Tue. Sep 24th, 2019

ਅਪਣਾਓ ਯੋਗ ਰਹੋ ਨਿਰੋਗ

ਅਪਣਾਓ ਯੋਗ ਰਹੋ ਨਿਰੋਗ

ਯੋਗ ਦਾ ਇਤਿਹਾਸ ਭਾਰਤ ਦੇ ਗੌਰਵਸ਼ਾਲੀ ਅਤੇ ਸੁਨਹਿਰੇ ਇਤਿਹਾਸ ਜਿਨਾਂ ਹੀ ਪੁਰਾਣਾ ਹੈ। ਯੋਗ ਆਧੁਨਿਕ ਵਿਸ਼ਵ ਨੂੰ ਪ੍ਰਾਚੀਨ ਭਾਰਤ ਦੀ ਬਹੁਮੁੱਲੀ ਭੇਂਟ ਹੈ। ਯੋਗ ਇੱਕ ਪ੍ਰਕਾਰ ਦੀ ਅਧਿਆਤਮਕ ਪ੍ਰਕਿਆ ਹੈ ਜੋ ਸਾਡੇ ਮਨ, ਸ਼ਰੀਰ ਅਤੇ ਆਤਮਾ ਨੂੰ ਇਕੱਠੇ ਲਿਆ ਕੇ ਜੀਵਨ ਨੂੰ ਖ਼ੁਸ਼ਨੁਮਾ ਬਣਾ ਦੇਂਦਾ ਹੈਂ। ਭਾਰਤ ਦੀ ਦੇਣ ਯੋਗ ਨੂੰ ਹੌਲੀ ਹੋਲੀ ਸਾਰੀ ਦੁਨੀਆਂ ਨੇ ਆਪਣਾ ਲਿਆ ਹੈ। ਵਿਸ਼ਵਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਸਾਲ ਦਾ ਸਭ ਤੋਂ ਲੰਬਾ ਅਤੇ ਗਰਮ ਦਿਨ ਹੁੰਦਾ ਹੈ ਪਰ ਯੋਗ ਸਾਧਕਾਂ ਲਈ ਹੁੰਦਾ ਹੈ ਅਤਿ ਮਹੱਤਵਪੂਰਨ ਅਤੇ ਊਰਜਾਵਾਨ ਦਿਨ। 2014 ਵਿਚ ਯੋਗ ਦਿਵਸ ਬਾਰੇ ਯੂਨਾਇਟੇਡ ਨੈਸ਼ਨਸ ਜਨਰਲ ਅਸੇੰਬਲੀ ਵਿੱਚ ਰੱਖੇ ਪ੍ਰਸਤਾਵ ਦਾ 177 ਦੇਸ਼ਾਂ ਦਵਾਰਾ ਸਮਰਥਨ ਕੀਤਾ ਗਿਆ ਅਤੇ 21 ਜੂਨ ਦਾ ਦਿਨ ਘੋਸ਼ਿਤ ਹੋਇਆ ਅੰਤਰਰਾਸ਼ਟਰੀ ਯੋਗ ਦਿਵਸ। ਹਰ ਸਾਲ ਇਸ ਦਿਨ ਨੂੰ 200 ਤੋਂ ਵੀ ਵੱਧ ਮੁਲਕਾਂ ਦਵਾਰਾ ਮਨਾ ਕੇ ਲੋਕਾਂ ਨੂੰ ਯੋਗ ਦੀ ਅਧਿਆਤਮਿਕ ਪ੍ਰਕਿਆ ਬਾਰੇ ਸੁਚੇਤ ਕੀਤਾ ਜਾਂਦਾ ਹੈ। 21 ਜੂਨ 2015 ਨੂੰ ਐਨ ਸੀ ਸੀ ਕੈਡੇਟਸ ਦਵਾਰਾ ਇੱਕ ਹੀ ਸਮੇਂ ਤੇ ਅਲਗ ਅਲਗ ਥਾਂਵਾਂ ਤੇ ਇੱਕਠੇ ਯੋਗ ਕਰ ਕੇ ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਨਾਂ ਦਰਜ਼ ਕਰਵਾਇਆ ਗਿਆ।
ਯੋਗ ਸ਼ਬਦ ਉਪਜਿਆ ਹੈ ਸੰਸਕ੍ਰਿਤ ਦੇ ਸ਼ਬਦ ਯੁਜ ਤੋਂ ਜਿਸਦਾ ਅਰਥ ਹੈ ਜੁੜਨਾ। ਯੋਗ ਦੇ 4 ਪ੍ਰਮੁੱਖ ਰਸਤੇ ਮੰਨੇ ਜਾਂਦੇ ਹਨ- ਰਾਜ ਯੋਗ, ਕਰਮ ਯੋਗ, ਭਗਤੀ ਯੋਗ ਅਤੇ ਗਿਆਨ ਯੋਗ। ਰਾਜ ਯੋਗ ਜਾਂ ਅਸ਼ਟਾਂਗ ਯੋਗ ਵਿੱਚ ਧਿਆਨ ਤੇ ਕੰਮ ਕੀਤਾ ਜਾਂਦਾ ਹੈ। ਕਰਮ ਯੋਗ ਦਵਾਰਾ ਸ਼ਰੀਰ ਦੇ ਪ੍ਰਯੋਗ ਨਾਲ ਵਰਤਮਾਨ ਨੂੰ ਚੰਗਾ ਬਣਾ ਕੇ ਭਵਿੱਖ ਨੂੰ ਉੱਜਵਲ ਬਣਾਇਆ ਜਾਂਦਾ ਹੈ। ਭਗਤੀ ਯੋਗ ਕਣ ਕਣ ਵਿੱਚ ਬਸੇ ਪਰਮਾਤਮਾ ਨੂੰ ਮਹਿਸੂਸ ਕਰ ਕੇ ਆਪਣੀ ਭਾਵਨਾਵਾਂ ਨੂੰ ਕੰਟਰੋਲ ਕਰਨਾ ਸਿਖਾਂਦਾ ਹੈ। ਗਿਆਨ ਯੋਗ ਜਾਂ ਬੁੱਧੀ ਯੋਗ ਬੌਧਿਕ ਵਿਕਾਸ ਵਿੱਚ ਸਹਾਇ ਬਣ ਕੇ ਅਧਿਐਨ ਵਿੱਚ ਮਦਦ ਕਰਦਾ ਹੈ।
ਯੋਗ ਦੇ ਕਈ ਬਹੁਮੁੱਲੇ ਲਾਭ ਹਨ। ਯੋਗ ਨਾਲ ਮਨੁੱਖ ਕੁਦਰਤ ਦੇ ਨਾਲ ਮਿੱਠਾ ਸਬੰਧ ਬਣਾ ਕੇ ਬਦਲਦੇ ਵਾਤਾਵਰਣ ਅਨੁਸਾਰ ਖੁੱਦ ਨੂੰ ਢਾਲ ਸਕਦਾ ਹੈ। ਯੋਗ ਦੇ ਅਲੱਗ ਅਲੱਗ ਆਸਨਾਂ ਨਾਲ ਸ਼ਰੀਰ ਦੇ ਸਾਰੇ ਅੰਗਾਂ ਦੀ ਵਰਜਿਸ਼ ਹੁੰਦੀ ਹੈ ਅਤੇ ਲਾਭ ਹੁੰਦੇ ਹਨ। ਜਿਵੇਂ ਭੁਜੰਗ ਆਸਨ ਦਵਾਰਾ ਹੈਪੀ ਹਾਰਮੋਨ-ਆਕਸੀਟੋਕਸਿਨ ਰਿਲੀਜ਼ ਹੁੰਦਾ ਹੈ ਅਤੇ ਸਟ੍ਰੈੱਸ ਲੈਵਲ ਘੱਟਦਾ ਹੈ, ਉਤਾਨਾਸਨ ਦਿਮਾਗ ਨੂੰ ਰਿਲੈਕਸ ਕਰ ਕੇ ਚਿੰਤਾ ਤੇ ਅਵਸਾਦ ਨੂੰ ਘਟਾਉਂਦਾ ਹੈ, ਸ਼ਵਾਸਨ ਸਾਰੇ ਸ਼ਰੀਰ ਨੂੰ ਸ਼ਾਂਤ ਕਰ ਕੇ ਰਿਲੈਕਸ ਕਰਦਾ ਹੈ, ਸ਼ਿਸ਼ੂਆਸਨ ਸ਼ਰੀਰ ਵਿੱਚ ਇੰਡੋਫਿਰਨ ਦੀ ਮਾਤਰਾ ਵੱਧਾ ਕੇ ਮਨ ਸ਼ਾਂਤ ਕਰਦਾ ਹੈ, ਵਜ਼ਰਾਸਨ ਮਾਸਪੇਸ਼ੀਆਂ ਨੂੰ ਆਰਾਮ ਦੇਂਦਾ ਹੈ, ਅਧੋਮੁੱਖ ਸਵਾਨਾਸਨ ਕਰਨ ਨਾਲ ਅਪਰ ਬੈਕ, ਕੰਧਾ ਬਾਵਾਂ ਅਤੇ ਗਰਦਣ ਦੀ ਡੀਪ ਸਟ੍ਰੇਚਿੰਗ ਹੁੰਦੀ ਹੈ, ਮਤਸਯਾਸਨ ਸ਼ਰੀਰ ਵਿੱਚ ਆਕਸੀਜ਼ਨ ਦੀ ਮਾਤਰਾ ਵੱਧਾ ਕੇ ਮੂਡ ਨੂੰ ਖ਼ੁਸ਼ਨੁਮਾ ਬਣਾਉਂਦਾ ਹੈ, ਸਰਵਾਂਗਸਮ ਆਸਨ ਅਤੇ ਬਾਲਾਸਨ ਕਰਨ ਨਾਲ ਬਲੱਡ ਪ੍ਰੈਸਰ ਕੰਟਰੋਲ ਵਿੱਚ ਰਹਿੰਦਾ ਹੈ, ਵਰਿਕਸ਼ਾਸਨ ਕਰਨ ਨਾਲ ਦਿਮਾਗੀ ਇਕਾਗਰਤਾ ਪਾਵਰ ਵੱਧਦੀ ਹੈ ਤੇ ਨਕਾਰਾਤਮਕ ਵਿਚਾਰ ਦੂਰ ਹੁੰਦੇ ਹਨ, ਉਸ਼ਟਰਾਸ਼ਨ ਖੂਨ ਦਾ ਪ੍ਰਵਾਹ ਦਿਮਾਗ ਤੱਕ ਪਹੁੰਚਾ ਕੇ ਗੁੱਸੇ ਨੂੰ ਕਾਬੂ ਵਿੱਚ ਰੱਖਦਾ ਹੈ।
ਯੋਗ ਅਭਿਆਸ ਨਾਲ ਮਾਸਪੇਸ਼ੀਆਂ ਮਜਬੂਤ, ਚੰਗੀ ਨੀਂਦ, ਭੁੱਖ ਲਗਣਾ, ਫੇਫੜਿਆਂ ਵਿੱਚ ਆਕਸੀਜ਼ਨ ਗ੍ਰਹਿਣ ਕਰਨ ਦੀ ਸ਼ਮਤਾ ਵਧਣਾ, ਮਨ ਦੀ ਇਕਾਗਰਤਾ ਵਧਣਾ ਅਤੇ ਬਲੱਡ ਸ਼ੂਗਰ ਕੰਟਰੋਲ ਵਿੱਚ ਰੱਖਣ ਵਰਗੇ ਲਾਭ ਲਏ ਜਾ ਸਕਦੇ ਹਨ। ਯੋਗ ਕਰਨ ਨਾਲ ਸ਼ਰੀਰ ਨਿਰੋਗ ਰਹਿੰਦਾ ਹੈ, ਸੇਹਤ ਸੁਧਰਦੀ ਹੈ ਅਤੇ ਸ਼ਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧਕ ਸ਼ਕਤੀ ਦਾ ਵਿਕਾਸ ਹੁੰਦਾ ਹੈ। ਯੋਗ ਆਸਨਾਂ ਦੇ ਸੰਜਮ, ਲਗਨ ਅਤੇ ਲਗਾਤਾਰ ਅਭਿਆਸ ਨਾਲ ਅਸਥਮਾ, ਸ਼ੂਗਰ, ਬਲੱਡ ਪ੍ਰੈਸ਼ਰ, ਗਠੀਆ, ਪਾਚਨ ਵਿਕਾਰ ਪੇਟ, ਗਲਾ, ਅੱਖਾਂ, ਨੀਂਦ ਘੱਟ ਆਣਾ, ਮਾਨਸਿਕ ਅਸ਼ਾਂਤੀ, ਫੇਫੜੇ, ਰੀੜ ਦੀ ਹੱਡੀ, ਭੁੱਖ ਘੱਟ ਲਗਣਾ, ਧੁੰਨੀ, ਜ਼ੁਕਾਮ, ਕਮਰ ਦਰਦ ਆਦਿ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ਼ ਵਿੱਚ ਸਕਾਰਾਤਮਕ ਨਤੀਜ਼ੇ ਮਿਲਦੇ ਹਨ। ਇੰਨੇ ਲਾਭਦਾਇਕ ਯੋਗ ਆਸਨਾਂ ਨੂੰ ਬਿਮਾਰੀਆਂ ਦੇ ਉਪਚਾਰ ਲਈ ਕਰਨ ਤੋਂ ਪਹਿਲਾਂ ਯੋਗ ਗੁਰੂ ਦੀ ਸਲਾਹ ਅਤੇ ਦੇਖਰੇਖ ਬੜੀ ਲਾਹੇਵੰਦ ਹੁੰਦੀ ਹੈ।
ਯੋਗ ਹਮੇਸ਼ਾ ਸ਼ਾਂਤ ਵਾਤਾਵਰਣ ਵਿੱਚ ਸੂਰਜ਼ ਚੜਨ ਤੋਂ 1-2 ਘੰਟੇ ਪਹਿਲਾਂ ਦਿਨਚਰਯਾ ਕਰ ਕੇ ਖਾਲੀ ਪੇਟ ਕਰਨਾ ਚਾਹੀਦਾ ਹੈ। ਜਰੂਰਤ ਮਹਿਸੂਸ ਹੋਵੇ ਤਾਂ ਗੁਨਗਣੇ ਪਾਣੀ ਵਿੱਚ ਸ਼ਹਿਦ ਮਿਲਾ ਕੇ ਸੇਵਨ ਕੀਤਾ ਜਾ ਸਕਦਾ ਹੈ। ਯੋਗ ਹਮੇਸ਼ਾ ਸ਼ਾਂਤ ਦਿਮਾਗ ਨਾਲ ਬਿਨਾਂ ਕਿਸੇ ਤਨਾਵ ਦੇ ਕਰਨਾ ਚਾਹੀਦਾ ਹੈ। ਯੋਗ ਅਭਿਆਸ ਹਲਕੇ ਸੂਤੀ ਵਸਤਰਾਂ ਵਿੱਚ ਯੋਗ ਮੈਟ ਜਾਂ ਦਰੀ ਉੱਪਰ ਕਰੋ। ਘੱਟ ਉੱਮਰ ਦੇ ਬੱਚੇ ਮੁਸ਼ਕਿਲ ਆਸਨ ਨਾਂ ਕਰਨ ਜਾਂ ਯੋਗ ਗੁਰੂ ਦੀ ਸਲਾਹ ਨਾਲ ਕਰਨ। ਯੋਗ ਗੁਰੂ ਦੀ ਸਲਾਹ ਬਿਮਾਰੀ ਦੌਰਾਨ ਯੋਗ ਕਰਨ ਵੇਲੇ ਵੀ ਬਹੁਤ ਜਰੂਰੀ ਹੈ। ਯੋਗ ਦੌਰਾਨ ਆਪਣੀ ਸ਼ਮਤਾ ਤੋਂ ਵੱਧ ਜ਼ੋਰ ਸ਼ਰੀਰ ਤੇ ਨਾਂ ਪਾਓ। ਯੋਗ ਦੇ 30 ਮਿੰਟ ਬਾਅਦ ਹੀ ਖਾਣਾ ਜਾਂ ਇਸ਼ਨਾਨ ਕਰਨਾ ਚਾਹੀਦਾ ਹੈ। ਯੋਗ ਅਭਿਆਸ ਦੇ ਚੰਗੇ ਨਤੀਜ਼ਿਆ ਲਈ ਆਪਣੇ ਖਾਨ ਪਾਣ ਅਤੇ ਤੰਬਾਖੁਨੋਸ਼ੀ ਤੇ ਕੰਟਰੋਲ ਰੱਖਦੇ ਹੋਏ ਭਰਪੂਰ ਨੀਂਦ ਲਵੋ।
ਸ਼ਰੀਰ ਦੀ ਜ਼ਰੂਰਤਾਂ ਦੇ ਹਿਸਾਬ ਨਾਲ ਯੋਗ ਵਿੱਚ ਕਈ ਪ੍ਰਕਾਰ ਦੇ ਆਸਨ ਹਨ ਜਿਨ੍ਹਾਂ ਵਿੱਚ ਪ੍ਰਮੁੱਖ ਹਨ-ਪ੍ਰਾਣਾਯਾਮ, ਅਨੁਲੋਮ ਵਿਲੋਮ, ਕਪਾਲਭਾਤੀ, ਭ੍ਰਮਰੀ, ਸੂਰਯ ਨਮਸਕਾਰ, ਨਾਵਾਸਨ, ਸ਼ਿਰਸ਼ਾਸਨ, ਹਲਾਸਨ, ਸਰਵਾਂਗਸਮ, ਪਾਦਹਸਤਾਸਨ, ਗੋਮੁਖ਼ਾਸਨ, ਸ਼ਨਖਾਸਨ, ਤਾੜਾਸਨ, ਬ੍ਰਿਖਸਨ, ਤ੍ਰਿਕੋਨ ਆਸਨ, ਭੁਜੰਗਾਸਨ, ਮਕਰਾਸਨ, ਸੇਤੁਬੰਧਸਨ, ਪਵਨਮੁਕੱਤਾਸਨ ਆਦਿ। ਯੋਗ ਦੇ ਅੰਤ ਵਿੱਚ ਸ਼ਵਾਸਨ ਕੀਤਾ ਜਾਂਦਾ ਹੈ।
ਅੱਜਕਲ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਹਰ ਮਨੁੱਖ ਭੌਤਿਕ ਸੁੱਖਾਂ ਦੀ ਤਲਾਸ਼ ਵਿੱਚ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ ਅਤੇ ਗ਼ਲਤ ਖਾਨ ਪਾਨ ਤੇ ਝੱਟਪਟ ਬਿਮਾਰੀ ਠੀਕ ਕਰਨ ਦੇ ਪਾਗਲਪਨ ਕਾਰਨ ਦਵਾਈਆਂ ਦੇ ਮੱਕੜਜਾਲ ਵਿੱਚ ਫੱਸਦਾ ਜਾ ਰਿਹਾ ਹੈ। ਐਸੇ ਸਮੇਂ ਵਿੱਚ ਯੋਗ ਮਨੁੱਖ ਅਤੇ ਕੁਦਰਤ ਦਾ ਮਧੁਰ ਮਿਲਨ ਕਰਵਾਕੇ ਉਸਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਰੰਗ ਭਰ ਸਕਦਾ ਹੈ। ਆਓ ਅਸੀਂ ਯੋਗ ਅਪਣਾ ਕੇ ਜ਼ਿੰਦਗੀ ਨੂੰ ਨਿਰੋਗ ਬਣਾਈਏ।

ਜੈ ਹਿੰਦ

ਲੇਫ਼ਟੀਨੇਂਟ ਕੁਲਦੀਪ ਸ਼ਰਮਾ
ਜਲੰਧਰ
8146546260

Leave a Reply

Your email address will not be published. Required fields are marked *

%d bloggers like this: