ਅਨੁਸ਼ਾਸਨਹੀਣਤਾ ਦੇ ਦੋਸ਼ੀ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਹਟਾਉਣ ਅਤੇ ਬਰਖ਼ਾਸਤ ਕਰਨ ਦੀ ਮੰਗ ਕਰਨ ਤੋਂ ਨਹੀਂ ਹਿਚਕਚਾਵਾਂਗਾ: ਅਮਰਿੰਦਰ

ss1

ਅਨੁਸ਼ਾਸਨਹੀਣਤਾ ਦੇ ਦੋਸ਼ੀ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਹਟਾਉਣ ਅਤੇ ਬਰਖ਼ਾਸਤ ਕਰਨ ਦੀ ਮੰਗ ਕਰਨ ਤੋਂ ਨਹੀਂ ਹਿਚਕਚਾਵਾਂਗਾ: ਅਮਰਿੰਦਰ
ਖਾਨਾ-ਜੰਗੀ ‘ਚ ਉਲਝੇ ਆਲ੍ਹਾ ਪੁਲਿਸ ਅਫ਼ਸਰਾਂ ਨੂੰ ਕੈਪਟਨ ਦੀ ਧਮਕੀ, ਬੰਦੇ ਬਣ ਕੇ ਕੰਮ ਕਰੋ, ਨਹੀਂ ਤਾਂ ਨੌਕਰੀ ਤੋਂ ਹੋਵੇਗੀ ਛੁੱਟੀ
ਸਮੱਸਿਆਵਾਂ ਦੇ ਹੱਲ ਲਈ ਅਦਾਲਤਾਂ ਜਾਂ ਮੀਡੀਆ ਵਿਚ ਜਾਣ ਵਿਰੁੱਧ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਅਦਾਲਤਾਂ ਅਤੇ ਮੀਡੀਆ ਵਿਚ ਆਪਣੀ ਚੱਲ ਰਹੀ ਨਿੱਜੀ ਅਤੇ ਪੇਸ਼ੇਵਰ ਲੜਾਈ ਨੂੰ ਤੁਰੰਤ ਖਤਮ ਕਰਨ ਦੇ ਹੁਕਮ ਦਿੱਤੇ ਹਨ | ਉਨ੍ਹਾਂ ਨੇ ਪੰਜਾਬ ਪੁਲਿਸ ਦਾ ਨਾਂ ਬਦਨਾਮ ਕਰਨ ਅਤੇ ਗੰਭੀਰ ਅਨੁਸ਼ਾਸਨਹੀਨਤਾ ਵਿਚ ਰੁੱਝੇ ਰਹਿਣ ਵਾਲੇ ਕਿਸੇ ਵੀ ਅਧਿਕਾਰੀ ਨੂੰ ਹਟਾਉਣ ਦੀ ਧਮਕੀ ਦਿੱਤੀ ਹੈ |

                ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਜਾਰੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਜ਼ਰੁਰਤ ਪਈ ਤਾਂ ਉਹ ਪੁਲਿਸ ਫੋਰਸ ਵਿਚ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਅਧਿਕਾਰੀ ਨੂੰ ਬਰਖ਼ਾਸਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਤੱਕ ਵੀ ਪਹੁੰਚ ਕਰਨਗੇ |

                ਪੰਜਾਬ ਮੰਤਰੀ ਮੰਡਲ ਵਿਚ ਗ੍ਰਹਿ ਮੰਤਰਾਲੇ ਦੇ ਇੰਚਾਰਜ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਅੱਜ ਦੁਪਹਿਰ ਇੱਕ ਬੰਦ ਕਮਰਾ ਮੀਟਿੰਗ ਸੱਦੀ |

                ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਹਾਲ ਹੀ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਣ ‘ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਇਸ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਸਵੀਕਾਰ ਨਹੀਂ ਕਰਨਗੇ | ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਨਾ ਹੀ ਮੀਡੀਆ ਅਤੇ ਨਾ ਹੀ ਅਦਾਲਤਾਂ ਮੱਤਭੇਦ ਹੱਲ ਕਰਨ ਦਾ ਢੁੱਕਵਾਂ ਮੰਚ ਹਨ ਅਤੇ ਇਨ੍ਹਾਂ ਨੂੰ ਅੰਦਰੂਨੀ ਰੂਪ ਵਿਚ ਹੀ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ |

                ਕੁੱਝ ਅਧਿਕਾਰੀਆਂ ਵੱਲੋਂ ਪੰਜਾਬ ਪੁਲਿਸ ਦੀ ਸ਼ਾਨੀ-ਮੱਤੀ ਵਿਰਾਸਤ ਨੂੰ ਢਾਹ ਲਾਉਣ ‘ਤੇ ਗੁੱਸੇ ਅਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਸੇ ਦਾ ਵੀ ਨਾਂ ਲਏ ਬਗੈਰ ਕਿਹਾ ਕਿ ਪੇਸ਼ੇਵਰ ਸਮੱਸਿਆਵਾਂ ਨਾਲ ਨਿਪਟਣ ਦੇ ਵੱਖ-ਵੱਖ ਚੈਨਲ ਤੇ ਢੰਗ ਤਰੀਕੇ ਹਨ | ਉਨ੍ਹਾਂ ਕਿਹਾ ਕਿ ਪੇਸ਼ੇਵਰ ਮਾਮਲਿਆਂ ਨੂੰ ਅਦਾਲਤ ਵਿਚ ਲੈ ਕੇ ਜਾਣਾ ਪ੍ਰਵਾਨ ਕਰਨ ਯੋਗ ਨਹੀਂ ਹੈ | ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਗੱਲਾਂ ਨੂੰ ” ਇਸੇ ਸਮੇਂ ਤੋਂ ਹੀ ਬੰਦ ਕਰ ਦਿਓ” |

                ਮੁੱਖ ਮੰਤਰੀ ਨੇ ਕਿਹਾ ਕਿ ਪੇਸ਼ੇਵਰ ਮੁੱਦਿਆਂ ਦੇ ਸਥਾਪਤ ਨਿਯਮਾਂ ਅਤੇ ਚੈਨਲਾਂ ਰਾਹੀਂ ਹੱਲ ਲਈ ਸਿੱਧੇ ਤੌਰ ਤੇ ਉਨ੍ਹਾਂ ਕੋਲ ਪਹੁੰਚ ਕਰਨ ਵਾਲੇ ਕਿਸੇ ਵੀ ਅਧਿਕਾਰੀ ਦਾ ਸਵਾਗਤ ਹੈ | ਉਨ੍ਹਾਂ ਕਿਹਾ ਕਿ ਦਰਪੇਸ਼ ਪੇਸ਼ੇਵਰ ਮੁੱਦੇ ਬਾਰੇ ਕੋਈ ਵੀ ਸੀਨੀਅਰ ਅਧਿਕਾਰੀ ਸਭ ਤੋਂ ਪਹਿਲਾਂ ਸੂਬੇ ਦੇ ਡੀ.ਜੀ.ਪੀ., ਉਸ ਤੋਂ ਬਾਅਦ ਗ੍ਰਹਿ ਸਕੱਤਰ ਅਤੇ ਮੁੱਖ ਸਕੱਤਰ ਕੋਲ ਪਹੁੰਚ ਸਕਦਾ ਹੈ | ਜੇ ਫਿਰ ਵੀ ਉਹ ਸੰਤੁਸ਼ਟ ਨਹੀਂ ਹੁੰਦਾ ਤਾਂ ਉਹ ਉਨ੍ਹਾਂ ਕੋਲ ਆ ਸਕਦਾ ਹੈ |

                ਮੁੱਖ ਮੰਤਰੀ ਨੇ ਸਪਸ਼ਟ ਕੀਤਾ ਕਿ ਪੁਲਿਸ ਫੋਰਸ ਦੇ ਕਿਸੇ ਵੀ ਅਧਿਕਾਰੀ ਨੂੰ ਪੁਲਿਸ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਦੀ ਲੀਡਰਸ਼ਿਪ ਪ੍ਰਵਾਨ ਕਰਨੀ ਲੋੜੀਂਦੀ ਹੈ ਜਿਨ੍ਹਾਂ ਨੂੰ ਉਨ੍ਹਾਂ ਨੇ ਉੱਚ ਦਰਜੇ ਦਾ ਪੇਸ਼ੇਵਰ ਅਧਿਕਾਰੀ ਦੱਸਿਆ | ਕੇਂਦਰੀ ਮੰਤਰੀ ਸ਼੍ਰੀ ਅਰੋੜਾ ਨੂੰ ਕੇਂਦਰ ਵਿਚ ਲਿਜਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਸ਼੍ਰੀ ਅਰੋੜਾ ਦੀ ਮੁਹਾਰਤ ਅਤੇ ਪੇਸ਼ੇਵਰ ਯੋਗਤਾ ਦੇ ਮੱਦੇ-ਨਜ਼ਰ ਉਨ੍ਹਾਂ ਨੂੰ ਸੂਬੇ ਵਿਚ ਰੱਖਣ ਦੀ ਬੇਨਤੀ ਕੀਤੀ ਸੀ |

                ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪੰਜਾਬ ਪੁਲਿਸ ਵਿਚ ਅਜਿਹੀਆਂ ਗੱਲਾਂ ਹੁੰਦੀਆਂ ਨਹੀਂ ਦੇਖੀਆਂ ਜਿਸ ਨੇ ਸੂਬੇ ਨੂੰ ਅੱਤਵਾਦ, ਸਮੂਹਿਕ ਹੱਤਿਆਵਾਂ, ਮਿੱਥ ਕੇ ਹੱਤਿਆ ਕਰਨ, ਧਾਰਮਿਕ ਬੁਨਿਆਦਪਰਸਤੀ, ਕਿਸਾਨ ਬੇਚੈਨੀ ਆਦਿ ਸਣੇ ਬਹੁਤ ਸਾਰੇ ਮੁਸ਼ਕਲਾਂ ਭਰੇ ਸਮਿਆਂ ਵਿਚੋਂ ਬਾਹਰ ਕੱਢਿਆ |

                ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਸਾਬਕਾ ਫੌਜੀ ਵੱਜੋਂ ਦੇਖਿਆ ਹੈ ਕਿ ਨੇੜੇ ਦੇ ਝਗੜਿਆਂ ਦੌਰਾਨ ਵੀ ਕਿਸ ਤਰ੍ਹਾਂ ਫੋਰਸਾਂ ਵਿਚ ਅਨੁਸ਼ਾਸਨ ਕਾਇਮ ਰੱਖਿਆ ਜਾਂਦਾ ਹੈ | ਉਨ੍ਹਾਂ ਨੂੰ ਪਿਛਲੇ 48 ਘੰਟਿਆਂ ਖਾਸਕਰ ਜਦੋਂ ਤੋਂ ਇਹ ਮੁੱਦਾ ਸਾਹਮਣੇ ਆਇਆ ਹੈ ਬਹੁਤ ਜਿਆਦਾ ਬੁਰਾ ਮਹਿਸੂਸ ਹੋਇਆ ਹੈ | ਜੋ ਵੀ ਅੱਜ ਵਾਪਰਿਆ ਹੈ ਉਹ ਸਿਰਫ਼ ਬਹੁਤ ਜ਼ਿਆਦਾ ਘਟੀਆ ਹੀ ਨਹੀਂ ਹੈ ਸਗੋਂ ਪੰਜਾਬ ਦੇ ਹਿੱਤਾਂ ਲਈ ਵੀ ਘਾਤਕ ਹੈ |

                ਮੁੱਖ ਮੰਤਰੀ ਨੇ ਕਿਹਾ ਕਿ ਵਰਦੀਧਾਰੀ ਫੋਰਸਾਂ ਦੀਆਂ ਰਿਵਾਇਤਾਂ ਨੂੰ ਬਣਾਈ ਰੱਖਣਾ ਬਹੁਤ ਜ਼ਿਆਦਾ ਮਹੱਤਵਪੂਰਨ ਹੈ | ਵਰਤਮਾਨ ਸਮੇਂ ਦੌਰਾਨ ਇਹ ਵਿਸ਼ੇਸ਼ ਤੌਰ ਤੇ ਜ਼ਰੂਰੀ ਹੈ ਕਿਉਂਕਿ ਗੁਆਂਢੀ ਦੇਸ਼ਾਂ ਤੋਂ ਸਾਡੇ ਵਿਰੋਧੀ ਸ਼ਕਤੀਆਂ ਸਿਰ ਉਠਾ ਰਹੀਆਂ ਹਨ |

                ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਸੂਬੇ, ਦੇਸ਼ ਅਤੇ ਫੋਰਸ ਦੀ ਖਾਤਰ ਗੰਭੀਰ ਸਵੈ-ਪੜਚੌਲ ਕਰਨ ਦਾ ਸੱਦਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਜੇ ਵੀ ਬਹੁਤ ਸਾਰੀਆਂ ਅਜਿਹੀਆਂ ਚੁਣੌਤੀਆਂ ਹਨ ਜਿਨ੍ਹਾਂ ਨਾਲ ਨਿਪਟਨ ਦੀ ਜ਼ਰੂਰਤ ਹੈ | ਇਸ ਕਰਕੇ ਪੰਜਾਬ ਪੁਲਿਸ ਇਸ ਤਰ੍ਹਾਂ ਦੇ ਅੰਦਰੂਨੀ ਵਿਰੋਧ ਨੂੰ ਸਹਿਣ ਨਹੀਂ ਕਰ ਸਕਦੀ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਸ਼ਾਂਤੀ ਅਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਕਾਨੰੂਨ ਵਿਵਸਥਾ ਬਣਾਈ ਰੱਖਣ ਵਾਸਤੇ ਪੂਰੀ ਤਰ੍ਹਾਂ ਦਿ੍ੜ ਹੈ | ਉਨ੍ਹਾਂ ਕਿਹਾ ਕਿ ਨਸ਼ਾ ਮਾਫੀਆ ਲਗਾਤਾਰ ਢਾਹ ਲਾ ਰਿਹਾ ਹੈ ਅਤੇ ਸ਼ਾਂਤੀ ਅਤੇ ਸਦਭਾਵਨਾ ਦੇ ਮੱਦੇਨਜ਼ਰ ਹਾਲ ਹੀ ਦੇ ਦਿਨਾਂ ਵਿਚ ਵਾਪਰੀ ਇਸ ਘਟਨਾ ਨੇ ਪੁਲਿਸ ਫੋਰਸ ਦੇ ਵਿਕਾਰ ਨੂੰ ਢਾਹ  ਲਾਈ ਹੈ |

                ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅਧਿਕਾਰੀਆਂ ਨੂੰ ਅਜਿਹੀਆਂ ਕਾਰਵਾਈਆਂ ਵਿਚ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਜੋ ਪੁਲਿਸ ਮੁਲਾਜ਼ਮਾਂ ਦੇ ਮਨੋਬਲ ਅਤੇ ਉਨ੍ਹਾਂ ਦੇ ਵਕਾਰ ਨੂੰ ਢਾਹ ਲਾਉਂਦੀਆਂ ਹੋਣ |

                ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਕਿਹਾ ਕਿ ਸਮੁੱਚੇ ਘਟਨਾਕ੍ਰਮ ਨੇ ਉਨ੍ਹਾਂ ਨੂੰ ਔਖੀ ਸਥਿਤੀ ਵਿਚ ਪਾਇਆ ਹੈ | ਪਰ ਉਨ੍ਹਾਂ ਨੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਕੀਮਤ ਤੇ ਉਨ੍ਹਾਂ ਨੂੰ ਥੱਲੇ ਨਹੀਂ ਲੱਗਣ ਦੇਣਗੇ ਅਤੇ ਉਹ ਫੋਰਸ ਦੇ ਪੇਸ਼ੇਵਰ ਮਾਪਦੰਡਾਂ ਵਿਚ ਵਾਧਾ ਕਰਨ ਲਈ ਲਗਾਤਾਰ ਕਾਰਜ ਕਰਦੇ ਰਹਿਣਗੇ |

ਗ੍ਰਹਿ ਸਕੱਤਰ ਐਨ.ਐਸ. ਕਲਸੀ ਨੇ ਵੀ ਇਨ੍ਹਾਂ ਘਟਨਾਵਾਂ ‘ਤੇ ਗੁੱਸੇ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਨੇ ਅਧਿਕਾਰੀਆਂ ਨੂੰ ਸੂਬੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਕਾਰਜ ਵਿਚ ਮਗਨ ਰਹਿਣ ਲਈ ਆਖਿਆ |

                ਮੀਟਿੰਗ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਸੁਮੇਧ ਸਿੰਘ ਸੈਣੀ ਤੋਂ ਇਲਾਵਾ ਪੰਜਾਬ ਪੁਲਿਸ ਦੇ ਸਾਰੇ ਡੀ.ਜੀ.ਪੀ. ਅਤੇ 17 ਏ.ਡੀ.ਜੀ.ਪੀ. ਹਾਜ਼ਰ ਸਨ|

Share Button

Leave a Reply

Your email address will not be published. Required fields are marked *