Sun. Aug 18th, 2019

ਅਭਿਨੰਦਨ ਤੇ ਬਾਲਾਕੋਟ ਹਮਲੇ ਦੇ ਪਾਇਲਟਾਂ ਨੂੰ ਮਿਲਣਗੇ ਖ਼ਾਸ ਵੀਰਤਾ ਪੁਰਸਕਾਰ

ਅਭਿਨੰਦਨ ਤੇ ਬਾਲਾਕੋਟ ਹਮਲੇ ਦੇ ਪਾਇਲਟਾਂ ਨੂੰ ਮਿਲਣਗੇ ਖ਼ਾਸ ਵੀਰਤਾ ਪੁਰਸਕਾਰ

ਕੇਂਦਰ ਸਰਕਾਰ ਹੁਣ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਅਤੇ ਬਾਲਾਕੋਟ ਹਮਲੇ ਵਿੱਚ ਸ਼ਾਮਲ ਮਿਰਾਜ–2000 ਜੰਗੀ ਹਵਾਈ ਜਹਾਜ਼ ਦੇ ਪਾਇਲਟਾਂ ਨੂੰ ਵਿਸ਼ੇਸ਼ ਫ਼ੌਜੀ ਸਨਮਾਨਾਂ ਨਾਲ ਸਨਮਾਨਿਤ ਕਰੇਗੀ। ਵਿੰਗ ਕਮਾਂਡਰ ਅਭਿਨੰਦਨ ਨੇ ਇਸੇ ਵਰ੍ਹੇ 27 ਫ਼ਰਵਰੀ ਨੂੰ ਕੰਟਰੋਲ ਰੇਖਾ ਉੱਤੇ ਇੱਕ ਆਹਮੋ–ਸਾਹਮਣੇ ਦੀ ਲੜਾਈ ਦੌਰਾਨ ਪਾਕਿਸਤਾਨੀ ਐੱਫ਼–16 ਜੰਗੀ ਹਵਾਈ ਜਹਾਜ਼ ਡੇਗਿਆ ਸੀ; ਜਦ ਕਿ ਦੂਜੇ ਪਾਇਲਟਾਂ ਨੇ ਪਾਕਿਸਤਾਨ ਦੇ ਸ਼ਹਿਰ ਬਾਲਾਕੋਟ ’ਚ ਸਥਿਤ ਇੱਕ ਦਹਿਸ਼ਤਗਰਦ ਟਿਕਾਣੇ ਉੱਤੇ ਬੰਬ ਸੁੱਟੇ ਸਨ।

ਉੱਚ–ਪੱਧਰੀ ਫ਼ੌਜੀ ਸੂਤਰਾਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਭਿਨੰਦਨ ਵਰਤਮਾਨ ਨੂੰ ‘ਵੀਰ–ਚੱਕਰ’ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਮਿਰਾਜ–2000 ਦੇ ਪੰਜ ਪਾਇਲਟਾਂ ਨੂੰ ਉਨ੍ਹਾਂ ਦੀ ਬਹਾਦਰੀ ਅਤੇ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦੇ ਟਿਕਾਣੇ ਉੱਤੇ ਬੰਬ ਸੁੱਟਣ ਬਦਲੇ ‘ਵਾਯੂ ਸੈਨਾ ਮੈਡਲ’ ਦਿੱਤੇ ਜਾ ਸਕਦੇ ਹਨ। ਇਹ ‘ਹਿੰਦੁਸਤਾਨ ਟਾਈਮਜ਼’ ਹੀ ਸੀ; ਜਿਸ ਨੇ 20 ਅਪ੍ਰੈਲ ਨੂੰ ਹੀ ਇਹ ਰਿਪੋਰਟ ਦੇ ਦਿੱਤੀ ਸੀ ਕਿ ਅਭਿਨੰਦਨ ਵਰਤਮਾਨ ਤੇ ਮਿਰਾਜ–2000 ਦੇ ਪਾਇਲਟਾਂ ਨੂੰ ਵੀਰਤਾ ਪੁਰਸਕਾਰ ਦਿੱਤੇ ਜਾ ਸਕਦੇ ਹਨ।

ਅਭਿਨੰਦਨ ਦੀ ਉਮਰ 35 ਸਾਲ ਸੀ ਤੇ ਉਨ੍ਹਾਂ ਪਾਕਿਸਤਾਨੀ ਐੱਫ਼–16 ਜੰਗੀ ਹਵਾਈ ਜਹਾਜ਼ ਐਨ ਕੰਟਰੋਲ ਰੇਖਾ ਉੱਤੇ ਡੇਗਿਆ ਸੀ ਪਰ ਉਨ੍ਹਾਂ ਦੇ ਆਪਣੇ ਮਿੱਗ–21 ਬਿਸੌਨ ਜੰਗੀ ਜਹਾਜ਼ ਨਾਲ ਇੱਕ ਪਾਕਿਸਤਾਨੀ ਮਿਸਾਇਲ ਆ ਟਕਰਾਈ ਸੀ।

ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਜਹਾਜ਼ ਪਾਕਿਸਤਾਨੀ ਇਲਾਕੇ ਵਿੱਚ ਜਾ ਡਿੱਗਾ ਸੀ; ਜਿੱਥੇ ਉਸ ਦੇਸ਼ ਦੀ ਫ਼ੌਜ ਨੇ ਉਨ੍ਹਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਸੀ ਪਰ ਉਨ੍ਹਾਂ ਨੂੰ 60 ਘੰਟੇ ਕੈਦ ਰੱਖਣ ਤੋਂ ਬਾਅਦ 1 ਮਾਰਚ ਨੂੰ ਉਨ੍ਹਾਂ ਨੂੰ ਅਟਾਰੀ–ਵਾਹਗਾ ਬਾਰਡਰ ਉੱਤੇ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ।

ਉਸ ਤੋਂ ਇੱਕ ਦਿਨ ਪਹਿਲਾਂ ਹੀ ਭਾਵ 26 ਫ਼ਰਵਰੀ ਨੂੰ ਮਿਰਾਜ–2000 ਦੇ ਪਾਇਲਟਾਂ ਨੇ ਬਾਲਾਕੋਟ ਵਿਖੇ ਇੱਕ ਦਹਿਸਤਗਰਦ ਟਿਕਾਣਾ ਤਬਾਹਾ ਕੀਤਾ ਸੀ। ਦਰਅਸਲ, ਭਾਰਤੀ ਹਵਾਈ ਫ਼ੌਜ ਵੱਲੋਂ ਇਹ ਕਾਰਵਾਈ ਇਸੇ ਵਰ੍ਹੇ 14 ਫ਼ਰਵਰੀ ਨੂੰ ਇੱਕ ਆਤਮਘਾਤੀ ਬੰਬਾਰ ਵੱਲੋਂ ਸੀਆਰਪੀਐੱਫ਼ ਦੇ 40 ਤੋਂ ਵੱਧ ਜਵਾਨਾਂ ਨੂੰ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ ਕੀਤੀ ਗਈ ਸੀ। ਇਸ ਦੀਆਂ ਪੱਕੀਆਂ ਰਿਪੋਰਟਾਂ ਮਿਲੀਆਂ ਸਨ ਕਿ ਉਸ ਅੱਤਵਾਦੀ ਹਮਲੇ ਪਿੱਛੇ ਪਾਕਿਸਤਾਨ ’ਚ ਸਰਗਰਮ ਦਹਿਸ਼ਤਗਰਦ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਹੱਥ ਸੀ।

Leave a Reply

Your email address will not be published. Required fields are marked *

%d bloggers like this: