ਅਵਤਾਰ ਦਿਵਸ ਤੇ ਵਿਸੇਸ਼: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਟਕੀ ਪ੍ਰਚਾਰ ਢੰਗ

ss1

ਅਵਤਾਰ ਦਿਵਸ ਤੇ ਵਿਸੇਸ਼: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਟਕੀ ਪ੍ਰਚਾਰ ਢੰਗ

ਹਿੰਦੂ-ਮੁਸਲਮਾਨ ਦੋ ਧਰਮਾਂ ਵਿੱਚ ਵੰਡੀ, ਜ਼ਾਤਾਂ-ਪਾਤਾਂ ਵਿੱਚ ਉਲਝੀ, ਰਾਜੇ-ਨਵਾਬਾਂ ਦੇ ਅੱਤਿਆਚਾਰਾਂ ਦੀ ਸ਼ਿਕਾਰ, ਧਰਮ ਦੇ ਨਾਂ ਤੇ ਪਾਪਾਂ ਵਿੱਚ ਫਾਥੀ, ਹਿੰਦੁਸਤਾਨ ਦੀ ਹਰ ਪਾਸਿਓਂ ਦੁਖੀ ਲੋਕਾਈ ਦੀ ਹਾਇ ! ਹਾਇ!! ਦੀ ਪੁਕਾਰ ਸੁਣ ਕੇ ਪ੍ਰਭੂ-ਪ੍ਰਮਾਤਮਾ, ਅਕਾਲ ਪੁਰਖ਼ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ 15 ਅਪ੍ਰੈਲ 1469 ਈਸਵੀ (20 ਵੈਸਾਖ ਦਿਨ ਸ਼ਨੀਵਾਰ ਨੂੰ ਰਾਇ-ਭੋਇ ਦੀ ਤਲਵੰਡੀ ਹੁਣ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਪਿਤਾ ਕਲਿਆਣ ਰਾਏ (ਕਾਲੂ) ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਦੀ ਕੁੱਖੋਂ ਅਵਤਾਰ ਦੇ ਰੂਪ ਵਿੱਚ ਭੇਜਿਆ। ਗੁਰੂ ਜੀ ਨੇ ਸੱਤ ਸਾਲਾਂ ਦੀ ਉਮਰ ਵਿੱਚ ਗੋਪਾਲ ਪਾਂਧੇ ਤੋਂ ਹਿੰਦੀ, ਪੰਡਤ ਬ੍ਰਿਜ ਲਾਲ ਪਾਸੋਂ ਸੰਸਕ੍ਰਿਤ ਅਤੇ ਤੇਰਾਂ ਸਾਲ ਦੀ ਉਮਰ ਵਿੱਚ ਮੌਲਵੀ ਕੁਤਬਦੀਨ ਪਾਸੋਂ ਫ਼ਾਰਸੀ ਪੜੀ। ਤਿੰਨੇ ਹੀ ਉਸਤਾਦ ਆਪਣੇ ਆਪਣੇ ਸਮੇਂ ਤੇ ਗੁਰੂ ਜੀ ਦੀ ਤੀਖਣ ਬੁੱਧੀ ਵੇਖ ਕੇ ਬੜੇ ਹੈਰਾਨ ਹੋਏ। ਉਨਾਂ ਦੀ ਬਾਲ ਉਮਰ ਵਿੱਚ ਗੰਭੀਰ ਜੀਵਨ ਜਾਚ ਨੂੰ ਤੱਕ ਕੇ, ਗ਼ਰੀਬਾਂ ਦੇ ਹਮਦਰਦ ਹੋਣ ਕਰਕੇ ਨਗਰ ਦੇ ਸਾਰੇ ਹਿੰਦੂ-ਮੁਸਲਮਾਨ ਸੀਸ ਝੁਕਾਣ ਲੱਗ ਪਏ। ਆਮ ਪਾਠਕਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਗੁਰੂ ਜੀ ਦਾ ਪਿਛਲਾ ਪਿੰਡ ”ਪੱਠੇ-ਵਿੰਡ” ਜਿਲਾ ਤਰਨਤਾਰਨ ਸੀ ਪ੍ਰੰਤੂ ਪਿਤਾ ਜੀ ਰਾਇ ਬੁਲਾਰ ਮੁਸਲਿਮ ਹਾਕਮ ਦੇ ਪਟਵਾਰੀ ਹੋਣ ਕਰਕੇ ਪੱਕੇ ਤੌਰ ਤੇ ਤਲਵੰਡੀ ਵਿਖੇ ਹੀ ਵੱਸ ਗਏ ਸਨ।   ਆਓ ! ਅੱਜ ਉਨਾਂ ਦੇ ਮਨਾਏ ਜਾ ਰਹੇ ਅਵਤਾਰ ਦਿਵਸ ਤੇ ਉਨਾਂ ਨੇ ਕਿਵੇਂ ਪਾਖੰਡ, ਵਹਿਮ ਭਰਮ, ਗ਼ਲਤ ਰੀਤੀ ਰਿਵਾਜਾਂ ‘ਤੇ ਜ਼ੁਲਮ ਦੇ ਖਿਲਾਫ਼ ਨਿਵੇਕਲੇ ਢੰਗ ਨਾਲ ਅਵਾਜ਼ ਉਠਾਈ, ਆਪਣੇ ਕੋਲ ਵੱਡਾ ਇਕੱਠ ਕਰਕੇ ਕਿਸੇ ਨੂੰ ਆਪਣਾ ‘ਸਿੱਖ’ ਬਨਣ ਲਈ ਨਹੀਂ ਕਿਹਾ ਸਗੋਂ ਦੂਰ-ਦੁਰਾਡੇ, ਦੇਸ਼ਾਂ ਪ੍ਰਦੇਸ਼ਾਂ ਵਿੱਚ ਜਾ ਕੇ ਨਿੱਡਰ ਤੇ ਮੌਤੋਂ ਬੇ-ਪਰਵਾਹ ਹੋ ਕੇ ਉੱਥੇ ਫੈਲੀਆਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਘਰ ਘਰ ਫੇਰਾ ਪਾਇਆ। ਸਭ ਤੋਂ ਪਹਿਲਾਂ ਜਦੋਂ ਦਸ ਸਾਲ ਦੀ ਉਮਰ ਵਿੱਚ ਜਦੋਂ ਹਰਦਿਆਲ ਪ੍ਰੋਹਿਤ ਭਰੇ ਇਕੱਠ ਵਿੱਚ ਜਨੇਊ ਪਹਿਨਾਉਣ ਲੱਗਿਆ ਤਾਂ ਉਨਾਂ ਨੇ ਉਸ ਦਾ ਹੱਥ ਫੜ ਕੇ ਕਿਹਾ, ”ਪੰਡਿਤ ਜੀ ਇਸ ਦੇ ਪਹਿਨਣ ਦਾ ਕੀ ਲਾਭ ਹੈ ਤੇ ਨਾ ਪਹਿਨਣ ਦਾ ਕੀ ਨੁਕਸਾਨ? ਕੀ ਇਹ ਮੈਲਾ ਤੇ ਪੁਰਾਣਾ ਹੋ ਕੇ ਟੁੱਟੇਗਾ ਤਾਂ ਨਹੀਂ?” ਪੰਡਿਤ ਹਰਦਿਆਲ ਨੂੰ ਇੰਨਾਂ ਵਿੱਚੋਂ ਇੱਕ ਸਵਾਲ ਦੀ ਭੀ ਉਮੀਦ ਨਹੀਂ ਸੀ। ਛਿੱਥੇ ਹੋਏ ਪੰਡਤ ਨੇ ਕਿਹਾ, ”ਇਹ ਮੈਲਾ ਭੀ ਹੋਏਗਾ ਤੇ ਟੁੱਟੇਗਾ ਭੀ। ਫਿਰ ਨਵਾਂ ਪਾਇਆ ਜਾਵੇਗਾ। ਗੁਰੂ ਜੀ ਅਜਿਹਾ ਜਨੇਊ ਜੋ ਟੁੱਟੇ ਭੀ ਨਾ ਤੇ ਮੈਲਾ ਭੀ ਨਾ ਹੋਵੇ। ਇਸ ਦੇ ਪਹਿਨਣ ਦਾ ਕੀ ਲਾਭ? ”ਦਇਆ, ਕਪਾਹ, ਸੰਤੋਖ ਸੂਤ ਜਤ ਗੰਢੀ ਸਤੁ ਵਟਿ।ਇਹੁ ਜਨੇਊ ਜੀਓ ਕਾ, ਹਈ ਤਾ ਪਾਂਡੇ ਘਤੁ।”ਇਹ ਸ਼ਬਦ ਸੁਣ ਕੇ ਪੰਡਤ ਜੀ ਨੇ ਪਿਤਾ ਕਾਲੂ ਜੀ ਨੂੰ ਕਿਹਾ, ”ਕਾਲੂ ਜੀ ਇਹ ਧਰਮ ਕਰਮ ਵਿੱਚ ਵਿਸਵਾਸ਼ ਨਹੀਂ ਰੱਖੇਗਾ। ਇਸ ਦੇ ਸਿਰ ਤੇ ਛਤਰ ਝੁੱਲੇਗਾ, ਪਤਾ ਨਹੀਂ ਉਹ ਛਤਰ ਧਾਰਮਿਕ ਹੋਵੇਗਾ ਜਾਂ ਰਾਜਨੀਤਿਕ।” ਆਮ ਲੋਕ ਖੁਸ਼ ਸਨ, ਪ੍ਰੰਤੂ ਮਾਪੇ ਤੇ ਰਿਸ਼ਤੇਦਾਰ ਹੈਰਾਨ-ਪ੍ਰੇਸ਼ਾਨ। ਇਓਂ ਗੁਰੂ ਜੀ ਨੇ ਆਪਣੇ ਘਰ ਤੋਂ ਗ਼ਲਤ ਰੀਤੀ ਰਿਵਾਜ ਤੋੜਦੇ ਹੋਏ ਰਿਸ਼ਤੇਦਾਰਾਂ ਦੀ ਨਰਾਜ਼ਗੀ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਉਨਾਂ ਨੇ ਇਸ ਵਹਿਮ ਨੂੰ ਅਸਲੀਅਤ ਦਾ ਪ੍ਰਭਾਵ ਪਾ ਕੇ ਤੋੜਿਆ। ”ਨਾਟਕੀ ਪ੍ਰਚਾਰ” ਦਾ ਇਹ ਪਹਿਲਾ ਕਦਮ ਸੀ। ਨੇੜੇ ਦੀ ਮੰਡੀ ਚੂਹੜਕਾਣੇ 20 ਰੁਪਏ ਦੇ ਕੇ ਖ਼ਰਾ ਸੌਦਾ ਕਰਨ ਲਈ ਭੇਜਿਆ ਤਾਂ ਗੁਰੂ ਜੀ ਨੇ ਤਨ ਤੋਂ ਨੰਗੇ (ਕੱਪੜਾ ਨਾ ਮਿਲਣ ਕਰਕੇ) ਤਿੰਨ ਦਿਨਾਂ ਤੋਂ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਆਪਣੇ ਵੱਲੋਂ ਖ਼ਰਾ ਸੌਦਾ ਕੀਤਾ ਕਿਉਂਕਿ ਉਨਾਂ ਨੂੰ ਪਤਾ ਸੀ ਕਿ ਇਹ ਪਾਖੰਡੀ ਨਹੀਂ। ਬੇਸ਼ੱਕ ਇਸ ਪਿੱਛੇ ਉਨਾਂ ਨੂੰ ਪਿਤਾ ਦੀਆਂ ਚਪੇੜਾਂ ਭੀ ਖਾਣੀਆਂ ਪਈਆਂ, ਕਿਉਂਕਿ ਉਹ ਸੰਤ ਘਰ-ਘਰ ਮੰਗਣ ਨਹੀਂ ਜਾਂਦੇ ਸਨ। ਅੱਜ ਭੀ ਗੁਰੂ ਜੀ ਦੀ ਸਿੱਖਿਆ ਤੇ ਅਮਲ ਕਰਨ ਦੀ ਲੋੜ ਹੈ ਕਿਉਂਕਿ ਸਾਡੇ ਦੇਸ਼ ਦੇ ਅਨੇਕਾਂ ਨੰਗੇ ਤੇ ਭੁੱਖੇ ਲੋਕ ਅਸਮਾਨ ਦੀ ਛੱਤ ਹੇਠ ਸੌਂਦੇ ਹਨ। ਖ਼ਰਾਬ ਹੋ ਰਿਹਾ ਅਨਾਜ ਉਨਾਂ ਨੂੰ ਵੰਡ ਦੇਣਾ ਚਾਹੀਦਾ ਹੈ। ਇਸ ਤੋਂ ਅੱਗੇ ਗੁਰੂ ਜੀ ਨੇ ਹਿੰਦੂ ਤੀਰਥਾਂ, ਜੋਗੀਆਂ ਦੇ ਮੱਠ, ਇਸਲਾਮ ਦੇ ਧਰਮ ਕੇਂਦਰ, ਬ੍ਰਾਹਮਣਾਂ, ਜੋਗੀਆਂ, ਸਿੱਧਾਂ, ਸਈਯਦਾਂ, ਪੀਰਾਂ, ਫ਼ਕੀਰਾਂ, ਸਭਨਾਂ ਦੀਆਂ ਜਨਤਾ ਉੱਤੇ ਹੋ ਰਹੀਆਂ ਵਧੀਕੀਆਂ ਨਸ਼ਰ ਕਰਨੀਆਂ ਪੈਣੀਆਂ ਸਨ, ਇਸ ਲਈ ਉਨਾਂ ਨਾਲ ਵੈਰ ਸਹੇੜਨਾ ਪੈਣਾ ਸੀ। ਦਲੇਰ ਹੋ ਕੇ ਜਨਤਾ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਦਲੇਰੀ ਤੇ ਹੱਲਾ-ਸ਼ੇਰੀ ਦੇਣੀ ਪੈਣੀ ਸੀ। ਇਹ ਇੱਕ ਬਗਾਵਤ ਦੇ ਤੁੱਲ ਸੀ।

ਆਪਣੇ ਬੁੱਢੇ-ਮਾਪਿਆਂ ਦੀ ਤਸੱਲੀ ਦੇ ਕੇ ਮਰਦਾਨੇ ਸਾਥੀ ਸਮੇਤ, ਘਰ ਦੀ ਸਰਦਾਰੀ ਨੂੰ ਲੱਤ ਮਾਰ, ਸਰੀਰਕ ਔਖਿਆਈਆਂ, ਹਜ਼ਾਰਾਂ ਕੋਹਾਂ ਦਾ ਸਫ਼ਰ, ਕਈ ਕਈ ਦਿਨਾਂ ਦੀ ਭੁੱਖ ਤ੍ਰੇਹ, ਕਿਤੇ ਮੀਲਾਂ ਤੱਕ ਰੇਗਿਸਤਾਨ ਹੀ ਰੇਗਿਸਤਾਨ, ਕਹਿਰ ਦੀਆਂ ਲੋਆਂ ਵਿੱਚ ਭੱਠ-ਤਪਦੇ ਰੇਤ ਥਲੇ, ਕਿਤੇ ਜੰਗਲ ਹੀ ਜੰਗਲ, ਜਿੱਥੇ ਲਹੂ-ਪੀਣੇ ਮੱਛਰ ਨਾ ਦਿਨੇ ਚੈਨ ਲੈਣ ਨਾ ਰਾਤ ਨੂੰ, ਨਾ-ਮਾਤਰ ਕੱਜ ਵਿੱਚ ਗਰਮੀ ਤੇ ਸਰਦੀ ਦਾ ਕਸ਼ਟ, ਓਪਰੇ ਓਪਰੇ ਲੋਕ, ਕਿਤੇ ਜੰਗਲੀ ਤੇ ਮਾਣਸ-ਖਾਣੇ ਲੋਕਾਂ ਦਾ ਮੁਕਾਬਲਾ ਕਰਨ ਲਈ ਪਹਾੜ ਜਿੱਡਾ ਜਿਗਰਾ ਕਰਕੇ, ਇੱਕ ਲੰਮਾ ਕੁੜਤਾ, ਸਿਰ ਤੇ ਪੱਗ ਤੇ ਤੇੜ ਚਾਦਰ, ਭਾਰਤ ਦੇ ਆਮ ਸਾਧਾਂ-ਸੰਤਾਂ ਵਾਲੇ ਗੇਰੂਏ ਰੰਗ ਦੇ ਇਹ ਬਸਤਰ ਪਹਿਨੀ ਪਹਿਲੀ ਉਦਾਸੀ ਉੱਪਰ 1508 ਈ: ਨੂੰ ਘਰੋਂ ਨਿੱਕਲ ਪਏ। ਅਮੀਰ ਪ੍ਰਵਾਰ ਦੇ ਪੁੱਤਰ ਨੂੰ ਉਦਾਸੀਆਂ ਵਾਲੇ ਭੇਸ ਵਿੱਚ ਤੱਕ ਕੇ ਮਾਂ-ਬਾਪ ਆਪਣੇ ਅੱਥਰੂ ਨਾ ਰੋਕ ਸਕੇ। ਪਹਿਲੀ ਉਦਾਸੀ ਸਮੇਂ ਆਪ ਏਮਨਾਬਾਦ (ਸੈਦਪੁਰ) ਗ਼ਰੀਬ, ਕਿਰਤੀ ਪ੍ਰੰਤੂ ਸਤਸੰਗੀ ਭਾਈ ਲਾਲੋ ਤਰਖ਼ਾਣ ਦੇ ਘਰ ਰੋਟੀ ਖਾ ਕੇ ਸੁੱਤੇ। ਸੁਭਾ ਉੱਥੋਂ ਦੇ ਸਭ ਤੋਂ ਅਮੀਰ ਮਲਕ ਭਾਗੋ ਦੇ ਪਿਤਾ ਦਾ ਸ਼ਰਾਧ ਸੀ। ਪੇਟ ਪਾਲੂ, ਗੋਗੜਾਂ ਵਾਲੇ, ਪਾਖੰਡੀ ਸਾਧ ਤਾਂ ਕਈ ਦਿਨਾਂ ਦੇ ਡੇਰੇ ਲਾਈ ਬੈਠੇ ਸਨ ਪ੍ਰੰਤੂ ਗੁਰੂ ਨਾਨਕ ਦੇਵ ਜੀ ਤਿੰਨ ਵਾਰ ਸੱਦਾ ਔਣ ਤੇ ਹੀ ਉਸ ਦੇ ਘਰ ਗਏ। ਸਭ ਤੋਂ ਪਹਿਲਾਂ ਮਲਕ ਭਾਗੋ ਨੇ ਹੈਂਕੜ ਕੇ ਕਿਹਾ, ”ਮੇਰਾ ਘਰ ਛੱਡ ਕੇ ਤੁਸੀ ਨੀਚ ਲਾਲੋ ਦੇ ਘਰ ਦਾ ਖਾਣਾ ਖਾਧਾ ਹੈ। ਗੁਰੂ ਜੀ ਨੇ ਕਿਹਾ, ”ਸਭ ਲੋਕ ਇਕੋ ਪ੍ਰਮਾਤਮਾ ਦੇ ਪੈਦਾ ਕੀਤੇ ਹੋਏ ਹਨ, ਕੋਈ ਉੱਚਾ ਨੀਂਵਾ ਨਹੀਂ ਜੇ ਤੁਸੀ ਕਹਿੰਦੇ ਹੋਂ ਮੈਂ ਤਾਂ ਸੰਗੀ-ਸਾਥੀ ਹੀ ਇਨਾਂ ਦਾ ਹਾਂ।” ”ਨੀਚਾ ਅੰਦਰ ਨੀਚੁ ਜਾਤ ਨੀਚੀ ਹੂੰ ਅਤਿ ਨੀਚੁ।” ਬਾਕੀ ਰਹੀ ਗੱਲ ਤੇਰੇ ਬ੍ਰਹਮ ਭੋਜ ਦੀ, ਇਹ ਸਭ ਪਦਾਰਥ ਮਾਸ ਤੋਂ ਬਣੇ ਹੋਏ ਹਨ ਤੇ ਅਸੀ ਕਦੇ ਮਾਸ ਨਹੀਂ ਖਾਧਾ।” ਮਲਕ ਭਾਗੋ ਤਿਲਮਲਾ ਉੱਠਿਆ, ”ਮਾਸ”? ”ਇਹ ਤਾਂ ਸਾਰੇ ਵੈਸ਼ਨੂੰ ਪਕਵਾਨ ਹਨ” ਤਾਂ ਗੁਰੂ ਜੀ ਕਹਿੰਦੇ,”ਕੇਵਲ ਮਾਸ ਹੀ ਨਹੀਂ ”ਜ਼ਹਿਰ” ਭੀ ਹੈ। ਗ਼ਰੀਬਾਂ ਦਾ ਖ਼ੂਨ ਚੂਸ ਕੇ ਉਸ ਵਿੱਚ ਮਾਹਲ-ਪੂੜੇ ਤਲੇ ਹਨ ਤੇ ਖ਼ੀਰ ਵਿੱਚ ਗ਼ਰੀਬਾਂ ਦੀ ਚਰਬੀ ਦਿਸਦੀ ਹੈ, ਜਦੋਂ ਕਿ ਕਿਰਤੀ ਭਾਈ ਲਾਲੋ ਦੀ ਰੋਟੀ ਵਿੱਚ ਅੰਮ੍ਰਿਤ ਤੇ ਦੁੱਧ ਹੈ।” ਉਸ ਨੂੰ ਪ੍ਰਤੱਖ ਅਹਿਸਾਸ ਕਰਵਾ ਕੇ ਸਾਰੀ ਦੌਲਤ ਗ਼ਰੀਬਾਂ ਨੂੰ ਵੰਡਣ ਲਈ ਕਿਹਾ। ਕਰਾਮਾਤ ਵਰਗੀ ਅਸਲੀਅਤ ਵੇਖ ਗੁਰੂ ਜੀ ਨਾਲ ਹੀ ਬਹੁਤ ਸਾਰੇ ਲੋਕ ਚੱਲ ਪਏ।   28 ਮਾਰਚ 1508 ਈਸਵੀ ਦਿਨ ਸੋਮਵਾਰ ਯੂ.ਪੀ. ਦੇ ਜਿਲਾ ਸਹਾਰਨਪੁਰ ਦੇ ਗੰਗਾ ਨਦੀ ਦੇ ਕੰਢੇ, ਹਿੰਦੂਆਂ ਦੇ ਮਹਾਨ ਤੀਰਥ ਹਰਿਦੁਆਰ ਪਹੁੰਚੇ। ਗੁਰੂ ਜੀ ਅਜਿਹੇ ਇਕੱਠਾ ਤੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਲਈ ਮਿੱਥ ਕੇ ਜਾਂਦੇ ਸਨ। ਲੱਖਾਂ ਦੀ ਗਿਣਤੀ ਵਿੱਚ ਲੋਕ ਗੰਗਾ ਵਿੱਚ ਇਸ਼ਨਾਨ ਕਰਕੇ ਚੜਦੇ ਵੱਲ ਪਾਣੀ ਸੁੱਟ ਰਹੇ ਸਨ। ਗੁਰੂ ਜੀ ਮਰਦਾਨੇ ਸਮੇਤ ਛਿਪਦੇ ਵੱਲ ਪਾਣੀ ਝੱਟਣ ਲੱਗੇ। ਵੱਡੇ ਹਜ਼ੂਮ ਦੇ ਪਿਛਲੇ ਬੰਦਿਆਂ ਨੇ ਗੁਰੂ ਸਾਹਿਬ ਤੇ ਸਵਾਲ ਕੀਤਾ, ”ਤੁਸੀ ਪਾਣੀ ਕਿੱਧਰ ਝੱਲ ਰਹੇ ਹੋਂ?” ਗੁਰੂ ਜੀ ਨੇ ਜਵਾਬ ਦੇਣ ਦੇ ਥਾਂ ਉਲਟਾ ਉਨਾਂ ਤੇ ਹੀ ਸਵਾਲ ਕੀਤਾ, ”ਤੁਸੀ ਪਾਣੀ ਕਿੱਧਰ ਸੁੱਟ ਰਹੇ ਹੋਂ?” ਉਨਾਂ ਨਾਲ ਗੱਲ ਕਰਨ ਤੋਂ ਬਾਦ ਗੁਰੂ ਜੀ ‘ਤੇ ਮਰਦਾਨਾ ਅੱਗੇ ਤੋਂ ਵੱਧ ਜ਼ੋਰ ਨਾਲ ਪਾਣੀ ਚੁੱਕ ਕੇ ਸੁੱਟਣ ਲੱਗੇ। ਇਕੱਠ ਵਿੱਚੋਂ ਹੋਰ ਬੰਦੇ ਆ ਕੇ ਬੋਲੇ, ”ਅਸੀ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਭੇਜ ਰਹੇ ਹਾਂ, ਜੋ ਸੂਰਜ ਰਾਹੀਂ ਉਨਾਂ ਨੂੰ ਮਿਲ ਜਾਵੇਗਾ।” ਗੁਰੂ ਸਾਹਿਬ ਕਹਿੰਦੇ, ”ਪੰਜਾਬ ਵਿੱਚ ਮੀਂਹ ਨਾ ਪੈਣ ਕਾਰਨ ਆਪਣੀਆਂ ਬੀਜੀਆਂ ਹੋਈਆਂ ਫ਼ਸਲਾਂ ਨੂੰ ਸੋਕੇ ਤੋਂ ਬਚਾਣ ਲਈ ਉਨਾਂ ਨੂੰ ਪਾਣੀ ਦੇ ਰਹੇ ਹਾਂ।” ਪਿੱਤਰਾਂ ਨੂੰ ਪਾਣੀ ਦੇਣ ਦਾ ਭਰਮ ਪਾਲਣ ਵਾਲੇ ਕਹਿੰਦੇ, ”ਤੁਹਾਡਾ ਪਾਣੀ ਤੁਹਾਡੇ ਖ਼ੇਤਾਂ ਵਿੱਚ ਕਿਵੇਂ ਪਹੁੰਚ ਜਾਵੇਗਾ?” ਹਾਜ਼ਰ ਜਵਾਬ ਗੁਰੂ ਜੀ ਨੇ ਕਿਹਾ, ”ਜੇਕਰ ਤੁਹਾਡਾ ਪਾਣੀ ਓਣੰਜਾ ਹਜ਼ਾਰ ਕੋਹ ਤੇ ਸੜੇ ਬਿਨਾ ਪੁੱਜ ਸਕਦਾ ਹੈ ਤਾਂ ਸਾਡਾ ਕੇਵਲ ਤਿੰਨ ਸੌ ਕੋਹ ਤੱਕ ਭੀ ਨਹੀਂ ਪਹੁੰਚ ਸਕੇਗਾ?” ਗੁਰੂ ਜੀ ਦਾ ਦਲੇਰੀ ਭਰਿਆ ਉੱਤਰ ਸੁਣ ਕੇ ਪੰਡਤ ਛਿੱਥੇ ਪੈ ਗਏ। ਜਿੱਤ ਗੁਰੂ ਸਾਹਿਬ ਦੀ ਹੋਈ। ਇਤਨੀ ਭੀੜ ਨੇ ਸਿੱਧੇ ਪ੍ਰਚਾਰ ਨਾਲ ਕਿਸਨੇ ਮੰਨਣਾ ਸੀ। ਭੀੜ ਵਿੱਚੋਂ ਅਨੇਕਾਂ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ‘ਨਾਟਕੀ ਢੰਗ’ ਦੀ ਕਰਾਮਾਤ ਹੀ ਸੀ।  ਜੇਕਰ ਸਾਰੀਆਂ ਮਿਸਾਲਾਂ ਲਿਖੀਏ ਤਾਂ ਲੇਖ ਬਹੁਤ ਲੰਬਾ ਹੋ ਜਾਵੇਗਾ। ਇਸੇ ਤਰਾਂ ਗੁਰੂ ਸਾਹਿਬ ਦੇ ਸ਼ਬਦ, ”ਸੱਜਣ ਸੇਈ ਨਾਲਿ ਮਹਿ….। ਪੂਰਾ ਸ਼ਬਦ ਰਬਾਬ ਤੇ ਗਾਇਆ ਤਾਂ ਸੱਜਣ ਦਾ ਦਿਲ ਕੰਬ ਗਿਆ। ਉਸ ਨੂੰ ਸੱਚ-ਮੁੱਚ ਦਾ ਸੱਜਣ ਬਣਾ ਕੇ ਆਪਣਾ ਪਹਿਲਾ ‘ਪ੍ਰਚਾਰਕ’ ਥਾਪਿਆ। ਸਿੱਧਾਂ, ਗੋਰਖ ਨਾਥ, ਭਰਥਰੀ ਹੋਰਾਂ ਨੂੰ ਸਮਝਾਇਆ ਕਿ ਅਸੀਂ ਗ੍ਰਿਹਸਥ ਨਹੀਂ ਤਿਆਗਿਆ ਸਗੋਂ ਮਾਇਆ ਤੋਂ ਨਿਰਲੇਪ ਹੋ ਕੇ ਵਿਚਰ ਰਹੇ ਹਾਂ। ਜਦੋਂ ਕਿ ਤੁਸੀ ਗ੍ਰਿਹਸਥ ਤਿਆਗ ਕੇ ਉਨਾਂ ਦੇ ਘਰ ਮੰਗਣ ਜਾਂਦੇ ਹੋਂ। ਭੂਮੀਏ ਚੋਰ ਨੂੰ ਨਾਟਕੀ ਢੰਗ ਨਾਲ ਚੋਰੀ ਕਰਨੀ ਛੁਡਵਾਈ।  ਤੀਜੀ ਉਦਾਸੀ (1518-1521 ਈਸਵੀ) ਦਰਮਿਆਨ 5 ਦਸੰਬਰ 1519 ਨੂੰ ਇਸਲਾਮ ਦੇ ਸਭ ਤੋਂ ਵੱਡੇ ਤੀਰਥ ਮੱਕੇ ਪਹੁੰਚੇ ਜਿੱਥੇ ਸਾਰੀ ਦੁਨੀਆਂ ਦੇ ਮੁਸਲਮਾਨ ਇੱਕ ਵਿਸੇਸ਼ ਦਿਨ ਤੇ ਹਾਜੀ ਦੇ ਤੌਰ ਤੇ ਪਹੁੰਚਦੇ ਹਨ। ਰਾਤ ਠਹਿਰ ਕੇ ਅਗਲੇ ਦਿਨ ”ਅੱਲਾ ਹੂ ਅਕਬਰ” ਕਹਿ ਕੇ ਜਾਨਵਰਾਂ ਦੀ ਬਲੀ ਦਿੰਦੇ ਹਨ। ਗੁਰੂ ਜੀ ਭੀ ਰਾਤ ਨੂੰ ਉਨਾਂ ਵਾਲੇ ਭੇਸ ਵਿੱਚ ਮੱਕੇ ਪਹੁੰਚ ਗਏ ਤੇ ਕਾਅਬੇ ਵੱਲ ਪੈਰ ਪਸਾਰ ਕੇ ਪੈ ਗਏ। ਵਰਨਣ ਯੋਗ ਹੈ ਕਿ ਜਿਸ ਇਲਾਕੇ ਵਿੱਚ ਗੁਰੂ ਜੀ ਜਾਂਦੇ ਉਨਾਂ ਵਾਲੇ ਲਿਬਾਸ ਵਿੱਚ ਜਾਂਦੇ ਤੇ ਉਨਾਂ ਦੇ ਹੀ ਧਰਮ ਵਿਚਲੀਆਂ ਕੁਰੀਤੀਆਂ ਦਾ ਵਿਰੋਧ ਕਰਦੇ। ਇਓਂ ਗੁਰੂ ਜੀ ਮੌਤ ਨੂੰ ਮਖ਼ੌਲ ਹੀ ਕਰਦੇ ਸਨ। ਮੱਕੇ ਗੁਰੂ ਜੀ ਨੂੰ ਆਮ ਲੋਕ ਭੰਗ-ਪੀਤੀ ਜਾਂ ਪਾਗਲ ਸਮਝਕੇ ਅਣ-ਡਿੱਠ ਕਰਕੇ  ਕੋਲੋਂ ਲੰਘਦੇ ਰਹੇ ਪ੍ਰੰਤੂ ਜੀਵਨ ਨਾਮ ਦਾ ਕਾਜ਼ੀ ਭਾਰਤੀ ਜੱਥੇ ਨਾਲ ਗਿਆ ਸੀ, ਉਸ ਨੇ ਗੁਰੂ ਜੀ ਦੇ ਠੁੱਡਾ ਮਾਰਿਆ ਤੇ ਕ੍ਰੋਧ ਵਿੱਚ ਬੋਲਿਆ, ”ਤੂੰ ਕਾਅਬੇ ਵੱਲ ਪੈਰ ਕਿਓਂ ਪਸਾਰੇ ਹਨ?” ਗੁਰੂ ਜੀ ਨਿਮਰਤਾ ਸਹਿਤ ਬੋਲੇ, ”ਸ਼ੇਖ ਜੀ ਮੇਰੇ ਪੈਰ ਉਸ ਪਾਸੇ ਵੱਲ ਕਰ ਦਿਓ ਜਿੱਧਰ ਕਾਅਬਾ ਨਹੀਂ ਹੈ, ਪ੍ਰੰਤੂ ਵਿਚਾਰ ਲੈਣਾ ਉੱਧਰ ਕਾਅਬਾ ਨਾ ਹੋਵੇ।” ਗੱਲ ਸਾਧਾਰਨ ਸੀ ਪ੍ਰੰਤੂ ਜੀਵਨ ਤੇ ਹੋਰ ਕਾਜ਼ੀ ਠਠੰਬਰ ਗਏ। ਦੂਸਰੇ ਹਾਜੀ ਭੀ ਸਮਝ ਗਏ। ਪਹਿਲਾਂ ਦੀ ਤਰਾਂ ਉਨਾਂ ਨੂੰ ਨਾਟਕੀ ਬੋਲਾਂ ਨਾਲ ਸਮਝ ਆ ਗਈ ਕਿ ਖ਼ੁਦਾ ਦਾ ਘਰ ਤਾਂ ਹਰ ਪਾਸੇ ਹੈ। ”ਪੁੱਛਣ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਨੋਈ। ਬਾਬਾ ਆਖੇ ਹਾਜੀਆ ਸ਼ੁੱਭ ਅਮਲਾਂ ਬਾਝੋਂ ਦੋਵੇ ਰੋਈ।” ਅਖ਼ੀਰ ਗੁਰੂ ਨਾਨਕ ਦੇਵ ਜੀ ਅਰਬ ਦੇਸ਼ਾਂ ਤੱਕ ਅੰਧ-ਵਿਸ਼ਵਾਸ਼, ਵਹਿਮ-ਭਰਮ, ਜ਼ਾਤ-ਪਾਤ, ਊਚ-ਨੀਚ, ਏਕ ਪਿਤਾ ਏਕਸ ਕੇ ਹਮ ਬਾਰਿਕ, ਦਾ ਪ੍ਰਚਾਰ ਕਰਕੇ 1521 ਈਸਵੀ ਨੂੰ ਉਦਾਸੀ ਭੇਖ ਉਤਾਰ ਕੇ 52 ਸਾਲ ਦੀ ਉਮਰੇ ਕਰਤਾਰਪੁਰ (ਪਾਕਿਸਤਾਨ) ਵਿਖੇ ਪੱਕਾ ਟਿਕਾਣਾ ਬਣਾ ਕੇ, ਦੱਬ ਕੇ ਹਲ ਵਾਹ ਕੇ ਖੇਤੀ ਕੀਤੀ। ਆਪ ਨੇ ‘ਜਪੁਜੀ’ ਤੋਂ ਬਿਨਾਂ 19 ਰਾਗਾਂ ਵਿੱਚ ਬਾਣੀ ਉਚਾਰ ਕੇ, ਛੇ ਤਾਰਾਂ ਵਾਲੀ ਰਬਾਬ ਤੇ ਗਾ ਕੇ ਪਹਿਲੇ ਕੀਰਤਨੀਏ ਬਣੇ। ਸੰਗਤ ਪੰਗਤ ਦੇ ਨਾਲ, ਨਾਮ ਜਪੋ ਵੰਡ ਛਕੋ ਦੇ ਨਾਅਰੇ ਨੂੰ ਅਪਨਾ ਕੇ ਜਦੋਂ 22 ਸਤੰਬਰ 1539 ਈਸਵੀ ਨੂੰ ਜੋਤੀ ਜੋਤ ਸਮਾਏ ਤਾਂ ਹਿੰਦੂ-ਮੁਸਲਮਾਨਾਂ ਦੋਹਾਂ ਵਿੱਚ ਹਰਮਨ ਪਿਆਰੇ ਹੋਣ ਦਾ ਸਬੂਤ ਵੇਖਣ ਨੂੰ ਉਦੋਂ ਮਿਲਿਆ ਜਦੋਂ ਹਿੰਦੂਆਂ ਨੇ ਅੱਧੀ ਚਾਦਰ ਦਾ ਸੰਸਕਾਰ ਕੀਤਾ ਤੇ ਮੁਸਲਮਾਨਾਂ ਨੇ ਅੱਧੀ ਚਾਦਰ ਦਫ਼ਨਾ ਕੇ ਆਪਣੇ ਸਤਿਕਾਰ ਦਾ ਸਬੂਤ ਦਿੱਤਾ। ਕਰਤਾਰਪੁਰ ਅੱਜ ਭੀ ਮਜ਼ਾਰ ਤੇ ਗੁਰਦੁਆਰਾ ਸਾਹਿਬ ਦੀ ਕੰਧ ਸਾਂਝੀ ਹੈ। ਤਦ ਹੀ ਗੁਰੂ ਨਾਨਕ ਨੂੰ ਮਨੁੱਖਤਾ ਦੇ ਸਾਂਝੇ ਗੁਰੂ ਬਾਰੇ ਸਰ ਮੁਹੰਮਦ ਇਕਬਾਲ (ਗ਼ੈਰ-ਸਿੱਖ) ਨੇ ਲਿਖਿਆ ਹੈ :-”ਫਿਰ ਉੱਠੀ ਆਖ਼ਰ ਸਦਾ, ਤੌਹੀਦ ਕੀ ਪੰਜਾਬ ਸੇ।ਹਿੰਦ ਕੋ ਇੱਕ ਮਰਦਿ-ਕਾਮਲ ਨੇ ਜਗਾਇਆ ਖ਼ਾਬ ਸੇ।”

ਮਾ: ਬੋਹੜ ਸਿੰਘ ਮੱਲਣ

ਤਰਨਤਾਰਨ ਨਗਰ, ਗਲੀ ਨੰ: 1, 

ਨੇੜੇ ਬਠਿੰਡਾ ਚੌਂਕ, ਸ੍ਰੀ ਮੁਕਤਸਰ ਸਾਹਿਬ। 

ਮੋਬਾਇਲ : 96461-41243

Share Button

Leave a Reply

Your email address will not be published. Required fields are marked *