Sun. Aug 18th, 2019

ਅਧਿਆਪਕ ਬਦਲੀਆਂ ਨਵੇਂ ਸਿੱਖਿਆ ਮੰਤਰੀ ਲਈ ਪਹਿਲੀ ਚੁਣੌਤੀ

ਅਧਿਆਪਕ ਬਦਲੀਆਂ ਨਵੇਂ ਸਿੱਖਿਆ ਮੰਤਰੀ ਲਈ ਪਹਿਲੀ ਚੁਣੌਤੀ

ਪਿਛਲੇ ਸਾਲ ਸਿੱਖਿਆ ਵਿਭਾਗ ਵਲੋਂ ਬਦਲੀਆਂ ਦੀ ਨੀਤੀ ਨੂੰ ਦਰਕਿਨਾਰ ਕਰਦੇ ਹੋਏ ਸਾਰਾ ਸਾਲ ਚੁੱਪ ਚੁਪੀਤੇ ਬਦਲੀਆਂ ਕਰਨ ਦਾ ਦੌਰ ਚਲਦਾ ਰਿਹਾ ।ਆਮ ਅਧਿਆਪਕਾਂ ਲਈ ਇਹ ਬਦਲੀ ਪ੍ਰਕ੍ਰਿਆ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੀ ਰਹੀ ।ਇਹ ਸਾਰਾ ਕੁਝ ਅੰਦਰੋਗਤੀ ਹੀ ਹੁੰਦਾ ਰਿਹਾ।ਚਲੋ ਕੁਝ ਲੋੜਵੰਦ ਅਧਿਆਪਕਾਂ ਦੇ ਸੁਪਨੇ ਜਿਵੇਂ ਮਰਜ਼ੀ ਪੂਰੇ ਤਾਂ ਹੋਏ ਪਰ ਹੋ ਸਕਦਾ ਬਹੁਤੇ ਲੋੜਵੰਦਾਂ ਦੇ ਸੁਪਨੇ ਅਧੂਰੇ ਰਹਿ ਗਏ ਹੋਣ।ਆਮ ਤੌਰ ਤੇ ਵਿਭਾਗ ਵਲੋਂ ਨਵੇਂ ਅਧਿਆਪਕਾਂ ਨੂੰ ਅਕਸਰ ਉਨ੍ਹਾਂ ਦੀ ਰਿਹਾਇਸ਼ ਤੋਂ ਦੂਰ ਸਟੇਸ਼ਨ ਅਲਾਟ ਕੀਤੇ ਜਾਂਦੇ ਹਨ ਭਾਵੇਂ ਕਈ ਕਿਸਮ ਦੇ ਤਰਕ ਜਿਵੇਂ ਬਾਰਡਰ ਏਰੀਆ,ਪੱਛੜੇ ਏਰੀਆ ਦੀ ਗੱਲ ਕਰਕੇ ਆਪਣੇ ਫੈਸ਼ਲੇ ਨੂੰ ਦਰੁਸ਼ਤ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਸ ਦਾ ਭਾਂਡਾ ਫ’ਟਦਾ ਛੇਤੀ ਹੀ ਨਜ਼ਰ ਆ ਜਾਂਦਾ ਹੈ।ਸਿੱਖਿਆ ਵਿਭਾਗ ਵਿੱਚ ਪਿਛਲੀ ਸਰਕਾਰ ਨੇ ਜਾਂਦੇ ਜਾਂਦੇ ਅਧਿਆਪਕਾਂ ਦੀ ਭਰਤੀ ਪਹਿਲਾਂ ਤਾਂ ਦੂਰ ਜਿਲ੍ਹਿਆਂ ਵਿੱਚ ਕਰ ਦਿੱਤੀ ਤੇ ਵੋਟਾਂ ਤੋਂ ਪਹਿਲਾਂ ਥੋਕ ‘ਚ ਉਨ੍ਹਾਂ ਅਧਿਆਪਕਾਂ ਦੀਆਂ ਬਦਲੀਆਂ ਪੜ੍ਹਾਈ ਦੇ ਦਿਨਾਂ ਵਿੱਚ ਹੀ ਕਰ ਦਿੱਤੀਆਂ।ਕੀ ਇਹ ਨੀਤੀ ਸਿੱਖਿਆ ਸੁਧਾਰ ਦੀ ਗੱਲ ਕਰਦੀ ਦਿਖਾਈ ਦਿੰਦੀ ਹੈ।ਬਦਲੀ ਕਾਰਣ ਕੋਈ ਸਕੂਲ਼ ਖਾਲੀ ਹੁੰਦਾ ਹੋਵੇ,ਕੋਈ ਸਰਪਲੱਸ ਹੋਵੇ ਇਸ ਦਾ ਸਰਕਾਰ ਤੇ ਕੋਈ ਅਸਰ ਹੀ ਨਹੀਂ। ਹਰੇਕ ਸਾਲ ਸਰਕਾਰ / ਸਿੱਖਿਆ ਮੰਤਰੀ ਬਦਲੀਆਂ ਨਵਾਂ ਸ਼ੈਸ਼ਨ ਸੁਰੂ ਹੋਣ ਤੋਂ ਪਹਿਲਾਂ ਕਰਨ ਦੀ ਗੱਲ ਕਰਦੇ ਰਹੇ ਹਨ ਪਰ ਇੰਝ ਕਦੇ ਹੋਇਆ ਨਹੀਂ।ਨਵੀਂ ਬਣੀ ਸਰਕਾਰ ਵਲੋਂ ਵੀ ਪਹਿਲੇ ਸਾਲ ਬਦਲੀਆਂ ਸਾਲ ਦੇ ਅਖੀਰ ਵਿੱਚ ਧੜਾ ਧੜ ਕਰ ਦਿੱਤੀਆਂ ਗਈਆਂ,ਬੱਚਿਆਂ ਦੀ ਪੜ੍ਹਾਈ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ।
ਇਹ ਵਿਸ਼ਾ ਅਧਿਆਪਕਾਂ ਵਿੱਚ ਚਰਚਾ ਦਾ ਰਿਹਾ ਅਤੇ ਅਧਿਆਪਕ ਯੂਨੀਅਨਾਂ ਨੇ ਇਸ ਦਾ ਵਿਰੋਧ ਵੀ ਕੀਤਾ। ਮੰਤਰੀ ਦੇ ਇਹੋ ਜਿਹੇ ਸਿੱਖਿਆ ਵਿਰੋਧੀ ਫੈਸ਼ਲਿਆਂ ਕਾਰਣ ਉਸ ਦਾ ਮਹਿਕਮਾ ਬਦਲਣਾ ਪਿਆ ਅਤੇ ਨਵੇਂ ਸਿੱਖਿਆ ਮੰਤਰੀ ਨੇ ਵੀ ਬਦਲੀਆਂ ਬਿਨ੍ਹਾਂ ਕਿਸੇ ਪਾਲਿਸੀ ਦੇ ਕਰਨੀਆਂ ਜਾਰੀ ਰੱਖੀਆਂ ਅਤੇ ਨਵੇਂ ਫੈਸ਼ਲੇ ਮੁਤਾਬਕ ਵਿਧਾਇਕਾਂ ਦੁਆਰਾ ਅਰਜ਼ੀਆਂ ਲੈ ਕੇ ਬਦਲੀਆਂ ਲੋਕ ਹਿੱਤ/ਪ੍ਰਬੰਧਕੀ ਹਿੱਤਾਂ ਕਰਕੇ ਕਰਨ ਦਾ ਨਵਾਂ ਰੁਝਾਣ ਪੈਦਾ ਕਰ ਦਿੱਤਾ ।ਕੀ ਇੱਕੋ ਵਿਸ਼ੇ ਦੀ ਪੋਸਟ ਤੇ ਕੰਮ ਕਰਨ ਵਾਲੇ ਅਧਿਆਪਕ ਦੀ ਬਦਲੀ ਕਰਨ ਨਾਲ ਉਸ ਵਿਸ਼ੇ ਦੀ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਹੀਂ ਹੋਵੇਗੀ ? ਕੀ ਪੋਸਟ ਸਮੇਤ ਬਦਲੀ ਕਰਨੀ ਸੱਚ ਮੁੱਚ ਸਿੱਖਿਆ ਸੁਧਾਰਾਂ ਦੀ ਗੱਲ ਕਰਦੀ ਹੈ ? ਕੀ ਕਿਸੇ ਖਾਸ ਵਿਸ਼ੇ ਦੀ ਇੱਕੋ ਪੋਸਟ ਨੂੰ ਦੂਸਰੀ ਥਾਂ ਸਿਫਟ ਕਰਨਾ ਬੱਚਿਆਂ ਦੀ ਭਲਾਈ ਲਈ ਕੀਤਾ ਜਾਂਦਾ ਹੈ ? ਕੀ ਇਹ ਲੋਕ ਹਿੱਤ ਜਾਂ ਪ੍ਰਬੰਧਕੀ ਹਿੱਤ ਹੋ ਸਕਦਾ ਹੈ। ਇਨ੍ਹਾਂ ਬਦਲੀਆਂਵਿੱਚ ਇਸ ਤਰ੍ਹਾਂ ਵੀ ਹੁੰਦਾ ਆਇਆ ਹੈ।ਨਵ ਵਿਵਾਹਤ ,ਕੁਆਰੀਆਂ,ਅਪੰਗ,ਵਿਧਵਾ, ਅਧਿਆਪਕਾਵਾਂ ਅਤੇ ਲਾਇਲਾਜ਼ ਬਿਮਾਰੀਆਂ ਤੋਂ ਪੀੜ੍ਹਤ ਅਧਿਆਪਕਾਂ ਲਈ ਸਰਕਾਰ ਦੀ ਕੋਈ ਹਮਦਰਦੀ ਨਹੀਂ ਜਾਪਦੀ ਜਦੋਂ ਕਿ ਬਦਲੀ ਨੀਤੀ ‘ਚ ਜਰੂਰ ਜ਼ਿਕਰ ਕੀਤਾ ਹੁੰਦਾ ਹੈ ਪਰ ਉਨ੍ਹਾਂ ਦੀ ਬਦਲ਼ੀ ਦੀ ਥਾਂ ਹੋਰ ਹੀ ਜ਼ੋਰੂ ਬਦਲੀ ਕਰਵਾ ਜਾਂਦੇ ਹਨ। ਪਿਛਲੀ ਵਾਰ ਵੀ ਸਿੱਖਿਆ ਵਿਭਾਗ ਨੇ ਅਰਜ਼ੀਆਂ ਮੰਗਣ ਦੀ ਗੱਲ ਹੀ ਨਹੀਂ ਕੀਤੀ ਸਗੋਂ ਸਿੱਖਿਆ ਵਿਭਾਗ ਵਿੱਚ ਸਿਆਸਤ ਨੂੰ ਸਿੱਧਾ ਹੀ ਵਾੜ ਦਿੱਤਾ ਹੈ ।ਸਿਫਾਰਸ਼ਾਂ ਨਾਲ ਤਾਂ ਪਹਿਲਾਂ ਵੀ ਬਦਲੀਆਂ ਹੁੰਦੀਆਂ ਆਈਆਂ ਹਨ ਪਰ ਵਿਭਾਗ ਵਲੋਂ ਅਰਜ਼ੀਆਂ ਤਾਂ ਲਈਆਂ ਜਾਂਦੀਆਂ ਸਨ।ਜਿਹੜੇ ਅਧਿਆਪਕਾਂ ਦੀ ਹਲਕਾ ਵਿਧਾਇਕ ਜਾਂ ਕਿਸੇ ਮੰਤਰੀ ਤ’ਕ ਪਹੁੰਚ ਨਹੀਂ ਉਹ ਇਸ ਬਦਲੀਆਂ ਦੀ ਦੌੜ ‘ਚੋਂ ਬਾਹਰ ਹੋਣ ਲਈ ਮਜਬੂਰ ਹੋ ਗਏ ਹਨ।ਕੀ ਇਹ ਸਾਡੇ ਲੋਕਤੰਤਰ ਸਰਕਾਰੀ ਸਿਸਟਮ ਤੇ ਧੱਬਾ ਤਾਂ ਨਹੀਂ ਲੱਗ ਰਿਹਾ ? ਮੁਲਾਜ਼ਮਾਂ ਨੂੰ ਸਿਆਸਤ ਨਾਲ ਜੋੜਨ ਦੀ ਇਹ ਕੋਝੀ ਚਾਲ ਲੱਗਦੀ ਹੈ।ਹੁਣੇ ਹੀ ਸਿੱਖਿਆ ਸਕੱਤਰ ਵਲੋਂ ਲੌੜਵੰਦਾਂ ਦੀਆਂ ਆਪਣੇ ਪੱਧਰ ਤੇ ਕੀਤੀਆਂ ਬਦਲੀਆਂ ਨੂੰ ਸਿੱਖਿਆ ਮੰਤਰੀ ਵਲੋਂ ਰੱਦ ਕਰਨਾ ਕਿੰਨਾ ਕੁ ਲੋਕ ਹਿੱਤ ਵਿੱਚ ਹੈ ਇਹ ਸਾਰਿਆਂ ਦੇ ਸਾਹਮਣੇ ਹੈ।ਮੀਡੀਆ ਵਿੱਚ ਚਰਚਾ ਹੋਣ ਤੇ ਇਹ ਫੈਸ਼ਲਾ ਵਾਪਿਸ ਤਾਂ ਲੈ ਲਿਆ ਹੈ ਪਰ ਅਫਸਰਸ਼ਾਹੀ ਲਈ ਚੁਣੌਤੀ ਦੇ ਗਿਆ ਹੈ। ਇਹੋ ਜਿਹੇ ਸਿੱਖਿਆ ਮੰਤਰੀ ਤੋਂ ਸਿੱਖਿਆ ਸੁਧਾਰਾਂ ਦੀ ਗੱਲ ਦੀ ਆਸ ਨਹੀਂ ਰੱਖੀ ਜਾ ਸਕਦੀ। ਇਸੀ ਕਾਟੋ ਕਲੇਸ਼ ਕਰਕੇ ਇਸ ਸਿੱਖਿਆ ਮੰਤਰੀ ਦਾ ਮਹਿਕਮਾ ਵੀ ਮੁੱਖ ਮੰਤਰੀ ਨੂੰ ਬਦਲਕੇ ਇਸ ਸਰਕਾਰ ਦਾ ਤੀਸਰਾ ਨਵਾਂ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਨੂੰ ਬਣਾਉਣਾ ਪਿਆ ਹੈ। ਵੋਟਾਂ ਸਮੇਂ ਹਰੇਕ ਪਾਰਟੀ ਲੋਕਾਂ ਦੇ ਹਿੱਤਾਂ ਦੀ ਗੱਲ ਕਰਨ ਦੀ ਗੱਲ ਕਰਦੀ ਹੈ ਪਰ ਸੱਤਾ ‘ਚ ਆਉਣ ਤੇ ਸਭ ਭੁੱਲ ਜਾਂਦੇ ਨੇ,ਫੇਰ ਉਹੀ ਧਰਨੇ,ਰੈਲੀਆਂ,ਮਰਨ ਵਰਤ ਆਦਿ ਤੋਂ ਬਿਨ੍ਹਾਂ ਕੁਝ ਪ੍ਰਾਪਤ ਨਹੀਂ ਹੁੰਦਾ।ਆਮ ਅਧਿਆਪਕ ਦੇ ਲਈ ਬਦਲੀ ਕਰਾਉਣਾ ਅੱਜ ਦੇ ਮਾਹੌਲ ਵਿੱਚ ਕੋਈ ਸੌਖੀ ਗੱਲ ਨਹੀਂ।ਸੋ ਨਵੇਂ ਸਿੱਖਿਆ ਮੰਤਰੀ ਲਈ ਇਹ ਚੁਣੌਤੀ ਭਰਿਆ ਮਹਿਕਮਾ ਮਿਲਣ ਤੇ ਬੜੀ ਸੂਝ ਬੂਝ ਨਾਲ ਫੈਸ਼ਲੇ ਕਰਨ ਦੀ ਲੌੜ ਹੈ। ਸੋ ਸਿੱਖਿਆ ਵਿਭਾਗ ਦੀਆਂ ਬਦਲੀਆਂ ਬਾਰੇ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਸਾਰਿਆ ਨੂੰ ਬਦਲੀ ਕਰਾਉਣ ਦੇ ਬਰਾਬਰ ਦੇ ਮੌਕੇ ਮਿਲ ਸਕਣ।
ਇਸ ਵਾਰ ਵੀ ਨਵਾਂ ਸ਼ੈਸ਼ਨ ਸੁਰੂ ਹੋ ਗਿਆ ਪਰ ਬਦਲੀਆਂ ਦੀ ਨੀਤੀ ਬਾਰੇ ਸਿੱਖਿਆ ਵਿਭਾਗ ਚੁੱਪ ਹੈ।ਐਤਕੀਂ ਪੰਜਾਬ ਸਰਕਾਰ ਨੇ ਆਮ ਬਦਲੀਆਂ ਦੀ ਨੀਤੀ ਤੋਂ ਸਿੱਖਿਆ ਵਿਭਾਗ ਨੂੰ ਬਾਹਰ ਰੱਖਿਆ ਹੈ। ਜੇਕਰ ਸਿੱਖਿਆ ਵਿਭਾਗ ਸੱਚਮੁੱਚ ਸੁਧਾਰਾਂ ਦੀ ਗ’ਲ ਕਰਦਾ ਹੈ ਤਾਂ ਬਦਲੀਆਂ ਦੀ ਠੋਸ ਨੀਤੀ ਬਣਾ ਕੇ ਨਵੇਂ ਸ਼ੈਸ਼ਨ ਤੋਂ ਪਹਿਲਾਂ ਅਰਜ਼ੀਆਂ ਲੈ ਕੇ ਮਾਰਚ ਦੇ ਆਖਰੀ ਹਫਤੇ ਬਦਲੀਆਂ ਦੀ ਲਿਸਟ ਜਾਰੀ ਕਰਕੇ ਇੱਕ ਅਪ੍ਰੈਲ ਨੂੰ ਨਵੇਂ ਸਟੇਸ਼ਨਾਂ ਤੇ ਅਧਿਆਪਕਾਂ ਨੂੰ ਹਾਜ਼ਰ ਕਰਵਾ ਦਿੱਤਾ ਜਾਣਾ ਚਾਹੀਦਾ ਸੀ।ਸ਼ਹਿਰੀ ਸਟੇਸ਼ਨਾਂ ਲਈ ਵੀ ਸਾਰੇ ਅਧਿਆਪਕਾਂ ਲਈ ਮੋਕੇ ਇੱਕੋ ਕਸ਼ਵੱਟੀ ਤੇ ਪਰਖਦਿਆਂ ਦਿੱਤੇ ਜਾਣ।ਅਧਿਆਪਕਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਲਈ ਬਦਲੀਆਂ ਦੀ ਨੀਤੀ ਨੂੰ ਸਿਆਸੀ ਰੰਗਤ ਤੋਂ ਦੂਰ ਰੱਖ ਕੇ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਹਰੇਕ ਨੂੰ ਬਦਲੀ ਕਰਾਉਣ ਦਾ ਮੌਕਾ ਮਿਲ ਸਕੇ।ਪਰ ਪਹੁੰਚ ਵਾਲੇ ਅਧਿਆਪਕ ਤਾਂ ਕਈ ਕਈ ਵਾਰੀ ਬਦਲੀ ਕਰਵਾ ਕੇ ਬਿਲਕੁਲ ਨੇੜੇ ਆ ਜਾਂਦੇ ਹਨ ਕਈ ਵਿਚਾਰੇ ਸਾਰੀ ਸਰਵਿਸ ਦੌਰਾਣ ਘਰ ਨੇੜੇ ਨਹੀਂ ਆ ਸਕਦੇ। ਸਿੱਖਿਆ ਵਿਭਾਗ ਅੰਦਰ ਬਦਲੀਆਂ ਲਈ ਠੋਸ ਨੀਤੀ ਅਪਣਾਉਣ ਦੀ ਲੌੜ ਹੈ ਤਾਂ ਕਿ ਸਿੱਖਿਆ ਦੇ ਸੁਧਾਰ ਦੀ ਗੱਲ ਨੂੰ ਅਮਲੀ ਜਾਮਾ ਪਹਿਣਾਇਆ ਜਾ ਸਕੇ ਜਿਵੇਂ ਕਿ ਸੂਝਵਾਨ ਸਿੱਖਿਆ ਸਕੱਤਰ ਹੋਰ ਸਧਾਰਾਂ ਦੀ ਅਕਸਰ ਗੱਲ ਕਰਦੇ ਰਹਿੰਦੇ ਹਨ,ਇਸੇ ਤਰ੍ਹਾਂ ਨਵੇਂ ਸਿੱਖਿਆ ਮੰਤਰੀ ਤੋਂ ਵੀ ਇਹੀ ਆਸ ਹੈ

ਮੇਜਰ ਸਿੰਘ
ਨਾਭਾ
9463553962

Leave a Reply

Your email address will not be published. Required fields are marked *

%d bloggers like this: