Sat. Jul 20th, 2019

ਅਮਰੀਕ ਸਿੰਘ ਚੰਡੀਗੜ੍ਹ ਵਾਲੇ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ

ਅਮਰੀਕ ਸਿੰਘ ਚੰਡੀਗੜ੍ਹ ਵਾਲੇ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਿਆ
ਮਾਮਲੇ ਨੂੰ ਵਿਚਾਰਨ ਉਪਰੰਤ ਹੋਵੇਗੀ ਕਾਰਵਾਈ : ਜਥੇਦਾਰ ਗੁਰਬਚਨ ਸਿੰਘ
ਦਮਦਮੀ ਟਕਸਾਲ ਨਾਲ ਸੰਬੰਧਿਤ ਵਫ਼ਦ ਨੇ ਮੰਗ ਪੱਤਰ ਦਿੰਦਿਆਂ ਉਸ ਖ਼ਿਲਾਫ਼ ਪੰਥਕ ਰਵਾਇਤ ਅਨੁਸਾਰ ਕਾਰਵਾਈ ਦੀ ਕੀਤੀ ਮੰਗ

ਅੰਮ੍ਰਿਤਸਰ (ਬਿਊਰੋ): ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਦਿਆਂ ਦਮਦਮੀ ਟਕਸਾਲ ਨਾਲ ਸੰਬੰਧਿਤ ਇਕ ਵਫ਼ਦ ਨੇ ਅਮਰੀਕ ਸਿੰਘ ਚੰਡੀਗੜ੍ਹ ਵਾਲੇ ‘ਤੇ ਪੰਥ ਵਿਰੋਧੀ ਹੋਣ ਦਾ ਦੋਸ਼ ਲਾਇਆ ਅਤੇ ਉਸ ਨੂੰ ਗੁਰਮਤਿ ਦਾ ਅਖੌਤੀ ਪ੍ਰਚਾਰਕ ਗਰਦਾਨਦਿਆਂ ਉਸ ਖ਼ਿਲਾਫ਼ ਪੰਥਕ ਰਵਾਇਤ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਕਥਾਵਾਚਕ ਗਿਆਨੀ ਪਰਵਿੰਦਰ ਪਾਲ ਸਿੰਘ ਬੁੱਟਰ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ ਅਤੇ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਸਿੰਘ ਸਾਹਿਬ ਨੂੰ ਦਿਤੇ ਗਏ ਮੰਗ ਪੱਤਰ ਵਿਚ ਕਿਹਾ ਕਿ ਸਿੱਖ ਪ੍ਰਚਾਰਕਾਂ ਦਾ ਕੰਮ ਗੁਰਬਾਣੀ, ਗੁਰ ਇਤਿਹਾਸ ਰਾਹੀਂ ਸੰਗਤ ਦੇ ਹਿਰਦਿਆਂ ਨੂੰ ਰੱਬੀ ਗੁਣਾਂ ਨਾਲ ਸਰਸ਼ਾਰ ਕਰਨਾ ਹੁੰਦਾ ਹੈ। ਪਰ ਅਖੌਤੀ ਸਿੱਖ ਪ੍ਰਚਾਰਕ ਅਮਰੀਕ ਸਿੰਘ ਚੰਡੀਗੜ੍ਹ ਵਾਲਿਆਂ ਵੱਲੋਂ ਸ਼ੰਕਾ ਪਾਊ ਪ੍ਰਚਾਰ ਰਾਹੀਂ ਨਾਨਕ ਨਾਮ ਲੇਵਾ ਸਿਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾ ਰਹੀ ਹੈ। ਉਸ ਦੇ ਕੂੜ ਪ੍ਰਚਾਰ ਨੂੰ ਰੋਕਿਆ ਨਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਅਣ ਸੁਖਾਵਾਂ ਮਾਹੌਲ ਪੈਦਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਅਮਰੀਕ ਸਿੰਘ ਚੰਡੀਗੜ੍ਹ ਵਾਲੇ ਨੂੰ ਗੁਰਬਾਣੀ, ਇਤਿਹਾਸ, ਦਮਦਮੀ ਟਕਸਾਲ ਦੇ ਮੁਖੀਆਂ ਬਾਰੇ ਉਸ ਵੱਲੋਂ ਕੀਤੀਆਂ ਗਈਆਂ ਗਲਤ ਤੇ ਕੋਝੀਆਂ ਟਿੱਪਣੀਆਂ ਸੰਬੰਧੀ ਸੰਗਤ ਦੀ ਮੌਜੂਦਗੀ ‘ਚ ਵਿਚਾਰ ਕਰਨ ਦੀ ਚੁਨੌਤੀ ਦਿਤੀ। ਉਨ੍ਹਾਂ ਦਸਿਆ ਕਿ ਅਮਰੀਕ ਸਿੰਘ ਚੰਡੀਗੜ੍ਹ ਵਾਲਾ ਕੂੜ ਅਤੇ ਸ਼ੰਕਾ ਪਾਊ ਵਿਚਾਰਾਂ ਰਾਹੀਂ ਸਿਖ ਮਾਨਸਿਕਤਾ ਵਿਚੋਂ ਪੁਰਾਤਨ ਰਵਾਇਤਾਂ, ਮਾਨਤਾਵਾਂ ਅਤੇ ਅਸੂਲਾਂ ਨੂੰ ਮਨਫ਼ੀ ਕਰਨ ‘ਤੇ ਗੰਭੀਰਤਾ ਨਾਲ ਲਗਾ ਹੋਇਆ ਹੈ। ਉਸ ਵੱਲੋਂ ਪਿਛਲੇ ਸਮੇਂ ਤੋਂ ਗੁਰਬਾਣੀ, ਸਿੱਖ ਧਰਮ ਦੀਆਂ ਸਥਾਪਿਤ ਮੂਲ ਪਰੰਪਰਾਵਾਂ, ਗੁਰਮਤਿ ਸਿਧਾਂਤ, ਰਹਿਤ ਮਰਿਆਦਾ, ਕਕਾਰਾਂ, ਅੰਮ੍ਰਿਤ, ਅੰਮ੍ਰਿਤ ਸਰੋਵਰ, ਦੁੱਖ-ਭੰਜਨੀ ਬੇਰੀ ਕੋਲ ਇਸ਼ਨਾਨ, ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਦੀਆਂ ਅਹਿਮ ਘਟਨਾਵਾਂ, ਗੁਰ ਅਸਥਾਨਾਂ,ਬਾਬੇ ਬਕਾਲੇ ਦੇ ਗੁਰਦਵਾਰਾ ਭੋਰਾ ਸਾਹਿਬ ਪ੍ਰਤੀ, ਸਬੀਲ ਲੰਗਰ ਪ੍ਰਥਾ ਨੂੰ ਬੇਕਾਰ ਕਹਿਦਿੰਆਂ ਉਕਤ ਵਰਤਾਰਿਆਂ ਪ੍ਰਤੀ ਬੇਲੋੜੇ ਸ਼ੰਕੇ ਖੜੇ ਕਰਕੇ ਸੰਗਤਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਸ ਵੱਲੋਂ ਕੌਮ ‘ਚ ਵੱਡੇ ਰੁਤਬਿਆਂ ‘ਤੇ ਬਿਰਾਜਮਾਨ ਜਥੇਦਾਰ ਸਾਹਿਬਾਨ ਅਤੇ ਸਿੰਘ ਸਾਹਿਬਾਨ ਤੋਂ ਇਲਾਵਾ ਪੰਥ ‘ਚ ਸਥਾਪਿਤ ਸੰਪਰਦਾਵਾਂ, ਪੁਰਾਤਨ ਸੰਸਥਾਵਾਂ, ਸੰਤ ਮਹਾਪੁਰਖਾਂ ਆਦਿ ਪ੍ਰਤੀ ਗਲਤ ਸ਼ਬਦਾਵਲੀ ਵਰਤ ਕੇ ਸਿੱਖ ਕੌਮ ਦਾ ਸ਼ਰੇਆਮ ਨਿਰਾਦਰ ਕੀਤਾ ਜਾ ਰਿਹਾ ਹੈ। ਸਿਖੀ ਰਵਾਇਤਾਂ ਪ੍ਰਤੀ ਗੁਮਰਾਹਕੁਨ ਕੂੜ ਪ੍ਰਚਾਰ ਰਾਹੀ ਸਿਖੀ ਸਿਧਾਂਤਾਂ ਨਾਲ ਖਿਲਵਾੜ ਕੀਤੇ ਜਾਣ ਨਾਲ ਸਿਖ ਹਿਰਦੇ ਵਲੂੰਧਰੇ ਜਾ ਰਹੇ ਹਨ। ਇਸੇ ਤਰਾਂ ਪਿਛਲੇ ਦਿਨੀਂ ਉਸ ਵੱਲੋਂ ਇਕ ਸਾਜ਼ਿਸ਼ ਤਹਿਤ ਲੁਕਵੇਂ ਢੰਗ ਨਾਲ ਦਮਦਮੀ ਟਕਸਾਲ ਅਤੇ ਇਸ ਦੇ ਮੁਖੀ ਸਾਹਿਬਾਨਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਅਤੇ ਝੂਠੇ ਇਲਜ਼ਾਮ ਲਾ ਕੇ ਸਿਖ ਸੰਗਤਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ । ਜਿਸ ਪ੍ਰਤੀ ਸਿੱਖ ਸੰਗਤਾਂ ਵਿਚ ਬਹੁਤ ਭਾਰੀ ਰੋਸ ਹੈ। ਸੋ ਉਸ ਨੂੰ ਹੋਰ ਗੁਰਮਤਿ ਵਿਰੋਧੀ ਸਾਜ਼ਿਸ਼ ਦੀ ਖੁਲ ਨਾ ਦਿਤੀ ਜਾਵੇ ਅਤੇ ਉਸ ਨੂੰ ਤਲਬ ਕਰਦਿਆਂ ਪੰਥਕ ਰਵਾਇਤ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮਾਮਲੇ ਨੂੰ ਵਿਚਾਰਨ ਉਪਰੰਤ ਕਾਰਵਾਈ ਦਾ ਭਰੋਸਾ ਦਿਤਾ ਹੈ। ਇਸ ਮੌਕੇ ਭਾਈ ਮਨਪ੍ਰੀਤ ਸਿੰਘ, ਭਾਈ ਗੁਰਸੇਵਕ ਸਿੰਘ, ਭਾਈ ਰਣਦੀਪ ਸਿੰਘ, ਭਾਈ ਲਵਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

Leave a Reply

Your email address will not be published. Required fields are marked *

%d bloggers like this: