Thu. Oct 17th, 2019

ਅਰਦਾਸ

ਅਰਦਾਸ

ਅਕਸਰ ਹੀ ਚੇਤਨ ਜਾਂ ਆਚੇਤਨ ਕਈ ਵਾਰ ਇੰਜ ਹੁੰਦਾ ਰਹਿੰਦਾ ਹੈ ਕਿ ਕਿਸੇ ਦੁਆਰਾ ਲਿਖੇ ਕੁੱਝ ਸ਼ਬਦ ਜਾਂ ਵਾਕ ਕੁੱਝ ਹੋਰ ਵਿਸਥਾਰ ਨਾਲ ਲਿਖਣ ਵਾਸਤੇ ਮਜਬੂਰ ਕਰਦੇ ਹਨ ।
ਪਿਛਲੇ ਦਿਨੀਂ ਲੈਸਟਰ ਦੇ ਗੁਰੂ ਤੇਗ ਬਹਾਦਰ ਗੁਰੂ ਘਰ ਦੇ ਮੁੱਖ ਸੇਵਾਦਾਰ ਸ ਰਾਜਾ ਸਿੰਘ ਕੰਗ ਨੇ ਸ਼ੋਸ਼ਲ ਮੀਡੀਏ ‘ਤੇ ਅਰਦਾਸ ਦੇ ਸੰਬੰਧ ਚ ਹੇਠ ਲਿਖਿਤ ਸੱਤਰਾਂ ਲਿਖੀਆਂ,

“ਅਰਦਾਸ ਜਜ਼ਬੇ ਭਰਨ ਲਈ ਹੁੰਦੀ ਹੈ ਨਾ ਕਿ ਕੰਮ ਕਢਾਉਣ ਲਈ।”

ਉਕਤ ਸੱਤਰਾ ਨੇ ਮੇਰਾ ਧਿਆਨ ਅਕਰਸ਼ਤ ਕੀਤਾ । ਮੈਂ ਸੋਚਣ ‘ਤੇ ਮਜਬੂਰ ਹੋਇਆ । ਇਸ ਤਰਾਂ ਲੱਗਾ ਕਿ ਰਾਜਾ ਸਿੰਘ ਨੇ ਗੱਲ ਬਹੁਤ ਡੂੰਘੀ ਕੀਤੀ ਹੈ ਪਰ ਇਸ ਨੂੰ ਹੋਰ ਵਧੇਰੇ ਸ਼ਪੱਸ਼ਟ ਕਰਨ ਦੀ ਲੋੜ ਹੈ ਤਾਂ ਕਿ ਅਰਦਾਸ ਦੀ ਸਹੀ ਵਿਆਖਿਆ ਕਰਕੇ ਇਸ ਦੇ ਸਹੀ ਅਰਥਾਂ ਦਾ ਸੰਚਾਰ ਕੀਤਾ ਜਾ ਸਕੇ ।
ਅਰਦਾਸ ਅਸਲ ਵਿੱਚ ਵਾਹਿਗੁਰੂ ਦੀ ਉਸਤਤ, ਉਪਾਸਨਾ, ਅਰਾਧਨਾ ਤੇ ਸ਼ੁਕਰਾਨਾ ਹੈ । ਇਹ ਬੇਨਤੀ ਤੇ ਨਿਮਰਤਾ ਦਾ ਅਹਿਸਾਸ ਹੈ । ਅਕਾਲ ਪੁਰਖ ਦੀ ਰਜਾ ਨੂੰ ਮੰਨਣ ਦਾ ਸ਼ਲੀਕਾ ਹੈ ਤੇ ਆਪਣੇ ਜੀਵਨ ਨੂੰ ਸੱਚ ਦੇ ਮਾਰਗ ‘ਤੇ ਚੱਲਣ ਦੀ ਪ੍ਰੇਰਣਾ ਹੈ । ਇਹ ਉਸ ਸੱਚੇ ਦਾ ਓਟ ਆਸਰਾ ਲੈ ਕੇ ਨਿੱਜੀ ਮਨੋਰਥਾਂ, ਉਦੇਸ਼ਾਂ ਤੇ ਕਾਰਜਾਂ ਦੀ ਸ਼ੁਰੂਆਤ ਵੀ ਹੈ। ਅਰਦਾਸ ਕਰਨ ਨਾਲ ਅਦਰਕ ਜੀਵਨ ਜਾਂਚ ਆਉੰਦੀ ਹੈ, ਗੁਰੂ ਦੀਆ ਸਿੱਖਿਆਵਾਂ ਨਾਲ ਅਟੁੱਟ ਰਾਬਤਾ ਬਣਦਾ ਹੈ ।
ਪਰ ਅਰਦਾਸ ਕਰਦੇ ਸਮੇਂ ਅਸੀਂ ਉਸ ਵੇਲੇ ਇਕ ਬਹੁਤ ਵੱਡੀ ਗਲਤੀ ਕਰ ਜਾਂਦੇ ਹਾਂ ਜਦ ਇਸ ਨੂੰ ਸਿਰਫ ਤੇ ਸਿਰਫ ਮੰਗਣ ਨਾਲ ਜੋੜ ਦੇਂਦੇ ਹਾਂ । ਮੰਗ ਕਰਨਾ ਨਾ ਹੀ ਅਰਦਾਸ ਚ ਸ਼ਾਮਿਲ ਹੋਣਾ ਚਾਹੀਦਾ ਹਾਂ ਤੇ ਨਾ ਅਜਿਹਾ ਕਰਨਾ ਅਰਦਾਸ ਦੀ ਮੂਲ ਭਾਵਨਾ ਦੇ ਅਨੁਕੂਲ ਹੈ । ਦਰਅਸਲ ਮੰਗ ਦਾ ਅਰਦਾਸ ਜਾ ਪ੍ਰਾਰਥਨਾ ਨਾਲ ਦੂਰ ਦਾ ਵੀ ਸੰਬੰਧ ਨਹੀਂ । ਮੰਗ ਤੇ ਅਰਦਾਸ ਦੋਵੇਂ ਇਕ ਦੂਸਰੇ ਦੇ ਉਲਟ ਕਿਰਿਆਵਾਂ ਹਨ ।
ਗਿਆਨੀ ਜਾਂ ਸਿੱਖ ਕਦੇ ਮੰਗਦਾ ਨਹੀਂ , ਉਹ ਧੰਨਵਾਦ ਕਰਦਾ ਹੈ । ਕਾਦਰ ਨੇ ਕੁਦਰਤ ਨੂੰ ਪਹਿਲਾ ਹੀ ਅਨੰਤ ਦਿੱਤਾ ਹੋਇਆ ਹੈ । ਪੱਥਰ ਅੰਦਰ ਪਲ ਰਹੇ ਕੀੜੇ ਦੇ ਵਾਸਤੇ ਰਿਜ਼ਕ ਦੀ ਵਿਵਸਥਾ ਹੈ । 36 ਪ੍ਰਕਾਰ ਦੇ ਪਦਾਰਥ, ਸੋਚ ਸ਼ਕਤੀ ਤੇ ਭੋਗ ਇੰਦਰੀਆਂ ਦਿੱਤੀਆਂ ਹੋਈਆ ਹਨ । ਕਰ ਪੈਰ ਕਾਰਜਾਂ ਨੂੰ ਸੱਪੂਰਨ ਕਰਨ ਵਾਸਤੇ ਦੇ ਰੱਖੇ ਹਨ । ਸਵੈਚਾਲਤ ਸਰੀਰ ਦਾ ਹਰ ਅੰਗ ਬਹੁਕਾਰਜੀ ਹੈ । ਕਰਤੇ ਨੇ ਕਿਸੇ ਪੱਖੋਂ ਜੀਵ ਦੀ ਦੇਖ-ਭਾਲ਼ ਵਾਸਤੇ ਕੋਈ ਕਸਰ ਬਾਕੀ ਛੱਡੀ ਹੀ ਨਹੀਂ । ਉਸ ਨੇ ਮੰਗ ਕਰਨ ਦੀ ਕਿਸੇ ਤਰਾਂ ਕਸਰ ਹੀ ਨਹੀਂ ਛੱਡੀ ਤੇ ਨਾ ਹੀ ਇਹ ਭਾਵਨਾ ਅਰਦਾਸ ਕਰਤਾ ਦੇ ਮਨ ਮਸਤਕ ਚ ਕਦੇ ਪੈਦਾ ਹੋਣੀ ਚਾਹੀਦੀ ਹੈ । ਅਰਦਾਸ ਚ ਜੋ ਵੀ ਮੰਗ ਨੂੰ ਸ਼ਾਮਿਲ ਕਰਦਾ ਹੈ, ਉਹ ਅਰਦਾਸ ਦੀ ਬਜਾਏ ਆਪਣੀ ਭੋਗੀ ਹੋ ਚੁੱਕੀ ਮੁੜ ਮਾਨਸਿਕਤਾ ਦਾ ਪਰਗਾਟਾਵਾ ਕਰਦਾ ਹੈ ਜੋ ਸਿਵਾਏ ਮਨਮਤ ਤੋਂ ਹੋਰ ਕੁੱਝ ਵੀ ਨਹੀਂ ।
ਅਗਲੀ ਗੱਲ ਇਹ ਕਿ ਮੰਗਣ ਨਾਲ ਉਕਸਾਹਤ ਪੈਦਾ ਹੁੰਦੀ ਹੈ ਜਦ ਕਿ ਅਰਦਾਸ ਕਰਨ ਨਾਲ ਸਹਿਜਤਾ ਦਾ ਅਹਿਸਾਸ । ਸੋ ਇਹਨਾਂ ਦੋਹਾ ਦਾ ਸੁਮੇਲ ਨਾ ਹੀ ਕਦੇ ਹੋ ਸਕਦਾ ਹੈ ਤੇ ਨਾ ਹੀ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ।
ਮੁੱਕਦੀ ਗੱਲ ਇਹ ਕਿ ਰਾਜਾ ਸਿੰਘ ਕੰਗ ਨੇ ਜੋ ਨੁਕਤਾ ਉਭਾਰਿਆ ਹੈ ਉਸ ਦਾ ਸਾਰ ਤੱਤੇ ਰੂਪ ਜਾਚੇ ਇਹ ਹੈ ਕਿ ਅਰਦਾਸ ਨਿੱਜ ਲੋੜਾਂ ਦੀ ਪੂਰਤੀ, ਸੰਸਾਰਕ ਚੰਮ ਸੁੱਖਾਂ ਦੀ ਪ੍ਰਾਪਤੀ ਜਾ ਫੇਰ ਭੋਗੀ ਬਿਰਤੀਆਂ ਦੀ ਤ੍ਰਿਪਤੀ ਦਾ ਜਰੀਆ ਨਹੀ ਹੁੰਦੀ ਸਗੋਂ ਅਰਦਾਸ ਉਸ ਸੱਚੇ ਦਾ ਕੋਟੀ ਕੋਟੀ ਸ਼ੁਕਰਾਨਾਹੁੰਦੀ ਹੈ, ਕਿਸੇ ਉਲੀਕੇ ਗਏ ਮਿਸ਼ਨ ਨੂੰ ਅੰਜਾਮ ਦੇਣ ਵਾਸਤੇ ਬਿਰਤੀਆਂ ਇਕਾਗਰ ਕਰਨ ਦਾ ਸਾਧਨ ਹੁੰਦੀ ਹੈ ਤੇ ਗੁਰੂ ਦੀਆ ਸਿਖਿਆਵਾਂ ਦੇ ਲੜ ਲੱਗ ਕੇ ਜੀਵਨ ਜੀਊਣ ਦੀ ਜਾਂਚ ਹੁੰਦੀ ਹੈ।
ਅਰਦਾਸ ਨੂੰ ਇਸੇ ਅਰਥਾਂ ਵਿੱਚ ਸਮਝਣ ਦੀ ਲੋੜ ਹੈ। ਇਹ ਮਨਚਾਹੇ ਲਾਭਾਂ ਦੀ ਪ੍ਰਾਪਤੀ ਦੀ ਸਾਧਨ ਨਹੀਂ, ਜੇ ਕੋਈ ਵੀ ਅਰਦਾਸ ਆਪਣੇ ਸਵਾਰਥਾਂ ਦੀ ਪੂਰਤੀ ਦੇ ਉਦੇਸ਼ ਨਾਲ ਕਰਦਾ ਹੈ ਤਾਂ ਉਹ ਅਰਦਾਸ ਨਹੀਂ ਹੁੰਦੀ ਸਗੋਂ ਇੱਛਾਵਾਂ ਦੀ ਪੂਰਤੀ ਦੇ ਭਾਰ ਹੇਠ ਦੱਬੀ ਹੋਈ ਉਲਾਰ ਮਾਨਸਿਕਤਾ ਹੁੰਦੀ ਹੈ ਜੋ ਅਰਦਾਸ ਦੀ ਮੂਲ ਭਾਵਨਾ ਦਾ ਘਾਤ ਹੁੰਦੀ ਹੈ।

ਅਰਦਾਸ ਦੇ ਬਾਰੇ ਚ ਮੇਰੇ ਇਹ ਉਕਤ ਨਿੱਜੀ ਵਿਚਾਰ ਹਨ । ਤੁਹਾਡੇ ਵਿਚਾਰ ਇਸ ਤੋਂ ਵੱਖਰੇ ਹੋ ਸਕਦੇ ਹਨ । ਬਹੁਤ ਚੰਗਾ ਲੱਗੇਗਾ ਜੇਕਰ ਆਪ ਵੀ ਇਸ ਵਿਸ਼ੇ ਬਾਰੇ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਓਗੇ । ਇਸ ਤਰਾਂ ਕਰਨ ਨਾਲ ਇਕ ਪੰਥ ਦੋ ਕਾਜ ਵਾਲੀ ਕਹਾਵਤ ਮੁਤਾਬਿਕ ਵਿਚਾਰ ਵਟਾਂਦਰਾ ਵੀ ਹੋ ਜਾਏਗਾ ਤੇ ਵਿਚਾਰਾਂ ਦੀ ਅਮੀਰੀ ਵੀ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Leave a Reply

Your email address will not be published. Required fields are marked *

%d bloggers like this: