ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ

ss1

ਅੰਨਦਾਤਾ ਜਾਂ ਬਿਲਕਦਾ ਕਿਸਾਨ ਅਤੇ ਰੁਲਦੀ ਕਿਸਾਨੀ

 

ਮਿੱਟੀ ਨਾਲ ਮਿੱਟੀ ਹੋ ਕੇ, ਧਰਤੀ ਦੀ ਹਿੱਕ ਚੀਰ ਕੇ, ਪੋਹ ਮਾਘ ਦੀ ਕੜਕਦੀ ਠੰਡ, ਜੇਠ ਹਾੜ ਦੀਆਂ ਧੁੱਪਾਂ ਪਿੰਡੇ ਤੇ ਹੰਢਾ ਕੇ ਸਮੁੱਚੇ ਜਗਤ ਨੂੰ ਅਨਾਜ ਮਹੁੱਈਆ ਕਰਾਉਣ ਵਾਲੇ ਕਿਸਾਨ ਨੂੰ ਅੰਨਦਾਤਾ ਦੇ ਵਿਸ਼ੇਸ਼ਣ ਨਾਲ ਨਿਵਾਜਿਆ ਗਿਆ ਹੈ, ਪਰ ਅਜੋਕੀ ਵਿਡੰਵਨਾ ਹੈ ਕਿ ਏਹੋ ਅੰਨਦਾਤਾ, ਦੂਜਿਆਂ ਦਾ ਤਾਂ ਢਿੱਡ ਭਰਦਾ ਹੈ ਪਰਤੂੰ ਆਪ ਭੁੱਖਾ ਸੌਣ ਲਈ ਮਜ਼ਬੂਰ ਹੈ।
ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਸਪੱਸ਼ਟ ਹੈ ਕਿ ਦਿਨੋ-ਦਿਨੋ ਕਿਸਾਨ ਕਰਜ਼ੇ ਦੀ ਪੰਡ ਹੇਠ ਦੱਬਿਆ ਜਾ ਰਿਹਾ ਹੈ, ਅਤੇ ਉਸਨੂੰ ਉਸਦੀਆਂ ਫ਼ਸਲਾਂ ਦੇ ਸਹੀ ਮੁੱਲ ਨਹੀਂ ਮਿਲ ਰਹੇ।ਦੇਸ ਵਿੱਚ ਕਿੱਧਰੇ ਭੁੱਖਮਰੀ ਦੀ ਸਮੱਸਿਆ ਨਾ ਪੈਦਾ ਹੋ ਜਾਵੇ, ਸੋ ਪੰਜਾਬੀ ਕਿਸਾਨਾਂ ਦੀਆਂ ਫ਼ਸਲਾਂ ਕੌਡੀਆਂ ਦੇ ਭਾਅ ਸਰਕਾਰਾਂ ਲੈਂਦੀਆਂ ਚੱਲੀਆਂ ਆ ਰਹੀਆਂ ਹਨ।ਇੱਥੇ ਇਹ ਕਹਿਣਾ ਕੋਈ ਅੱਤ-ਕੱਥਨੀ ਨਹੀਂ ਹੋਵੇਗੀ ਕਿ ਜੇਕਰ 1970 ਦੇ ਸਮੇਂ ਦੌਰਾਨ ਦੇਸ ਵਿੱਚ ਅਨਾਜ ਦੀ ਘੱਟਦੀ ਜਾਂਦੀ ਉਪਜ ਨੂੰ ਬਚਾਉਣ ਲਈ ਜੇਕਰ ਪੰਜਾਬ ਹਰੀ ਕ੍ਰਾਂਤੀ ਵਿੱਚ ਸ਼ਾਮਿਲ ਨਾ ਹੰੁਦਾ ਤਾਂ ਦੇਸ ਦਾ ਅਯੋਕਾ ਹਾਲ ਕੀ ਹੁੰਦਾ? ਇਹ ਸੋਚ ਕੇ ਹੀ ਰੂਹ ਕੰਬਦੀ ਹੈ।
ਖ਼ੈਰ, ਆਮ ਬੋਲਚਾਲ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਕਿਸਾਨੀ ਦਿਨ-ਬ-ਦਿਨ ਘਾਟੇ ਦਾ ਸੌਦਾ ਸਿੱਧ ਹੋ ਰਹੀ ਹੈ।ਇਹ ਸਰਕਾਰੀ ਅੰਕੜੇ ਵੀ ਆਪਣੇ ਮੂੰਹੋਂ ਬੋਲਦੇ ਹਨ, ਜੇਕਰ ਖੇਤੀਬਾੜੀ ਦੀ ਵਿਕਾਸ ਦਰ ਦੀ ਹੀ ਗੱਲ ਕਰੀਏ ਤਾਂ 2012-13 ਦੌਰਾਨ ਵਿਕਾਸ ਦਰ 1.2 ਫੀਸਦੀ ਸੀ ਜੋ ਕਿ 2014 ਵਿੱਚ ਕੁਝ ਵੱਧ ਕੇ 3.7 ਫੀਸਦੀ ਹੋ ਗਈ ਅਤੇ 2014-15 ਵਿੱਚ ਘੱਟ ਕੇ 1.1 ਫੀਸਦੀ ਤੇ ਆ ਗਈ।ਕੁਝ ਕੁਦਰਤੀ ਕਰੋਪੀਆਂ ਕਰਕੇ, ਕੁਝ ਕਿਸਾਨੀ ਦੇ ਘਾਟੇ ਅਤੇ ਦਿਨੋ ਦਿਨ ਵੱਧ ਰਹੀ ਕਰਜ਼ੇ ਦੀ ਮਾਰ ਦਾ ਭਾਰ ਨਾ ਸਹਾਰਦਾ ਹੋਇਆ ਕਿਸਾਨ ਹਾਰ ਜਾਂਦਾ ਹੈ ਅਤੇ ਆਤਮ-ਹੱਤਿਆ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।ਖ਼ੈਰ ਉਹ ਕਿਸਾਨ ਤਾਂ ਮੌਤ ਗਲੇ ਲਗਾ ਕੇ ਜ਼ਹਾਨੋ ਤੁਰ ਜਾਂਦਾ ਹੈ ਪਰਤੂੰ ਆਪਣੇ ਵਾਰਸਾ ਨੂੰ ਤੋਹਫ਼ੇ ਵਿੱਚ ਉਹੀ ਕਰਜ਼ੇ ਦੀ ਪੰਡ ਦੇ ਜਾਂਦਾ ਹੈ, ਜੋ ਅਗਲੀ ਪੀੜੀ ਨੂੰ ਤਾ-ਉਮਰ ਲੈ ਬਹਿੰਦੀ ਹੈ।
ਮਿਹਨਤੀ ਕਿਸਾਨ ਸਰਕਾਰਾਂ ਦੀ ਅਣਦੇਖੀ ਦਾ ਹਰਜ਼ਾਨਾ ਲੰਬੇ ਸਮੇਂ ਤੋਂ ਭਰਦੇ ਆ ਰਹੇ ਹਨ, ਤਾਜ਼ਾ ਅਖ਼ਬਾਰੀ ਰਿਪੋਰਟਾਂ ਮੁਤਾਬਕ ਜੇਕਰ ਨਰਮੇ ਦੀ ਗੱਲ ਹੀ ਕਰੀਏ ਤਾਂ ਨਰਮਾ ਪੱਟ ਦੇ ਕਿਸਾਨਾਂ ਨੇ ਲਗਭੱਗ 14 ਲੱਖ 82 ਹਜ਼ਾਰ ਏਕੜ ਚ ਨਰਮਾ ਬੀਜਿਆ ਸੀ ਜਿਸ ਵਿੱਚੋਂ 2 ਲੱਖ 47 ਹਜ਼ਾਰ ਏਕੜ ਤੇ ਚਿੱਟੇ ਮੱਛਰ ਨੇ ਹਮਲਾ ਕਰ ਦਿੱਤਾ।ਕੁੱਲ ਲੁਆਈ ਤੇ ਤਕਰੀਬਨ 444 ਕਰੋੜ 60 ਲੱਖ ਰੁਪਏ ਕੀਤੇ ਗਏ ਖਰਚ ਵਿੱਚੋਂ 74 ਕਰੋੜ 10 ਲੱਖ ਸਿੱਧੇ ਹੀ ਕਿਸਾਨਾਂ ਦੀ ਜੇਬ ਵਿੱਚੋਂ ਨਿਕਲ ਕੇ ਬਰਬਾਦ ਤਾਂ ਹੋ ਹੀ ਗਏ ਹਨ।ਨਾਲ ਹੀ ਪ੍ਰਤੀ ਏਕੜ ਨਰਮੇ ਵਿੱਚੋਂ ਹੋਣ ਵਾਲੀ 45 ਤੋਂ 50 ਹਜ਼ਾਰ ਰੁਪਏ ਦੀ ਕਮਾਈ ਖੂਹ ਵਿੱਚ ਚਲੀ ਗਈ ਹੈ।
ਇਹ ਤਾਂ ਸ਼ੀਸ਼ੇ ਵਾਂਗੂੰ ਸਾਫ਼ ਹੀ ਹੈ ਕਿ ਸਰਕਾਰਾਂ ਜਾਂ ਵਿਵਸਥਾ ਦੀ ਅਣਗਹਿਲੀ ਕਾਰਨ ਹੀ ਕਿਸਾਨੀ ਘਾਟੇ ਦੀ ਕਿਰਤ ਬਣ ਕੇ ਰਹਿ ਗਈ ਹੈ।ਖੇਤੀਬਾੜੀ ਵਿਭਾਗ ਕਿੰਨਾ ਸਰਗਰਮ ਹੈ? ਇਹ ਵੀ ਕਿਸੇ ਤੋਂ ਨਹੀਂ ਛੁਪਿਆ।ਪੰਜਾਬ ਵਿੱਚ ਖੇਤੀਬਾੜੀ ਵਿਭਾਗ ਜ਼ਿਆਦਾ ਖਾਨਾਪੂਰਤੀ ਹੀ ਕਰਦਾ ਹੈ ਅਤੇ ਇਹ ਸਰਕਾਰ ਦੀ ਕਹਿਣੀ ਤੇ ਕਰਨੀ ਦੀ ਜਿਊਂਦੀ ਜਾਗਦੀ ਤਸਵੀਰ ਹੈ? ਵਖ਼ਤ ਅਤੇ ਸਰਕਾਰ ਜਾਂ ਵਿਵਸਥਾ ਦੇ ਮਾਰੇ ਕਿਸਾਨ ਦੀ ਸਾਰੀ ਉਮਰ ਘੱਟਾ ਢਾਉਂਦੇ ਦੀ ਬੀਤ ਜਾਂਦੀ ਹੈ ਪਰ ਸਮੱਸਿਆਵਾਂ ਦਾ ਪਰਨਾਲਾ ਉੱਥੇ ਦਾ ਉੱਥੇ।ਬੇਸ਼ੱਕ ਵੱਖੋ-ਵੱਖਰੀਆਂ ਸਰਕਾਰਾਂ ਕਿਸਾਨ ਹਤੈਸ਼ੀ ਹੋਣ ਦੀਆਂ ਡੀਂਗਾਂ ਮਾਰ ਰਹੀਆਂ ਜਾਂ ਮਾਰਦੀਆਂ ਰਹੀਆਂ ਹਨ, ਪਰ ਇਹ ਕਿਸੇ ਤੋਂ ਲੁਕਿਆ ਨਹੀਂ ਕਿ ਇਹ ਸਰਕਾਰਾਂ ਕਿਸਾਨ ਅਤੇ ਕਿਸਾਨੀ ਪ੍ਰਤੀ ਕਦੇ ਵੀ ਸੰਜੀਦਾ ਨਹੀਂ ਰਹੀਆਂ। ਜੇਕਰ ਇਹ ਅੰਨਦਾਤੇ ਪ੍ਰਤੀ ਸੰਜੀਦਾ ਹੁੰਦੀਆਂ ਤਾਂ ਪੰਜਾਬ ਦੀ ਕਿਸਾਨੀ ਅਤੇ ਕਿਸਾਨ ਖ਼ੁਸ਼ਹਾਲ ਹੰੁਦੇ, ਪਰ ਅਯੋਕੀ ਕਿਸਾਨੀ ਅਤੇ ਕਿਸਾਨ ਦੀ ਹਾਲਤ ਇਸਦੇ ਉਲਟ ਹੈ।
ਪੰਜਾਬ ਦੇ ਕਿਸਾਨ ਅਤੇ ਕਿਸਾਨ ਦੀ ਤਰਸਯੋਗ ਹਾਲਤ, ਕਿਸਾਨੀ ਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ, ਕਰਜ਼ੇ ਦਾ ਭਾਰ, ਖੁਦਕੁਸ਼ੀਆਂ ਦੇ ਰੁਝਾਨ ਉੱਤੇ ਨਿਰੰਤਰ ਕਿਸਾਨ ਹਤੈਸ਼ੀ ਬੁੱਧੀਜੀਵੀਆਂ ਵੱਲੋਂ ਲੇਖ ਆਦਿ ਵਿੱਚ ਆਪਣੇ ਵਿਚਾਰ ਰੱਖ ਕੇ ਹਾਂ ਦਾ ਨਾਅਰਾ ਮਾਰਿਆ ਜਾਂਦਾ ਹੈ, ਜੋ ਕਿ ਸ਼ਲਾਘਾਯੋਗ ਹੈ ਪਰੰਤੂ ਇੱਥੇ ਇਹ ਕਹਿਣਾ ਕੋਈ ਅੱਤ ਕੱਥਨੀ ਨਹੀਂ ਹੋਵੇਗੀ ਕਿ ਇੱਕ ਪੱਖ ਤਾਂ ਰੱਖ ਦਿੱਤਾ ਜਾਂਦਾ ਹੈ ਪਰੰਤੂ ਦੂਜੇ ਪੱਖ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਹੈ, ਅਤੇ ਕੇਵਲ ਸਰਕਾਰ ਜਾਂ ਵਿਵਸਥਾ ਨੂੰ ਹੀ ਰੱਜ ਕੇ ਭੰਡਿਆ ਜਾਂਦਾ ਹੈ ਜਦਕਿ ਦੂਜੇ ਪੱਖ ਨੂੰ ਵੀ ਖੁੱਲ੍ਹ ਕੇ ਲਿਖਣਾ ਚਾਹੀਦਾ ਹੈ।ਪੱਖਪਾਤ ਲਿਖਣਾ ਲੇਖਕ ਲਈ ਸ਼ੋਭਾ ਨਹੀਂ ਦਿੰਦਾ, ਕਿਉਂਕਿ ਲੇਖਕ ਦੀ ਜ਼ਿੰਮੇਵਾਰੀ ਹੰੁਦੀ ਹੈ ਕਿ ਉਹ ਹਰ ਪੱਖ ਨੂੰ ਵਾਚ ਕੇ ਲਿਖੇ।
ਜਦੋਂ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਤੁਰਦੀ ਹੈ ਤਾਂ ਪੰਜਾਬੀ ਕਿਸਾਨਾਂ ਦੇ ਕਰਜ਼ੇ ਸੰਬੰਧੀ ਕੁਝ ਹੋਰ ਪੱਖ ਵੀ ਆਪ-ਮੁਹਾਂਦਰੇ ਨਜ਼ਰ ਆ ਜਾਂਦੇ ਹਨ।ਕੁਦਰਤੀ ਰੂਪ ਵਿੱਚ ਹੋਏ ਨੁਕਸਾਨ ਦੀ ਗੱਲ ਵੱਖਰੀ ਹੈ ਪਰੰਤੂ ਜੋ ਆਪ ਜਾਣ-ਬੁਝ ਕੇ ਨੁਕਸਾਨ ਸਹੇੜੇ ਜਾਂਦੇ ਹਨ, ਉਹਨਾਂ ਦਾ ਕੀ? ਜਿਵੇਂ ਸਿਆਣਿਆ ਦੀ ਕਹਾਵਤ ਹੈ ਕਿ ਰੱਬ ਦੀ ਦਿੱਤੀ ਗਰੀਬੀ ਦਾ ਔਖੇ ਸੌਖੇ ਬੰਦਾ ਕੱਟ ਲੈਂਦਾ ਹੈ, ਪਰ ਬੰਦੇ ਦੀ ਲਿਆਂਦੀ ਗ਼ਰੀਬੀ ਦਾ ਕੋਈ ਹੱਲ ਨਹੀਂ।ਸੱਚ ਅਕਸਰ ਕੌੜਾ ਹੰੁਦਾ ਅਤੇ ਇਹ ਮਿਰਚਾਂ ਵਾਂਗੂੰ ਲੜਦਾ ਪਰ ਸੱਚ, ਸੱਚ ਹੀ ਹੰੁਦਾ ਹੈ। ਪੰਜਾਬੀ ਕਿਸਾਨਾਂ ਸੰਬੰਧੀ ਇਹ ਵੀ ਕੌੜਾ ਸੱਚ ਹੈ ਕਿ ਜ਼ਿਆਦਾਤਰ ਪੰਜਾਬੀ ਕਿਸਾਨ ਸਮਾਜਿਕ ਸ਼ੋਸ਼ੇਬਾਜ਼ੀ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੇ ਹਨ ਅਤੇ ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ ਤਾਂ ਜੋ ਹੰੁਦਾ ਹੈ, ਉਹ ਕਿਸੇ ਤੋਂ ਛੁਪਿਆ ਨਹੀਂ?
ਪੰਜਾਬੀ ਗਾਇਕਾਂ ਵੱਲੋਂ ਜ਼ਿਆਦਾਤਰ ਕਿਸਾਨੀ ਖਿੱਤੇ ਨਾਲ ਜੁੜੇ ਵਰਗ ਨੂੰ ਐਨਾ ਰੱਜਦਾ-ਪੁੱਜਦਾ ਵਿਖਾਇਆ ਜਾ ਰਿਹਾ ਹੈ, ਪੰਜਾਬੀ ਕਿਸਾਨ ਦਾ ਅਕਸ ਐਨਾ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਦਾ ਮਾੜਾ ਅਸਰ ਪਹਿਲੀ ਤੱਕਣੀ ਹੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਇਸਦਾ ਮਾੜਾ ਪ੍ਰਭਾਵ ਜ਼ਿਆਦਾਤਰ ਨੌਜਵਾਨ ਪੀੜੀ ਦਾ ਨਾਸ਼ ਮਾਰ ਰਿਹਾ ਹੈ, ਨੌਜਵਾਨ ਆਪਣੀ ਜ਼ਮੀਨੀ ਹਕੀਕਤ ਨੂੰ ਦਰ ਕਿਨਾਰ ਕਰਕੇ, ਖਰਚੇ ਵਧਾ ਲੈਂਦੇ ਹਨ, ਸੋ ਖਰਚ ਕੀਤੇ ਜਾਣ ਵਾਲੇ ਪੈਸੇ ਬਾਪੂ ਦਰੱਖਤ ਤੋਂ ਤੋੜ ਕੇ ਨਹੀਂ ਦਿੰਦਾ, ਕਿਤੇ ਨਾ ਕਿਤੇ ਕਰਜ਼ੇ ਦੇ ਬੀਜ ਨੂੰ ਥਾਂ ਦੇਣੀ ਪੈਂਦੀ ਹੈ।ਜਦ ਕਿ ਸੱਚਾਈ ਇਹ ਹੈ ਕਿ ਪੰਜਾਬ ਵਿੱਚ ਜ਼ਿਆਦਾ ਜ਼ਮੀਨਾਂ ਵਾਲੇ ਕਿਸਾਨ ਘੱਟ ਹੀ ਹਨ, ਜ਼ਿਆਦਾਤਰ ਮੱਧਵਰਤੀ, ਜਾਂ ਬਹੁਤ ਘੱਟ ਜ਼ਮੀਨਾਂ ਵਾਲੇ ਕਿਸਾਨ ਹਨ, ਜਿੰਨਾਂ ਦੀ ਆਮਦਨ ਸੀਮਿਤ ਹੈ।
ਇਹ ਕਿਸੇ ਤੋਂ ਅੱਖੋ ਪਰੋਖੇ ਨਹੀਂ ਕਿ ਕਿਸਾਨੀ ਖਿੱਤੇ ਨਾਲ ਜੁੜੇ ਆਮ ਪਰਿਵਾਰ ਵਿਆਹਾਂ ਤੇ ਕਿੰਨਾ ਪੈਸਾ ਖਰਚ ਕਰਦੇ ਹਨ।ਕਿਸਾਨ ਪਰਿਵਾਰ ਸਮਾਜਿਕ ਸੋਸ਼ੇਬਾਜ਼ੀ ਲਈ ਖ਼ੁਸ਼ੀ ਦੇ ਸਮਾਗਮਾਂ ਜਿਵੇਂ ਕਿ ਵਿਆਹ ਆਦਿ ਤੇ ਹੱਦੋਂ ਵੱਧ ਖਰਚਾ ਕਰਦੇ ਹਨ, ਅਤੇ ਇਹਨਾਂ ਸਮਾਗਮਾਂ ਦੇ ਪਾਣੀ ਵਾਂਗੂੰ ਜੋ ਪੈਸਾ ਵਹਾਇਆ ਜਾਂਦਾ ਹੈ, ਉਹ ਜ਼ਿਆਦਾਤਰ ਇਧਰੋਂ ਉਧਰੋਂ ਚੱਕ ਕੇ ਹੀ ਵਰਤਿਆ ਜਾਂਦਾ ਹੈ।ਪੈਸੇ ਮੋੜਨੇ ਵੀ ਹਨ ਸੋ ਜ਼ਿਆਦਾ ਪੈਦਾਵਰ ਲੈਣ ਲਈ ਖੇਤਾਂ ਦੇ ਵਿੱਚ ਬਹੁਤ ਰੇਹਾਂ, ਸਪ੍ਰੇਹਾਂ ਰੂਪੀ ਅੱਗ ਸਵਾਹ ਵਰਤਿਆ ਜਾਂਦਾ ਹੈ ਅਤੇ ਇਹਨਾਂ ਨੇ ਖੇਤਾਂ ਨੂੰ ਵੀ ਨਸ਼ੱਈ ਬਣਾ ਛੱਡਿਆ ਹੈ।ਬੇਸ਼ੱਕ ਰੇਹਾਂ, ਸਪ੍ਰੇਹਾਂ ਕੇਰਾਂ-ਦੋ ਵੇਰਾਂ ਫਸਲ ਵਧੀਆਂ ਦੇ ਦੇਣ ਪਰੰਤੂ ਅਸਲੀਅਤ ਵਿੱਚ ਇਹ ਜ਼ਮੀਨ ਨੂੰ ਅੰਦਰੋਂ ਅੰਦਰੀ ਖਾ ਰਹੀਆਂ ਹਨ, ਜਿਵੇਂ ਨਸ਼ੇ ਬੰਦੇ ਨੂੰ ਖਾਂਦੇ ਹਨ।
ਖੇਤੀਬਾੜੀ ਯੂਨੀਵਰਸਿਟੀ ਖੇਤੀ ਖੋਜ ਤੇ ਨਿਰੰਤਰ ਕੰਮ ਕਰੀ ਹੈ ਅਤੇ ਕਿਸਾਨ ਮੇਲੇ ਦਾ ਵੀ ਵੱਡੇ ਪੱਧਰ ਤੇ ਪ੍ਰਬੰਧ ਕੀਤਾ ਜਾਂਦਾ ਹੈ, ਜਿੱਥੇ ਹਜ਼ਾਰਾਂ ਕਿਸਾਨ ਆਉਂਦੇ ਹਨ, ਪਰ ਇਹ ਸਾਫ਼ ਹੈ ਕਿ ਮੇਲੇ ਦਾ ਅਸਲ ਮਨੋਰਥ ਪੂਰਾ ਨਹੀਂ ਹੰੁਦਾ ਸਗੋਂ ਕਿਸਾਨ ਦੇਖ-ਸੁਣ ਕੇ ਉੱਥੇ ਹੀ ਛੱਡ ਆਉਂਦੇ ਹਨ ਜਾਂ ਵੱਧ ਤੋਂ ਵੱਧ ਪਿੰਡ ਆ ਕੇ ਦੋ-ਚਾਰ ਨੂੰ ਦੱਸ ਦਿੰਦੇ ਹਨ ਕਿ ਫਲਾਣੀ ਨਵੀਂ ਮਸ਼ੀਨ ਆ ਗਈ ਆਦਿ।ਮੇਲੇ ਵਿੱਚ ਜਾਣ ਵਾਲੇ ਕੋਈ ਵਿਰਲੇ ਕਿਸਾਨ ਹੀ ਹੰੁਦੇ ਹਨ, ਜੋ ਸਿੱਖਣ ਅਤੇ ਅਮਲੀ ਜਾਮਾ ਪਹਿਨਾਉਣ ਵਿੱਚ ਸੰਜੀਦਗੀ ਦਿਖਾਉਂਦੇ ਹੋਣ।
ਜ਼ਿਆਦਾਤਰ ਪੰਜਾਬੀ ਕਿਸਾਨ ਅਨਪੜ੍ਹ ਹੈ, ਉਹ ਵਿਗਿਆਨ ਦੇ ਨਾਲ ਕਦਮ ਮਿਲਾ ਕੇ ਨਹੀਂ ਚੱਲ ਰਿਹਾ।ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਲਈ ਜਾਂ ਕਾਮਯਾਬੀ ਨੂੰ ਬਰਕਰਾਰ ਰੱਖਣ ਲਈ ਸੰਬੰਧਿਤ ਖੇਤਰ ਸੰਬੰਧੀ ਨਿਰੰਤਰ ਗਿਆਨ ਪ੍ਰਾਪਤ ਕਰਦੇ ਰਹਿਣਾ ਚਾਹੀਦਾ ਹੈ, ਸੋ ਇਹ ਸੁਭਾਵਕ ਹੀ ਪ੍ਰਸ਼ਨ ਹੈ ਕਿ ਕਿੰਨੇ ਕਿਸਾਨ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਅਤੇ ਕਿੰਨੇ ਖੇਤੀਬਾੜੀ ਨਾਲ ਸੰਬੰਧਤ ਖੋਜ ਕਾਰਜ ਜਾਂ ਖੇਤੀਬਾੜੀ ਗਿਆਨ ਵਰਧਕ ਰਸਾਲਿਆ ਆਦਿ ਰੂਪੀ ਸਮੱਗਰੀ ਨਿਰੰਤਰ ਪੜ੍ਹਦੇ ਹਨ ਅਤੇ ਫਾਇਦਾ ਉਠਾਉਂਦੇ ਹਨ।
ਪੰਜਾਬ ਵਿੱਚ ਮੁੱਖ ਰੂਪ ਵਿੱਚ ਇੱਕੋ ਫ਼ਸਲੀ ਚੱਕਰ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਤੇ ਝੋਨੇ ਸਦਕਾ ਪੰਜਾਬ ਦਾ ਪਾਣੀ ਪੱਧਰ ਦਿਨ-ਬ-ਦਿਨ ਹੇਠਾਂ ਜਾ ਰਿਹਾ ਹੈ।ਦੁਨੀਆਂ ਦੀ ਉੱਚ ਸੰਸਥਾ ਨਾਸਾ ਨੇ 2015 ਵਿੱਚ ਪੰਜਾਬ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਗਰਾਂਡ ਮੀਟਰ ਦੀ ਵਰਤੋਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਪੰਜਾਬ ਵਿੱਚ ਉਤਪਾਦ ਘੱਟ ਸਕਦਾ ਹੈ।ਕਿਸਾਨ ਉਪਜ ਵਾਸਤੇ ਗਰਾਂਡ ਮੀਟਰ ਦੀ ਵਰਤੋਂ ਕਰ ਰਿਹਾ ਹੈ ਜੋ ਪੰਜਾਬ ਦੀ ਧਰਤੀ ਨੂੰ ਸੁਕਾ ਰਿਹਾ ਹੈ।
ਪੰਜਾਬੀ ਪਰਿਵਾਰਾਂ ਵਿੱਚ ਪਰਿਵਾਰ ਦੇ ਮੁਖੀ ਦੀ “ਮੈਂ ਹੈਗਾਂ! ਤੁਸੀਂ ਕੀ ਲੈਣਾ? ਆਪੇ ਵੇਖ ਲਉੇੇਂ।” ਦੀ ਪ੍ਰਵਿਰਤੀ ਨੇ ਕਰਜ਼ੇ ਰੂਪੀ ਪੰਡ ਦੇ ਵਾਧੇ ਵਿੱਚ ਯੋਗਦਾਨ ਪਾਇਆ ਹੈ ਕਿਉਂਕਿ ਜ਼ਿਆਦਾਤਰ ਪਰਿਵਾਰਾਂ ਵਿੱਚ ਲੈਣ-ਦੇਣ ਸੰਬੰਧੀ ਪਰਿਵਾਰ ਦੇ ਮੁਖੀ ਨੂੰ ਛੱਡ ਕੇ ਕਿਸੇ ਹੋਰ ਮੈਂਬਰ ਨੂੰ ਪੂਰੀ ਜਾਣਕਾਰੀ ਨਹੀਂ ਹੰੁਦੀ ਅਤੇ ਪਰਿਵਾਰ ਨੂੰ ਉਦੋਂ ਪਤਾ ਲੱਗਦਾ ਹੈ, ਜਦੋਂ ਪਾਣੀ ਸਿਰ ਤੋਂ ਲੰਘ ਜਾਂਦਾ ਹੈ।ਜੇਕਰ ਸਮੇਂ ਰਹਿੰਦੇ ਲੈਣ-ਦੇਣ ਸੰਬੰਧੀ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਰਹੇ ਤਾਂ ਇੱਕ ਹੱਦ ਤੱਕ ਖਰਚੇ-ਪੱਤਿਆਂ ਤੇ ਕੰਟਰੋਲ ਕਰਕੇ, ਕਰਜ਼ੇ ਦੇ ਭੈੜੇ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ।
ਖ਼ੈਰ! ਪੰਜਾਬ ਦੀ ਕਿਸਾਨੀ ਅੱਜ ਦੇ ਦੌਰ ਵਿੱਚ ਬਹੁਤ ਹੀ ਤਰਸਯੋਗ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ।ਵੱਖੋ ਵੱਖਰੀਆਂ ਰਾਜਸੀ ਧਿਰਾਂ ਵੀ ਕਿਸਾਨਾਂ ਨੂੰ ਵੋਟਾਂ ਤੱਕ ਹੀ ਸਮੇਟ ਕੇ ਰੱਖ ਦਿੰਦੀਆਂ ਹਨ ਅਤੇ ਪੰਜਾਬ ਦੇ ਕਿਸਾਨ ਅਤੇ ਕਿਸਾਨੀ ਪ੍ਰਤੀ ਕੋਈ ਧਿਰ ਸੰਜੀਦਾ ਨਹੀਂ ਜਾਪਦੀ, ਸਗੋਂ ਕਿਸਾਨਾਂ ਅਤੇ ਕਿਸਾਨੀ ਦੇ ਨਾਂ ਤੇ ਰਾਜਸੀ ਰੋਟੀਆਂ ਹੀ ਸੇਕਦੇ ਮੰਨੇ ਜਾ ਸਕਦੇ ਹਨ।ਹੁਣ ਸਮੇਂ ਦੀ ਲੋੜ ਹੈ ਕਿ ਸਰਕਾਰਾਂ ਨੂੰ ਕਿਸਾਨ ਅਤੇ ਕਿਸਾਨੀ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਤੇ ਆ ਰਹੇ ਖਰਚਿਆਂ ਆਦਿ ਮੁਤਾਬਕ ਸਹੀ ਮੁੱਲ ਦੇਣੇ ਚਾਹੀਦੇ ਹਨ, ਕੁਦਰਤੀ ਕਰੋਪੀਆਂ ਆਦਿ ਨੁਕਸਾਨਾਂ ਦੌਰਾਨ ਵੀ ਉਹਨਾਂ ਨੂੰ ਮੁਆਵਜਾਂ ਵਾਜਿਬ ਦੇਣਾ ਚਾਹੀਦਾ ਹੈ, ਨਾ ਕਿ ਸਿਰਫ ਦਿਖਾਵੇ ਲਈ ਹਲਕੀ-ਫੁਲਕੀ ਰਕਮ।
ਕਿਸਾਨ ਅਤੇ ਕਿਸਾਨੀ ਹਿਤੈਸ਼ੀ ਜਥੇਬੰਦੀਆਂ, ਬੁੱਧੀਜੀਵੀਆਂ ਵੱਲੋਂ ਲਗਾਤਾਰ ਰੱਖੀ ਜਾਂਦੀ ਮੰਗ ਸਵਾਮੀ ਰੰਗਾਨਾਥਨ ਵੱਲੋਂ ਆਪਣੀ ਰਿਪੋਰਟ ਵਿੱਚ ਕੀਤੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਅਤੇ ਹੋਰ ਜੋ ਵੀ ਕਿਸਾਨ ਅਤੇ ਕਿਸਾਨੀ ਦੇ ਹੱਕ ਵਿੱਚ ਲੋੜੀਂਦੀ ਕਾਰਵਾਈ ਦੀ ਜ਼ਰੂਰਤ ਹੋਵੇ, ਨੂੰ ਅਮਲੀ ਜਾਮਾ ਪਹਿਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਖੁਸ਼ਹਾਲ ਪੰਜਾਬ ਦਾ ਨਿਰਮਾਣ ਹੋ ਸਕੇ ਕਿਉਂਕਿ ਪੰਜਾਬ ਵਿੱਚ ਜ਼ਿਆਦਾਤਰ ਲੋਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜੇਕਰ ਖੇਤੀਬਾੜੀ ਨੂੰ ਪੰਜਾਬ ਦੀ ਰੀੜ ਦੀ ਹੱਡੀ ਕਿਹਾ ਜਾਵੇ ਤਾਂ ਕੋਈ ਅੱਤਕੱਥਨੀ ਨਹੀਂ ਹੋਵੇਗੀ।ਨਾਲ ਹੀ ਕਿਸਾਨਾਂ ਨੂੰ ਆਪਣੀ ਸਵੈ-ਪੜਚੋਲ ਕਰਦੇ ਹੋਏ, ਆਪਣੇ ਖਰਚਿਆਂ ਤੇ ਕੰਟਰੋਲ ਸੰਬੰਧੀ ਵੀ ਸੰਜੀਦਾ ਹੋਣਾ ਚਾਹੀਦਾ ਹੈ ਅਤੇ ਖ਼ੁਸੀ ਅਤੇ ਹੋਰ ਸਮਾਗਮਾਂ ਜਾਂ ਲੋੜਾਂ ਤੇ ਖ਼ਰਚ ਕਰਨ ਲੱਗਿਆਂ, ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ, ਰੱਜਦੇ-ਪੁੱਜਦੇ ਜਾਂ ਅਮੀਰ ਲੋਕਾਂ ਦੀ ਦੇਖੋ-ਦੇਖੀ ਆਪਣੀ ਕੁੱਲੀ ਨਹੀਂ ਢਾਉਣੀ ਚਾਹੀਦੀ।ਕਿਸਾਨਾਂ ਨੂੰ ਵਿਗਿਆਨਕ ਸੇਧਾਂ ਨੂੰ ਵੀ ਅੱਖੋ ਪਰੋਖੇ ਨਹੀਂ ਕਰਨਾ ਚਾਹੀਦਾ।
ਜੇਕਰ ਵਿਵਸਥਾ ਜਾਂ ਸਰਕਾਰ ਅਤੇ ਕਿਸਾਨ ਦੋਨੋਂ ਲੋੜੀਂਦੇ ਤੱਥਾਂ ਪ੍ਰਤੀ ਸੰਜੀਦਾ ਹੋਣ ਤਾਂ ਇੱਕ ਖ਼ੁਸ਼ਹਾਲ ਮਾਹੌਲ ਸਿਰਜਿਆ ਜਾ ਸਕਦਾ ਹੈ ਅਤੇ ਫਿਰ ਕੋਈ ਕਿਸਾਨ ਆਪਣੇ ਪਰਿਵਾਰ ਦੀ ਤਰੱਕੀ ਦੇ ਸੁਪਨੇ ਸੰਜੋਏ ਅੱਧਵਾਟੇ ਸਲਫ਼ਾਸ ਖਾ ਕੇ ਜਾਂ ਫਾਹਾ ਲੈ ਕੇ ਜਾਂ ਨਹਿਰ `ਚ ਛਾਲ ਮਾਰ ਕੇ ਮਰਨ ਲਈ ਮਜ਼ਬੂਰ ਨਹੀਂ ਹੋਵੇਗਾ।

 

Gobinder Singh Dhindsa

ਗੋਬਿੰਦਰ ਸਿੰਘ ਢੀਂਡਸਾ
ਪਿੰਡ ਤੇ ਡਾਕਖ਼ਾਨਾ : ਬਰੜ੍ਹਵਾਲ
ਤਹਿਸੀਲ : ਧੂਰੀ (ਸੰਗਰੂਰ)
ਮੋਬਾਇਲ ਨੰਬਰ : 92560-66000

Share Button

Leave a Reply

Your email address will not be published. Required fields are marked *