ਅਮਰਿੰਦਰ ਮੰਨਿਆ ਕਾਂਗਰਸ ਕੋਲ ਉਮੀਦਵਾਰ ਨਹੀਂ -: ਢੀਂਡਸਾ

ss1

ਅਮਰਿੰਦਰ ਮੰਨਿਆ ਕਾਂਗਰਸ ਕੋਲ ਉਮੀਦਵਾਰ ਨਹੀਂ: ਢੀਂਡਸਾ

ਚੰਡੀਗੜ੍ਹ, 15 ਦਸੰਬਰ (ਪ੍ਰਿੰਸ): ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਸਵੀਕਾਰ ਕਰ ਲਿਆ ਹੈ ਕਿ ਉਸ ਨੇ ਦਲਬਦਲੂਆਂ ਨੂੰ ਇਸ ਲਈ ਪਾਰਟੀ ਵਿਚ ਸ਼ਾਮਿਲ ਕੀਤਾ ਹੈ, ਕਿਉਂਕਿ ਕਾਂਗਰਸ ਕੋਲ ਕੁਝ ਹਲਕਿਆਂ ਵਿਚ ਉਤਾਰਨ ਲਈ ਉਮੀਦਵਾਰ ਨਹੀਂ ਸਨ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਅਮਰਿੰਦਰ ਸਿੰਘ ਵੱਲੋਂ ਨਵੀਂ ਦਿੱਲੀ ਵਿਖੇ ਬੁੱਧਵਾਰ ਨੂੰ ਦਿੱਤੇ ਬਿਆਨ ਕਿ ਕਾਂਗਰਸ ਕੋਲ ਕੁੱਝ ਹਲਕਿਆਂ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਹਨ, ਉੱਤੇ ਟਿੱਪਣੀ ਦੇ ਰਹੇ ਸਨ।
ਉਹਨਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਵਰਗੀ ਰਾਸ਼ਟਰੀ ਪਾਰਟੀ ਨੂੰ ਵਿਧਾਨ ਸਭਾ ਹਲਕਿਆਂ ਵਿੱਚ ਉਮੀਦਵਾਰ ਨਾ ਲੱਭ ਰਹੇ ਹੋਣ। ਕੀ ਕਾਂਗਰਸ ਦੀ ਸਿਆਸੀ ਹਾਲਤ ਇੰਨੀ ਪਤਲੀ ਹੋ ਗਈ ਹੈ ਕਿ ਉਮੀਦਵਾਰਾਂ ਨੂੰ ਪੰਜੇ ਦੇ ਨਿਸ਼ਾਨ ਥੱਲੇ ਚੋਣ ਲੜਣ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ?
ਉਹਨਾਂ ਅੱਗੇ ਦੱਸਿਆ ਕਿ ਅਮਰਿੰਦਰ ਸਿੰਘ ਆਪਣੇ ਚਹੇਤਿਆਂ ਨੂੰ ਵੱਧ ਤੋਂ ਵੱਧ ਟਿਕਟਾਂ ਦੇਣੀਆਂ ਚਾਹੁੰਦਾ ਹੈ ਤਾਂ ਕਿ ਪਾਰਟੀ ਅੰਦਰ ਚੋਣਾਂ ਤੋਂ ਬਾਅਦ ਉਸ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਾ ਦੇ ਸਕੇ।
ਸ਼ ਢੀਂਡਸਾ ਨੇ ਦੱਸਿਆ ਕਿ ਦੂਜੀਆਂ ਪਾਰਟੀਆਂ ‘ਚੋਂ ਕਾਂਗਰਸ ਵਿਚ ਲਿਆਂਦੇ ਦਲਬਦਲੂਆਂ ਨੂੰ ਪੁਚਕਾਰ ਕੇ ਰੱਖਣਾ ਵੀ ਮਹਾਰਾਜਾ ਲਈ ਸਮੱਸਿਆ ਬਣ ਚੁੱਕਿਆ ਹੈ। ਇਹਨਾਂ ਵਿਚੋਂ ਬਹੁਤੇ ਆਗੂਆਂ ਨੂੰ ਖੁਦ ਕਾਂਗਰਸੀ ਵੀ ਦਾਗੀ ਮੰਨਦੇ ਹਨ, ਜਿਸ ਕਰਕੇ ਸੀਨੀਅਰ ਆਗੂ ਸਮੇਤ ਅੰਬਿਕਾ ਸੋਨੀ ਦਲਬਦਲੂਆਂ ਨੂੰ ਟਿਕਟਾਂ ਦੇਣ ਦੇ ਹੱਕ ਵਿਚ ਨਹੀਂ ਹਨ। ਪਰ ਅਮਰਿੰਦਰ ਸਿੰਘ ਸਾਰੇ ਦਲਬਦਲੂਆਂ ਨੂੰ ਟਿਕਟਾਂ ਦੇ ਕੇ ਪਾਰਟੀ ‘ਚ ਆਪਣਾ ਹੱਥ ਮਜ਼ਬੂਤ ਰੱਖਣਾ ਚਾਹੁੰਦਾ ਹੈ।
ਉਹਨਾਂ ਕਿਹਾ ਕਿ ਪਰਗਟ ਸਿੰਘ (ਜਲੰਧਰ ਕੈਂਟ), ਮਹੇਸ਼ ਇੰਦਰ ਸਿੰਘ (ਬਾਘਾ ਪੁਰਾਣਾ), ਰਾਜਵਿੰਦਰ ਕੌਰ ਭਾਗੀਕੇ (ਨਿਹਾਲ ਸਿੰਘ ਵਾਲਾ) ਅਤੇ ਸਰਵਣ ਸਿੰਘ ਫਿਲੌਰ ਕਾਂਗਰਸੀ ਟਿਕਟਾਂ ਦੇ ਮਜ਼ਬੂਤ ਦਾਅਵੇਦਾਰ ਹਨ। ਅਮਰਿੰਦਰ ਦਾ ਸੰਕਟ ਇਹ ਹੈ ਕਿ ਜੇਕਰ ਇਹਨਾਂ ਦਲਬਦਲੂਆਂ ਨੂੰ ਟਿਕਟਾਂ ਨਾ ਦਿੱਤੀਆਂ ਤਾਂ ਉਹ ਬਗਾਵਤ ਕਰਕੇ ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਹੋ ਜਾਣਗੇ। ਜੇਕਰ ਇਹਨਾਂ ਨੰ ਟਿਕਟਾਂ ਦੇ ਦਿੱਤੀਆਂ ਤਾਂ ਕਾਂਗਰਸੀ ਵਰਕਰ ਬਾਗੀ ਉਮੀਦਵਾਰਾਂ ਵਜੋਂ ਖੜ੍ਹੇ ਹੋ ਜਾਣਗੇ।
ਸ੍ਰੀ ਗੁਜਰਾਲ ਨੇ ਕਿਹਾ ਕਿ ਕੁੱਝ ਵੀ ਹੋਵੇ ਟਿਕਟਾਂ ਦੀ ਵੰਡ ਮਗਰੋਂ ਕਾਂਗਰਸ ਪਾਰਟੀ ਅੰਦਰ ਭੂਚਾਲ ਆਉਣਾ ਲਾਜ਼ਮੀ ਹੈ। ਪਾਰਟੀ ਇਸ ਸੰਭਾਵੀ ਕਲੇਸ਼ ਤੋਂ ਬਚਣ ਲਈ ਹੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਵਿਚ ਦੇਰੀ ਕਰ ਰਹੀ ਹੈ।
ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ‘ਚ ਟਿਕਟਾਂ ਲੈਣ ਲਈ ਇੰਨੀ ਹਫੜਾਦਫੜੀ ਮੱਚੀ ਹੋਈ ਹੈ ਕਿ ਉਹ ਪਿਛਲੇ ਇਕ ਮਹੀਨੇ ਤੋਂ ਦਿੱਲੀ ‘ਚ ਪੰਜਾਬ ਭਵਨ ਦੇ ਕਮਰਿਆਂ ਉੱਤੇ ਗੈਰਕਾਨੂੰਨੀ ਤਰੀਕੇ ਨਾਲ ਕਬਜ਼ਾ ਜਮਾਈ ਬੈਠੇ ਹਨ। ਜਿਸ ਨਾਲ ਸਰਕਾਰੀ ਕੰਮ ਕਾਜ ਲਈ ਦਿੱਲੀ ਵਿਚ ਜਾਂਦੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *