ਅਮਰਿੰਦਰ ਦੱਸੇ ਕਿ ਉਸ ਨੇ ਮਹੀਨੇ ‘ਚ ਸਵੈ-ਘੋਸ਼ਿਤ ਨਸ਼ਾ ਖਤਮ ਕਰਨ ਲਈ ਕੀ ਕੀਤਾ: ਸੁਖਬੀਰ

ਅਮਰਿੰਦਰ ਦੱਸੇ ਕਿ ਉਸ ਨੇ ਮਹੀਨੇ ‘ਚ ਸਵੈ-ਘੋਸ਼ਿਤ ਨਸ਼ਾ ਖਤਮ ਕਰਨ ਲਈ ਕੀ ਕੀਤਾ: ਸੁਖਬੀਰ
ਕਿਹਾ ਕਿ ਕਾਂਗਰਸ ਰਾਜ ਵਿਚ ਰੇਤੇ-ਬਜਰੀ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ
ਸਿਆਸੀ ਬਦਲੇਖੋਰੀ ਦਾ ਸਾਹਮਣਾ ਕਰਨ ਲਈ ਪਾਰਟੀ ਨੂੰ ਇੱਕਜੁੱਟ ਰਹਿਣ ਵਾਸਤੇ ਆਖਿਆ

ਤਲਵੰਡੀ ਸਾਬੋ/ ਅਪ੍ਰੈਲ (ਗੁਰਭਿੰਦਰ ਗੁਰੀ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਗ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਉਸਨੇ ਪੰਜਾਬ ਵਿੱਚੋਂ ਸਵੈ-ਘੋਸ਼ਿਤ ਨਸ਼ੇ ਦੇ ਖਾਤਮੇ ਲਈ ਕੀ ਕੀਤਾ ਹੈ, ਕਿਉਂਿਕ ਉਸ ਵੱਲੋਂ ਕੀਤੇ ਵਾਅਦੇ ਮੁਤਾਬਿਕ ਇੱਕ ਮਹੀਨਾ ਲਗਭਗ ਖਤਮ ਹੋਣ ਵਾਲਾ ਹੈ।
ਇੱਥੇ ਵਿਸਾਖੀ ਦੇ ਮੌਕੇ ਇਕੱਤਰ ਹੋਏ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼ ਬਾਦਲ ਨੇ ਕਿਹਾ ਕਿ ਅਮਰਿੰਦਰ ਨੇ ‘ਗੁਟਕਾ ਸਾਹਿਬ’ ਨੂੰ ਹੱਥ ਵਿਚ ਲੈ ਕੇ ਸਹੁੰ ਖਾਧੀ ਸੀ ਕਿ ਸੱਤਾ ਵਿਚ ਆਉਣ ਮਗਰੋਂ ਉਹ ਪੰਜਾਬ ਵਿਚੋਂ ਸਵੈ-ਘੋਸ਼ਿਤ ਨਸ਼ੇ ਨੂੰ ਇੱਕ ਮਹੀਨੇ ਦੇ ਅੰਦਰ ਖਤਮ ਕਰ ਦੇਵੇਗਾ। ਉਹਨਾਂ ਕਿਹਾ ਕਿ ਇੱਕ ਮਹੀਨਾ ਖਤਮ ਹੋਣ ਵਿਚ ਸਿਰਫ ਤਿੰਨ ਦਿਨ ਰਹਿੰਦੇ ਹਨ। ਮੇਰੀ ਜਾਣਕਾਰੀ ਮੁਤਾਬਿਕ ਤੁਹਾਡੀ ਪੁਲਿਸ ਨੇ ਅਜੇ ਤੱਕ ਸਿਰਫ ਢਾਈ ਕਿਲੋ ਹੈਰੋਇਨ ਹੀ ਫੜੀ ਹੈ।
ਉਹਨਾਂ ਕਿਹਾ ਕਿ ਸੱਤਾ ਹਾਸਿਲ ਕਰਨ ਲਈ ਕਾਂਗਰਸ ਅਤੇ ਅਮਰਿੰਦਰ ਨੇ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਸੀ ਕਿ ਪੰਜਾਬ ਵਿਚ 70 ਫਸਿਦੀ ਨੌਜਵਾਨ ਨਸ਼ੇੜੀ ਹਨ। ਸ਼ ਬਾਦਲ ਨੇ ਕਿਹਾ ਕਿ ਹੁਣ ਅਮਰਿੰਦਰ ਇਹ ਕਹਿ ਰਿਹਾ ਹੈ ਕਿ ਨਸ਼ੇ ਪਾਕਿਸਤਾਨ ਤੋਂ ਆ ਰਹੇ ਹਨ। ਬਿਲਕੁੱਲ ਇਹੀ ਗੱਲ ਬਤੌਰ ਗ੍ਰਹਿ ਮੰਤਰੀ ਮੈਂ ਕਹੀ ਸੀ।
ਉਹਨਾਂ ਕਿਹਾ ਕਿ ਲੋਕਾਂ ਦੇ ਸਾਹਮਣੇ ਅਸਲੀ ਸੱਚਾਈ ਆ ਰਹੀ ਹੈ। ਕਾਂਗਰਸ ਸਰਕਾਰ ਚਾਹੇ ਤਾਂ ਕਿਸੇ ਵੀ ਉਸ ਅਕਾਲੀ ਵਿਧਾਇਕ ਜਾਂ ਸਾਬਕਾ ਮੰਤਰੀ ਨੂੰ ਗਿਰਫਤਾਰ ਕਰ ਸਕਦੀ ਹੈ, ਜਿਸ ਬਾਰੇ ਇਸ ਨੂੰ ਲੱਗਦਾ ਹੈ ਕਿ ਉਹ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਿਲ ਰਿਹਾ ਹੈ। ਉਹਨਾਂ ਕਿਹਾ ਕਿ ਪਰ ਇਹ ਗੱਲ ਤਦ ਹੀ ਹੋ ਸਕਦੀ ਹੈ, ਜੇਕਰ ਉਹਨਾਂ ਉੱਤੇ ਲਾਏ ਦੋਸ਼ ਸੱਚੇ ਹੁੰਦੇ, ਜਿਹੜੇ ਕਿ ਨਹੀਂ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਵਾਂਗ ਅਕਾਲੀਆਂ ਉੱਤੇ ਲਾਏ ਗਏ ਰੇਤ ਅਤੇ ਬਜਰੀ ਮਾਫੀਆ ਦੇ ਦੋਸ਼ ਵੀ ਝੂਠੇ ਸਾਬਿਤ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਤਾਂ ਲੋਕਾਂ ਨੇ ਵੇਖਣਾ ਹੈ ਕਿ ਰੇਤੇ ਅਤੇ ਬਜਰੀ ਦੇ ਕਾਰੋਬਾਰ ਵਿਚ ਕਿਸ ਦੀ ਸ਼ਮੂਲੀਅਤ ਹੈ ਅਤੇ ਕਿਉਂ ਇਹਨਾਂ ਦੋਵੇਂ ਚੀਜਾਂ ਦੇ ਭਾਅ ਅਸਮਾਨੀ ਚੜ ਗਏ ਹਨ।
ਸ਼ ਬਾਦਲ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਅਕਾਲੀ ਦਲ ਨੇ ਸੂਬੇ ਦਾ ਬੇਮਿਸਾਲ ਵਿਕਾਸ ਕੀਤਾ ਸੀ। ਇਹ ਚਾਹੇ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ ਹੋਵੇ, ਆਧੁਨਿਕ ਸੜਕੀ ਨੈਟਵਰਕ ਉਸਾਰਨਾ ਹੋਵੇ ਜਾਂ ਫਿਰ ਨਵੇ ਹਵਾਈ ਅੱਡਿਆਂ ਦੀ ਉਸਾਰੀ ਦਾ ਕੰਮ ਹੋਵੇ। ਉਹਨਾਂ ਕਿਹਾ ਕਿ ਇਸ ਦੇ ਉਲਟ ਕਾਂਗਰਸ ਕੋਲ ਸੂਬੇ ਨੂੰ ਅਗਾਂਹ ਲੈ ਕੇ ਜਾਣ ਦੀ ਕੋਈ ਯੋਜਨਾ ਨਹੀਂ ਹੈ। ਉਹਨਾਂ ਕਿਹਾ ਕਿ ਕਾਂਗਰਸੀ ਇਹ ਦਾਅਵਾ ਕਰ ਰਹੇ ਹਨ ਕਿ ਖਜ਼ਾਨਾ ਖਾਲੀ ਹੈ। ਮੈਂ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਉਹ ਅਜਿਹਾ ਦਾਅਵਾ ਪਿਛਲੇ 10 ਸਾਲ ਤੋਂ ਕਰ ਰਹੇ ਹਨ। ਸਾਨੂੰ ਉਸੇ ਖਜ਼ਾਨੇ ਨੇ ਕਦੇ ਵੀ ਵਿਕਾਸ ਕਰਨ ਤੋਂ ਨਹੀਂ ਰੋਕਿਆ। ਫਿਰ ਉਹ ਕੁੱਝ ਵੀ ਕਿਉਂ ਨਹੀਂ ਕਰ ਪਾ ਰਹੇ?
ਅਕਾਲੀ ਦਲ ਦੇ ਪ੍ਰਧਾਨ ਨੇ ਸਾਰੇ ਪਾਰਟੀ ਵਰਕਰਾਂ ਨੂੰ ਕਿਹਾ ਕਿ ਕਿਸੇ ਵੀ ਸਿਆਸੀ ਬਦਲਾਖੋਰੀ ਦਾ ਸਾਹਮਣਾ ਇਕਜੁੱਟ ਹੋ ਕੇ ਕਰਨ। ਉਹਨਾਂ ਕਿਹਾ ਕਿ ਜੇਕਰ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਵਰਕਰ ਤੁਰੰਤ ਲੀਡਰਸ਼ਿਪ ਨੂੰ ਇਸ ਦੀ ਜਾਣਕਾਰੀ ਦੇਣ। ਲੋੜ ਪੈਣ ‘ਤੇ ਉਹ ਵੀ ਤੁਰੰਤ ਘਟਨਾ ਵਾਲੀ ਥਾਂ ਉੱਤੇ ਪਹੁੰਚਣਗੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਗਤ ਨੂੰ ਕਿਹਾ ਕਿ ਉਹ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੇ ਮਾਗਰ ਉੱਤੇ ਚੱਲਣ। ਉਹਨਾਂ ਲੋਕਾਂ ਨੂੰ ਜਾਤੀਵਾਦ, ਦਹੇਜ ਅਤੇ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੀਨੀਅਰ ਅਕਾਲੀ ਨੇਤਾ ਅਤੇ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ, ਸ਼੍ਰੋਮਯੀ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਹਰੀ ਸਿੰਘ ਜ਼ੀਰਾ, ਤਲਵੰਡੀ ਸਾਬੋ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੱਧੂ, ਸਰੂਪ ਚੰਦ ਸਿੰਗਲਾ ਅਤੇ ਜਗਦੀਪ ਸਿੰਘ ਨਕਈ ਨੇ ਵੀ ਸੰਬੋਧਨ ਕੀਤਾ।

Share Button

Leave a Reply

Your email address will not be published. Required fields are marked *

%d bloggers like this: