ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

‘ਅੜਬ ਮੁਟਿਆਰਾਂ’ ਦਾ ਨਖ਼ਰਾ ਝੱਲਣ ਲਈ ਤਿਆਰ ਨਿੰਜਾ

‘ਅੜਬ ਮੁਟਿਆਰਾਂ’ ਦਾ ਨਖ਼ਰਾ ਝੱਲਣ ਲਈ ਤਿਆਰ ਨਿੰਜਾ

ਪੰਜਾਬੀ ਸੰਗੀਤ ਜਗਤ ਦਾ ਸਥਾਪਿਤ ਚਿਹਰਾ ਅਤੇ ਪੰਜਾਬੀ ਫ਼ਿਲਮਾਂ ਦਾ ਨਾਇਕ ਨਿੰਜਾ ਅਸਲ ਜ਼ਿੰਦਗੀ ਵਿੱਚ ਵੀ ਕਿਸੇ ਨਾਇਕ ਤੋਂ ਘੱਟ ਨਹੀਂ ਹੈ। ਨਿੰਜੇ ਨੇ ਕਰੜੀ ਮਿਹਨਤ, ਸਬਰ ਅਤੇ ਹੌਂਸਲੇ ਨਾਲ ਹਾਲਤਾਂ ਨੂੰ ਮਾਤ ਦਿੰਦਿਆਂ ਆਪਣੀ ਕਿਸਮਤ ਘੜੀ ਹੈ। ਜ਼ਿਲਾ ਲੁਧਿਆਣਾ ਦੇ ਇਕ ਛੋਟੇ ਜਿਹੇ ਮੁੰਡਾ ਦਾ ਕਰੀਬ 100 ਕਿਲੋ ਦੇ ਨੇੜੇ ਭਾਰ ਵਾਲਾ ਗਰੀਬ ਜਿਹਾ ਮੁੰਡਾ ਅੰਮਿਤ ਭੱਲਾ ਇਕ ਦਿਨ ਦੁਨੀਆਂ ਦੇ ਸੰਗੀਤਕ ਨਕਸ਼ੇ ’ਤੇ ਆਪਣੀਆਂ ਪੈੜਾਂ ਪਾਵੇਗਾ, ਇਹ ਕਿਸੇ ਨੇ ਵੀ ਨਹੀਂ ਕਿਆਸਿਆ ਸੀ। ਨਿੰਜੇ ਦਾ ਅਸਲ ਨਾਂ ਅੰਮਿਤ ਭੱਲਾ ਹੈ। ਸੰਗੀਤ ਉਸ ਦੇ ਰਗ ਰਗ ਵਿੱਚ ਹੈ। ਉਸ ਨੇ ਗਾਇਕ ਬਣਨ ਲਈ ਬਿਨਾਂ ਹੌਂਸਲਾ ਹਾਰਿਆਂ ਬਥੇਰੇ ਪਾਪੜ ਵੇਲੇ ਹਨ। ਮਿਹਨਤ ਦਾ ਮੁੱਲ ਜਦੋਂ ਪੈਂਦਾ ਹੈ ਤਾਂ ਬੰਦਾ ਫ਼ਰਸ਼ ਤੋਂ ਅਰਸ਼ ’ਤੇ ਪਹੁੰਚ ਜਾਂਦਾ ਹੈ। ਅੱਜ ਨਿੰਜਾ ਵੀ ਗਾਇਕੀ ਦੇ ਅਸਮਾਨ ਦਾ ਚਮਕਦਾ ਸਿਤਾਰਾ ਹੈ। ਗਾਇਕੀ ਦੇ ਨਾਲ ਨਾਲ ਫ਼ਿਲਮ ਜਗਤ ’ਚ ਸਰਗਰਮ ਨਜ਼ਰ ਆ ਰਿਹਾ ਨਿੰਜਾ ਅੱਜ ਕੱਲ ਆਪਣੀ ਫ਼ਿਲਮ ‘ਅੜਬ ਮੁਟਿਆਰਾਂ’ ਨੂੰ ਲੈ ਕੇ ਚਰਚਾ ਵਿੱਚ ਹੈ। ‘ਵਾਈਟ ਹਿੱਲ ਸਟੂਡੀਓ’ ਦੇ ਬੈਨਰ ਹੇਠ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਦੀ ਇਹ ਫ਼ਿਲਮ 18 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।
ਨਾਮਵਰ ਫ਼ਿਲਮ ਲੇਖਕ ਧੀਰਜ ਰਤਨ ਦੀ ਲਿਖੀ ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਮਾਨਵ ਸ਼ਾਹ ਨੇ ਨਿਰਦੇਸ਼ਤ ਕੀਤਾ ਹੈ। ਆਪਣੀ ਇਸ ਫ਼ਿਲਮ ਬਾਰੇ ਗੱਲ ਕਰਦਿਆਂ ਉਹ ਦੱਸਦਾ ਹੈ ਕਿ ਇਹ ਫ਼ਿਲਮ ਉਸਦੀਆਂ ਅਤੇ ਹੋਰ ਪੰਜਾਬੀ ਫਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ, ਜੋ ਅਜੌਕੇ ਨੌਜਵਾਨ ਕੁੜੀਆਂ ਮੁੰਡਿਆਂ ਦੀ ਜ਼ਿੰਦਗੀ ਦੀ ਗੱਲ ਕਰਦੀ ਹੋਈ ਉਨਾਂ ਦੀ ਮਾਨਸਿਕਤਾ ਅਤੇ ਉਨਾਂ ਦੇ ਮਾਪਿਆਂ ਦੀ ਮਨੋਬਿਰਤੀ ਦੀ ਬਾਤ ਪਾਉਂਦੀ ਹੈ। ਉਹ ਦੱਸਦਾ ਹੈ ਕਿ ਇਹ ਫ਼ਿਲਮ ਨੌਜਵਾਨਾਂ ਦੀ ਆਜ਼ਾਦੀ ਅਤੇ ਉਨਾਂ ਵੱਲੋਂ ਆਪਣੀ ਜ਼ਿੰਦਗੀ ਦੇ ਖੁਦ ਲਏ ਜਾਂਦੇ ਫ਼ੈਸਲਿਆਂ ਦੀ ਕਹਾਣੀ ਹੈ। ਇਹ ਫ਼ਿਲਮ ਨਿਰੋਲ ਰੂਪ ’ਚ ਕਾਮੇਡੀ, ਰੁਮਾਂਸ ਅਤੇ ਪਰਿਵਾਰਕ ਡਰਾਮੇ ਦਾ ਸੁਮੇਲ ਹੋਵੇਗੀ। ਉਹ ਇਸ ਫਿਲਮ ਵਿੱਚ ਇਕ ਪੜੇ ਲਿਖੇ ਅਤੇ ਇਕ ਫਾਇਨਾਂਸ ਕੰਪਨੀ ਵਿੱਚ ਕੰਮ ਕਰਦੇ ਨੌਜਵਾਨ ਦੀ ਭੂਮਿਕਾ ਨਿਭਾ ਰਿਹਾ ਹੈ, ਜੋ ਆਪਣੇ ਨਾਲ ਹੀ ਕੰਮ ਕਰਦੀ ਇਕ ਕੁੜੀ ਨਾਲ ਵਿਆਹ ਕਰਵਾਉਂਦਾ ਹੈ। ਦਰਅਸਲ ਇਹ ਫ਼ਿਲਮ ਅਜੌਕੀ ਕੁੜੀਆਂ ਦੇ ਇਰਦ ਗਿਰਧ ਘੁੰਮਦੀ ਹੈ। ਨਿੰਜਾ ਮੁਤਾਬਕ ਪੰਜਾਬੀ ਫਿਲਮਾਂ ਵਿੱਚ ਵੱਡਾ ਬਦਲਾਅ ਆਇਆ ਹੈ। ਦਰਸ਼ਕ ਹੁਣ ਹਲਕੇ ਪੱਧਰ ਦੀ ਕਹਾਣੀ ਵਾਲੀ ਫ਼ਿਲਮ ਸਿਰੇ ਤੋਂ ਨਾਕਾਰ ਦਿੰਦੇ ਹਨ। ਅਜਿਹੇ ਆਲਮ ਵਿੱਚ ਫ਼ਿਲਮ ਲੇਖਕ ਤੇ ਨਿਰਦੇਸ਼ਕ ਦੇ ਨਾਲ ਨਾਲ ਕਲਾਕਾਰਾਂ ਦੀ ਜ਼ਿੰਮੇਵਾਰੀ ਵਿੱਚ ਵੀ ਵਾਧਾ ਹੋਇਆ ਹੈ।
ਨਿੰਜੇ ਮੁਤਾਬਕ ਉਹ ਨਿੱਜੀ ਤੌਰ ’ਤੇ ਅਜਿਹੀਆਂ ਫ਼ਿਲਮਾਂ ਹੀ ਪਸੰਦ ਕਰਦਾ ਹੈ ਜਿੰਨਾ ਦਾ ਵਾਸਤਾ ਆਮ ਜ਼ਿੰਦਗੀ ਤੇ ਸਮਾਜ ਨਾਲ ਹੋਵੇ। ਉਹ ਅਜਿਹੇ ਹੀ ਕਿਰਦਾਰ ਨਿਭਾਉਣ ਦੀ ਇੱਛਾ ਰੱਖਦਾ ਹੈ ਜਿੰਨਾਂ ’ਚੋਂ ਨੌਜਵਾਨਾਂ ਨੂੰ ਆਪਣਾ ਆਪ ਨਜ਼ਰ ਆਵੇ। ਉਹ ਦੱਸਦਾ ਹੈ ਕਿ ਹਾਲਹਿ ਵਿੱਚ ਉਸਦੀ ਫਿਲਮ ‘ਦੂਰਬੀਨ’ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਹੈ। ਹੁਣ ਉਸ ਨੂੰ ‘ਅੜਬ ਮੁਟਿਆਰਾ’ ਤੋਂ ਵੱਡੀਆਂ ਆਸਾਂ ਹਨ। ਇਸ ਫ਼ਿਲਮ ਵਿੱਚ ਉਸ ਵੱਲੋਂ ਨਿਭਾਇਆ ਕਿਰਦਾਰ ਉਸਦੀ ਨਿੱਜੀ ਜ਼ਿੰਦਗੀ ਤੋਂ ਬਿਲਕੁਲ ਉਲਟ ਹੈ। ਇਸ ਵਿੱਚ ਉਸਦੀ ਹੀਰੋਇਨ ਮਹਿਰੀਨ ਪੀਰਜਾਦਾ ਹੈ। ਇਸ ਫ਼ਿਲਮ ਤੋਂ ਬਾਅਦ ਇਸੇ ਸਾਲ ਉਸਦੀ ਇਕ ਹੋਰ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਰਿਲੀਜ਼ ਹੋਵੇਗੀ। ਇਹ ਫ਼ਿਲਮ ਨਾਮਵਰ ਲੇਖਕ ਮਿੰਟੂ ਗੁਰੂਸਰੀਆ ਨੇ ਲਿਖੀ ਹੈ। ਹੁਣ ਉਹ ਗਾਇਕੀ ਦੇ ਨਾਲ ਨਾਲ ਫ਼ਿਲਮਾਂ ਨੂੰ ਵੀ ਬਰਾਬਰ ਤਵੱਜੋ ਦੇਣ ਲੱਗਾ ਹੈ ਪਰ ਉਸਦੀ ਪਹਿਲ ਹਮੇਸ਼ਾ ਹੀ ਗਾਇਕੀ ਰਹੇਗਾ। ਗਾਇਕੀ ਨੇ ਹੀ ਉਸਨੂੰ ਇਥੋਂ ਤੱਕ ਪਹੁੰਚਾਇਆ ਹੈ।
ਨਿੰਜੇ ਮੁਤਾਬਕ ਉਸ ਨੇ ਆਪਣੇ ਕੰਮ ਨਾਲ ਹਮੇਸ਼ਾ ਇਮਾਨਦਾਰੀ ਵਰਤੀ ਹੈ। ਉਸ ਮੁਤਾਬਕ ਇਸ ਖ਼ੇਤਰ ’ਚ ਟੀਮ ਦਾ ਹੋਣਾ ਬਹੁਤ ਲਾਜ਼ਮੀ ਹੈ। ਉਸ ਦੀ ਮਿਹਨਤ ਦੇ ਨਾਲ ਨਾਲ ਉਸ ਦਾ ਅਤੇ ਉਮੇਸ਼ ਕਰਮਾਵਾਲਾ ਦਾ ਆਪਸੀ ਤਾਲਮੇਲ ਹੀ ਸਫ਼ਲਤਾ ਦਾ ਵੱਡਾ ਕਾਰਨ ਬਣਿਆ ਹੈ। ਨਿੰਜੇ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇਗੀ। ਦਰਸ਼ਕਾਂ ਦੇ ਹੰਗਾਰੇ ਤੋਂ ਬਾਅਦ ਹੀ ਉਸ ਅਗਲੀਆਂ ਫ਼ਿਲਮਾਂ ਪ੍ਰਤੀ ਫੈਸਲਾ ਲੈਂਦਾ ਹੈ।

ਸਪਨ ਮਨਚੰਦਾ
95016 33900

Leave a Reply

Your email address will not be published. Required fields are marked *

%d bloggers like this: