Sun. Sep 22nd, 2019

ਅਭਿਨੰਦਨ ਤਾਂ ਭਾਰਤ ਆਇਆਂ , 1971 ਤੋਂ ਜੇਲ੍ਹਾਂ ਵਿੱਚ ਬੰਦ 54 ਭਾਰਤੀ ਫੌਜੀਆਂ ਨੂੰ ਰਿਹਾਅ ਕੌਣ ਕਰਵਾਏਗਾ

ਪਿੰਡ ਲਹਿਰਾ ਧੂਰਕੋਟ ‘ਚ ਲੱਗਿਆ ਜਿੰਦਾ ਫੌਜੀ ਦਾ ਬੁੱਤ ਮੋਦੀ ਦੇ ਦਾਅਵਿਆਂ ਦੀ ਖੋਲ ਰਿਹਾ ਪੋਲ

ਅਭਿਨੰਦਨ ਤਾਂ ਭਾਰਤ ਆਇਆਂ ,1971 ਤੋਂ ਜੇਲ੍ਹਾਂ ਵਿੱਚ ਬੰਦ 54 ਭਾਰਤੀ ਫੌਜੀਆਂ ਨੂੰ ਰਿਹਾਅ ਕੌਣ ਕਰਵਾਏਗਾ

ਪੀੜਤ ਪਰਿਵਾਰਾਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਅਨੋਖੀ ਦਰਦਨਾਕ ਦਾਸਤਾਨ

ਦਲਜੀਤ ਸਿੰਘ ਸਿਧਾਣਾ
94643-51318

ਰਾਮਪੁਰਾ ਫੂਲ ਦੇ ਨਾਲ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਵਸੇ ਪਿੰਡ ਲਹਿਰਾ ਧੂਰਕੋਟ ਦੇ ਬੱਸ ਅੱਡੇ ਤੇ ਲੱਗੇ ਫੌਜ਼ੀ ਧਰਮਪਾਲ ਸਿੰਘ ਦੇ ਆਦਮ ਕੱਦ ਬੁੱਤ ਨੂੰ ਹਰ ਕੋਈ ਸਿਜਦਾ ਕਰਕੇ ਲੰਘਦਾ ਹੈ, ਪਰ ਇਸ ਬੁੱਤ ਦੇ ਪਰਦੇ ਪਿੱਛੇ ਦਾ ਸੱਚ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਇਸ ਦੇ ਪਰੀਵਾਰ ਦੇ ਮੂੰਹੋਂ ਇਹ ਸੁਣਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ, ਕਿ ਇਹ ਫੌਜੀ ਹਾਲੇ ਜਿੰਦਾ ਹੈ। ਪਰ ਇਸ ਦਾ ਬੁੱਤ ਲੱਗਿਆਂ ਹੋਇਆਂ ਤੇ ਸਰਕਾਰ ਇਸ ਨੂੰ ਸ਼ਹੀਦ ਮੰਨਦੀ ਹੈ , ਪਰੀਵਾਰ ਨਹੀਂ ਇੱਕ ਅਨੋਖੀ ਦਰਦਨਾਕ ਦਾਸਤਾਨ ਦਾ ਪੂਰਾ ਸੱਚ ਕੀ ਹੈ।
ਸੁਣੋ ਪਰੀਵਾਰ ਦੀ ਜ਼ੁਬਾਨੀ:– ਪਿੰਡ ਲਹਿਰਾ ਧੂਰਕੋਟ ਦੇ ਰਹਿਣ ਵਾਲੇ ਅਰਸਿੰਦਰਪਾਲ ਸਿੰਘ ਟੋਨੀ ਲਹਿਰਾ ਨੇ ਦੱਸਿਆ ਕਿ ਉਹ ਧਰਮਪਾਲ ਸਿੰਘ ਫੌਜੀ ਦਾ ਪੁੱਤਰ ਹੈ, ਉਸ ਦਾ ਪਿਤਾ ਸੰਨ 1958 ਦੌਰਾਨ 4 ਸਿੱਖ ਰੈਜਮੈਂਟ ‘ਚ ਭਰਤੀ ਹੋਇਆ ਸੀ ਤੇ ਸੰਨ 1962 ਦੀ ਭਾਰਤ ਤੇ ਚੀਨ ਦੀ ਜੰਗ ਬਹਾਦਰੀ ਨਾਲ ਲੜੀ ਅਤੇ ਇਸ ਤੋਂ ਬਾਅਦ ਸੰਨ 1965 ਦੀ ਭਾਰਤ ਪਾਕਿਸਤਾਨ ਦੀ ਜੰਗ ਦੌਰਾਨ ਉਹ ਖੇਮਕਰਨ ਸੈਕਟਰ ਵਿਖੇ ਪਾਕਿਸਤਾਨ ਦੀ ਫ਼ੌਜ ਦੇ ਘੇਰੇ ਵਿੱਚ ਆ ਗਿਆ ਸੀ, ਤੇ ਉਸ ਨੂੰ ਛੇਂ ਮਹੀਨੇ ਪਾਕਿਸਤਾਨ ਨੇ ਬੰਦੀ ਬਣਾ ਕੇ ਰੱਖਿਆ ਅਤੇ ਉਸ ਤੋਂ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਤੇ ਉਹ ਵਤਨ ਪਰਤਿਆਂ।ਉਸ ਤੋਂ ਬਾਅਦ ਸੰਨ 1971 ਦੀ ਜੰਗ ਦੌਰਾਨ ਉਸ ਦੇ ਪਿਤਾ ਨੂੰ ਭਾਰਤ ਸਰਕਾਰ ਨੇ 5 ਸਤੰਬਰ 1971 ਨੂੰ ਸ਼ਹੀਦ ਕਰਾਰ ਦੇ ਦਿੱਤਾ ਜਾ ਚੁੱਕਾ ਸੀ ਤਾਂ 1986 ਵਿੱਚ ਪਾਕਿਸਤਾਨ ਦੀ ਜੇਲ੍ਹ ਵਿੱਚੋ ਰਿਹਾਅ ਹੋਕੇ ਆਏ ਖੁਫ਼ੀਆ ਏਜੰਸੀ ‘ਚ ਵਿੱਚ ਕੰਮ ਕਰਨ ਵਾਲੇ ਫੌਜੀ ਸਤੀਸ਼ ਕੁਮਾਰ ਖੁਲਾਸਾ ਕਰਦਿਆਂ ਦੱਸਿਆ ਕਿ ਫੌਜੀ ਧਰਮਪਾਲ ਸਿੰਘ ਲਹਿਰਾ ਧੂਰਕੋਟ ਜਿੰਦਾ ਹੈ। ਉਹਨਾਂ ਦੱਸਿਆ ਕਿ ਫੌਜੀ ਸਤੀਸ਼ ਕੁਮਾਰ ਸੰਨ 1974 ਤੋਂ ਲੈਕੇ 1986 ਤੱਕ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਰਿਹਾ ਹੈ। ਫੌਜੀ ਦੇ ਪੁੱਤਰ ਟੋਨੀ ਲਹਿਰਾ ਨੇ ਦੱਸਿਆ ਕਿ ਸਤੀਸ਼ ਕੁਮਾਰ ਦੇ ਦੱਸਣ ਅਨੁਸਾਰ ਉਹ 1976 ਵਿੱਚ ਪਾਕਿਸਤਾਨ ਦੀ ਸ਼ਾਹੀ ਕਿਲ੍ਹਾਂ ਜ਼ੇਲ੍ਹ ਵਿੱਚ ਮੇਰੇ ਪਿਤਾ ਧਰਮਪਾਲ ਸਿੰਘ ਨੂੰ ਮਿਲੇ ਸਨ ਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਸੀ ਕਿ ਉਹ ਜ਼ਿਲ੍ਹਾ ਬਠਿੰਡਾ ਦੇ ਪਿੰਡ ਲਹਿਰਾ ਧੂਰਕੋਟ ਦੇ ਰਹਿਣ ਵਾਲੇ ਹਨ। ਇੰਨਾ ਹੀ ਨਹੀਂ ਸਤੀਸ਼ ਕੁਮਾਰ ਨੇ ਹੀ ਉਸ ਦੇ ਪਿਤਾ ਦੀਆਂ ਦੋ ਨਿਸ਼ਾਨੀਆਂ ਦੱਸੀਆਂ ਸਨ, ਜਿੰਨਾ ਵਿੱਚ ਇੱਕ ਤਾਂ ਮੇਰੇ ਪਿਤਾ ਦੀ ਖੱਬੀ ਅੱਖ ਤੇ ਸੱਟ ਦਾ ਨਿਸ਼ਾਨ ਅਤੇ ਦੂਸਰਾ ਉਹਨਾਂ ਦੇ ਮਨਪਸੰਦ ਗੀਤ ਦੇ ਬੋਲ
“ਲੈਕੇ ਜਾ ਛੱਲੀਆਂ ਭੁਨਾ ਲਈ ਦਾਣੇ” ਜ਼ੋ ਅਕਸਰ ਪਿੰਡ ਗੁਣਗਣਾਇਆ ਕਰਦੇ ਸਨ ਜਿਸ ਤੋਂ ਪਰੀਵਾਰ ਨੂੰ ਉਸ ਦੇ ਜ਼ਿੰਦਾ ਹੋਣ ਦੀ ਪੁਸ਼ਟੀ ਹੋਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੂੰ ਪੱਕਾ ਯਕੀਨ ਹੈ ਕਿ ਫੌਜੀ ਧਰਮਪਾਲ ਸਿੰਘ ਜਿੰਦਾ ਹੈ , ਭਾਵੇਂ ਕੇਂਦਰ ਸਰਕਾਰ ਦੇ ਕਹਿਣ ਤੇ ਉਸ ਦਾ ਬੁੱਤ ਲਗਾ ਦਿੱਤਾ ਹੈ ਪਰ ਇੱਕ ਜਿੰਦਾ ਫੌਜੀ ਦਾ ਬੁੱਤ ਲਾਉਣਾ ਵੀ ਉਸ ਨਾਲ ਬਹੁਤ ਵੱਡੀ ਬੇਇਨਸਾਫ਼ੀ ਹੈ।
ਉਹਨਾਂ ਦੱਸਿਆ ਕਿ ਉਹ ਫੌਜੀ ਧਰਮਪਾਲ ਸਿੰਘ ਇਕੱਲਾ ਹੀ ਨਹੀਂ ਇਸ ਤਰ੍ਹਾਂ ਦੇ 54 ਫੌਜੀਆਂ ਦੀ ਸ਼ਨਾਖਤ ਹੋ ਚੁੱਕੀ ਹੈ , ਜਿਹੜੇ ਜਿੰਦਾਂ ਹਨ ਤੇ ਉਦੋਂ ਤੋਂ ਹੀ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਨਜਰਬੰਦ ਹਨ। ਉਹਨਾਂ ਦੱਸਿਆ ਕਿ ਉਹਨਾਂ ਨੇ ਇਹਨਾਂ ਪੀੜਤ ਪਰਿਵਾਰਾਂ ਨੂੰ ਨਾਲ ਲੈਕੇ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਨੂੰ 7 ਸਤੰਬਰ ਨੂੰ ਜਵਾਹਰ ਲਾਲ ਨਹਿਰੂ ਭਵਨ ਜਨਪਥ ਰੋਡ ਤੇ ਮਿਲ ਚੁੱਕੇ ਹਨ ਪਰਤੂੰ ਹਾਲੇ ਤੱਕ ਕੇਂਦਰ ਸਰਕਾਰ ਨੇ ਕੁੱਝ ਨਹੀਂ ਕੀਤਾ, ਉਹਨਾਂ ਨੇ ਆਪਣੇ ਪਿਤਾ ਸਮੇਤ 54 ਫੌਜੀਆਂ ਦੀ ਰਿਹਾਈ ਲਈ ਸਿਰਤੋੜ ਯਤਨ ਕੀਤੇ ਵੱਖ-ਵੱਖ ਉੱਚ ਅਧਿਕਾਰੀਆਂ ਨੂੰ ਮਿਲ਼ਣ ਤੋਂ ਇਲਾਵਾ ਉਹ ਕੇਂਦਰ ਸਰਕਾਰ ਅੱਗੇ ਸਮੇਂ ਸਮੇਂ ਗੁਹਾਰ ਲਾ ਚੁੱਕੇ ਹਨ। ਉਹਨਾਂ ਨੇ ਫੌਜੀਆਂ ਦੀ ਰਿਹਾਈ ਲਈ ਧਰਨੇ, ਮੁਜ਼ਾਹਰੇ ਕਰਨ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੈਂਡਲ ਮਾਰਚ ਵੀ ਕੱਢ ਚੁੱਕੇ ਹਨ। ਇਸ ਤੋਂ ਪਹਿਲਾਂ ਸਰਬਜੀਤ ਸਿੰਘ ਦੀ ਰਿਹਾਈ ਮੌਕੇ ਤੇ ਹੁਣ ਬੀਤੇ ਦਿਨੀਂ ਭਾਰਤੀ ਪਾਇਲਟ ਅਭਿਨੰਦਨ ਦੀ ਰਿਹਾਈ ਨੂੰ ਵੇਖਦਿਆਂ ਸਾਨੂੰ ਆਸ ਵੱਝੀ ਹੈ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਪਾਕਿਸਤਾਨ ਤੇ ਦਬਾਅ ਪਾਕੇ ਜਨੇਵਾ ਸਮਝੌਤੇ ਤਹਿਤ ਅਭਿਨੰਦਨ ਨੂੰ ਰਿਹਾਅ ਕਰਵਾਇਆ ਇਸੇ ਤਰ੍ਹਾਂ ਫੌਜੀ ਧਰਮਪਾਲ ਸਿੰਘ ਸਮੇਤ ਉਹਨਾਂ 54 ਫੌਜੀਆਂ ਨੂੰ ਵੀ ਰਿਹਾਅ ਕਰਵਾਇਆ ਜਾਵੇ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਕਰਦਿਆਂ ਪਾਕਿਸਤਾਨ ਦੀਆਂ ਨਰਕਮਈ ਜੇਲ੍ਹਾਂ ਵਿੱਚ ਆਪਣਾ ਸਰੀਰ ਸਾੜ ਲਿਆ।
ਫੌਜੀ ਧਰਮਪਾਲ ਸਿੰਘ ਦੇ ਪਰਿਵਾਰ ਨੇ ਦੁੱਖੀ ਮਨ ਨਾਲ ਦੱਸਿਆ ਕਿ ਉਹਨਾਂ ਇਹ ਜ਼ਿੰਦਗੀ ਭਰ ਇਹੀ ਝੋਰਾ ਕਿ ਉਹ ਜ਼ਿੰਦਾ ਹੋਣ ਦੇ ਬਾਵਜੂਦ ਵੀ ਆਪਣੇ ਪਰੀਵਾਰ ਨਾਲ ਨਹੀਂ ਮਿਲ ਸਕੇ, ਉਹਨਾਂ ਦੱਸਿਆ ਕਿ ਉਹਨਾਂ ਨੂੰ ਆਸ ਹੈ ਕਿ ਕੇਂਦਰ ਸਰਕਾਰ ਪਾਕਿਸਤਾਨ ਤੇ ਦਬਾਅ ਬਣਾਕੇ ਇਹਨਾਂ ਬਿਰਧ ਹੋ ਚੁੱਕੇ ਫੌਜੀਆਂ ਨੂੰ ਆਖਰੀ ਵਾਰ ਆਪਣੇ ਪਰੀਵਾਰ ਨਾਲ ਮਿਲਣ ਦਾ ਮੌਕਾ ਮਿਲੇਗਾ।

Leave a Reply

Your email address will not be published. Required fields are marked *

%d bloggers like this: