਆ ਸੀ।
‘ਉਸ ਸਮੇਂ ਮੈਂ ਤੇਰੇ ਲਾਇਕ ਨਹੀਂ ਸੀ ਇਸ ਲਈ ਗੱਲ ਨਹੀਂ ਕਰ ਪਾਇਆ ਤੇ ਨਾ ਹੀ ਐਨਾ ਸੋਹਣਾ ਸੀ।ਪਰ ਹੁਣ ਮੈਂ ਜਾਣ ਗਿਆ ਹਾਂ ਕਿ ਸੋਹਣਾ ਹੋਣਾ ਹੀ ਸਭ ਕੁੱਝ ਨਹੀਂ ।ਨਾਲੇ ਮੈਂ ਹੁਣ ਖੁਦ ਨੂੰ ਤੇਰੇ ਲਾਇਕ ਬਣਾ ਕੇ ਆਇਆ ਹਾਂ।’
‘ਕੀ ਮਤਲਬ ਮੈਂ ਸਮਝੀ ਨਹੀਂ? ‘ਉਸਦੀ ਗੱਲ ਸੁਣ ਮੈਂ ਦੁਵਿਧਾ ਵਿਚ ਪੈ ਗਈ ।
‘ ਪਿਆਰ ਕਰਦਾ ਹਾਂ ਤੈਨੂੰ।ਤੈਨੂੰ ਪਾਉਣਾ ਚਾਹੁੰਦਾ।ਤੇਰੇ ਲਈ ਕੁਝ ਵੀ ਕਰ ਸਕਦਾ।ਤੇਰੇ ਬਿਨਾਂ ਅਧੂਰਾ ਹਾਂ ਮੈਂ ।ਤੂੰ ਨਹੀਂ ਜਾਣਦੀ ਤੇਰੇ ਬਿਨਾਂ ਜੋ ਅੱਜ ਤੱਕ ਮੈਂ ਜ਼ਿੰਦਗੀ ਗੁਜਾਰੀ ਹੈ ਕਿੱਦਾਂ ਗੁਜਾਰੀ ਹੈ,ਬਸ ਮੈਂ ਹੀ ਜਾਣਦਾ।ਮੇਰੀ ਮੁਹੱਬਤ ਨੂੰ ਅਪਣਾ ਲੈ ।ਮੈਂ ਤੈਨੂੰ ਬਹੁਤ ਪਿਆਰ ਦੇਵਾਂਗਾ ।ਹਮੇਸ਼ਾ ਖੁਸ਼ ਰੱਖਾਂਗਾ।ਤੈਨੂੰ ਪਾਉਣ ਲਈ ਕੁਝ ਵੀ ਕਰ ਜਾਵਾਂਗਾ ।’ਉਸ ਨੇ ਇੱਕ ਮਿੰਟ ਵਿੱਚ ਆਪਣੇ ਦਿਲ ਦੀ ਹਰ ਗੱਲ ਲਿਖ ਕੇ ਬਿਆਨ ਕਰ ਦਿੱਤੀ।
ਉਹਦੀਆਂ ਉਹ ਗੱਲਾਂ ਸੁਣ ਮੈਂ ਸਖ਼ਤ ਰਵਈਏ ਵਿੱਚ ਕਿਹਾ ‘ਪਿਆਰ ਤਾਂ ਸਭ ਕੁਝ ਨਹੀਂ ਹੈ।ਜਿੰਦਗੀ ਵਿੱਚ ਹੋਰ ਵੀ ਕਈ ਜਰੂਰਤਾਂ ਹੁੰਦੀਆਂ, ਕੀ ਉਹਨਾਂ ਨੂੰ ਪੂਰਾ ਕਰ ਪਾਏਂਗਾ?’
‘ਤੂੰ ਇਕ ਵਾਰ ਕਹਿ ਕੇ ਦੇਖ, ਇਹ ਦੁਨੀਆ ਤੇਰੇ ਕਦਮਾਂ ਚ ਨਾ ਝੁਕਾ ਦਿਆਂ ਤਾਂ ਆਖੀਂ।’
‘ਸੋਚ ਲੈ, ਮੈਂ ਤਾਂ ਹਾਂ ਵੀ ਬਹੁਤ ਖਰਚੀਲੀ।ਕਿੰਨਾ ਖਰਚਾ ਉਠਾ ਪਾਵੇਂਗਾ ਮੇਰਾ?’ਉਸਨੂੰ ਅਜਮਾਉਣ ਦੇ ਲਈ ਮੈਂ ਐਦਾ ਕੁਝ ਕਿਹਾ ।
‘ਕਿੰਨਾ ਖਰਚ ਕਰ ਲਵੇਗੀ ਪੰਜ ਲੱਖ, ਦੱਸ ਲੱਖ ਜਾਂ ਪੰਜਾਹ ਲੱਖ,ਐਨੇ ਪੈਸੇ ਤਾਂ ਅੱਲਗ ਤੋਂ ਜੋੜ ਰੱਖੇ ਨੇ ਤੇਰੇ ਲਈ ।’
‘ਚਲੋ ਮੰਨ ਲੈਂਦੀ ਹਾਂ ਕਿ ਜੋੜੇ ਹੋਣਗੇ,ਪਰ ਤੇਰੀ ਖੁਦ ਦੀ ਕਮਾਈ ਨਹੀਂ ਹੈ ਉਹ, ਤੇਰੇ ਮਾਂ ਬਾਪ ਦੀ ਦੌਲਤ ਹੈ ਉਹ ਸਭ ਤਾਂ।ਤੇਰੇ ਕੋਲ ਤਾਂ ਕੋਈ ਨੌਕਰੀ ਵੀ ਤਾਂ ਨਹੀਂ ਹੈ।ਮੇਰੇ ਮਾਂ ਬਾਪ ਕਿਵੇਂ ਇਕ ਬੇਰੁਜਗਾਰ ਹੱਥ ਮੇਰਾ ਹੱਥ ਦੇ ਦੇਣਗੇ?ਇਸ ਲਈ ਪਹਿਲੇ ਆਪਣੇ ਪੈਰਾਂ ਤੇ ਖੜੇ ਹੋ ਜਾਉ ਫਿਰ ਕਰਨਾ ਗਲ ਵਿਆਹ ਦੀ।’
‘ ਮੈਂ ਨੌਕਰੀ ਕਰਨਾ ਹੀ ਨਹੀਂ ਚਾਹੁੰਦਾ।ਨਾਲੇ ਅੱਜਕਲ ਛੇਤੀ ਨਾਲ ਨੌਕਰੀ ਮਿਲਦੀ ਵੀ ਨਹੀਂ ਜਾਂ ਤਾਂ ਵੱਡੀ ਸਾਰੀ ਸਿਫਾਰਸ਼ ਹੋਏ ਜਾਂ ਬਹੁਤ ਸਾਰਾ ਪੈਸਾ ਚੜਾਉ ।’
ਮੈਂ ਸੋਚ ਵਿਚ ਪੈ ਗਈ ਕਿ ਜੋ ਇਨਸਾਨ ਦੋ ਪਲ ਪਹਿਲੇ ਮੇਰੇ ਲਈ ਕੁਝ ਵੀ ਕਰ ਜਾਣ ਦਾ ਦਾਅਵਾ ਕਰ ਰਿਹਾ ਸੀ ਉਸਦਾ ਦਾਅਵਾ ਐਨੀ ਜਲਦੀ ਢਹਿ ਗਿਆ।
‘ਅੱਛਾ ਫੇਰ ਤੂੰ ਜੋ ਕਰ ਸਕਦਾ ਹੈਂ ਜ਼ਰੂਰੀ ਨਹੀਂ ਕਿ ਮੇਰੇ ਲਈ ਕਰ।ਜੋ ਤੂੰ ਕਰਨਾ ਆਪਣੇ ਲਈ ਕਰ, ਜੇ ਤੈਨੂੰ ਮੇਰੇ ਨਾਲ ਮੁਹੱਬਤ ਹੈ ਤਾਂ ਮੇਰਾ ਹੱਥ ਮੰਗ ਲੈ ਮੇਰੇ ਮਾਂ ਬਾਪ ਤੋਂ ।ਜੇ ਉਹ ਰਜਾਮੰਦ ਹੁੰਦੇ ਨੇ ਤਾਂ ਮੈਨੂੰ ਵੀ ਕੋਈ ਐਤਰਾਜ ਨਹੀਂ ।’
ਉਹ ਕਹਿਣ ਲੱਗਾ ‘ਮੈਂ ਚਾਹ ਕੇ ਵੀ ਐਦਾ ਨਹੀਂ ਕਰ ਸਕਦਾ।’
‘ਕਿਉਂ? ‘
ਮੈਨੂੰ ਡਰ ਹੈ ਕਿ ਕਿਤੇ ਤੇਰੇ ਮਾਂ-ਬਾਪ ਮਨਾ ਹੀ ਨਾ ਕਰ ਦੇਣ ਤੇਰਾ ਹੱਥ ਦੇਣ ਤੋਂ ਤੇ ਮੈਂ ਤੈਨੂੰ ਹਮੇਸ਼ਾਂ ਲਈ ਖੋਹ ਬੈਠਾਂ ।’
‘ਫਿਰ ਮੈਂ ਕੀ ਕਰ ਸਕਦੀ ਹਾਂ ਤੇਰੇ ਲਈ ਦੱਸ? ‘
‘ਤੂੰ ਬਸ ਮੈਨੂੰ ਪਿਆਰ ਕਰ ।ਮੈਂ ਜੇ ਜਿੰਦਗੀ ਵਿੱਚ ਤੈਨੂੰ ਨਾ ਵੀ ਪਾਇਆ ਤਾਂ ਇਹ ਅਹਿਸਾਸ ਰਹੂ ਜਿੰਦਗੀ ਭਰ ਕਿ ਤੂੰ ਮੈਨੂੰ ਚਾਹਿਆ ਸੀ ।’
‘ਦੇਖ ਮੈਨੂੰ ਤੇਰੇ ਨਾਲ ਕੋਈ ਮੁਹੱਬਤ ਨਹੀਂ ਹੈ ਤੇ ਨਾ ਹੀ ਹੋ ਸਕਦੀ ।ਮੈਂ ਸਿਰਫ ਆਪਣੇ ਮੰਮੀ ਪਾਪਾ ਨੂੰ ਪਿਆਰ ਕਰਦੀ ਹਾਂ ਉਹ ਜਿੱਥੇ ਮੇਰਾ ਰਿਸ਼ਤਾ ਕਰ ਰਹੇ ਨੇ ਉਥੇ ਹੀ ਰਿਸ਼ਤਾ ਕਰਵਾਉਣਾ ਮੈਂ।’
‘ਮਾਂ ਪਿਓ ਨੂੰ ਪਿਆਰ ਕਰਦੀ ਹੈਂ ਤੇ ਮੇਰੀ ਮੁਹੱਬਤ ਕਿੱਥੇ ਗਈ ਜੋ ਤੈਨੂੰ ਨੌ ਸਾਲ ਤੋਂ ਕਰ ਰਿਹਾ।ਉਸਦਾ ਹਿਸਾਬ ਕੋਣ ਦੇਵੇਗਾ?’
‘ਉਹ ਇਕਤਰਫਾ ਮੁਹੱਬਤ ਹੈ ।ਮੈਂ ਤੇਰੇ ਬਾਰੇ ਕਦੇ ਸੋਚਿਆ ਹੀ ਨਹੀਂ ।’
‘ਜੇ ਤੂੰ ਮੇਰੀ ਨਹੀਂ ਹੋਈ ਨਾ ਤਾਂ ਮੈਂ ਬਹੁਤ ਬੁਰਾ ਕਰ ਸਕਦਾ ਤੇਰੇ ਨਾਲ।’
‘ਕੀ ਕਰੇਂਗਾ ਤੂੰ ਮੇਰੇ ਨਾਲ।’
‘ਤੈਨੂੰ ਬਦਨਾਮ ਕਰ ਸਕਦਾ ਆਪਣੇ ਨਾਮ ਨਾਲ।ਤੇਰੇ ਪਿੰਡ ਵਿੱਚ ਅਨਾਊਂਸਮੈਂਟ ਕਰਵਾ ਦੇਵਾਂਗਾ ਕਿ ਮੈਂ ਤੈਨੂੰ ਪਿਆਰ ਕਰਦਾ ਤੇ ਤੂੰ ਮੈਨੂੰ।’
‘ਕੀ ਇਹ ਵਾਕਈ ਤੇਰੀ ਮੁਹੱਬਤ ਬੋਲ ਰਹੀ ਹੈ ਜਾਂ ਪਾਗਲਪਨ? ‘
‘ ਤੂੰ ਇਹਨੂੰ ਮੁਹੱਬਤ ਸਮਝ ਜਾਂ ਮੇਰਾ ਪਾਗਲਪਨ, ਮੇਰਾ ਮਕਸਦ ਸਿਰਫ਼ ਤੈਨੂੰ ਹਾਸਿਲ ਕਰਨਾ ਹੈ ।ਉਸਦੇ ਲਈ ਫਿਰ ਚਾਹੇ…! ‘ਉਹ ਕੁਝ ਕਹਿੰਦਾ ਕਹਿੰਦਾ ਰੁਕ ਗਿਆ ।
‘ ਫਿਰ ਕੀ… ਆਪਣੀ ਗੱਲ ਪੂਰੀ ਕਰ ਕੀ ਕਰੇਂਗਾ ਫਿਰ? ‘
‘ ਤੈਨੂੰ ਕਿਡਨੈਪ(ਅਗਵਾ) ਕਰਵਾ ਕੇ ਜਬਰਦਸਤੀ ਵਿਆਹ ਕਰਵਾ ਲੈਣਾ ਤੇਰੇ ਨਾਲ।’
‘ਧਮਕੀ ਦੇ ਰਿਹੈਂ? ‘
‘ ਧਮਕੀ ਨਹੀਂ ਆਗਾਹ ਕਰ ਰਿਹਾ ਜੋ ਅੱਗੇ ਚੱਲ ਕੇ ਤੇਰੇ ਨਾਲ ਹੋਣ ਵਾਲਾ ਹੈ ।’
‘ਜਾ ਕਰ ਲੈ ਜੋ ਕਰਨਾ ।ਮੈਂ ਤੇਰੇ ਜਿਹਾਂ ਤੋਂ ਡਰਦੀ ਨਹੀਂ ਹਾਂ।’
ਮੇਰੇ ਐਦਾਂ ਗੁੱਸੇ ਵਿਚ ਕਹੇ ਬੋਲਾਂ ਨੂੰ ਸੁਣ ਉਹ ਬਹੁਤ ਭੜਕ ਗਿਆ ਸੀ ।ਉਹ ਐਨਾ ਗੁੱਸੇ ਵਿੱਚ ਸੀ ਕਿ ਜੇ ਮੈਂ ਉਸਦੇ ਸਾਹਮਣੇ ਹੁੰਦੀ ਤਾਂ ਸ਼ਾਇਦ ਉਹ ਮੇਰਾ ਕਤਲ ਵੀ ਕਰ ਦਿੰਦਾ ।ਮੈਨੂੰ ਹਾਸਲ ਕਰਨ ਦਾ ਜਨੂੰਨ ਉਸਦੇ ਸਿਰ ਤੇ ਐਨਾ ਸਵਾਰ ਹੋ ਗਿਆ ਸੀ ਕਿ
ਅਗਲੇ ਦਿਨ ਉਸ ਆਪਣੇ ਕੁਝ ਦੋਸਤਾਂ ਨਾਲ ਮੈਨੂੰ ਕਿਡਨੈਪ ਕਰਵਾਉਣ ਦਾ ਸਾਰਾ ਪਲੈਨ ਬਣਾ ਲਿਆ।ਦਿਨ ਭਰ ਪਲੈਨ ਬਣਾਉਣ ਬਾਅਦ ਆਖਰ ਰਾਤ ਦੇ ਅਖੀਰਲੇ ਪਹਿਰ ਉਸਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਉਸ ਪਲੈਨ ਨੂੰ ਅੰਜਾਮ ਵੀ ਦੇ ਦਿੱਤਾ।ਰਾਤ ਨੂੰ ਮੇਰੇ ਘਰ ਘੁਸ ਕੇ ਉਨ੍ਹਾਂ ਮੇਰੇ ਪਰਿਵਾਰ ਨੂੰ ਤੇ ਮੈਨੂੰ ਬੇਹੋਸ਼ੀ ਦੀ ਦਵਾਈ ਸੁੰਘਾ ਦਿੱਤੀ।ਸਭ ਦੇ ਬੇਹੋਸ਼ ਹੋ ਜਾਣ ਬਾਅਦ ਉਹ ਮੈਨੂੰ ਮੇਰੇ ਘਰੋਂ ਚੁੱਕ ਕੇ ਲੈ ਗਏ ।ਉਸ ਤੋਂ ਬਾਅਦ ਇਕ ਸੁਨਸਾਨ ਜਗਾ ਤੇ ਮੈਨੂੰ ਕੈਦ ਕਰ ਦਿੱਤਾ ਉਹਨਾਂ ਸਭ ਨੇ।ਉਸਦੇ ਸਾਰੇ ਦੋਸਤ ਖੁਸ਼ ਸਨ ਆਪਣੇ ਦੋਸਤ ਦੀ ਜਿੱਤ ਤੇ ।
ਉਹ ਖੁਦ ਵੀ ਬਹੁਤ ਖੁਸ਼ ਸੀ ਆਪਣੇ ਮਕਸਦ ਦੀ ਕਾਮਯਾਬੀ ਤੇ।ਆਖਿਰ ਆਪਣੀ ਇਕਤਰਫਾ ਮੁਹੱਬਤ ਨੂੰ ਉਸ ਅੰਜਾਮ ਤੱਕ ਪਹੁੰਚਾ ਦਿੱਤਾ ਸੀ।
ਉਸ ਆਪਣੇ ਦੋਸਤਾਂ ਨਾਲ ਰਲ ਪਾਰਟੀ ਕੀਤੀ, ਜਸ਼ਨ ਮਨਾਏ ਕਿ ਕਿਸੇ ਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਈ ਕਿ ਉਸ ਨੇ ਮੈਨੂੰ ਅਗਵਾ ਕੀਤਾ।
ਖੁਸ਼ੀ ਦੇ ਮਾਰੇ ਉਸਦੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ।ਮੈਨੂੰ ਉਸ ਸੁਨਸਾਨ ਜਗਾ ਤੇ ਕੈਦ ਕਰਨ ਬਾਅਦ ਉਹ ਕਦੇ ਮੁੱਛਾਂ ਤੇ ਹੱਥ ਫੇਰਦਾ ਤੇ ਕਦੇ ਮੂੰਹ ਵਿੱਚ ਗੀਤ ਗੁਨਗਣਾਉਂਦਾ ਆਪਣੀ ਜਿੱਤ ਦਾ ਜਸ਼ਨ ਮਨਾਉਂਦਾ ਘਰ ਵੱਲ ਮੁੜ ਰਿਹਾ ਸੀ।ਖੁਦ ਨੂੰ ਦੁਨੀਆ ਦਾ ਸਭ ਤੋਂ ਵੱਧ ਖੁਸ਼ਕਿਸਮਤ ਇਨਸਾਨ ਸਮਝ ਰਿਹਾ ਸੀ ਕਿ ਉਸ ਵਰਗਾ ਦੁਨੀਆ ਤੇ ਸ਼ਾਇਦ ਹੀ ਕੋਈ ਹੋਣਾ।
ਜਦ ਉਹ ਥੱਕਿਆ ਹਾਰਿਆ ਖੁਸ਼ੀ ਵਿਚ ਝੂਮਦਾ ਘਰ ਮੁੜਿਆ ਤਾਂ ਕੀ ਦੇਖਦਾ।ਪੂਰਾ ਪਿੰਡ ਉਸਦੇ ਘਰ ਵਿਚ ਜਮਾ ਸੀ।ਸਭ ਤਰਾਂ ਤਰਾਂ ਦੀਆਂ ਗੱਲਾਂ ਕਰ ਰਹੇ ਸਨ।ਉਸਦੀ ਮਾਂ ਉੱਚੀ ਉੱਚੀ ਚੀਖਾਂ ਮਾਰ ਰੋ ਰਹੀ ਸੀ।ਉਹ ਡਰਿਆ ਸਹਿਮਿਆ ਮਾਂ ਕੋਲ ਗਿਆ। ਉਸਤੋਂ ਰੋਣ ਦੀ ਵਜਾਹ ਪੁੱਛੀ
ਤਾਂ ਉਹ ਹਟਕੌਰੇ ਲੈਂਦੀ ਬੋਲੀ ‘ਵੇ ਸਭ ਕੁਝ ਤਬਾਹ ਹੋ ਗਿਆ ਆਪਣਾ ।ਲੁੱਟੇ ਗਏ ਆਪਾਂ ਬਰਬਾਦ ਹੋ ਗਏ ।’
‘ਸਾਫ ਸਾਫ ਦੱਸ ਬੇਬੇ ਕੀ ਹੋਇਆ? ‘
ਜੋ ਉਸ ਸੁਣਿਆ ਉਨ੍ਹਾਂ ਸ਼ਬਦਾਂ ਨੂੰ ਸੁਣ ਉਹ ਐਦਾ ਪੱਥਰ ਦਾ ਬੁੱਤ ਹੋ ਗਿਆ ਜਿਵੇਂ ਕਿ ਕਿਸੇ ਸਦਮੇ ਵਿੱਚ ਚਲਾ ਗਿਆ ਹੋਵੇ ।ਉਸਦੀ ਮਾਂ ਆਪਣੇ ਹੰਝੂ ਰੋਕਦੇ ਹੋਏ ਠੰਡੇ ਸਾਹ ਭਰ ਬੋਲੀ।
‘ਵੇ ਤੇਰੀ ਭੈਣ ਨੂੰ ਔਂਤਰਾ ਕੱਢ ਕੇ ਲੈ ਗਿਆ ਪਿੰਡ ਦਾ ਸ਼ੇਰੂ ਨਾਈ।’

ਸਰੂਚੀ ਕੰਬੋਜ
9872348277

Share Button

Leave a Reply

Your email address will not be published. Required fields are marked *