ਅਮਰੀਕਾ ਵੱਲੋਂ ਮੈਕਸਿਕੋ ਸਰਹੱਦ ਕੋਲ 50 ਹਜ਼ਾਰ ਤੋਂ ਵੱਧ ਪੰਜਾਬੀ ਨੌਜ਼ਵਾਨਾਂ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ: ਮਨੀਸ਼ ਤਿਵਾੜੀ

ss1

ਅਮਰੀਕਾ ਵੱਲੋਂ ਮੈਕਸਿਕੋ ਸਰਹੱਦ ਕੋਲ 50 ਹਜ਼ਾਰ ਤੋਂ ਵੱਧ ਪੰਜਾਬੀ ਨੌਜ਼ਵਾਨਾਂ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ: ਮਨੀਸ਼ ਤਿਵਾੜੀ

ਨਿਊਯਾਰਕ/ਲੁਧਿਆਣਾ,21 ਜੁਲਾਈ ( ਰਾਜ ਗੋਗਨਾ): ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਅਮਰੀਕਾ-ਮੈਕਸਿਕੋ ਦੀ ਸਰਹੱਦ ‘ਤੇ ਹਜ਼ਾਰਾਂ ਭਾਰਤੀ ਨੌਜ਼ਵਾਨਾਂ ਨੂੰ ਹਿਰਾਸਤ ‘ਚ ਰੱਖਿਆ ਗਿਆ ਹੈ, ਜਿਨ੍ਹਾਂ ‘ਚ ਇਕ ਵੱਡੀ ਗਿਣਤੀ ਪੰਜਾਬੀਆਂ ਦੀ ਹੈ। ਉਨ੍ਹਾਂ ਨੇ ਹਾਲੇ ‘ਚ ਆਪਣੀ ਅਮਰੀਕਾ ਫੇਰੀ ਦੌਰਾਨ ਵਿਅਕਤੀਗਤ ਤੌਰ ‘ਤੇ ਸਰਹੱਦੀ ਇਲਾਕੇ ਦਾ ਦੌਰਾ ਕੀਤਾ ਸੀ ਅੇ ਉਥੋਂ ਦੇ ਹਾਲਾਤਾਂ ਤੋਂ ਉਹ ਚਿੰਤਿਤ ਹਨ।
ਪੰਜਾਬ ਕਾਂਗਰਸ ਸਕੱਤਰ ਸਵਿੰਦਰ ਜਵੱਦੀ ਵੱਲੋਂ ਅਯੋਜਿਤ ਵਰਕਰ ਮੀਟਿੰਗ ਅਤੇ ਬਾਅਦ ‘ਚ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਤਿਵਾੜੀ ਨੇ ਕਿਹਾ ਕਿ ਉਸ ਫੇਰੀ ਦੌਰਾਨ ਉਨ੍ਹਾਂ ਨੂੰ ਭਾਰਤੀਆਂ ਦੀ ਗਿਣਤੀ 60 ਹਜ਼ਾਰ ਦੱਸੀ ਗਈ ਸੀ, ਜਿਨ੍ਹਾਂ ਨੇ ਮੈਕਸਿਕੋ ਰਾਹੀਂ ਅਮਰੀਕਾ ‘ਚ ਗੈਰ ਕਾਨੂੰਨੀ ਤਰੀਕੇ ਨਾਲ ਵੜਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਅਮਰੀਕੀ ਅਫਸਰਾਂ ਨੇ ਹਿਰਾਸਤ ‘ਚ ਲੈ ਲਿਆ। ਇਨ੍ਹਾਂ ‘ਚ 90 ਪ੍ਰਤੀਸ਼ਤ ਤੋਂ ਵੱਧ ਪੰਜਾਬੀ ਸਨ।
ਉਨ੍ਹਾਂ ਨੇ ਇਨ੍ਹਾਂ ਨੌਜ਼ਵਾਨਾਂ ਦੀ ਹਾਲਤ ਨੂੰ ਲੈ ਕੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਰਿਹਾਈ ਦਾ ਮੁੱਦਾ ਵਿਦੇਸ਼ ਮੰਤਰਾਲੇ ਕੋਲ ਚੁੱਕਣ ਦੀ ਲੋੜ ਹੈ, ਜਿਸਨੂੰ ਉਹ ਪਹਿਲਾਂ ਹੀ ਚੁੱਕ ਚੁੱਕੇ ਹਨ। ਇਸ ਤੋਂ ਇਲਾਵਾ, ਪੰਜਾਬ ਨੂੰ ਨੌਜ਼ਵਾਨਾਂ ਨੂੰ ਨੌਕਰੀਆਂ ਦੇਣ ਦੀ ਲੋੜ ਹੈ, ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ‘ਚ ਖਤਰਨਾਕ ਹਾਲਾਤਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਨਾ ਹੋਣਾ ਪਵੇ।
ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੀਆਂ ਉਮੀਦਾਂ ਬਾਰੇ ਇਕ ਸਵਾਲ ਦੇ ਜਵਾਬ ‘ਚ ਲੁਧਿਆਣਾ ਤੋਂ ਸਾਬਕਾ ਸਾਂਸਦ ਨੇ ਕਿਹਾ ਕਿ ਐਨਡੀਏ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ‘ਚ ਨਿਰਾਸ਼ਾ ਦਾ ਪ੍ਰਗਟਾਵਾ ਬੇਭਰੋਸਗੀ ਪ੍ਰਸਤਾਅ ਦੌਰਾਨ ਸੰਸਦ ‘ਚ ਪ੍ਰਧਾਨ ਮੰਤਰੀ ਦੇ ਭਾਸ਼ਣ ਤੋਂ ਹੋ ਰਿਹਾ ਸੀ। ਭਾਵੇਂ ਐਨਡੀਏ ਨੇ ਹਾਊਸ ‘ਚ ਭਰੋਸਾ ਹਾਸਿਲ ਕਰ ਲਿਆ, ਪਰ ਇਹ ਦੇਸ਼ ਦੇ ਲੋਕਾਂ ਦਾ ਭਰੋਸਾ ਖੋਹ ਚੁੱਕੇ ਹਨ। ਉਨ੍ਹਾਂ ਨੇ ਭਰੋਸਾ ਪ੍ਰਗਟਾਇਆ ਕਿ ਆਉਂਦੀਆਂ ਆਮ ਚੋਣਾਂ ਤੋਂ ਬਾਅਦ ਇਕ ਪ੍ਰਗਤੀਸ਼ੀਲ ਤੇ ਧਰਮ ਨਿਰਪੱਖ ਸਰਕਾਰ ਕੇਂਦਰ ਦੀ ਸੱਤਾ ‘ਚ ਹੋਵੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਪਵਨ ਦੀਵਾਨ, ਗੁਰਮੇਲ ਪਹਿਲਵਾਨ, ਸਤਵਿੰਦਰ ਜਵੱਦੀ, ਮਨਜੀਤ ਸਿੰਘ ਜਵੱਦੀ, ਪਲਵਿੰਦਰ ਸਿੰਘ ਤੱਗੜ, ਅਕਸ਼ੈ ਭਨੋਟ, ਸੁਸ਼ੀਲ ਮਲਹੋਤਰਾ, ਗੋਲਡੀ ਅਗਨੀਹੋਤਰੀ, ਵਿਕ੍ਰਮ ਪਹਿਲਵਾਨ, ਪਰਮਿੰਦਰ ਸਿੰਘ ਲਤਾਲਾ, ਵਿਨੋਦ ਥਾਪਰ, ਰਜਤ ਸੂਦ, ਇੰਦਰਜੀਤ ਕਪੂਰ, ਕੈਲਾਸ਼ ਕਪੂਰ, ਕੁਲਵੰਤ ਸਿੰਘ, ਰਾਕੇਸ਼ ਸ਼ਰਮਾ, ਦੀਪਕ ਹੰਸ, ਗੁਰਚਰਨ ਸੈਨੀ, ਬਿੱਟੂ ਢੋਲੇਵਾਲ, ਮੇਵਾ ਸਿੰਘ ਢਿਲੋਂ, ਵਿਨੋਦ ਗੋਗੀ, ਅਰੂਨ ਬੈਕਟਰ ਵੀ ਮੌਜੂਦ ਰਹੇ।
Share Button

Leave a Reply

Your email address will not be published. Required fields are marked *