ਅਪਾਹਜ ਲੋਕਾਂ ਲਈ ਜਰੂਰੀ ਸੇਵਾਵਾਂ ਦੀ ਪਹੁੰਚ ਦੇ ਸਮੂਹਿਕ ਯਤਨਾਂ ਨੂੰ ਤੇਜ਼ ਕਰਨ ਦੀ ਲੋੜ: ਵਾਈਸ ਚਾਂਸਲਰ ਪ੍ਰੋ. ਸੰਧੂ

ਅਪਾਹਜ ਲੋਕਾਂ ਲਈ ਜਰੂਰੀ ਸੇਵਾਵਾਂ ਦੀ ਪਹੁੰਚ ਦੇ ਸਮੂਹਿਕ ਯਤਨਾਂ ਨੂੰ ਤੇਜ਼ ਕਰਨ ਦੀ ਲੋੜ: ਵਾਈਸ ਚਾਂਸਲਰ ਪ੍ਰੋ. ਸੰਧੂ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੈਬੀਨਾਰ ਆਨ ਡਿਸਏਬਿਲਟੀ ਦਾ ਆਯੋਜਨ
ਅੰਮ੍ਰਿਤਸਰ, 04 ਦਸੰਬਰ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਈ.ਓ.ਸੀ-ਪੀ.ਡਬਲਯੂ.ਡੀ. ਸੈਲ ਅਤੇ ਅੰਮ੍ਰਿਤਸਰ ਦੀ ਸੰਸਥਾ `ਫੁਲਕਾਰੀ` ਦੇ ਵਿੰਗ, ਫੁਲਕਾਰੀਕੈਨ ਵੱਲੋਂ ਅਪਾਹਜ ਅੰਤਰਰਾਸ਼ਟਰੀ ਦਿਵਸ ਦੇ ਮੌਕੇ `ਤੇ ਅਯੋਗਤਾ: ਸੰਭਾਵਨਾਵਾਂ ਅਤੇ ਚੁਣੌਤੀਆਂ ਵਿਸ਼ੇ `ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਉਦੇਸ਼ ਇਸ ਦਿਵਸ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।
ਆਪਣੇ ਉਦਘਾਟਨੀ ਭਾਸ਼ਣ ਵਿਚ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਅਪਾਹਜ ਵਿਅਕਤੀਆਂ ਨੂੰ ਸਮਾਜ ਦਾ ਅਹਿਮ ਅੰਗ ਦਸਦਿਆਂ ਕਿਹਾ ਕਿ ਉਨ੍ਹਾਂ ਦੇ ਵਿਕਾਸ ਵਿਚ ਕੋਈ ਵੀ ਰੁਕਾਵਟ ਨਹੀਂ ਆਉਣੀ ਚਾਹੀਦੀ। ਤਰਸ ਦੀ ਭਾਵਨਾ ਦੀ ਥਾਂ `ਤੇ ਉਸਾਰੂ ਸੋਚ ਅਪਨਾਉਣ ਦੀ ਲੋੜ `ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਵਿਸ਼ਵ ਮਹਾਂਮਾਰੀ ਕੋਵਿਡ-19 ਕਰਕੇ ਅਪਾਹਜ ਵਿਅਕਤੀਆਂ ਦੀ ਸਿਹਤ ਦੇ ਨਾਲ ਨਾਲ ਸਮਾਜਿਕ ਅਤੇ ਆਰਥਿਕ ਪੱਖਾਂ ਡੂੰਘਾ ਪ੍ਰਭਾਵ ਪਿਆ ਹੈ ਜਿਸ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਸਾਲ ਦੇ ਵਿਸ਼ਾ ਸਿਹਤ ਅਤੇ ਸਮਾਜਿਕ ਸੁਰੱਖਿਆ, ਸਿੱਖਿਆ, ਡਿਜੀਟਲ ਢਾਂਚਾ, ਪਹੁੰਚਯੋਗ ਜਾਣਕਾਰੀ, ਰੁਜ਼ਗਾਰ ਅਤੇ ਹੋਰ ਸਮਾਜਕ-ਸਭਿਆਚਾਰਕ ਮੌਕਿਆਂ ਸਮੇਤ ਜ਼ਰੂਰੀ ਸੇਵਾਵਾਂ ਤੱਕ ਪਹੁੰਚ ਲਈ ਸਮੂਹਕ ਯਤਨਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਅਪਾਹਜ ਲੋਕਾਂ ਨੂੰ ਸੰਕਟ ਦੇ ਸਮੇਂ ਪਿੱਛੇ ਨਹੀਂ ਛੱਡਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਪਾਹਜ ਵਿਅਕਤੀਆਂ ਦੀਆਂ ਸੇਵਾਵਾਂ ਪ੍ਰਤੀ ਸੁਚੇਤ ਹੈ ਅਤੇ ਉਨ੍ਹਾਂ ਦੀਆਂ ਬਣਦੀਆਂ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ।
ਹੋਰ ਪ੍ਰਮੁੱਖ ਬੁਲਾਰਿਆਂ ਵਿੱਚ ਸਿਖਿਆ ਵਿਭਾਗ ਤੋਂ ਡਾ. ਅਮਿਤ ਕੌਟਸ, ਭਾਸ਼ਾ ਕਮਿਸ਼ਨ, ਛੱਤੀਸਗੜ ਦੇ ਸਾਬਕਾ ਚੇਅਰਮੈਨ ਅਤੇ ਅਖਿਲ ਭਾਰਤੀ ਵਿਕਲਾਂਗ ਚੇਤਨਾ ਪ੍ਰੀਸ਼ਦ ਬਿਲਾਸਪੁਰ ਦੇ ਪ੍ਰਧਾਨ ਡਾ. ਵਿਨੈ ਪਾਠਕ, ਸਥਾਈ ਲੋਕ ਅਦਾਲਤ (ਪੀ.ਯੂ.ਐੱਸ.), ਜਿਲ੍ਹਾ ਅਦਾਲਤ, ਅੰਮ੍ਰਿਤਸਰ ਦੇ ਇੰਚਾਰਜ ਚੇਅਰਮੈਨ ਸ੍ਰੀ ਨਰੇਸ਼ ਮੋਦਗਿਲ ਅਤੇ ਨੋਡਲ ਅਫ਼ਸਰ ਡਾ. ਸੁਨੀਲ ਕੁਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੈਸ਼ਨ ਦਾ ਸੰਚਾਲਨ ਮੈਂਬਰ ਫੁਲਕਾਰੀ, ਡਾ. ਸੋਨਾਲੀ ਸੋਨੀ ਨੇ ਕੀਤਾ ਅਤੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀਨ ਵਿਦਿਆਰਥੀ ਭਲਾਈ ਪ੍ਰੋਫੈਸਰ ਹਰਦੀਪ ਸਿੰਘ ਨੇ ਕੀਤੀ ।
ਫੁਲਕਰੀਕੈਨ ਦੇ ਪ੍ਰਧਾਨ ਨਿਧੀ ਸਿੰਧਵਾਨੀ ਨੇ ਅਪਾਹਜਤਾ ਬਾਰੇ ਡਬਲਯੂ.ਐਚ.ਓ. ਦੀ ਵਿਸ਼ਵ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਵਿਸ਼ਵ ਦੀ 15 ਪ੍ਰਤੀਸ਼ਤ ਆਬਾਦੀ ਅਪੰਗਤਾ ਨਾਲ ਜੀਅ ਰਹੀ ਹੈ ਅਤੇ ਇਨ੍ਹਾਂ ਵਿੱਚੋਂ ਦੋ ਤਿਹਾਈ ਲੋਕ ਪੇਸ਼ੇਵਰ ਡਾਕਟਰੀ ਸਹਾਇਤਾ ਨਹੀਂ ਲੈਂਦੇ ਅਤੇ ਵੱਡੇ ਪੱਧਰ ਤੇ ਲੋਕ ਵਿਤਕਰੇ ਅਤੇ ਅਣਗਹਿਲੀ ਦਾ ਸ਼ਿਕਾਰ ਹੰੁਦੇ ਹਨ। ਫੁਲਕਾਰੀ ਦੇ ਪ੍ਰਧਾਨ ਦੀਪ ਸਵਾਨੀ ਨੇ ਕਿਹਾ ਕੋਵਿਡ-19 ਮਹਾਂਮਾਰੀ ਦੇ ਦੌਰਾਨ ਵਿਸ਼ਵ ਭਰ ਦੇ ਅਪਾਹਜ ਲੋਕਾਂ ਦੀ ਜ਼ਿੰਦਗੀ ਅਤੇ ਮਾਨਸਿਕ ਹਾਲਤ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।ਇਸ ਮੌਕੇ ਫੁਲਕਾਰੀ ਦੇ ਸੰਸਥਾਪਕ, ਪ੍ਰਨੀਤ ਬੱਬਰ, ਉਪ ਪ੍ਰਧਾਨ, ਸ਼ੀਤਲ ਖੰਨਾ ਅਤੇ ਪ੍ਰੋਗਰਾਮ ਪ੍ਰਮੁੱਖ ਪ੍ਰਿਅੰਕਾ ਗੋਇਲ ਵੀ ਮੌਜੂਦ ਸਨ।