ਅੰਮ੍ਰਿਤਸਰ ਦੇ ਸਵਾਗਤੀ ਗੇਟ ਨੇੜੇ ਖੁੱਲੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ

ss1

ਅੰਮ੍ਰਿਤਸਰ ਦੇ ਸਵਾਗਤੀ ਗੇਟ ਨੇੜੇ ਖੁੱਲੇ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ
ਜੇਕਰ ਠੇਕੇ ਨੂੰ ਇਕ ਹਫ਼ਤੇ ਤਕ ਨਾ ਹਟਾਇਆ ਗਿਆ ਤਾਂ ਜਥੇਬਦੀਆਂ ਅਗਲਾ ਸੰਘਰਸ਼ ਉਲੀਕਣ ਲਈ ਮਜਬੂਰ ਹੋਵਣਗੀਆਂ

ਜੰਡਿਆਲਾ ਗੁਰੂ 9 ਦਸੰਬਰ (ਵਰਿੰਦਰ ਸਿੰਘ ) ਗੁਰੂੁ ਨਗਰੀ ਸ੍ਰੀ ਅੰਮ੍ਰਿਤਸਰ-ਜਲੰਧਰ ਹਾਈਵੇ ਸਥਿਤ ਜਿਥੇ ਸਵਾਗਤੀ ਗੇਟ ਬਣਿਆ ਹੋਇਆ ਹੈ, ਉਸ ਦੇ ਬਿਲਕੁਲ ਨਜਦੀਕ ਹੀ ਇਕ ਸ਼ਰਾਬ ਦੇ ਖੁੱਲੇ ਠੇਕੇ ਨੂੰ ਬੰਦ ਕਰਵਾਉਣ ਲਈ ਅੱਜ ਸਿੱਖ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦੇ ਕੇ ਮੰਗ ਕੀਤੀ ਕਿ ਛੇਤੀ ਹੀ ਉਸ ਠੇਕੇ ਨੂੰ ਬੰਦ ਕਰਵਾਇਆ ਜਾਵੇ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਠੇਸ ਪੁੱਜ ਰਹੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਸਵਾਗਤੀ ਗੇਟ ਤੋਂ ਪਹਿਲਾਂ ਹੀ ਸ਼ਰਾਬ ਦਾ ਠੇਕਾ ਨਜਰ ਆਉਂਦਾ ਹੈ।
ਸਿੱਖ ਧਾਰਮਿਕ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ, ਇੰਟਰਨੈਸ਼ਨਲ ਸਿੱਖ ਫ਼ੈਡਰੇਸ਼ਨ, ਦਮਦਮੀ ਟਕਸਾਲ ਗੱਤਕਾ ਅਖਾੜਾ, ਸਿੱਖ ਯੂਥ ਪ੍ਰਚਾਰਕ ਜਥਾ ਸਮੇਤ ਸਿੱਖ ਸੰਗਤਾਂ ਅਤੇ ਫ਼ਤਹਿ ਵਰਲਡ ਸਕੂਲ ਵਲੋਂ ਅੱਜ ਸਵਾਗਤੀ ਗੇਟ ਨੇੜੇ ਖੁੱਲੇ ਠੇਕੇ ਨੂੰ ਬੰਦ ਕਰਵਾਉਣ ਲਈ ਮੰਗ ਪੱਤਰ ਸੋਂਪਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਸੁਖਜੀਤ ਸਿੰਘ ਖੋਸੇ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਪਰਮਜੀਤ ਸਿੰਘ ਅਕਾਲੀ ਅਤੇ ਭਾਈ ਦਿਲਬਾਗ ਸਿੰਘ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਸ੍ਰੀ ਅੰਮ੍ਰਿਤਸਰ ਸ਼ਹਿਰ ਨੂੰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਨੇ ਆਪਣੇ ਪਵਿੱਤਰ ਕਰ ਕਮਲਾ ਨਾਲ ਵਸਾਇਆ ਸੀ ਤੇ ਇਸੇ ਸ਼ਹਿਰ ਚ ਸਿੱਖਾਂ ਦਾ ਕੇਂਦਰੀ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਮੌਜੂਦ ਹੈ। ਪਿਛਲੇ ਸਮੇਂ ਪੰਜਾਬ ਸਰਕਾਰ ਨੇ ਅੰਮ੍ਰਿਤਸਰ-ਜਲੰਧਰ ਹਾਈਵੇ ਸੜਕ ਉਪਰ ਸ੍ਰੀ ਅੰਮ੍ਰਿਤਸਰ ਚ ਇਕ ਸਵਾਗਤੀ ਗੇਟ ਬਣਾਇਆ ਸੀ। ਜਿਸ ਦੇ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਵਿਰਾਸਤ ਜੁੜੀ ਹੋਈ ਹੈ।ਪਰ ਪਿਛਲੇ ਕੁਝ ਸਮੇਂ ਤੋਂ ਉਸ ਸਵਾਗਤੀ ਗੇਟ ਚੋਂ ਦਾਖਲ ਹੋਣ ਤੋਂ ਪਹਿਲਾਂ ਹੀ ਇਕ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵਲੋਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਨੈਸ਼ਨਲ ਹਾਈਵੇ ਉਤੇ ਜੋ ਵੀ ਸ਼ਰਾਬ ਦੇ ਠੇਕੇ ਹਨ, ਉਨ੍ਹਾਂ ਨੂੰ ਮੁੱਖ ਸੜਕਾਂ ਤੋਂ ਹਟਾ ਕੇ 500 ਮੀਟਰ ਦੂਰ ਕਿਸੇ ਹੋਰ ਪਾਸੇ ਲਿਜਾਇਆ ਜਾਵੇ। ਲੇਕਿਨ ਸਰਕਾਰ ਵਲੋਂ ਪਾਸ ਕੀਤੇ ਗਏ ਇਸ ਕਾਨੂੰਨ ਦੀਆਂ ਵੀ ਉਸ ਸ਼ਰਾਬ ਦੇ ਠੇਕੇਦਾਰ ਵਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਨ੍ਹਾਂ ਇਹ ਵੀ ਕਿਹਾ ਕਿ ਠੇਕੇ ਦੇ ਬਿਲਕੁਲ ਕੋਲ 100 ਮੀਟਰ ਤੇ ਇਕ ਫ਼ਤਿਹ ਵਰਲਡ ਨਾਮ ਦਾ ਸਕੂਲ ਵੀ ਖੁੱਲਾ ਹੋਇਆ ਹੈ ਜਿਸ ਦੇ ਵਿਦਿਆਰਥੀ ਜਦੋਂ ਛੁੱਟੀ ਵੇਲੇ ਇਸ ਠੇਕੇ ਦੇ ਨੇੜੇ ਤੋਂ ਲੰਘਦੇ ਹਨ ਤਾਂ ਉਨ੍ਹਾਂ ਬੱਚਿਆਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਠੇਕੇ ਨੂੰ ਉਥੌਂ ਤੁਰੰਤ ਹਟਾਇਆ ਜਾਵੇ।ਉਨ੍ਹਾਂ ਦਸਿਆ ਕਿ ਜਥੇਬੰਦੀਆਂ ਨੇ ਆਪਣੇ ਤੌਰ ਤੇ ਠੇਕੇ ਦੇ ਮਾਲਕ ਜਤਿੰਦਰ ਸਿੰਘ ਰਿੰਕੂ ਅਤੇ ਜਗਰੂਪ ਸਿੰਘ ਠੇਕੇਦਾਰ ਨਾਲ 17 ਨਵੰਬਰ 2017 ਨੂੰ ਇਸ ਠੇਕੇ ਨੂੰ ਹਟਾਏ ਜਾਣ ਦੀ ਮੰਗ ਕੀਤੀ ਸੀ ਜਿਸ ਤੇ ਠੇਕੇਦਾਰਾਂ ਨੇ ਠੇਕਾ ਇਥੋਂ ਬਦਲਣ ਦੀ ਸਾਡੇ ਨਾਲ ਸਹਿਮਤੀ ਪ੍ਰਗਟਾਈ ਸੀ ਤੇ ਇਕ ਹਫ਼ਤੇ ਦਾ ਸਮਾਂ ਮੰਗਿਆ ਸੀ ।ਲੇਕਿਨ ਹੁਣ 9 ਦਸੰਬਰ 2017 ਤਕ ਵੀ ਇਹ ਠੇਕਾ ਜਿਉਂ ਦਾ ਤਿਉਂ ਉਥੇ ਮੌਜੂਦ ਹੈ।ਸਮੁਚੀਆਂ ਸਿੱਖ ਜਥੇਬੰਦੀਆਂ ਵਲੋਂ ਦਿੱਤੇ ਗਏ ਮੰਗ ਪੱਤਰਾਂ ਵਿੱਚ ਪ੍ਰਸਾਸ਼ਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਠੇਕੇ ਨੂੰ ਇਕ ਹਫ਼ਤੇ ਤਕ ਇਥੋਂ ਹਟਾਏ ਜਾਣ ਦੇ ਆਡਰ ਕੀਤੇ ਜਾਣ, ਨਹੀਂ ਤਾਂ ਸਮੁੱਚੀਆਂ ਸਿੱਖ ਜਥੇਬਦੀਆਂ ਤੇ ਸੰਗਤਾਂ ਇਸ ਸਬੰਧੀ ਅਗਲਾ ਪ੍ਰੋਗਰਾਮ ਉਲੀਕਣ ਲਈ ਮਜਬੂਰ ਹੋਵਣਗੀਆਂ।ਇਸ ਮੌਕੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਸੁਖਜੀਤ ਸਿੰਘ ਖੋਸੇ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਦਿਲਬਾਗ ਸਿੰਘ ਤੋਂ ਇਲਾਵਾ ਭਾਈ ਸਿਮਰਨਜੀਤ ਸਿੰਘ ਸੰਘਾ, ਹਰਪਤ ਸਿੰਘ ਟੋਨੀ, ਬਲਜਿੰਦਰ ਸਿੰਘ, ਸੂਰਜ ਸਿੰਘ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਗੁਰਜੰਟ ਸਿੰਘ, ਮਨਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ , ਜਗਪਾਲ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *