Mon. May 20th, 2019

ਅਸ਼ਲੀਲ ਵੀਡੀਓ ਮਗਰੋਂ ਰੂਪੋਸ਼ ਹੋਇਆ ਚੱਢਾ

ਅਸ਼ਲੀਲ ਵੀਡੀਓ ਮਗਰੋਂ ਰੂਪੋਸ਼ ਹੋਇਆ ਚੱਢਾ

ਆਪਣੇ ਹੋਟਲ ਦੇ ਦਫਤਰ ‘ਚ ਇੱਕ ਮਹਿਲਾ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਵਾਲਾ ਵੀਡੀਓ ਵਾਇਰਲ ਹੋਣ ਮਗਰੋਂ ਭਾਵੇਂ ਪੁਲਿਸ ਵੱਲੋਂ ਚਰਨਜੀਤ ਸਿੰਘ ਚੱਢਾ ਖਿਲਾਫ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਪਰ ਚਾਰ ਦਿਨ ਬੀਤ ਜਾਣ ਮਗਰੋਂ ਵੀ ਚੱਢਾ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਚਰਚਾ ਹੈ ਕਿ ਚੱਢਾ ਵਿਦੇਸ਼ ਭੱਜ ਗਿਆ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਉਸ ਖਿਲਾਫ ਲੁੱਕਆਊਟ ਸਰਕੂਲਰ ਤੱਕ ਵੀ ਨਹੀਂ ਜਾਰੀ ਕੀਤਾ ਗਿਆ।

ਚਰਨਜੀਤ ਸਿੰਘ ਚੱਢਾ ਅੰਮ੍ਰਿਤਸਰ ਦਾ ਵੱਡਾ ਕਾਰੋਬਾਰੀ ਹੈ ਤੇ ਧਾਰਮਿਕ ਸੰਸਥਾ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਰਿਹਾ ਹੈ। ਅਸ਼ਲੀਲ ਵੀਡੀਓ ਦੇ ਵਾਇਰਲ ਹੋਣ ਮਗਰੋਂ ਉਸ ਨੂੰ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਤੇ ਮਾਮਲਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲ ਵੀ ਪੁੱਜ ਚੁੱਕਾ ਹੈ। ਪੰਜ ਸਿੰਘ ਸਾਹਿਬਾਨ ਦੀ ਅਗਲੀ ਹੋਣ ਵਾਲੀ ਮੀਟਿੰਗ ਵਿੱਚ ਚੱਢਾ ਨੂੰ ਤਲਬ ਵੀ ਕੀਤਾ ਜਾ ਚੁੱਕਾ ਹੈ।

ਦਰਅਸਲ ਚੀਫ ਖਾਲਸਾ ਦੀਵਾਨ ਅਧੀਨ ਚੱਲਣ ਵਾਲੇ ਇੱਕ ਸਕੂਲ ਦੀ ਪ੍ਰਿੰਸੀਪਲ ਨੇ ਚੱਢਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਦੋਸ਼ ਲਾਏ ਸਨ ਕਿ ਚੱਢਾ ਵੱਲੋਂ ਉਸ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਡੀਜੀਪੀ ਨੂੰ ਸ਼ਿਕਾਇਤ ਕੀਤੀ ਗਈ ਤੇ ਬਾਅਦ ਵਿੱਚ ਪੁਲਿਸ ਨੇ ਚਰਨਜੀਤ ਸਿੰਘ ਚੱਢਾ ਤੇ ਉਸ ਦੇ ਬੇਟੇ ਇੰਦਰਬੀਰ ਸਿੰਘ ਚੱਢਾ ਖਿਲਾਫ ਮਾਮਲਾ ਦਰਜ ਕੀਤਾ ਸੀ।

ਇਸ ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਐਸ.ਆਈ.ਟੀ. ਵੀ ਬਣਾਈ ਗਈ ਹੈ ਪਰ ਹਾਲੇ ਤੱਕ ਪੁਲਿਸ ਚਰਨਜੀਤ ਸਿੰਘ ਚੱਢਾ ਤੱਕ ਨਹੀਂ ਪਹੁੰਚ ਸਕੀ। ਉਧਰ ਚੱਢਾ ਤੇ ਉਸ ਦੇ ਬੇਟੇ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਉਸ ਦੇ ਬੇਟੇ ਵੱਲੋਂ ਅਗਾਊਂ ਜਮਾਨਤ ਲੈ ਲਈ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕੇ ਉਸ ਦੇ ਬੇਟੇ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ।

ਸਭ ਤੋਂ ਵੱਡਾ ਸਵਾਲ ਇਹ ਹੈ ਕਿ ਚਰਨਜੀਤ ਸਿੰਘ ਚੱਢਾ ਖਿਲਾਫ ਕੇਸ ਦਰਜ ਤੋਂ ਤੋਂ 4 ਦਿਨ ਬਾਅਦ ਵੀ ਪੁਲਿਸ ਉਸ ਤੱਕ ਨਹੀਂ ਪਹੁੰਚ ਸਕੀ। ਇੱਥੇ ਵੀ ਸਵਾਲ ਉੱਠ ਰਿਹਾ ਹੈ ਕਿ ਜੇਕਰ ਚੱਢਾ ਸੱਚਮੁੱਚ ਵਿਦੇਸ਼ ਚਲਾ ਗਿਆ ਹੈ ਤਾਂ ਪੁਲਿਸ ਇੰਨੇ ਦਿਨ ਹੱਥ ‘ਤੇ ਹੱਥ ਧਰ ਕੇ ਕਿਉਂ ਬੈਠੀ ਰਹੀ?

Leave a Reply

Your email address will not be published. Required fields are marked *

%d bloggers like this: