ਅੰਮ੍ਰਿਤ ਛੱਕ ਕੇ ਸਿੰਘ ਸਜਣ ਉਪਰੰਤ ਧਾਣਕ ਸਮਾਜ ਵੱਲੋਂ ”ਸਿੱਖ” ਲਿਖਵਾਉਣ ਲਈ ਸੰਘਰਸ਼ ਦਾ ਐਲਾਨ

ss1

ਸਿੱਖ ਕੌਮ ਦੀ ਤਰਾਸਦੀ
ਅੰਮ੍ਰਿਤ ਛੱਕ ਕੇ ਸਿੰਘ ਸਜਣ ਉਪਰੰਤ ਧਾਣਕ ਸਮਾਜ ਵੱਲੋਂ ”ਸਿੱਖ” ਲਿਖਵਾਉਣ ਲਈ ਸੰਘਰਸ਼ ਦਾ ਐਲਾਨ
24 ਜੁਲਾਈ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਦਿੱਤਾ ਜਾਵੇਗਾ ਮੰਗ ਪੱਤਰ

28-30 (1)
ਮਲੋਟ, 26 ਜੂਨ (ਆਰਤੀ ਕਮਲ) : ਇਸ ਨੂੰ ਸਿੱਖ ਕੌਮ ਦੀ ਤਰਾਸਦੀ ਹੀ ਕਿਹਾ ਜਾ ਸਕਦਾ ਹੈ ਕਿ ਅਜੋਕੇ ਸਮੇਂ ਵਿਚ ਅਗਰ ਕੋਈ ਖੰਡੇ ਬਾਟੇ ਦੀ ਪਾਹੁਲ ਰੂਪੀ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ ਹੈ ਪਰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਕਾਗ਼ਜ਼ਾਂ ਵਿਚ ਸਿੱਖ ਨਹੀ ਲਿਖਵਾ ਸਕਦਾ। ਅੱਜ ਦੇ ਸਮੇਂ ਵਿਚ ਜਦਕਿ ਦੁਨੀਆ ਭਰ ਦੇ ਅਗਾਂਹਵਧੂ ਧਰਮ ਆਮ ਲੋਕਾਂ ਤੇ ਵਿਸ਼ੇਸ਼ ਕਰਕੇ ਗਰੀਬ ਜਨਤਾ ਨੂੰ ਵੱਖ ਵੱਖ ਸਹੂਲਤਾਂ ਤੇ ਸਹਿਯੋਗ ਦਾ ਵਿਸ਼ਵਾਸ ਦਵਾ ਕੇ ਆਪਣੇ ਧਰਮ ਵਿਚ ਸ਼ਾਮਿਲ ਕਰਨ ਲਈ ਦਿਨ ਪਰ ਰਾਤ ਤਤਪਰ ਹਨ ਉਥੇ ਹੀ ਸਿੱਖ ਧਰਮ ਵਿਚ ਅੰਮ੍ਰਿਤ ਛਕਣ ਵਾਲੇ ਨੂੰ ਕੋਈ ਮਾਨਤਾ ਨਾ ਮਿਲਨ ਕਾਰਨ ਹੀ ਅਜੋਕੀ ਪੀੜੀ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਕਰਨ ਸਮੇਂ ਜਾਤ ਪਾਤ ਨੂੰ ਖਤਮ ਕਰਕੇ ਕੇਵਲ ਇਕ ਸਰੂਪ ਦੀ ਦਾਤ ਦਿੱਤੀ ਪਰ ਤਿੰਨ ਸਦੀਆਂ ਬੀਤ ਜਾਣ ਉਪਰੰਤ ਵੀ ਸਿੱਖ ਕੌਮ ਆਪਣੇ ਹੀ ਦੇਸ਼ ਅੰਦਰ ਆਪਣੀ ਅਲੱਗ ਮਾਨਤਾ ਨਹੀ ਲੈ ਸਕੀ ਅਤੇ ਅੱਜ ਵੀ ਗਾਹੇ ਬਗਾਹੇ ਇਸ ਕੌਮ ਨੂੰ ਹਿੰਦੂ ਕੌਮ ਅਧੀਨ ਹੀ ਮੰਨ ਕੇ ਕਾਨੂੰਨ ਦੇ ਬਹੁਤੇ ਫੈਸਲੇ ਵੀ ਲਏ ਜਾਂਦੇ ਹਨ ।

ਤਾਜ਼ਾ ਮਸਲੇ ਵਿਚ ਧਾਣਕ ਸਮਾਜ ਨੇ ਇਸ ਸਬੰਧੀ ਸੰਘਰਸ਼ ਦਾ ਬਿਗਲ ਵਜਾਇਆ ਹੈ ਅਤੇ ਦਾਣਾ ਮੰਡੀ ਮਲੋਟ ਵਿਖੇ ਹੋਈ ਪੰਜਾਬ ਪੱਧਰੀ ਮੀਟਿੰਗ ਵਿਚ 24 ਜੁਲਾਈ ਨੂੰ ਧਾਣਕ ਸਮਾਜ ਦੇ ਜੋ ਸਰੀਰ ਅੰਮ੍ਰਿਤ ਛੱਕ ਕੇ ਸਿੰਘ ਸੱਜ ਚੁੱਕੇ ਹਨ ਉਹਨਾਂ ਨੂੰ ਧਾਣਕ ਸਿੱਖ ਵਜੋਂ ਮਾਨਤਾ ਦੇਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਅਰਜੋਈ ਕਰਨ ਦਾ ਫੈਸਲਾ ਕੀਤਾ ਗਿਆ ਹੈ। ਧਾਣਕ ਬਰਾਦਰੀ ਤੋਂ ਮਲੋਟ ਵਿਖੇ ਪੁੱਜੇ ਹੈੱਡ ਗਰੰਥੀ ਸਭਾ ਬਰੇਟਾ ਦੇ ਪ੍ਰਧਾਨ ਗੁਰਮੇਲ ਸਿੰਘ, ਢਾਡੀ ਜੱਥਾ ਭਾਈ ਰਣਜੀਤ ਸਿੰਘ ਮੌੜ ਮੰਡੀ ਅਤੇ ਢਾਡੀ ਜੱਥਾ ਭਾਈ ਗੁਰਬਚਨ ਸਿੰਘ ਬਲਰਾਂ ਆਦਿ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਉਹ ਸਿੰਘ ਸੱਜ ਚੁੱਕੇ ਹਨ ਤੇ ਸਟੇਜਾਂ ਤੋਂ ਸਿੱਖ ਕੌਮ ਲਈ ਦੇਸ਼ਾਂ ਵਿਦੇਸ਼ਾਂ ਵਿਚ ਪ੍ਰਚਾਰ ਵੀ ਕਰ ਰਹੇ ਹਨ ਪਰ ਉਹਨਾਂ ਨੂੰ ਧਾਣਕ ਸਿੱਖ ਵਜੋਂ ਮਾਨਤਾ ਨਹੀ ਹੈ । ਮਲੋਟ ਤੋਂ ਸੁਦੇਸ਼ ਕੁਮਾਰ ਤੋਂ ਸਿੱਖ ਬਣ ਚੁੱਕੇ ਸੁਦੇਸ਼ ਪਾਲ ਸਿੰਘ ਨੇ ਕਿਹਾ ਉਸਨੇ ਪਹਿਲਾਂ ਪੂਰੇ ਹਿੰਦੁਸਤਾਨ ਵਿਚ ਨਸ਼ਿਆਂ ਖ਼ਿਲਾਫ਼ ਪੈਦਲ ਯਾਤਰਾ ਕੀਤਾ ਅਤੇ ਫਿਰ ਸਾਈਕਲ ਰਾਹੀਂ ਧਾਣਕ ਸਮਾਜ ਤੋਂ ਸਿੱਖ ਬਣ ਚੁੱਕੇ ਸਿੱਖਾਂ ਬਾਰੇ ਸੂਚਨਾ ਇਕੱਠੀ ਕਰਕੇ ਸਭ ਨੂੰ ਇਕ ਪਲੇਟਫਾਰਮ ਤੇ ਇਕੱਠਾ ਕੀਤਾ । ਉਹਨਾਂ ਕਿਹਾ ਕਿ ਧਾਣਕ ਸਮਾਜ ਬਹੁਤ ਲੰਬਾ ਚੌੜਾ ਵਰਗ ਹੈ ਪਰ ਇਸਦੇ ਬਹੁਤੇ ਲੋਕਾਂ ਨੂੰ ਮਜਬੂਰਨ ਆਪਣੇ ਆਪ ਨੂੰ ਮਜ਼ਬੀ ਸਿੱਖ ਜਾਂ ਰਵੀਦਾਸੀਆ ਸਿੱਖ ਵਜੋਂ ਜਾਤ ਬਦਲ ਕੇ ਰਹਿਣ ਪੈਂਦਾ ਹੈ ਤਾਂ ਜੋ ਸਰਕਾਰੀ ਲਾਭ ਮਿਲ ਸਕਣ ਉਹਨਾਂ ਕਿਹਾ ਕਿ ਅਗਰ ਕੋਈ ਇਕੱਲਾ ਧਾਣਕ ਲਿਖਾਉਂਦਾ ਹੈ ਤਾਂ ਉਸ ਨੂੰ ਕੋਈ ਵੀ ਸਰਕਾਰ ਲਾਭ ਨਹੀ ਦਿੱਤਾ ਜਾਂਦਾ । ਬੁਲਾਰਿਆਂ ਦੱਸਿਆ ਕਿ ਧਾਣਕ ਬਰਾਦਰੀ ਦੇ ਵੱਡੀ ਗਿਣਤੀ ਲੋਕ ਸਿੱਖ ਬਣਨਾ ਲੋਚਦੇ ਹਨ ਹਾਲਾਂ ਕਿ ਉਹਨਾਂ ਉਦਾਹਰਣ ਦਿੱਤੀ ਕਿ ਜਦ ਜੱਟ ਸਿੱਖ ਲਿਖਿਆ ਜਾਂਦਾ ਹੈ ਤਾਂ ਕੀ ਉਹ ਸਾਰੇ ਅੰਮ੍ਰਿਤਧਾਰੀ ਸਿੱਖ ਹੁੰਦੇ ਹਨ ਕਿਉਂਕਿ ਬਹੁਤੇ ਜੱਟ ਸਿਖ ਮੋਨੇ ਹੀ ਹਨ ਇਸ ਲਈ ਧਾਣਕ ਸਮਾਜ ਨੂੰ ਬਤੌਰ ਧਾਣਕ ਸਿੱਖ ਲਿਖ ਕੇ ਗਰੀਬ ਵਰਗਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ । ਇਸ ਮੌਕੇ ਧਾਣਕ ਸਮਾਜ ਦੀਆਂ ਮੁਸ਼ਕਲਾਂ ਸੁਣਨ ਪੁੱਜੇ ਮਲੋਟ ਨਗਰ ਕੌਂਸਲ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਰਾਮ ਸਿੰਘ ਭੁੱਲਰ ਅਤੇ ਯੂਥ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਗਤਾਰ ਬਰਾੜ ਨੂੰ ਬੁਲਾਰਿਆਂ ਨੇ ਕਿਹਾ ਕਿ ਧਾਣਕ ਸਮਾਜ ਵੱਲੋਂ ਆਉਣ ਵਾਲੀ 24 ਜੁਲਾਈ ਨੂੰ ਪੰਜਾਬ ਪੱਧਰ ਦਾ ਬਹੁਤ ਵੱਡਾ ਇਕੱਠ ਮਲੋਟ ਵਿਖੇ ਕੀਤਾ ਜਾਵੇਗਾ ਜਿਸ ਮੌਕੇ ਧਾਣਕ ਸਮਾਜ ਨੂੰ ਬਤੌਰ ਧਾਣਕ ਸਿੱਖ ਵਜੋਂ ਮਾਨਤਾ ਦੇਣ ਲਈ ਇਕ ਮੰਗ ਪੱਤਰ ਦਿੱਤਾ ਜਾਣਾ ਹੈ ਅਤੇ ਪੂਰੇ ਧਾਣਕ ਸਮਾਜ ਦੇ ਆਗੂਆਂ ਦੀ ਇੱਛਾ ਹੈ ਕਿ ਇਹ ਮੰਗ ਪੱਤਰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਖੁਦ ਪੁੱਜ ਕੇ ਲੈਣ ਅਤੇ ਧਾਣਕ ਬਰਾਦਰੀ ਨੂੰ ਸਿੱਖ ਵਜੋਂ ਮਾਨਤਾ ਦਿਵਾਉਣ ਲਈ ਵਿਸ਼ਵਾਸ ਦੇਣ । ਇਹਨਾਂ ਪਤਵੰਤਿਆਂ ਨੇ ਵਿਸ਼ਵਾਸ ਦਵਾਇਆ ਕਿ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਇਸ ਬਾਬਤ ਗੱਲ ਕਰਕੇ ਕੋਈ ਨਾ ਕੋੋਈ ਰਸਤਾ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ 24 ਜੁਲਾਈ ਨੂੰ ਇਕੱਠੇ ਹੋ ਰਹੇ ਧਾਣਕ ਬਰਾਦਰੀ ਨੂੰ ਸਰਕਾਰ ਤੋਂ ਨਿਰਾਸ਼ ਨਹੀ ਹੋਣਾ ਪਵੇਗਾ । ਇਸ ਮੌਕੇ ਮਲੋਟ ਧਾਣਕ ਸਮਾਜ ਦੇ ਆਤਮਾ ਰਾਮ, ਸੁਨੀਲ ਕੁਮਾਰ ਗੋਰਾ, ਮੰਗਾ ਸਿੰਘ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਮੈਂਬਰ ਹਾਜਰ ਸਨ ।

Share Button

Leave a Reply

Your email address will not be published. Required fields are marked *