Tue. Jul 23rd, 2019

ਅਸੀਂ ਵਕਤ ਨੂੰ ਭਾਣਾ ਮਨਕੇ ਸਵੀਕਾਰ ਕਰਨ ਵਾਲੇ ਲੋਕ ਹਾਂ

ਅਸੀਂ ਵਕਤ ਨੂੰ ਭਾਣਾ ਮਨਕੇ ਸਵੀਕਾਰ ਕਰਨ ਵਾਲੇ ਲੋਕ ਹਾਂ

ਦਲੀਪ ਸਿੰਘ ਵਾਸਨ, ਐਡਵੋਕੇਟ

ਇਹ ਸਾਡਾ ਮੁਲਕ ਹ ਜੋ ਸਦੀਆਂ ਤਕ ਹਿੰਦੁਸਤਾਨ ਦੇ ਨਾਮ ਨਾਲ ਜਾਣਿਆ ਜਾਂਦਾ ਰਿਹਾ ਹੈ ਅਤੇ ਆਜ਼ਾਦੀ ਬਾਅਦ ਜਦ ਅਸੀਂ ਇਸ ਦੇਸ਼ ਨੂੰ ਪਰਜਾਤੰਤਰ ਬਣਾ ਰਹੇ ਸਾਂ ਤਾਂ ਅਸੀਂ ਹਿਸ ਦੇਸ਼ ਦਾ ਨਾਮ ਭਾਰਤ ਵਰਸ਼ ਰਖ ਲਿਆ ਸੀ ਅਤੇ ਪਿਛਲੇ ਸਤ ਦਹਾਕਿਆਂ ਤੋਂ ਇਹ ਦੇਸ਼ ਦੁਨੀਆਂ ਭਰ ਵਿੱਚ ਭਾਰਤ ਵਜੋਂ ਜਾਣਿਆ ਜਾਂਦਾ ਹੈ।

ਹਿੰਮਾਲੀਆ ਪ੍ਰਬਤ ਤੋਂ ਹੇਠਾਂ ਇਹ ਦੇਸ਼ਵਸਿਆ ਪਿਆ ਹੈ । ਬਹੁਤੇ ਪਾਸੇ ਸਮੁੰਦਰ ਨਾਲ ਘਿਰੇ ਪਏ ਹੋਣ ਕਰਕੇ ਇਹ ਦੇਸ਼ ਵਖਰਾ ਜਿਹਾ ਹੈ। ਇਸਦੀ ਬੋਲੀ, ਇਸ ਹਿਸੇ ਦੇ ਲੋਕਾਂ ਦਾ ਜੀਵਨ, ਜੀਵਨ ਸ਼ੈਲੀ ਅਤੇ ਸਭਿਆਚਾਰ ਵਖਰਾ ਜਿਹਾ ਹੈ। ਇਹ ਦੇਸ਼ ਕੁਦਰਤੀ ਵਸੀਲਿਆਂ ਨਾਲ ਭਰਪੂਰ ਹੈ। ਇਥੇ ਪਹਾੜ, ਦਰਿਆ, ਜੰਗਲ, ਉਪਜਾੳੂ ਧਰਤੀ, ਖਣਿਜ ਪਦਾਰਥ, ਭਾਂਤ ਭਾਂਤ ਦੀ ਜਲਵਾਯੂ, ਬਾਰਿਸ਼ਾਂ, ਭਾਂਤ ਭਾਂਤ ਦੀ ਉਪਜ, ਦਾਣਾ ਫਕਾ ਸੀ ਅਤੇ ਅਸਾਂ ਵਕਤ ਨਾਲ ਕੋਲਾ, ਲੋਹਾ, ਸੋਨਾ, ਚਾਂਦੀ, ਤੇਲ ਅਤੇ ਗੈਸ ਤਕ ਦੀਆਂ ਨਿਆਮਤਾਂ ਲਭ ਲਿਤੀਆਂ ਹਨ।

ਇਸ ਦੇਸ਼ ਪਾਸ ਬਹੁਤ ਹੀ ਵਧੀਆਂ ਮਿਥਿਹਾਸ ਹੈ ਅਤੇ ਰਬ ਨਾਲ ਗਲਾਂ ਕਰਨ ਵਾਲੇ ਲੋਕਾਂ ਦੀਆਂ ਕਹਾਣੀਆਂ ਸਾਡੇ ਪਾਸ ਮੌਜੂਦ ਹਨ। ਸਾਡੇ ਪਾਸ ਇਤਿਹਾਸ ਵੀ ਹੈ। ਅਸੀਂ ਰਾਜਿਆਂ, ਮਹਾਰਾਜਿਆਂ, ਬਾਦਸ਼ਾਹਾਂ ਦਾ ਰਾਜ ਵੀ ਝੇਲਿਆ ਹੈ। ਕਦੀ ਵੀ ਚੂਂ ਨਹੀਂ ਕੀਤੀ ਅਤੇ ਇਹ ਰਾਜੇ ਸਾਡੇ ਨਾਲ ਜੈਸਾ ਵੀ ਵਰਤਾਉ ਕਰਦੇ ਰਹੇ ਸਨ, ਅਸੀਂ ਰਾਜਿਆਂ ਨੂੰ ਰਬੁ ਦਾ ਅਵਤਾਰ ਮਨਕੇ ਹਰ ਗਲ ਬਰਦਾਸਿ਼ਤ ਕਰਦੇ ਆਏ ਹਾਂ ਅਤੇ ਸਾਡਾ ਮਿਥਿਹਾਸ ਅਤੇ ਸਾਡਾ ਇਤਿਹਾਸ ਕਿਧਰੇ ਵੀ ਕੋਈ ਐਸੀ ਘਟਨਾ ਬਿਆਨ ਨਹੀਂ ਕਰਦਾ ਜਦ ਲੋਕਾਂ ਨੇ ਕਦੀ ਸਰਕਾਰ ਦਾ ਵਿਰੋਧ ਕੀਤਾ ਹੋਵੇ। ਸਾਰਾ ਕੁਝ ਰਬ ਦਾ ਭਾਣਾ ਮਨਕੇ ਅਸੀਂ ਬਰਦਾਸਿ਼ਤ ਕਰਦੇ ਰਹੇ ਹਾਂ ਅਤੇ ਜੈਸਾ ਵੀ ਵਕਤ ਨਸੀਬ ਕਰਦਾ ਰਿਹਾ ਸੀ ਅਸੀਂ ਸਵੀਕਾਰ ਕਰਦੇ ਰਹੇ ਹਾਂ ਅਤੇ ਰਬ ਦਾ ਭਾਣਾ ਮਨਕੇ ਬਰਦਾਸਿ਼ਤ ਵੀ ਕਰਦੇ ਰਹੇ ਹਾਂ। ਸਾਡੇ ਇਸ ਹਿਸੇ ਵਿੱਚ ਜਿਤਨੀਆਂ ਵੀ ਧਾਰਮਿਕ ਹਸਤੀਆਂ ਹੋਈਆਂ ਹਨ ਉਹ ਸਾਨੂੰ ਇਹੀ ਸਮਝਾਉਂਦੀਆਂ ਰਹੀਆਂ ਹਨ ਕਿ ਰਬ ਦਾ ਭਾਣਾ ਮਨਕੇ ਬਰਦਾਸਿ਼ਤ ਵੀ ਕਰਦੇ ਰਹੇ ਹਾਂ ਅਤੇ ਆਪਣਾ ਜੀਵਨ ਉਸੇ ਤਰ੍ਹਾਂ ਢਾਲਦੇ ਰਹੇ ਹਾਂ।

ਸਾਡੇ ਦੇਸ਼ ਉਤੇ ਕਦੀ ਸਕੰਦਰ ਮਹਾਨ ਨੇ ਵੀ ਹਮਲਾ ਕੀਤਾ ਸੀ ਅਤੇ ਅਸੀਂ ਮੁਸਲਮਾਨੀ ਹਮਲਿਆਂ ਦਾ ਸਿ਼ਕਾਰ ਵੀ ਰਹੇ ਹਾਂ। ਸਾਡੀ ਕਿਤਨੀ ਕੁ ਲੁਟ ਕੀਤੀ ਜਾਂਦੀ ਰਹੀ ਹੈ ਇਸਦਾ ਹਿਸਾਬ ਅਜ ਤਕ ਕਿਸੇ ਨੇ ਨਹੀਂ ਲਗਾਇਆ ਅਤੇ ਨਾਂ ਹੀ ਕਿਸੇ ਨੇ ਇਹ ਲੁਟਾਂ ਵਾਪਸ ਕਰਨ ਦੀ ਗਲ ਹੀ ਕੀਤੀ ਹੈ। ਇਹ ਲੁਟੇਰੇ ਸਿਰਫ ਸੋਨਾ ਹੀ ਨਹੀਂ ਸਨ ਲੁਟਦੇ ਬਲਕਿ ਔਰਤਾਂ ਤਕ ਉਠਾਕੇ ਲੈ ਜਾਂਦੇ ਸਨ ਅਤੇ ਇਤਿਹਾਸ ਗਵਾਹੀ ਭਰਦਾ ਹੈ ਕਿ ਇਹ ਔਰਤਾ ਕਾਬਲ, ਗਜ਼ਨੀ ਅਤੇ ਕੰਧਾਰ ਦੇ ਬਾਜ਼ਾਰਾਂ ਵਿੱਚ ਬੋਲੀਆਂ ਲਗਾਕੇ ਵੇਚੀਆਂ ਜਾਂਦੀਆਂ ਰਹੀਆਂ ਸਨ। ਅਤੇ ਫਿਰ ਅਸੀਂ ਇਤਨੇ ਕਮਜ਼ੋਰ ਸਾਂ ਕਿ ਇਹ ਲੁਟੇਰੇ ਅਤੇ ਇਹ ਹਮਲਾਵਰ ਸਾਡੇ ਉਤੇ ਆਪਣਾ ਰਾਜ ਸਥਾਪਿਤ ਕਰਨ ਵਿੱਚ ਵੀ ਕਾਮਯਾਬ ਹੋ ਗਏ ਅਤੇ ਅਸੀਂ ਆਪਣੇ ਹੀ ਦੇਸ਼ ਅੰਦਰ ਗੁਲਾਮ ਬਣਾ ਦਿਤੇ ਗਏ ਅਤੇ ਇਸ ਮੁਸਲਮਾਨੀ ਰਾਜ ਦੌਰਾਨ ਸਾਡੇ ਨਾਲ ਕੀ ਕੀ ਬੀਤਦੀ ਰਹੀ, ਇਹ ਕਹਾਣੀਆਂ ਵੀ ਹਨ ਅਤੇ ਇਹ ਇਕ ਵਡਾ ਇਤਿਹਾਸ ਵੀ ਹੈ। ਆਪਣੇ ਹੀ ਦੇਸ਼ ਅੰਦਰ ਦੋ ਨੰਬਰ ਦੇ ਸ਼ਹਿਰੀ ਬਣ ਜਾਣਾ, ਇਹ ਵੀ ਅਜੀਬ ਕਿਸਮ ਦਾ ਇਤਿਹਾਸ ਹੈ। ਇਹ ਗੁਲਾਮੀ ਦਾ ਸਮਾਂ ਕੋਈ ਤੇਰ੍ਹਾਂ ਸਦੀਆਂ ਤਕ ਚਲਦਾ ਰਿਹਾ ਅਤੇ ਅਸੀਂ ਬਾਹਰੋ ਆਏ ਹਾਕਮਾਂ ਨੂੰ ਵੀ ਬਰਦਾਸਿ਼ਤ ਹੀ ਕਰਦੇ ਰਹੇ, ਕੋਈ ਵਡੀ ਕ੍ਰਾਂਤੀ ਨਾ ਕਰ ਸਕੇ ਅਤੇ ਇਹ ਵੀ ਅਜੀਬ ਜਿਹੀ ਗਲ ਹੈ ਕਿ ਇਹ ਮੁਸਲਮਾਨੀ ਰਾਜ ਜਦ ਆਪ ਹੀ ਕਮਜ਼ੋਰ ਹੋ ਗਿਆ ਅਤੇ ਆਪ ਹੀ ਖਤਮ ਹੋਣ ਲਗਾ ਤਾਂ ਵੀ ਅਸੀਂ ਚੁਪ ਹੀ ਰਹੇ ਅਤੇ ਅਜੀਬ ਜਿਹੀ ਘਟਨਾ ਇਹ ਵਾਪਰੀ ਕਿ ਅੰਗਰੇਜ਼ ਜਿਹੜੇ ਇਕ ਕੰਪਨੀ ਰਾਹੀਂ ਇਸ ਮੁਲਕ ਵਿੱਚ ਵਿਉਪਾਰ ਕਰ ਰਹੇ ਸਨ, ਸਾਡੇ ਹਾਕਮ ਬਣ ਬੈਠੇ ਅਤੇ ਇਹ ਵੀ ਅਜੀਬ ਜਿਹੀ ਘਟਨਾ ਹੈ ਕਿ ਅੰਗਰੇਜ਼ ਸਰਕਾਰ ਦੂਰ ਆਪਣੇ ਮੁਲਕ ਵਿੱਚ ਹੀ ਬੈਠੀ ਆਪਣੇ ਮੁਲਾਜ਼ਮਾਂ ਰਾਹੀਂ ਸਾਡੇ ਉਤੇ ਰਾਜ ਕਰਦੀ ਰਹੀ ਅਤੇ ਇਹ ਵੀ ਅਸਾਂ ਰਬ ਦਾ ਭਾਣਾ ਮਨਕੇ ਬਰਦਾਸਿ਼ਤ ਕਰ ਲਿਤਾ ਅਤੇ ਕੋਈ ਵਡੀ ਜੰਗ ਲੜਕੇ ਅਸਾਂ ਇਹ ਆਜ਼ਾਦੀ ਪ੍ਰਾਪਤ ਨਹੀਂ ਕੀਤੀ ਬਲਕਿ ਅੰਗਰੇਜ਼ਾਂ ਨੇ ਆਪ ਹੀ ਲੰਡਨ ਵਿੱਚ ਆਜ਼ਾਦੀ ਦਾ ਕਾਨੂੰਨ ਪਾਸ ਕੀਤਾ, ਆਪ ਹੀ ਹਿੰਦੁਸਤਾਨ ਦੇ ਦੋ ਟੁਕੜੇ ਕੀਤੇ, ਲਖਾਂ ਲੋਕਾਂ ਦੀਆਂ ਜਾਨਾ ਗਈਆਂ, ਕਰੋੜਾਂ ਲੋਕਾਂ ਦਾ ਉਜਾੜਾ ਕਰ ਦਿਤਾ ਗਿਆ ਅਤੇ ਇਹ ਅਜ ਵਾਲਾ ਭਾਰਤ ਹੋਂਦ ਵਿੱਚ ਆਇਆ।

ਅੰਗਰੇਜ਼ ਬੜੇ ਆਰਾਮ ਨਾਲ ਰਾਜ ਰਾਜਸੀ ਲੋਕਾਂ ਹਥ ਦੇਕੇ ਚਲੇ ਗਏ ਅਤੇ ਇਹ ਰਾਜਸੀ ਲੋਕੀਂ ਇਸ ਮੁਲਕ ਵਿੱਚ 1947 ਤੋਂ ਲੈਕੇ ਹੁਣ ਤਕ ਰਾਜ ਕਰਦੇ ਆ ਰਹੇ ਹਨ। ਇਸ ਰਾਜ ਦਾ ਨਾਮ ਪਰਜਾਤੰਤਰ ਰਖ ਦਿਤਾ ਗਿਆ ਹੈ। ਅਰਥਾਤ ਲੋਕਾਂ ਦਾ ਰਾਜ, ਪਰ ਹਾਲਾਂ ਤਕ ਲੋਕਾਂ ਹਥ ਕੁਝ ਵੀ ਨਹੀਂ ਆਇਆ ਅਤੇ ਇਹ ਜਿਹੜੀਆਂ ਚੋਣਾਂ ਕਰਵਾਈਆਂ ਜਾਂਦੀਆਂ ਹਨ ਇਹ ਉਮੀਦਵਾਰ ਵੀ ਰਾਜਸੀ ਲੋਕ ਹੀ ਹੁੰਦੇ ਹਨ ਅਤੇ ਇਨ੍ਹਾਂ ਦੀ ਪਹਿਲੀ ਚੋਣ ਰਾਜਸੀ ਆਕਾ ਕਰਦੇ ਹਨ ਅਤੇ ਲੋਕਾਂ ਦੀਆਂ ਰਸਮੀ ਜਿਹੀਆਂ ਵੋਟਾਂ ਪਵਾਕੇ ਇਹ ਆਖ ਦਿਤਾ ਜਾਂਦਾ ਹੈ ਕਿ ਇਹ ਚੁਣੇ ਗਏ ਵਿਧਾਇਕ ਲੋਕਾਂ ਦੇ ਨੁਮਾਇੰਦੇ ਹਨ।

ਇਹ ਜਿਹੜਾ ਰਾਜਸੀ ਲੋਕਾਂ ਦਾ ਰਾਜ ਆਇਆ ਹੈ ਇਹ ਚਲਦਿਆਂ ਵੀ ਅਜ ਸਤ ਦਹਾਕਿਆਂ ਦਾ ਸਮਾਂ ਲਦ ਗਿਆ ਹੈ। ਕੋਈ ਵੀ ਤਬਦੀਲੀ ਨਹੀਂ ਆਈ ਹੈ ਅਤੇ ਅਸੀਂ ਇਹ ਰਾਜ ਵੀ ਰਬ ਦਾ ਭਾਣਾ ਮਨਕੇ ਬਰਦਾਸਿ਼ਤ ਕਰਦੇ ਆ ਰਹੇ ਹਾਂ। ਅਜ ਇਸ ਮੁਲਕ ਵਿੱਚ ਕਹਿਣ ਨੂੰ ਪਰਜਾਤੰਤਰ ਹੈ, ਪਰ ਪਰਜਾ ਵਲ ਅਜ ਵੀ ਧਿਆਨ ਨਹੀਂ ਦਿਤਾ ਜਾ ਰਿਹਾ ਅਤੇ ਕੋਈ ਰਸਮੀ ਜਿਹੇ ਵਾਅਦੇ ਕਰਕੇ ਵੋਟਾ ਪਵਾ ਲਿਤੀਆਂ ਜਾਂਦੀਆਂ ਹਨ ਅਤੇ ਰਾਜਸੀ ਲੋਕੀਂ ਵੀ ਪੰਜ ਸਾਲ ਗਡੀਆਂ ਦੀਆਂ ਸਵਾਰੀਆਂ ਕਰ ਲੈਂਦੇ ਹਨ।

ਅਸੀਂ ਹਰ ਸਵੀਕਾਰ ਕਰਦੇ ਆ ਰਹੇ ਹਾਂ ਕਿਉਂਕਿ ਸਾਡੇ ਧਾਰਮਿਕ ਹਸਤੀਆਂ ਨੇ ਸਾਨੂੰ ਸਮਝਾ ਦਿਤਾ ਹੈ ਕਿ ਇਹ ਉਹ ਆਦਮੀ ਰਾਜ ਕਰ ਰਹੇ ਹਨ ਜਿਹੜੇ ਪਿਛਲੇ ਜਨਮ ਵਿੱਚ ਭਗਤੀ ਕਰਦੇ ਰਹੇ ਸਨ ਅਤੇ ਸਾਨੂੰ ਇਹ ਸਮਝਾ ਦਿਤਾ ਗਿਆ ਹੈ ਕਿ ਅਸੀਂ ਵੀ ਅਗਰ ਇਸ ਜਨਮ ਵਿੱਚ ਭਗਤੀ ਕਰੀਏ ਤਾਂ ਇਹ ਜਨਮ ਨਹੀਂ ਅਗਲਾ ਜਨਮ ਸੰਵਰ ਜਾਵੇਗਾ। ਇਸ ਜਨਮ ਵਿੱਚ ਤਾਂ ਪਿਛਲੇ ਜਨਮਾਂ ਦੇ ਪਾਪਾਂ ਦੀ ਸਜ਼ਾ ਤਾ ਭੁਗਤਣੀ ਹੀ ਪੈਣੀ ਹੈ। ਅਸੀਂ ਧਾਰਮਿਕ ਹਸਤੀਆਂ ਦੀ ਇਹ ਘੋਸ਼ਣਾ ਸਵੀਕਾਰ ਕਰ ਲਿਤੀ ਹੈ ਅਤੇ ਇਹ ਜੀਵਨ ਜੈਸਾ ਵੀ ਹੈ, ਭੁਗਤਣ ਦਾ ਇਰਾਦਾ ਬਣਾ ਲਿਤਾ ਹੈ। ਇਸ ਲਈ ਇਸ ਮੁਲਕ ਵਿੱਚ ਹਾਲਾਤ ਆਪ ਹੀ ਬਦਲ ਸਕਦੇ ਹਨ, ਪਰ ਕੋਈ ਇਹ ਆਖੇ ਕਿ ਅਸੀਂ ਆਪ ਕੁਝ ਕਰਾਂਗੇ ਅਤੇ ਹਾਲਾਤ ਬਦਲ ਦੇਵਾਂਗੇ, ਇਹ ਗਲਾਂ ਇਸ ਦੇਸ਼ ਵਿੱਚ ਓਪਰੀਆਂ ਜਿਹੀਆਂ ਲਗਦੀਆਂ ਹਨ।

ਅਜ ਤਕ ਸਾਡੀ ਹਿੰਮਤ ਹੀ ਨਹੀਂ ਬਣ ਪਾਈ ਕਿ ਅਸੀਂ ਹਾਕਮਾਂ ਦੇ ਨੁਕਸ ਕਢਸਕੀਏ। ਰਾਜਿਆਂ ਦਾ ਹਰ ਹੁਕਮ ਮਨਣਾ ਅਸੀਂ ਆਪਣਾ ਧਰਮ ਬਣਾ ਰਖਿਆ ਹੈ ਅਤੇ ਅਜ ਵੀ ਜਿਹੜਾ ਵੀ ਹਾਕਮ ਬਣ ਜਾਂਦਾ ਹੈ ਅਸੀਂ ਉਸਦਾ ਰਾਜ ਸਵੀਕਾਰ ਕਰ ਲੈਂਦੇ ਹਾਂ। ਇਹ ਰਾਜਸੀ ਲੋਕਾਂ ਦਾ ਰਾਜ ਸਤ ਦਹਾਕਿਆਂ ਤੋਂ ਚਲਦਾ ਆ ਰਿਹਾ ਹੈ। ਇਹ ਰਾਜਸੀ ਲੋਕੀਂ ਹੀ ਟੀਮਾਂ ਵਿੱਚ ਵੰਡੇ ਪਏ ਹਨ ਅਤੇ ਕਦੀ ਕੋਈ ਟੀਮ ਰਾਜ ਕਰਨ ਲਗ ਪੈਂਦੀ ਹੈ ਕਦੀ ਕੋਈ ਟੀਮ ਰਾਜ ਕਰਨ ਆ ਜਾਂਦੀ ਹੈ। ਵੋਟਾਂ ਤੋਂ ਪਹਿਲਾਂ ਕੋਈ ਪਾਨੀਪਤ ਦੀ ਜੰਗ ਨਹੀਂ ਕਰਨੀ ਪੈਂਦੀ ਬਲਕਿ ਪਹਿਲੀ ਸਰਕਾਰ ਦੇ ਨੁਕਸ ਲੋਕਾਂ ਸਾਹਮਣੇ ਕਰ ਦਿਤੇ ਜਾਂਦੇ ਹਨ ਅਤੇ ਆਪ ਕੁਝ ਕਰ ਦਿਖਾਉਣ ਦਾ ਵਾਅਦਾ ਕਰਕੇ ਸਾਡੀਆਂ ਵੋਟਾ ਲਿਤੀਆਂ ਜਾ ਰਹੀਆਂ ਹਨ ਅਤੇ ਇਹ ਲੁਕਣ ਮੀਟੀ ਵਿੱਚ ਅਸੀਂ ਇਤਿਹਾਸ ਦੇ ਹੋਰ ਸਤ ਦਹਾਕਿਆਂ ਦਾ ਸਮਾਂ ਲੰਘਾ ਲਿਤਾ ਹੈ। ਲਗਦਾ ਹੈ ਇਸੇ ਤਰ੍ਹਾਂ ਇਹ ਰਾਜਸੀ ਲੋਕਾਂ ਦਾ ਰਾਜ ਵੀ ਕੋਈ ਸਦੀਆਂ ਤਕ ਚਲਦਾ ਰਵੇਗਾ। ਇਸ ਮੁਲਕ ਦਾ ਇਤਿਹਾਸ ਆਪ ਹੀ ਬਦਲਦਾ ਆਇਆ ਹੈ ਅਤੇ ਅਸੀਂ ਆਪ ਕਦੀ ਬਦਲਣ ਦੀ ਕੋਸਿ਼ਸ਼ ਨਹੀਂ ਕਰਦੇ ਕਿਉਂਕਿ ਰਬ ਦੇ ਭਾਣੇ ਦੀ ਉਲੰਘਣਾ ਕਰਨਾ ਇਸ ਮੁਲਕ ਵਿੱਚ ਪਾਪ ਸਮਝਿਆ ਜਾਂਦਾ ਹੈ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: