Wed. May 22nd, 2019

ਅੰਗਰੇਜ਼ੀ ਕਵੀ, ਲੈਕਚਰਾਰ ਜਗਜੀਤ ਸਿੰਘ ਜੰਡੂ(ਜੀਤ)

ਅੰਗਰੇਜ਼ੀ ਕਵੀ, ਲੈਕਚਰਾਰ ਜਗਜੀਤ ਸਿੰਘ ਜੰਡੂ(ਜੀਤ)

ਜੀਤ ਨੇ ਕਦੇ ਆਪ ਵੀ ਨਹੀਂ ਸੀ ਸੋਚਿਆ ਕਿ ਉਹ ਕਦੀ ਅੰਗਰੇਜ਼ੀ ਕਵਿਤਾ ਲਿਖੇਗਾ ਤੇ ਦੁਨੀਆਂ ਦੇ ਪ੍ਰਸਿੱਧ ਕਵੀਆਂ ਨਾਲ ਕਾਵਿ ਸੰਗ੍ਰਿਹਾਂ ਵਿੱਚ ਸਾਂਝੀਵਾਲ ਬਣੇਗਾ, ਪਰ ਅਜੇ ਵੀ ਉਸਦਾ ਇਹ ਮੰਨਣਾ ਹੈ ਕਿ ਅੰਗਰੇਜ਼ੀ ਕਵਿਤਾ ਦੇ ਮੂਲ ਵਿਚਾਰ ਨੂੰ ਮਾਂ ਬੋਲੀ (ਪੰਜਾਬੀ) ਹੀ ਜਨਮ ਦਿੰਦੀ ਹੈ।
ਜਗਜੀਤ ਸਿੰਘ ਜ਼ੰਡੂ(ਜੀਤ) ਦਾ ਜਨਮ 20ਨਵੰਬਰ, 1951 ਨੂੰ ਰਿਆਸਤੀ ਸ਼ਹਿਰ ਨਾਭਾ ਨੇੜਲੇ ਪਿੰਡ ਥੂਹੀ ਵਿਖੇ ਹੋਇਆ। ਮੁੱਢਲੀ ਸਿੱਖਿਆ ਸ:ਪ੍ਰਾ:ਸਕੂਲ, ਕਰਤਾਰਪੁਰਾ ਮੁਹੱਲਾ, ਨਾਭਾ, ਸੈਕੰਡਰੀ ਸਿੱਖਿਆ ਸ:ਸੀ:ਸੈ:, ਸਕੂਲ(ਲੜਕੇ), ਨਾਭਾ ਅਤੇ ਉਚ ਸਿੱਖਿਆ ਸ: ਰਿਪੁਦਮਨ ਕਾਲਜ, ਨਾਭਾ ਵਿਖੇ ਪ੍ਰਾਪਤ ਕੀਤੀ।
> ਜੀਤ ਨੇ ਪਹਿਲੀ ਕਵਿਤਾ ਪੰਜਾਬੀ ਵਿੱਚ ਪੋਲਿਟੀਕੋ-ਕਵਿਤਾਵਾਂ ਰੂਬਾਈ ਦੇ ਰੂਪ ਵਿੱਚ ਲਿਖੀਆਂ ਜੋ ਪੰਜਾਬ ਦੇ ਦੋ ਪ੍ਰਸਿੱਧ ਰੋਜ਼ਾਨਾ ਅਖਬਾਰਾਂ ਦੇ ਕਾਲਮ “ਗੜਗੱਜ ਬੋਲੇ” ਅਧੀਨ ਪ੍ਰਕਾਸ਼ਿਤ ਹੋਈਆਂ। ਉਸਦੀ ਕਵਿਤਾ “ਸੱਚ ਅਤੇ ਕੂੜ” ਉਸਦੇ ਸਕੂਲ ਮੈਗਜ਼ੀਨ “ਫੁੱਲ ਪੱਤੀਆਂ” ਜਨਵਰੀ 1969 ਵਿੱਚ ਪ੍ਰਕਾਸ਼ਿਤ ਹੋਈ ਅਤੇ ਜੀਤ ਨੂੰ ਇਸ ਮੈਗਜ਼ੀਨ ਦੇ ਪੰਜਾਬੀ ਸ਼ੈਕਸ਼ਨ ਦਾ ਐਡੀਟਰ ਵੀ ਬਣਾਇਆ ਗਿਆ।
ਬੀਐਸ. ਸੀ. ਕਰਨ ਉਪਰੰਤ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਪਟਿਆਲਾ ਵਿਖੇ ਬਤੌਰ ਯੂ.ਡੀ.ਸੀ. ਸੇਵਾ ਨਿਭਾਈ। ਇੱਥੇ ਰਹਿ ਕੇ ਇਨ੍ਹਾਂ ਅਪਣੇ ਨਿੱਜੀ ਯਤਨਾਂ ਸਦਕਾ ਪ੍ਰਾਈਵੇਟ ਉਮੀਦਵਾਰ ਦੇ ਤੌਰ ਤੇ ਐਮ.ਏ.(ਅਰਥ-ਸ਼ਾਸਤਰ) ਦੀ ਡਿਗਰੀ ਪ੍ਰਾਪਤ ਕੀਤੀ। ਯੂ.ਡੀ.ਸੀ. ਦੀ ਨੋਕਰੀ ਤੋਂ ਅਸਤੀਫਾ ਦੇ ਕੇ, ਅਗਸਤ 1976 ਨੂੰ ਸ:ਸਟੇਟ ਕਾਲਜ ਵਿੱਖੇ ਬੀ.ਐਡ. ਵਿੱਚ ਦਾਖਲਾ ਲਿਆ, ਸ਼ੈਸ਼ਨ ਪੂਰਾ ਹੁੰਦੇ ਹੀ ਇਨ੍ਹਾਂ ਦੀ ਪੰਜਾਬ ਨੈਸ਼ਨਲ ਬੈਂਕ ਦੀ ਜਗਰਾਉਂ ਬਰਾਂਚ ਵਿਖੇ ਬਤੌਰ ਕੈਸ਼ੀਅਰ ਕਮ ਕਲਰਕ ਦੀ ਨਿਯੁਕਤੀ ਹੋ ਗਈ। ਬੀ.ਐਡ. ਦੀ ਪ੍ਰੀਖਿਆ ਦੇਣ ਲਈ ਬੈਂਕ ਤੋਂ ਛੁੱਟੀ ਲੈਣੀ ਪਈ। ਮੈਨੇਜਰ ਦੇ ਫਿਰਕਾਪ੍ਰਸਤ ਵਤੀਰੇ ਤੇ ਇਨ੍ਹਾਂ ਨੂੰ 5-6 ਕਰਮੀਆਂ ਦਾ ਕੰਮ ਸੌਂਪਣ ਦੇ ਕਾਰਨ, ਅਗਸਤ 1977 ਵਿੱਚ ਬੈਂਕ ਦੀ ਸੇਵਾ ਤੋਂ ਵੀ ਅਸਤੀਫਾ ਦੇ ਦਿੱਤਾ। ਜਿਸ ਕਾਰਨ ਇਨ੍ਹਾਂ ਦੇ ਪਿਤਾ ਜੀ ਤੇ ਹੋਰ ਰਿਸ਼ਤੇਦਾਰ ਇਨ੍ਹਾਂ ਨਾਲ ਨਰਾਜ਼ ਵੀ ਹੋਏ
ਅਕਤੂਬਰ 1977 ਵਿੱਚ ਇਹ ਸ:ਹਾ:ਸ:, ਛੀਂਟਾਂਵਾਲਾ ਵਿਖੇ ਬਤੋਰ ਗਣਿਤ ਅਧਿਆਪਕ ਨਿਯੁਕਤ ਹੋਏ। ਇੱਥੇ ਸੇਵਾ ਕਰਦਿਆਂ ਇਨ੍ਹਾਂ ਨੇ ਐਮ.ਐਡ. ਦੀ ਪ੍ਰੀਖਿਆ ਪਾਸ ਕੀਤੀ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿਚ ਕਾਲਜ ਕੇਡਰ ਦੇ ਅਰਥ-ਸ਼ਾਸ਼ਤਰ ਦੇ ਲੈਕਚਰਾਰ ਲਈ ਇੰਟਰਵਿਊ ਵੀ ਦਿੱਤਾ ਪਰ ਕੋਈ ਪਹੁੰਚ ਨਾ ਹੋਣ ਕਾਰਨ ਚੋਣ ਨਹੀਂ ਹੋ ਸਕੀ। ਜੁਲਾਈ 1985 ਤੋਂ 11 ਜੁਲਾਈ 1991 ਤੱਕ ਸ:ਹਾ:ਸ:, ਮੰਡੌੜ(ਤਹਿਸੀਲ ਨਾਭਾ) ਵਿਖੇ ਸੇਵਾ ਕੀਤੀ। ਇਸ ਦੌਰਾਨ ਇਨ੍ਹਾਂ ਨੇ ਨਵੰਬਰ 1990 ਵਿੱਚ ਸ਼ਿਮਲਾ ਯੂਨੀਵਰਸਿਟੀ ਤੋਂ ਐਮ.ਕਾਮ. ਦੀ ਡਿਗਰੀ ਪ੍ਰਾਪਤ ਕੀਤੀ ਅਤੇ ਸਿੱਧੀ ਭਰਤੀ ਰਾਹੀਂ ਸ:ਸੀ:ਸੈ:ਸ:(ਲੜਕੇ), ਨਾਭਾ ਵਿਖੇ ਬਤੌਰ ਲੈਕਚਰਾਰ ਕਾਮਰਸ ਨਿਯੁਕਤ ਹੋਏ। ਕਾਮਰਸ ਦੇ ਅਧਿਆਪਨ ਵਿੱਚ ਕਾਲਜ ਨੂੰ ਵੀ ਪਿੱਛੇ ਛੱਡਦਿਆਂ, ਇਨ੍ਹਾਂ ਦੇ ਵਿਦਿਆਰਥੀ ਨਾਭੇ ਤਹਿਸੀਲ ਵਿਚੋਂ ਕਈ ਸਾਲ ਲਗਾਤਾਰ ਪਹਿਲੇ 2 ਸਥਾਨ ਪ੍ਰਾਪਤ ਕਰਦੇ ਰਹੇ। 1997-2000 ਦੌਰਾਨ ਇਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਸ਼ਾਮ ਦੀਆਂ ਕਲਾਸਾਂ ਰਾਹੀਂ ਐਲ.ਐਲ.ਬੀ. ਦੀ ਡਿਗਰੀ ਵੀ ਪ੍ਰਾਪਤ ਕੀਤੀ। ਇਸੇ ਸਾਲ ਦਸੰਬਰ ਵਿੱਚ ਇਨ੍ਹਾਂ ਨਾਲ ਇੱਕ ਅਸਹਿ ਹਾਦਸਾ ਹੋਇਆ, ਜਿਸ ਵਿੱਚ ਇਨ੍ਹਾਂ ਦੀ ਪਤਨੀ ਅਤੇ ਇਕਲੌਤਾ ਪੁੱਤਰ ਅਕਾਲ ਚਲਾਣਾ ਕਰ ਗਏ। ਇਸ ਉਪਰੰਤ ਇਨ੍ਹਾਂ ਨੇ ਅਪਣੀਆਂ ਤਿੰਨ ਪੁੱਤਰੀਆਂ ਦੀ ਪਰਵਰਿਸ਼ ਤੇ ਸਿਖਿਆ ਨੂੰ ਤਰਜੀਹ ਦਿੰਦਿਆਂ (ਮਾਤਾ, ਭੈਣਾਂ ਤੇ ਭਰਾਵਾਂ ਦੇ ਜੋਰ ਪਾਉਣ ਦੇ ਵਾਵਯੂਦ), ਦੂਜੀ ਸ਼ਾਦੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਨ੍ਹਾਂ ਦੀ ਵੱਡੀ ਪੁੱਤਰੀ ਆਪਣੇ ਡਿਪਟੀ ਡਿਸਟ੍ਰਿਕਟ ਐਟਾਰਨੀ ਪਤੀ ਤੇ ਦੋ ਪੁੱਤਰਾਂ ਨਾਲ ਘਰ ਪਰਿਵਾਰ ਦੀ ਜਿਮੇਵਾਰੀ ਸੰਭਾਲਣ ਦੇ ਨਾਲ ਨਾਲ, ਮੋਹਾਲੀ ਜਿਲ੍ਹੇ ਵਿੱਚ ਇੱਕ ਸ਼ਹਿਰੀ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਿਤ ਅਧਿਆਪਕਾ ਹੈ ਜਦ ਕਿ ਦੂਜੀ ਪੁੱਤਰੀ ਇੰਗਲੈਂਡ ਵਿੱਚ ਅਪਣੇ ਸਾਫਟਵੇਅਰ ਡਵੈਲਪਰ ਪਤੀ ਸੰਗ ਖੁਸ਼ਹਾਲ ਜੀਵਨ ਜੀ ਰਹੀ ਹੈ ਅਤੇ ਆਪ ਵੀ ਸੌਫਟਵੇਅਰ ਇੰਜੀਨੀਅਰ ਦੇ ਤੌਰ ਤੇ ਸੇਵਾ ਨਿਭਾ ਰਹੀ ਹੈ। ਇਨ੍ਹਾਂ ਦੀ ਤੀਜੀ ਪੁੱਤਰੀ ਵੀ ਇੱਕ ਮਲਟੀ ਨੈਸ਼ਨਲ ਕੰਪਨੀ ਵਿੱਚ ਸੌਫਟਵੇਅਰ ਕਵਾਲਿਟੀ ਐਨਾਲਿਸ਼ਟ ਦੇ ਪਦ ਉੱਤੇ ਨਿਯੁਕਤ ਹੈ ਤੇ ਨੇੜਲੇ ਭਵਿੱਖ ਵਿੱਚ ਕੈਨੇਡਾ ਵਿੱਚ ਪੱਕੇ ਨਿਵਾਸੀ ਦੇ ਤੌਰ ਤੇ ਜਾਣ ਵਾਲੀ ਹੈ। ਜੀਤ ਨੂੰ ਆਪਣੀਆਂ ਪੁੱਤਰੀਆਂ ਉੱਤੇ ਪੂਰਾ ਮਾਨ ਹੈ।
ਇਸ ਹਾਦਸੇ ਨੇ ਜੀਤ ਦਾ ਜੀਵਨ ਹੀ ਬਦਲ ਦਿੱਤਾ। ਅਪਣੇ ਆਪ ਤੱਕ ਸੀਮਤ ਰਹਿਣ ਵਾਲਾ ਜੀਤ ਹੁਣ ਪੰਜਾਬੀ ਕਵਿਤਾ ਰਾਹੀਂ ਅਪਣੇ ਦੁਖਾਂ ਨਾਲ ਗੱਲਾਂ ਕਰਨ ਲੱਗਾ, ਪਰ ਇਸ ਨਾਲ ਉਹ ਅਪਣੇ ਆਪ ਨੂੰ ਕਮਜੋਰ ਮਹਿਸੂਸ ਕਰਨ ਲਗਦਾ ਤਾਂ ਉਸ ਨੇ ਆਪਣੇ ਦੁੱਖਾਂ ਨਾਲੋਂ ਦੋਸਤੀ ਤੋੜ ਲਈ ਅਤੇ ਰੂਹ ਤੇ ਰੱਬ ਦੇ ਪਿਆਰ ਨਾਲ ਪੀਘਾਂ ਚੜ੍ਹਾਉਣ ਦੀ ਚਾਹਤ ਨੂੰ ਪਾਲਣ ਲੱਗਾ। 2002 ਤੋਂ 2012 ਤੱਕ ਜੀਤ ਨੂੰ ਰੱਬ ਨੇ ਐਸੇ ਵਪਾਰ ਵਿੱਚ ਲਾਇਆ ਕਿ ਨਾਭੇ ਤੇ ਅਮਰਗੜ੍ਹ ਤਹਿਸੀਲ ਦਾ ਹਰ ਸਕੂਲ, ਉਸ ਵੱਲੌਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਲਈ ਕਿਤਾਬਾਂ, ਕਾਪੀਆਂ, ਜਰਸੀਆਂ ਅਤੇ ਬੂਟਾਂ ਆਦਿ ਦੇ ਯੋਗਦਾਨ ਨੂੰ ਯਾਦ ਕਰਦਿਆਂ, ਉਨ੍ਹਾਂ ਨੂੰ ਮੁੜ ਮੁੜ ਬੁਲਾਉਣਾ ਲੋਚਦਾ ਹੈ। 2007 ਵਿੱਚ ਉਨ੍ਹਾਂ ਦੀ ਵੱਡੀ ਪੁੱਤਰੀ ਦੀ ਮੰਗ ਉੱਤੇ, ਵਾਹਿਗੁਰੂ ਜੀ ਨੇ ਉਨ੍ਹਾਂ ਨੂੰ, ਉਸਦੇ ਪਿਛਲੇ ਸਕੂਲ( ਸ:ਹਾ:ਸ:, ਰਤਨਗੜ੍ਹ, ਮੋਰਿੰਡਾ ) ਦੇ ਸਾਰੇ ਕਮਰਿਆਂ ਵਿੱਚ ਪੱਖਿਆਂ ਦੀ ਸੇਵਾ ਨਿਭਾਉਣ ਦਾ ਅਵਸਰ ਵੀ ਬਖਸ਼ਿਆ।
2012 ਵਿੱਚ ਜੀਤ ਨਾਭੇ ਨੂੰ ਅਲਵਿਦਾ ਕਹਿ ਚੰਡੀਗੜ੍ਹ ਦੀ ਜੂਹ ਨਾਲ ਲਗਦੀ ਇੱਕ ਵਸਤੀ ਦਾ ਵਾਸੀ ਬਣ ਬੈਠਾ। ਇਥੇ ਹੀ ਉਸਦੀ ਅਮਰੀਕਾ ਦੀ ਕਵਿਤਰੀ ਫਰਾਂਸਿਸ ਐਨ ਐਅਰ ਤੇ ਜੇਨ ਵਾਲਜ਼ ਅਤੇ ਯੂਨਾਨ(ਗਰੀਸ) ਦੀ ਕਵਿਤਰੀ ਡਾਕਟਰ ਕਰਿਸਾ ਵੈਲੀਸਾਰੀਉ ਨਾਲ ਫੇਸਬੁੱਕ ਉੱਤੇ ਦੋਸਤੀ ਹੋਈ।
ਫਰਾਂਸਿਸ ਨੇ ਜੀਤ ਨੂੰ ਅਪਣੀਆਂ ਪੰਜਾਬੀ ਕਵਿਤਾਵਾਂ ਅੰਗਰੇਜ਼ੀ ਵਿੱਚ ਤਰਜਮਾ ਕਰਕੇ ਪੋਸਟ ਕਰਨ ਲਈ ਜੋਰ ਦਿੱਤਾ। ਜੀਤ ਨੇ ਅਪਣਾ ਇੱਕ ਗੀਤ ਤਰਜਮਾ ਕਰ ਕੇ ਫੇਸਬੁੱਕ ਉੱਤੇ ਪੋਸਟ ਕੀਤਾ, ਪਰ ਜੀਤ ਨੂੰ ਤਰਜਮਾ ਕਰਨਾ ਬਹੁਤ ਔਖਾ ਲੱਗਾ ਤੇ ਉਸ ਨੇ ਸਿੱਧਾ ਅੰਗਰੇਜ਼ੀ ਵਿੱਚ ਕਵਿਤਾ ਲਿਖਣ ਲਈ ਚੰਗੇ ਅੰਗਰੇਜ਼ੀ ਕਵੀਆਂ ਦੀਆਂ ਰਚਨਾਵਾਂ ਨੂੰ ਬੜੇ ਧਿਆਨ ਨਾਲ ਪੜ੍ਹਿਆ ਅਤੇ ਅੰਗਰੇਜ਼ੀ ਕਵਿਤਾ ਲਿਖਣ ਦੀਆਂ ਬਰੀਕੀਆਂ ਨੂੰ ਸਮਝਿਆ।
2012 ਦੇ ਅਕਤੂਬਰ ਵਿੱਚ ਫਰਾਂਸਿਸ ਨੇ ਜੀਤ ਨੂੰ ਕਿਹਾ ਕਿ ਉਸਨੂੰ ਜੀਤ ਦੀਆਂ 2-3 ਅੰਗਰੇਜ਼ੀ ਕਵਿਤਾਵਾਂ ਸਰਦ ਰੁੱਤ ਦੀ ਈ-ਐਨਥੋਲੋਜੀ( ਕਵਿਤਾਵਾਂ ਦੀ ਈ-ਬੁੱਕ ) ਵਿੱਚ ਛਾਪਣ ਦੀ ਆਸ ਹੈ। ਜੀਤ ਲਈ ਇਹ ਇੱਕ ਚੈਲਿੰਜ ਸੀ ਜੋ ਉਸ ਨੇ ਬੜੀ ਮੁਸ਼ਕਿਲ ਸਿਰੇ ਚਾੜ੍ਹਿਆ। ਫਿਰ ਕੀ ਸੀ, ਜੀਤ ਨੂੰ ਅੰਗਰੇਜ਼ੀ ਕਵਿਤਾ ਰਾਹ ਦੇਣ ਲੱਗ ਪਈ। ਯੁਨਾਨ ਦੇਸ਼ ਦੀ ਕਵਿਤਰੀ ਡਾ: ਕਰਿਸਾ ਜੀਤ ਦੀ ਐਸੀ ਪ੍ਰੇਰਨਾ ਬਣੀ ਕਿ ਜੀਤ ਨੂੰ ਅੰਗਰੇਜ਼ੀ ਵਿੱਚ ਕਵਿਤਾ ਲਿਖਣਾ ਅਸਾਨ ਲੱਗਣ ਲੱਗਾ। 2014 ਤੱਕ ਫਰਾਂਸਿਸ ਨੇ ਜੀਤ ਦੀਆਂ ਕਵਿਤਾਵਾਂ ਤਿੰਨ ਈ-ਬੁੱਕਸ (ਵੈੱਬਸਾਈਟ—ਵਵਵ.ਬੁਕਰਿਕ.ਕਾਮ ਉੱਪਰ) ਵਿੱਚ ਸ਼ਾਮਲ ਕੀਤੀਆਂ ਤੇ ਕਰਿਸਾ ਨੇ ਉਸਦੀਆਂ ਸ਼ਾਂਤੀ ਸੰਬੰਧੀ ਕਵਿਤਾਵਾਂ ਸਤੰਬਰ 2013 ਤੋਂ 2015 ਤੱਕ ਲਰੀਸਾ(ਗਰੀਸ) ਵਿਖੇ ਵਰਲਡ ਇੰਟਰਨੈਸ਼ਨਲ ਪੋਇਟਰੀ ਗਰੁੱਪ ਵੱਲੋਂ ਅਯੋਜਿਤ ਕੀਤੇ ਗਏ “ਵਰਲਡ ਪੀਸ ਪੋਇਟਾਥਾਨ” ਵਿੱਚ ਵੀਡੀਓ ਪਰੈਜੈਂਟੇਸ਼ਨ ਰਾਹੀਂ ਪਰਦਰਸ਼ਿਤ ਕੀਤੀਆਂ।
ਫਿਰ ਦੋਸਤਾਂ ਦੀ ਫੁਰਮਾਇਸ਼ ਤੇ ਜੀਤ ਨੇ ਨਵੰਬਰ 2016 ਵਿੱਚ ਆਪਣੀਆਂ ਅੰਗਰੇਜ਼ੀ ਕਵਿਤਾਵਾਂ ਦਾ ਪਲੇਠਾ ਕਾਵਿ ਸੰਗ੍ਰਹਿ “ਜ਼ਰਨੀ ਆਫ ਲਵ ਟੂ ਸਾਲਵੇਸ਼ਨ”(ਪਿਆਰ ਦਾ ਸਫਰ ਮੁਕਤੀ ਤੱਕ), ਨਵੀਂ ਦਿੱਲੀ ਦੇ ਪ੍ਰਸਿੱਧ ਪਬਲਿਸ਼ਰ “ਆਥਰਜ਼ ਪਰੈਸ ਤੋਂ ਪ੍ਰਕਾਸ਼ਿਤ ਕਰਵਾਇਆ ਜੋ 3 ਦਸੰਬਰ, 2016 ਨੂੰ ਪਰੈਸ-ਕਲੱਬ ਆਫ ਇੰਡੀਆ, ਨਵੀਂ ਦਿੱਲੀ ਵਿਖੇ ਇੱਕ ਸਮਾਗਮ ਦੌਰਾਨ ਲੋਕ-ਅਰਪਨ ਕੀਤਾ ਗਿਆ। ਅਮਰੀਕਾ ਦਾ ਪ੍ਰਸਿੱਧ ਪਬਲਿਸ਼ਰ ਸਰ ਰਾਨ ਡੈਵਿਉਰ ਜੀਤ ਦੀਆਂ ਅੰਗਰੇਜ਼ੀ ਕਵਿਤਾਵਾਂ ਦਾ ਐਸਾ ਕਦਰਦਾਨ ਬਣਿਆ ਕਿ ਉਸਨੇ ਜੀਤ ਦੀਆਂ ਕਵਿਤਾਵਾਂ ਦੀ ਫੇਸਬੁਕ ਉੱਤੇ ਦਿਲ ਖੋਲ੍ਹ ਕੇ ਪ੍ਰਸੰਸਾ ਕੀਤੀ ਅਤੇ ਜੀਤ ਦੀਆਂ 60 ਤੋਂ ਵੱਧ ਕਵਿਤਾਵਾ ਅਪਣੇ ਵੈਬਸਾਈਟ “ਅਵਰਪੋਇਟਰੀਕਾਰਨਰ@ਵਰਡਪਰੈਸ.ਕਾਮ” ਉੱਪਰ ਵੀ ਦਰਜ਼ ਕਰ ਦਿੱਤੀਆਂ, ਜਿਸ ਨਾਲ ਸੰਸਾਰ ਪੱਧਰ ਦੇ ਕਵੀ ਵੀ ਜੀਤ ਨੂੰ ਸਨਮਾਨ ਦੇਣ ਲੱਗੇ।
ਇੰਜ ਜੀਤ ਦਾ ਕਵਿਤਾ ਨਾਲ ਸਫਰ ਜਾਰੀ ਰਿਹਾ ਤੇ ਉਸਦੀਆਂ ਅੰਗਰੇਜ਼ੀ ਕਵਿਤਾਵਾਂ ਇੱਕ ਦਰਜਨ ਤੋਂ ਵੀ ਵੱਧ ਇੰਟਰਨੈਸ਼ਨਲ ਕਾਵਿ-ਸੰਗ੍ਰਿਹਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਸਤੰਬਰ 2017 ਵਿੱਚ ਜੀਤ ਦੀ ਕਵਿਤਾ “ਇਫ ਗਾਡ ਹੈਲਪਸ”(ਜੇ ਰੱਬ ਮੱਦਦ ਕਰੇ) ਆਂਧਰਾ ਪ੍ਰਦੇਸ਼ ਦੇ ਗੰਟੂਰ ਸ਼ਹਿਰ ਵਿੱਚ ਜੇ.ਕੇ.ਸੀ. ਕਾਲਜ ਆਡੀਟੋਰੀਅਮ ਵਿਖੇ ਆਯੋਜਿਤ 10ਵੇਂ ਗੰਟੂਰ ਇੰਟਰਨੈਸ਼ਨਲ ਪੋਇਟਰੀ ਫੈਸਟੀਵਲ ਵੱਲੌਂ ਪ੍ਰਕਾਸ਼ਿਤ ਇੰਟਰਨੈਸ਼ਨਲ ਕਾਵਿ ਸੰਗ੍ਰਹਿ “ਸਿੰਫ਼ਨੀ ਆਫ ਪੀਸ” ਵਿੱਚ ਸ਼ਾਮਲ ਕੀਤੀ ਗਈ ਤੇ ਉਨ੍ਹਾਂ ਨੂੰ ਪਰੰਪਰਾਗਤ ਰਸਮ ਰਾਹੀਂ ਸਨਮਾਨਿਤ ਵੀ ਕੀਤਾ ਗਿਆ। ਇਸੇ ਕੜੀ ਅਧੀਨ, 11ਵੇਂ ਗੰਟੂਰ ਇੰਟਰਨੈਸ਼ਨਲ ਪੋਇਟਰੀ ਫੈਸਟ 2018 ਦੇ ਆਯੋਜਨ ਦੌਰਾਨ ਲੋਕ ਅਰਪਣ ਕੀਤੇ ਗਏ ਇੰਟਰਨੈਸ਼ਨਲ ਕਾਵਿ ਸੰਗ੍ਰਹਿ “ਟਰੈਂਕੂਵਿਲ ਮਿਊਜ਼” ਵਿੱਚ ਉਨ੍ਹਾਂ ਦੀ ਕਵਿਤਾ “ਇੱਕ ਬ੍ਰਹਮੰਡ ਅੰਦਰ ਵੀ” ਨੂੰ ਵੀ ਸਥਾਨ ਦਿੱਤਾ ਗਿਆ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਅਕਤੂਬਰ 7, 2018 ਨੂੰ ਪੁਰੀ(ਉਡੀਸ਼ਾ) ਵਿਖੇ “ਰਾਕ ਪੈਬਲਜ਼” ਵੱਲੋਂ ਆਯੋਜਿਤ “ਕੌਮੀ ਸਾਹਿਤ ਮੇਲੇ” 2018 ਲਈ ਉਨ੍ਹਾਂ ਨੂੰ ਸੱਦਾ ਪੱਤਰ ਦਿੱਤਾ ਗਿਆ, ਜਿੱਥੇ ਉਨ੍ਹਾਂ ਆਪਣੀ ਪੰਜਾਬੀ ਕਵਿਤਾ ਪੇਸ਼ ਕੀਤੀ ਤੇ ਸਨਮਾਨ ਪ੍ਰਾਪਤ ਕੀਤਾ।
ਲੋਹੇ ਵਿੱਚ ਜਨਮਿਆ ਤੇ ਲੋਹੇ ਵਿੱਚ ਪਲਿਆ ਜੀਤ ਅੱਜ ਵੀ ਕਿਸੇ ਸਰੀਰਕ ਚੋਟ ਦੇ ਜਖ਼ਮਾਂ ਦੀ ਮੱਲ੍ਹਮ ਪੱਟੀ ਤੋਂ ਬਾਦ ਟੈਟਨੈਸ ਦਾ ਟੀਕਾ ਨਹੀਂ ਲਗਵਾਉਂਦਾ।
ਇਹ ਹੈ ਜੀਤ ਦਾ ਕਾਵਿ ਸਫਰ ਜੋ ਆਪਣੇ ਦੂਜੇ ਅੰਗਰੇਜ਼ੀ ਕਾਵਿ ਸੰਗ੍ਰਹਿ ਦੇ ਪ੍ਰਕਾਸ਼ਨ ਦੀ ਤਿਆਰੀ ਕਰ ਰਿਹਾ ਹੈ। ਦੁਨਿਆਵੀ ਰਿਸ਼ਤਿਆਂ ਦੀ ਡੂੰਘੀ ਸਚਾਈ ਨੂੰ ਜੀਅ ਰਿਹਾ ਜੀਤ ਪ੍ਰਭੂ ਦੇ ਸਿਮਰਨ ਨੂੰ ਅਪਣੀ ਪ੍ਰੇਰਨਾ ਅਤੇ ਸ਼ਕਤੀ ਦਾ ਸਰੋਤ ਮੰਨਦਾ ਹੈ। ਆਪਣੇ ਕਾਵਿ ਸਫਰ ਦੀ ਸਫਲਤਾ ਦਾ ਸਿਹਰਾ, ਉਹ ਆਪਣੇ ਰੁਹਾਨੀ ਮਾਰਗ-ਦਰਸ਼ਕਾਂ ਬ੍ਰਹਮ-ਲੀਨ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ(ਤਪਾ-ਦਰਾਜ਼ ਮੋਹਾਲੀ ਵਾਲੇ) ਅਤੇ ਬ੍ਰਹਮ-ਲੀਨ ਸਵਾਮੀ ਨਮੋ ਨਾਥ ਜੀ ਚੋਬਦਾਰਾਂ(ਤੰਦਾਬੱਧਾ, ਤਹਿਸੀਲ ਨਾਭਾ) ਨੂੰ ਦਿੰਦਾ ਹੈ।
ਰੱਬ ਕਿਰਪਾ ਕਰੇ, ਜੀਤ ਤੇ ਉਸਦੀਆਂ ਸਪੁੱਤਰੀਆਂ ਨੂੰ ਤੰਦਰੁਸਤ ਲੰਮੀ ਆਰਜਾ ਬਖ਼ਸ਼ੇ। ………. …………..

ਮੇਜ਼ਰ ਸਿੰਘ
ਨਾਭਾ
9463553962

Leave a Reply

Your email address will not be published. Required fields are marked *

%d bloggers like this: