ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਅਨੇਕਾਂ ਸੰਸਕ੍ਰਿਤੀਆਂ ਦਾ ਸੰਗਮ : ਲੰਦਨ

ਅਨੇਕਾਂ ਸੰਸਕ੍ਰਿਤੀਆਂ ਦਾ ਸੰਗਮ : ਲੰਦਨ

ਪਿਆਰੇ ਬੱਚਿਓ ! ਅੱਜ ਤੁਹਾਨੂੰ ਅਸੀਂ ਇੰਗਲੈਂਡ ਦੀ ਰਾਜਧਾਨੀ ਅਤੇ ਬਹੁਤ ਹੀ ਪਿਆਰੇ ਤੇ ਖ਼ੂਬਸੂਰਤ ਵਿਦੇਸ਼ੀ ਸ਼ਹਿਰ ਲੰਦਨ ਬਾਰੇ ਜਾਣਕਾਰੀ ਦੇਵਾਂਗੇ। ਬੱਚਿਓ ! ਲੰਦਨ ਸ਼ਹਿਰ ਬਹੁਤ ਸੁੰਦਰ , ਸਾਫ਼ – ਸੁਥਰਾ , ਸੁਸੱਜਿਤ , ਸੁਰੱਖਿਅਤ ਅਤੇ ਕਾਫ਼ੀ ਮਹਿੰਗਾ ਸ਼ਹਿਰ ਹੈ। ਇਹ ਸ਼ਹਿਰ ਥੇਮਜ਼ ਨਦੀ ਦੇ ਕਿਨਾਰੇ ਵਸਿਆ ਹੋਇਆ ਹੈ। ਲੰਦਨ ਸ਼ਹਿਰ ਦੀ ਫ਼ਿਤਰਤ , ਹਵਾ , ਜਿਊਣ ਦੇ ਅੰਦਾਜ਼ ਤੇ ਸੋਖ – ਅਦਾ ਵਿੱਚ ਅਣਗਿਣਤ ਦੇਸ਼ਾਂ , ਭਾਸ਼ਾਵਾਂ , ਖੇਤਰਾਂ , ਸੱਭਿਆਚਾਰਾਂ , ਪਿਛੋਕੜਾਂ ਅਤੇ ਸੰਸਕ੍ਰਿਤੀਆਂ ਦਾ ਮਿਸ਼ਰਣ ਸਮਾਹਿਤ ਹੈ। ਇੱਥੇ ਅੰਗਰੇਜ਼ੀ , ਹਿੰਦੀ , ਉਰਦੂ ਤੇ ਅਰਬੀ ਤੋਂ ਇਲਾਵਾ ਲਗਪਗ ਤਿੰਨ ਸੌ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। ਬੱਚਿਓ ! ਲੰਦਨ ਸ਼ਹਿਰ ਬਹੁਤ ਹੀ ਸਲੀਕੇ ਦੇ ਨਾਲ ਬਣਾਇਆ ਗਿਆ ਹੈ।

ਇੱਥੋਂ ਦੀ ਸਫ਼ਾਈ – ਵਿਵਸਥਾ ਵੀ ਬਹੁਤ ਵਧੀਆ ਹੈ। ਥੋੜ੍ਹੀ – ਥੋੜ੍ਹੀ ਦੂਰੀ ‘ਤੇ ਕੂੜੇਦਾਨਾਂ ਦਾ ਬਹੁਤ ਸਹੀ ਪ੍ਰਬੰਧ ਕੀਤਾ ਗਿਆ ਹੈ। ਥੇਮਜ਼ ਨਦੀ ਦੇ ਕਿਨਾਰੇ ਵਸੇ ਇਸ ਅਤਿ ਖ਼ੂਬਸੂਰਤ , ਸਲੀਕੇਦਾਰ ਤੇ ਅਮੀਰ ਸ਼ਹਿਰ ਵਿੱਚ ਅਨੇਕਾਂ ਦੇਸਾਂ , ਵਿਦੇਸਾਂ , ਖਿੱਤਿਆਂ , ਸੰਸਕ੍ਰਿਤੀਆਂ ਦੇ ਲੋਕ ਆ ਕੇ ਵਸੇ ਹੋਏ ਹਨ। ਇਸਾਈ ਧਰਮ ਇੱਥੋਂ ਦਾ ਮੁੱਖ ਧਰਮ ਹੈ। ਬਾਲੀਵੁੱਡ ਦੇ ਸਿਤਾਰੇ ਅਤੇ ਭਾਰਤੀ /ਪੰਜਾਬੀ ਲੋਕ ਇੱਥੇ ਆਮ ਹੀ ਘੁੰਮਦੇ – ਫਿਰਦੇ ਨਜ਼ਰੀਂ ਆ ਜਾਂਦੇ ਹਨ। ਖ਼ਰੀਦਦਾਰੀ ਦੇ ਦੀਵਾਨਿਆਂ , ਘੁਮੱਕੜ ਪ੍ਰਵਿਰਤੀ ਦੇ ਇਨਸਾਨਾਂ , ਇਤਿਹਾਸਕਾਰਾਂ , ਵਿਦਿਆਰਥੀਆਂ , ਵਪਾਰੀਆਂ , ਫ਼ਿਲਮੀ – ਹਸਤੀਆਂ , ਸ਼ਿਲਪਕਾਰਾਂ , ਭਾਵ ਕਿ ਹਰ ਉਮਰ – ਵਰਗ , ਕਿਤੇ ਅਤੇ ਪ੍ਰਵਿਰਤੀ ਦੇ ਵਿਅਕਤੀਆਂ ਦਾ ਲੰਦਨ ਸ਼ਹਿਰ ਸਹਿਜਤਾ ਨਾਲ ਸਵਾਗਤ ਕਰਦਾ ਹੈ।ਇਹ ਇੱਕ ਜ਼ਿੰਦਾਦਿਲ ਸ਼ਹਿਰ ਹੈ। ਜਿਸ ਤਰ੍ਹਾਂ ਭਾਰਤ ਦਾ ਮੁੰਬਈ ਸ਼ਹਿਰ ਕਦੇ ਸੌਂਦਾ ਨਹੀਂ ਹੈ , ਬਿਲਕੁਲ ਉਸੇ ਤਰ੍ਹਾਂ ਲੰਦਨ ਸ਼ਹਿਰ ਵੀ ਕਦੇ ਨਹੀਂ ਸੌਂਦਾ। ਦਿਨ ਹੋਵੇ ਭਾਵੇਂ ਰਾਤ ਹੋਵੇ , ਇੱਥੋਂ ਦੇ ਮਨਮੋਹਕ , ਦਿਲਚਸਪ ਅਤੇ ਹੈਰਤਅੰਗੇਜ਼ ਨਜ਼ਾਰੇ ਹਰ ਕਿਸੇ ਨੂੰ ਮੰਤਰ – ਮੁਗਧ ਕਰ ਦਿੰਦੇ ਹਨ।

ਲੰਦਨ ਸ਼ਹਿਰ ਤੁਹਾਨੂੰ ਕਦੇ ਵੀ ਗੈਰ , ਬੇਗਾਨੇ ਜਾਂ ਪਰਾਏ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦਾ। ਸੈਲਾਨੀਆਂ ਦੇ ਕੈਮਰਿਆਂ ਦੀ ਫਲੈਸ਼ ਇੱਥੇ ਚਲਦੀ ਹੀ ਨਜ਼ਰ ਆਉਂਦੀ ਹੈ। ਪਿਆਰੇ ਬੱਚਿਓ ! ਅਖ਼ਬਾਰਾਂ , ਰਸਾਲਿਆਂ , ਫ਼ਿਲਮਾਂ , ਪੋਸਟਰਾਂ , ਖ਼ਬਰਾਂ ਜਾਂ ਟੈਲੀਵਿਜ਼ਨਾਂ ਆਦਿ ‘ਤੇ ਜਦੋਂ ਵੀ ਲੰਦਨ ਸ਼ਹਿਰ ਨੂੰ ਦਿਖਾਉਣਾ ਹੋਵੇ ਤਾਂ ਇੱਥੋਂ ਦੇ ਪ੍ਰਸਿੱਧ ” ਟਾਵਰ ਬ੍ਰਿਜ ” ਦੀ ਤਸਵੀਰ ਨੂੰ ਦਿਖਾਇਆ ਜਾਂਦਾ ਹੈ। ਇਹ ਬ੍ਰਿਜ ਥੇਮਜ਼ ਨਦੀ ‘ਤੇ ਬਣਿਆ ਹੋਇਆ ਹੈ। ਥੇਮਜ਼ ਨਦੀ ਵਿੱਚ ਜਦੋਂ ਵੀ ਕੋਈ ਵੱਡਾ ਜਹਾਜ਼ ਇਸ ਟਾਵਰ ਬ੍ਰਿਜ ਕੋਲੋਂ ਲੰਘਦਾ ਹੈ ਤਾਂ ਟਾਵਰ ਬ੍ਰਿਜ ਨੂੰ ਵਿਚਕਾਰੋਂ ਦੋਵਾਂ ਪਾਸਿਓਂ ਖੋਲ੍ਹ ਦਿੱਤਾ ਜਾਂਦਾ ਹੈ। ਅਜਿਹਾ ਇੱਕ ਦਿਨ ਵਿੱਚ ਲਗਪਗ ਤਿੰਨ ਵਾਰ ਹੁੰਦਾ ਹੈ। ਟਾਵਰ ਬ੍ਰਿਜ ਨੂੰ 1894 ਇਸਵੀ ਵਿੱਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ। ਇੱਥੇ ਟਾਵਰ ਬ੍ਰਿਜ ਪ੍ਰਦਰਸ਼ਨੀ ਵੀ ਲੱਗਦੀ ਹੈ। ਥੇਮਜ਼ ਨਦੀ ਦੀ ਇੱਕ ਹੋਰ ਖ਼ਾਸੀਅਤ ਇਹ ਵੀ ਹੈ ਕਿ ਸਵੇਰ ਦੇ ਸਮੇਂ ਇਹ ਸਮੁੰਦਰ ਵੱਲ ਵਗਦੀ ਹੈ ਅਤੇ ਸ਼ਾਮ ਦੇ ਸਮੇਂ ਇਹ ਸ਼ਹਿਰ ਦੇ ਅੰਦਰ ਵੱਲ ਵਗਦੀ ਹੈ। ਬੱਚਿਓ ! ਥੇਮਜ਼ ਨਦੀ ਦੇ ਕਿਨਾਰੇ ਸੈਲਾਨੀ ਜਾਂ ਹੋਰ ਲੋਕ ਅਕਸਰ ਇੱਥੇ ਚਾਹ ਜਾਂ ਕੌਫੀ ਪੀਂਦੇ ਅਤੇ ਅਖ਼ਬਾਰਾਂ, ਰਸਾਲੇ , ਪੁਸਤਕਾਂ ਆਦਿ ਪੜ੍ਹਦੇ ਨਜ਼ਰੀਂ ਆਉਂਦੇ ਹਨ। ਕਈ ਤਰ੍ਹਾਂ ਦੀਆਂ ਫ਼ਿਲਮਾਂ , ਨਾਟਕਾਂ , ਕਹਾਣੀਆਂ ਆਦਿ ਦੀ ਸ਼ੂਟਿੰਗ ਇੱਥੇ ਅਕਸਰ ਹੁੰਦੀ ਹੈ।

ਇੱਥੇ ਹੀ ” ਲੰਦਨ – ਆਈ ” ਝੂਲਾ ਸਥਿਤ ਹੈ , ਜੋ ਕਿ ਲਗਪਗ 443 ਫੁੱਟ ਉੱਚਾ ਹੈ। ਇਸ ਝੂਲੇ ਦੇ 32 ਕੈਬਿਨ ਹਨ ਤੇ ਹਰੇਕ ਕੈਬਨ ਵਿਚ 25 ਲੋਕ ਬੈਠ ਸਕਦੇ ਹਨ। ਇਸ ਲੰਦਨ – ਆਈ ਝੂਲੇ ਦੀ ਖਾਸੀਅਤ ਇਹ ਹੈ ਕਿ ਇਸ ਦੀ ਗਤੀ ਬਹੁਤ ਧੀਮੀ ਹੁੰਦੀ ਹੈ ਤਾਂ ਜੋ ਹਰ ਉਮਰ – ਵਰਗ ਦਾ ਵਿਅਕਤੀ ਇਸ ਵਿੱਚ ਬੈਠ ਸਕੇ ਅਤੇ ਆਸਾਨੀ ਨਾਲ ਉੱਪਰੋਂ ਲੰਦਨ ਸ਼ਹਿਰ ਦਾ ਦ੍ਰਿਸ਼ ਆਨੰਦਮਈ ਢੰਗ ਨਾਲ ਦੇਖ ਸਕੇ। ਇਸ ਝੂਲੇ ‘ਤੇ ਬੈਠ ਕੇ ਲੰਦਨ ਸ਼ਹਿਰ ਦੇ ਲਗਪਗ 40 ਕਿੱਲੋਮੀਟਰ ਦੂਰ – ਦੂਰ ਤਕ ਦੇ ਮਨਮੋਹਕ ਦ੍ਰਿਸ਼ , ਇਮਾਰਤਾਂ ਅਤੇ ਖੂਬਸੂਰਤ ਥਾਂਵਾਂ ਤੇ ਦਿਲਕਸ਼ ਨਜ਼ਾਰੇ ਦੇਖੇ ਜਾ ਸਕਦੇ ਹਨ। ਇੱਥੇ ਦੇ ਲੋਕਾਂ ਨੂੰ ਸੰਗੀਤ , ਫ਼ਿਲਮਾਂ ਤੇ ਸਿਨੇਮੇ ਨਾਲ ਵੀ ਕਾਫੀ ਜ਼ਿਆਦਾ ਲਗਾਓ ਹੈ। ਇੱਥੇ ਸਿਨੇਮਾਘਰ ਵੀ ਕਾਫੀ ਗਿਣਤੀ ਵਿਚ ਮੌਜੂਦ ਹਨ।

ਇੱਥੋਂ ਦੇ ਲੋਕ ਸੰਗੀਤ ਦੇ ਬਹੁਤ ਦੀਵਾਨੇ ਹਨ। ਜੈਜ , ਪੌਪ , ਰੌਕ ਆਦਿ ਸੰਗੀਤ ਇੱਥੇ ਚੱਲਦਾ ਹੀ ਮਿਲਦਾ ਹੈ। ਬੱਚਿਓ ! ਲੰਦਨ ਵਿੱਚ ਵੇਖਣ ਅਤੇ ਮਾਣਨ ਲਈ ਅਨੇਕਾਂ ਥਾਵਾਂ ਹਨ , ਜਿਵੇਂ : ਟਾਵਰ ਬ੍ਰਿਜ , ਲੰਦਨ ਬ੍ਰਿਜ , ਚਿਡ਼ੀਆਘਰ , ਮੈਡਮ ਤੁਸਾਦਜ਼ ਮਿਊਜ਼ੀਅਮ , ਸਰਕਸ , ਨੈਸ਼ਨਲ ਗੈਲਰੀ , ਮਿਊਜ਼ੀਅਮ , ਪਾਰਲੀਮੈਂਟ ਸਟਰੀਟ , ਬਿੱਗਬੈਨ ਕਲਾਕ ਟਾਵਰ , ਪਾਰਲੀਮੈਂਟ ਸੁਕੇਅਰ, ਬਕਿੰਘਮ ਪੈਲੇਸ ( ਰਾਣੀ ਦਾ ਮਹਿਲ ), ਸੇਂਟ ਮਾਰਗ੍ਰੇਟ ਚਰਚ , ਹਾਈਡ ਪਾਰਕ , ਬ੍ਰਿਟਿਸ਼ ਸੰਸਦ , ਫੈਸ਼ਨੇਬਲ ਸਟਰੀਟ , ਔਕਸਫੋਰਡ ਸਟਰੀਟ , ਐਲਬਰਟ ਮਿਊ , ਰੀਜੈਂਟਸ ਪਾਰਕ , ਮੋਨੂਮੈਂਟ ਸਿਟੀ ਹਾਲ , ਬ੍ਰਿਟਿਸ਼ ਮਿਊਜ਼ੀਅਮ , ਨੈਚੁਰਲ ਹਿਸਟਰੀ ਮਿਊ , ਲੰਡਨ ਭੂਮੀਗਤ ਰੇਲਵੇ , ਕੈੱਲਸਿੰਗਟਨ ਪੈਲੇਸ , ਲੰਡਨ ਟਰਾਂਸਪੋਰਟ ਮਿਊਜ਼ੀਅਮ , ਬਿੰਡਸਰ ਪੈਲੇਸ ਆਦਿ। ਬਕਿੰਘਮ ਪੈਲੇਸ ਇੰਗਲੈਂਡ ਦੀ ਰਾਣੀ ਦੀ ਰਿਹਾਇਸ਼ ਸਥਲ ਹੈ। ਇਹ 1703 ਇਸਵੀ ਵਿੱਚ ਬਣਾਇਆ ਗਿਆ ਸੀ। ਇਸ ਵਿਚ 775 ਕਮਰੇ , 78 ਬਾਥਰੂਮ ਅਤੇ 92 ਦਫਤਰ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਨਿਵਾਸ 10 ਡਾਊਨਿੰਗ ਸਟਰੀਟ ਵਿਖੇ ਹੈ।

ਘੁੰਮਣ – ਫਿਰਨ ਵਾਲਿਆਂ ਲਈ ਲੰਦਨ ਵਿੱਚ ਕੋਈ ਕਮੀ ਨਹੀਂ ਹੈ। ਆਪਣੀ ਇੱਛਾ ਅਨੁਸਾਰ ਲੋਕ ਥੇਮਜ਼ ਨਦੀ ਵਿਖੇ ਕਰੂਜ਼ ਦੀ ਸਵਾਰੀ ਦਾ ਲੁਤਫ਼ ਵੀ ਉਠਾ ਸਕਦੇ ਹਨ। ਲੰਦਨ ਵਿੱਚ ਘੁੰਮਣ – ਫਿਰਨ ਲਈ ਸਾਇਕਲਾਂ ਕਿਰਾਏ ‘ਤੇ ਵੀ ਮਿਲ ਜਾਂਦੀਆਂ ਹਨ। ਉੱਚੀਆਂ – ਲੰਮੀਆਂ ਇਮਾਰਤਾਂ , ਅੱਛੀ – ਖਾਸੀ ਭੀੜ ਅਤੇ ਸਿਖਰ ਦੀ ਮਹਿੰਗਾਈ ਲੰਦਨ ਸ਼ਹਿਰ ਦੀ ਖ਼ਾਸੀਅਤ ਹੈ। ਲੰਦਨ ਵਿਚ ਆਉਣ – ਜਾਣ ਲਈ , ਘੁੰਮਣ – ਫਿਰਨ ਲਈ , ਕੁਝ ਦੇਖਣ ਲਈ , ਭਾਵ ਕਿ ਕੁਝ ਵੀ ਮਨੋਰੰਜਨ ਕਰਨ ਲਈ ਕਾਫ਼ੀ ਮੋਟੀ ਰਕਮ ਖਰਚਣੀ ਪੈਂਦੀ ਹੈ ਤਾਂ ਹੀ ਤਾਂ ਇਹ ਦੁਨੀਆ ਦਾ ਕਾਫ਼ੀ ਮਹਿੰਗਾ ਸ਼ਹਿਰ ਹੈ। ਕਥਿਤ ਤੌਰ ‘ਤੇ ਲੰਦਨ ਵਿੱਚ ਆਪਣਾ ਘਰ ਖ਼ਰੀਦਣ ਲਈ ਦੋ ਤੋਂ ਤਿੰਨ ਕਰੋੜ ਰੁਪਏ ਆਮ ਹੀ ਖ਼ਰਚ ਹੋ ਜਾਂਦੇ ਹਨ ਤੇ ਜਿਨ੍ਹਾਂ ਲੋਕਾਂ ਕੋਲ ਆਪਣਾ ਘਰ ਨਹੀਂ ਹੈ , ਉਨ੍ਹਾਂ ਦੀ ਕਮਾਈ ਦਾ ਲਗਪਗ ਪੰਜਾਹ – ਸੱਠ ਪ੍ਰਤੀਸ਼ਤ ਹਿੱਸਾ ਮਕਾਨ ਦੇ ਕਿਰਾਏ ‘ਤੇ ਹੀ ਖਰਚ ਹੋ ਜਾਂਦਾ ਹੈ। ਲੰਦਨ ਵਿੱਚ ਅਜਿਹੇ ਲੋਕ ਵੀ ਵੇਖੇ ਜਾ ਸਕਦੇ ਹਨ ਜਿਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਹੈ। ਇੱਥੇ ਜਾਗਰੂਕਤਾ ਰੈਲੀਆਂ ਆਦਿ ਸ਼ਾਂਤਮਈ ਢੰਗ ਤਰੀਕੇ ਨਾਲ ਹੀ ਕੱਢੀਆਂ ਜਾਂਦੀਆਂ ਹਨ। ਲੰਦਨ ਘੁੰਮਣ ਲਈ ਰੋਸਟਰ ਕਾਰਡ ਜਾਂ ਲੰਡਨ ਕਾਰਡ ਜਾਂ ਟ੍ਰੈਵਲ ਕਾਰਡ ਆਦਿ ਖ਼ਰੀਦ ਲੈਣਾ /ਬਣਵਾ ਲੈਣਾ ਚਾਹੀਦਾ ਹੈ।

ਬੱਚਿਓ ! ਲੰਦਨ ਸ਼ਹਿਰ ਦੀਆਂ ਹਵਾਵਾਂ ਵਿੱਚ ਇੱਥੋਂ ਦੀ ਅਮੀਰੀ ਅਤੇ ਖ਼ੁਸ਼ਹਾਲੀ ਆਮ ਹੀ ਝਲਕਦੀ ਹੈ। ਦੁਨੀਆਂ ਦੇ ਅਮੀਰ , ਆਧੁਨਿਕ ਤੇ ਪੁਰਾਤਨਤਾ ਦੇ ਸੰਗਮ ਨਾਲ ਭਰਪੂਰ ਲੰਦਨ ਸ਼ਹਿਰ ਨੂੰ ” ਕੌਸਮੋਪੌਲਿਟਨ ” ਦਾ ਦਰਜਾ ਪ੍ਰਾਪਤ ਹੈ। ਪਿਆਰੇ ਬੱਚਿਓ ! ਲੰਦਨ ਅਜਿਹਾ ਸ਼ਹਿਰ ਹੈ , ਜਿਸ ਦੇ ਦੇਸ਼ ਦੀ ਹਕੂਮਤ ਦੀ ਤੂਤੀ ਕਦੇ ਪੂਰੀ ਦੁਨੀਆਂ ਵਿੱਚ ਬੋਲਦੀ ਸੀ ਅਤੇ ਇਸ ਦੇ ਸਾਮਰਾਜ ਵਿੱਚ ਕਦੇ ਸੂਰਜ ਨਹੀਂ ਸੀ ਛਿਪਦਾ। ਆਪਣੇ ਆਪ ਵਿੱਚ ਇੰਨੀ ਮਹਾਨਤਾ ਸਮਾਈ ਬੈਠਾ ਹੈ : ਲੰਦਨ ਸ਼ਹਿਰ। ਬੱਚਿਓ ! ਲੰਦਨ ਸ਼ਹਿਰ ਦੇ ਮੈਡਮ ਤੁਸਾਦਜ਼ ਮਿਊਜ਼ੀਅਮ ਵਿੱਚ ਦੁਨੀਆਂ ਭਰ ਦੀਆਂ ਮਸ਼ਹੂਰ ਸ਼ਖ਼ਸੀਅਤਾਂ ਅਤੇ ਹਸਤੀਆਂ ਦੇ ਮੋਮ ਦੇ ਬੁੱਤ ਬਣੇ ਹੋਏ ਹਨ , ਜੋ ਕਿ ਬਹੁਤ ਹੀ ਆਕਰਸ਼ਕ ਹਨ। ਲੰਦਨ ਸ਼ਹਿਰ ਵਿੱਚ ਆਵਾਜਾਈ ਲਈ ਮੈਟਰੋ , ਹੋਪ ਆੱਨ – ਹੋਪ ਆੱਫ ਬੱਸਾਂ , ਡਬਲ ਡੈਕਰ ਬੱਸਾਂ ਤੇ ਬਲੈਕ ਕੈਬ ਮੌਜੂਦ ਹਨ। ਪਿਆਰੇ ਬੱਚਿਓ ! ਲੰਦਨ ਸੰਸਾਰ ਦਾ ਮਹਾਨਤਮ ਨਗਰ ਹੈ। ਇੱਥੇ ਆ ਕੇ ਵਿਅਕਤੀ ਦੁਨੀਆਂ ਦੇ ਹਰ ਰੰਗ ਤੋਂ ਵਾਕਿਫ਼ ਹੋ ਜਾਂਦਾ ਹੈ। ਇਹ ਸ਼ਹਿਰ ਆਧੁਨਿਕ ਅਤੇ ਪੁਰਾਤਨ ਸੰਸਕ੍ਰਿਤੀ ਅਤੇ ਦਿੱਖ ਦਾ ਸੁਮੇਲ ਹੈ। ਅੱਜ ਵੀ ਇਸ ਸ਼ਹਿਰ ਦਾ ਪ੍ਰਭਾਵ , ਰੁਤਬਾ ਤੇ ਗੌਰਵ ਪਹਿਲਾਂ ਵਾਂਗ ਹੀ ਬਰਕਰਾਰ ਹੈ। ਹੀਥਰੋ ਹਵਾਈ ਅੱਡਾ ਇੱਥੋਂ ਦਾ ਮਸ਼ਹੂਰ ਹਵਾਈ ਅੱਡਾ ਹੈ। ਬੱਚਿਓ !

ਲੰਦਨ ਸ਼ਹਿਰ ਦਾ ਸਮਾਂ ਭਾਰਤੀ ਸਮੇਂ ਤੋਂ ਲਗਭਗ ਸਾਢੇ ਪੰਜ ਘੰਟੇ ਪਿੱਛੇ ਹੈ। ਰਾਤ ਦੇ ਦਸ ਵਜੇ ਤੱਕ ਵਿਹੜੇ ਵਿੱਚ ਬੈਠ ਕੇ ਆਸਾਨੀ ਨਾਲ ਅਖਬਾਰ ਪੜ੍ਹੀ ਜਾ ਸਕਦੀ ਹੈ। ਇੱਥੋਂ ਦੇ ਘਰਾਂ ਦੀ ਬਣਤਰ ਅਤੇ ਦਿੱਖ ਬਾਹਰੀ ਤੌਰ ‘ਤੇ ਇੱਕੋ ਜਿਹੀ ਹੀ ਹੁੰਦੀ ਹੈ। ਹਾਂ ! ਅੰਦਰੂਨੀ ਤੌਰ ‘ਤੇ ਥੋੜ੍ਹਾ ਕੁਝ ਕੁ ਬਦਲਾਅ ਕੀਤਾ ਜਾ ਸਕਦਾ ਹੈ , ਪਰ ਬਾਹਰੀ ਤੌਰ ‘ਤੇ ਨਹੀਂ। ਬੱਚਿਓ ! ਲੰਦਨ ਦੀ ਕਰੰਸੀ ਦਾ ਨਾਂ ਬ੍ਰਿਟੇਨ ਪਾਊਂਡ /ਪੌਂਡ ਹੈ। ਦੁਨੀਆਂ ਭਰ ਦੇ ਵਧੇਰੇ ਸੈਲਾਨੀ ਇਸ ਖੂਬਸੂਰਤ ਸ਼ਹਿਰ ਦਾ ਲੁਤਫ ਉਠਾਉਣ ਆਉਂਦੇ ਹਨ। ਇੱਥੇ ਟ੍ਰੈਫਿਕ ਦੀ ਸਮੱਸਿਆ ਕਾਫੀ ਹੈ। ਲੰਦਨ ਦਾ ਮੌਸਮ ਜ਼ਿਆਦਾਤਰ ਠੰਢਾ ਹੁੰਦਾ ਹੈ। ਆਮ ਤੌਰ ‘ਤੇ ਵਰਖਾ ਆ ਜਾਣ ਦਾ ਡਰ ਰਹਿੰਦਾ ਹੈ। ਈ – ਰਿਕਸ਼ਾ ਇੱਥੇ ਵੀ ਦੇਖਣ ਨੂੰ ਮਿਲ ਜਾਂਦੇ ਹਨ। ਬੱਚਿਓ ! ਲੰਦਨ ਸ਼ਹਿਰ ਦੀ ਖ਼ਾਸੀਅਤ ਇਹ ਵੀ ਹੈ ਕਿ ਇੱਥੇ ਦੁਨੀਆਂ ਭਰ ਦੇ ਹਰੇਕ ਕੋਨੇ , ਹਰੇਕ ਦੇਸ਼ ਦਾ ਖਾਣਾ ਵੀ ਪ੍ਰਾਪਤ ਹੋ ਜਾਂਦਾ ਹੈ ; ਬਸ਼ਰਤੇ ਕਿ ਸਾਡੇ ਕੋਲ ਖਰਚਣ ਲਈ ਮੋਟੀ ਰਕਮ ਹੋਵੇ। ਦੁਨੀਆਂ ਭਰ ਦੇ ਬਹੁਤੇਰੇ ਅਰਬਪਤੀ ਲੋਕ ਇਸ ਧਨੀ ਸ਼ਹਿਰ ਵਿਚ ਨਿਵਾਸ ਕਰਦੇ ਹਨ। ਇਸ ਸ਼ਹਿਰ ਨੂੰ ਦੁਨੀਆਂ ਦਾ ” ਫਾਈਨੈਂਸ – ਸੈਂਟਰ” ਵੀ ਕਿਹਾ ਜਾਂਦਾ ਹੈ। ਬੱਚਿਓ ! ਵਿਸ਼ਵ ਦੀ ਸਭ ਤੋਂ ਪੁਰਾਣੀ ਪਹਿਲੀ ਭੂਮੀਗਤ ਰੇਲਵੇ ਦਾ ਨਿਰਮਾਣ 1863 ਈਸਵੀ ਵਿੱਚ ਲੰਦਨ ਸ਼ਹਿਰ ਵਿੱਚ ਹੀ ਹੋਇਆ ਸੀ , ਜਿਸ ਵਿੱਚ ਲਗਭਗ ਤੀਹ ਹਜ਼ਾਰ ਲੋਕ ਪ੍ਰਤੀ ਦਿਨ ਸਫ਼ਰ ਕਰਦੇ ਹੁੰਦੇ ਸਨ। ਬੱਚਿਓ ! ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ 1985 ਈਸਵੀ ਵਿਚ ਕੋਲਕਾਤਾ ਵਿਖੇ ਭੂਮੀਗਤ ਰੇਲਵੇ ਦੀ ਸ਼ੁਰੂਆਤ ਹੋਈ। ਖੇਡਾਂ ਦੇ ਖੇਤਰ ਵਿੱਚ ਵੀ ਲੰਦਨ ਨੇ ਕਾਫੀ ਮੱਲਾਂ ਮਾਰੀਆਂ ਹਨ। ਦੁਨੀਆ ਦੀਆਂ ਮਸ਼ਹੂਰ ਓਲੰਪਿਕ ਖੇਡਾਂ ਤਿੰਨ ਵਾਰ ਲੰਦਨ ਸ਼ਹਿਰ ਵਿੱਚ ਹੋ ਚੁੱਕੀਆਂ ਹਨ।

ਲੰਦਨ ਸ਼ਹਿਰ ਵਿੱਚ ਟੈਲੀਵਿਜ਼ਨ ‘ਤੇ ਇੱਕ ਘੰਟੇ ਵਿਚ ਵੱਧ ਤੋਂ ਵੱਧ ਬਾਰਾਂ ਮਿੰਟ ਤੱਕ ਐਡ /ਮਸ਼ਹੂਰੀ ਦਿੱਤੀ ਜਾ ਸਕਦੀ ਹੈ। ਬੱਚਿਓ ! ਲੰਦਨ ਸ਼ਹਿਰ ਦੀ ਆਬਾਦੀ ਲਗਪਗ ਛੇ ਕਰੋੜ ਹੈ। ਇਹ ਵੀ ਹੈਰਾਨੀ ਦੀ ਗੱਲ ਹੈ ਕਿ ਇੱਥੋਂ ਦੇ ਲੋਕ ਚਾਹ ਪੀਣ ਦੇ ਬਹੁਤ ਹੀ ਜ਼ਿਆਦਾ ਸ਼ੌਕੀਨ ਹਨ। ਬੱਚਿਓ ! ਲੰਦਨ ਬਰਤਾਨੀਆ ਅਤੇ ਯੂਰਪ ਦੀ ਪੱਤਰਕਾਰੀ ਦਾ ਧੁਰਾ ਰਿਹਾ ਹੈ। ਲੰਦਨ ਦੁਨੀਆਂ ਦੀਆਂ ਵੱਡੀਆਂ ਅਖ਼ਬਾਰਾਂ ਦਾ ਘਰ ਵੀ ਹੈ। ਇਹ ਸ਼ਹਿਰ ਲੇਖਕਾਂ , ਪੱਤਰਕਾਰਾਂ , ਅਖਬਾਰਾਂ , ਰਸਾਲਿਆਂ ਆਦਿ ਲਈ ਵੀ ਬਹੁਤ ਮਸ਼ਹੂਰ ਹੈ। ਲੰਦਨ ਦੀ ਪਹਿਲੀ ਅਖ਼ਬਾਰ ” ਦਿ ਔਕਸਫੋਰਡ ਗਜ਼ਟ” 1665 ਇਸਵੀ ਵਿੱਚ ਛਪੀ ਸੀ। ਪਿਆਰੇ ਬੱਚਿਓ ! ਲੰਦਨ ਸ਼ਹਿਰ ਅੱਜ ਵੀ ਪਹਿਲਾਂ ਦੇ ਵਾਂਗ ਹੀ ਆਪਣੀ ਕਲਾ , ਫੈਸ਼ਨ , ਖੋਜ , ਯਾਤਰਾ , ਯਾਤਰਾ ਸਥਲ , ਮੀਡੀਆ , ਸਿਹਤ ਸਹੂਲਤਾਂ , ਕਾਮਰਸ , ਮਨੋਰੰਜਨ , ਪ੍ਰੋਫੈਸ਼ਨਲ ਸਰਵਿਸ , ਸੰਗ੍ਰਹਿਆਂ , ਗੈਲਰੀਆਂ , ਖੇਡ ਸਮਾਗਮਾਂ , ਸੱਭਿਆਚਾਰਕ ਸੰਸਥਾਵਾਂ ਆਦਿ ਲਈ ਵਿਸ਼ਵ ਵਿੱਚ ਪ੍ਰਸਿੱਧ ਹੈ ਅਤੇ ਅੱਜ ਵੀ ਆਪਣੀ ਸੰਸਕ੍ਰਿਤੀ , ਸੁਚੱਜਤਾ , ਵਿਗਿਆਨਕ ਤਰੱਕੀ , ਪ੍ਰਸਿੱਧ ਸਿੱਖਿਆ ਸੰਸਥਾਵਾਂ , ਤਕਨੀਕ , ਉਸਾਰੂ ਤੇ ਸੁਚਾਰੂ ਢਾਂਚੇ ,ਇਤਿਹਾਸਿਕਤਾ , ਵਪਾਰਿਕਤਾ , ਉਪਕ੍ਰਮਾਂ , ਅਪਣੱਤ , ਤਰੱਕੀ , ਖ਼ੁਸ਼ਹਾਲੀ ਤੇ ਮਨਮੋਹਕਤਾ ਲਈ ਹਰ ਬੱਚੇ , ਬਜ਼ੁਰਗ , ਨੌਜਵਾਨ , ਇਸਤਰੀ , ਵਿਦਿਆਰਥੀ ਤੇ ਸੈਲਾਨੀ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਲੰਦਨ ਸ਼ਹਿਰ ਨੂੰ ਇਸੇ ਕਰਕੇ ” ਕੌਸਮੋਪੌਲਿਟਨ ” ਦਾ ਦਰਜਾ ਪ੍ਰਾਪਤ ਹੈ।

ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: