ਅਧਿਆਪਕ ਦਿਵਸ

ss1

ਅਧਿਆਪਕ ਦਿਵਸ

ਸੁਚੱਜੇ ਸਮਾਜ ਦੀ ਸਿਰਜਣਾ ਦੀ ਨੀਂਹ ਇੱਕ ਅਧਿਆਪਕ ਦੁਬਾਰਾ ਰੱਖੀ ਜਾਂਦੀ ਹੈ। ਅਧਿਆਪਕ ਨੂੰ ਸਮਾਜ ਦਾ ਸਿਰਜਣਹਾਰ ਮੰਨਿਆ ਜਾਂਦਾ ਹੈ। ਇਸ ਗੱਲ ਵਿੱਚ ਕੋਈ ਅਤਿਕਥਨੀ ਨਹੀਂ ਹੈ, ਅਧਿਆਪਕ ਗਿਆਨ ਦੀ ਅਜਿਹੀ ਜੋਤ ਹੈ ਜੋ ਵਿਦਿਆਰਥੀਆਂ ਦੇ ਜੀਵਨ ‘ਚੋਂ ਅੰਧਕਾਰ ਹਟਾਉਂਦੇ ਹੋਏ ਚਾਨਣ ਖਿੰਡਾਉਂਦੀ ਹੈ। ਗਿਆਨ ਦਾ ਇਹ ਚਾਨਣ ਵਿਦਿਆਰਥੀਆਂ ਨੂੰ ਆਪਣੀਆਂ ਮੰਜਿਲਾਂ ਸਰ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਗਿਆਨ ਰੂਪੀ ਦੀਵੇ ਦੇ ਸਦਕਾ ਉਹ ਆਪਣੀ ਜਿੰਦਗੀ ‘ਚ ਆਪਣੀ ਮੰਜਿਲ ਪ੍ਰਾਪਤ ਕਰ ਲੈਂਦੇ ਹਨ। ਅਧਿਆਪਕ ਦਿਵਸ ਦਾ ਸੰਬੰਧ ਭੂਤਪੂਰਵ
ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨਾਲ ਹੈ, ਜੋ ਇੱਕ ਚੰਗੇ ਅਧਿਆਪਕ ਹੋਣ ਦੇ ਨਾਲ-ਨਾਲ ਨੇਕ ਇਨਸਾਨ ਵੀ ਸਨ। ਕਿਹਾ ਜਾਂਦਾ ਹੈ ਕਿ ਜਦੋਂ ਡਾ. ਰਾਧਾਕ੍ਰਿਸ਼ਨਨ ਦੇ ਵਿਦਿਆਰਥੀਆਂ ਅਤੇ ਮਿੱਤਰਾਂ ਨੇ ਡਾ. ਰਾਧਾਕ੍ਰਿਸ਼ਨਨ ਜੀ ਦਾ ਜਨਮ ਦਿਨ ਮਨਾਉਣ ਦੀ ਇੱਛਾ ਜਾਹਿਰ ਕੀਤੀ ਤਾਂ ਉਹਨਾਂ ਨੇ ਅੱਗੋਂ ਸੁਝਾਅ ਦਿੱਤਾ ਕਿ ਕਿਉਂ ਨਾ ਇਸ ਦਿਨ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਵੇ। ਉਹਨਾਂ ਨੇ ਇਹ ਦਿਵਸ ਅਧਿਆਪਕ ਵਰਗ ਨੂੰ  ਸਮਰਪਿਤ ਕੀਤਾ, ਉਦੋਂ ਤੋਂ ਹੀ 5 ਸਤੰਬਰ ਦਾ  ਦਿਨ ਦੇਸ਼ ਭਰ ਵਿੱਚ ਅਧਿਆਪਕ ਦਿਵਸ ਵਜੋਂ  ਮਨਾਇਆ ਜਾਂਦਾ ਹੈ। ਅਧਿਆਪਕ ਵਿੱਦਿਅਕ ਸੇਵਾ ਦੇ ਨਾਲ-ਨਾਲ ਵਿਦਿਆਰਥੀਆਂ ਅੰਦਰ ਚੰਗੀ ਸਖਸ਼ੀਅਤ ਵਾਲੇ ਗੁਣ ਵੀ ਪੈਦਾ ਕਰਦੇ ਹਨ।  ਆਮ ਦੇਖਣ ਵਿੱਚ ਆਉਂਦਾ ਹੈ ਕਿ ਬੱਚੇ ਓਨੀ ਗੱਲ ਆਪਣੇ ਮਾਪਿਆਂ ਦੀ ਨਹੀਂ ਮੰਨਦੇ, ਜਿੰਨੀ ਆਪਣੇ ਅਧਿਆਪਕਾਂ ਦੀ ਮੰਨਦੇ ਹਨ। ਅਧਿਆਪਕ ਬੱਚਿਆਂ ਦੀ ਜਿੰਦਗੀ ਵਿੱਚ ਅਹਿਮ ਰੋਲ ਅਦਾ ਕਰਦੇ ਹਨ। ਵਿੱਦਿਆਰਥੀ ਅਧਿਆਪਕਾਂ ਨੂੰ ਆਪਣਾ ਆਦਰਸ਼ ਮੰਨਦੇ ਹਨ।
ਅਧਿਆਪਕ ਵਿਦਿਆਰਥੀਆਂ ਦਾ ਰਿਸ਼ਤਾ ਮੁੱਢ ਤੋਂ ਚੱਲਿਆ ਆ ਰਿਹਾ ਹੈ। ਪੁਰਾਣੇ ਸਮਿਆਂ ਵਿੱਚ ਵਿਦਿਆਰਥੀ ਵਿੱਦਿਆ ਦੀ ਪ੍ਰਾਪਤੀ ਲਈ ਗੁਰੂਕਲਾਂ ਵਿੱਚ ਜਾਇਆ ਕਰਦੇ ਸਨ। ਉਦੋਂ ਦਾ ਦੌਰ ਬੜਾ ਮੁਸ਼ਕਿਲਾਂ ਭਰਿਆ ਹੁੰਦਾ ਸੀ, ਪਰ ਅੱਜ ਦੇ ਸਮੇਂ ਹਾਲਾਤ ਉਹੋ ਜਿਹੇ ਨਹੀਂ ਹਨ। ਅੱਜ ਦੇ ਸਮੇਂ ਵਿੱਚ ਬਦਲਾਵ ਆਉਣ ਕਾਰਨ ਜੋ ਬਦਲਾਵ ਇਸ ਪੱਖ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਕੁੱਝ  ਬੱਚੇ ਆਪਣੇ ਅਧਿਆਪਕਾਂ ਨੂੰ ਪੂਰਨ ਸਨਮਾਨ ਨਹੀਂ ਦਿੰਦੇ, ਅਧਿਆਪਕਾਂ ਨੂੰ ਧਮਕੀਆਂ ਦੇਣਾ ਉਹਨਾਂ ਦਾ ਕਹਿਣਾ ਨਾ ਮੰਨਣਾ ਆਮ ਗੱਲ ਹੈ
ਦੂਜੀ ਗੱਲ ਅਧਿਆਪਕ ਦੇ ਕਿੱਤੇ ‘ਚ ਲੁਕੇ ਕੁੱਝ ਅਜਿਹੇ ਲੋਕ ਵੀ ਹੁੰਦੇ ਹਨ, ਜਿਹੜੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ, ਜੋ ਗੁਰੂ-ਸ਼ਿਸ਼ ਦੇ ਰਿਸਤੇ ਨੂੰ ਤਾਰ-ਤਾਰ ਕਰ ਦਿੰਦੀਆਂ ਹਨ। ਅਜਿਹਾ ਕਰਕੇ ਉਹ ਪੂਰੇ ਅਧਿਆਪਕ ਵਰਗ ਨੂੰ ਬਦਨਾਮ ਕਰ ਦਿੰਦੇ ਹਨ। ਅਜਿਹੇ ਮਾਮਲੇ ਭਾਵੇਂ ਕੁੱਝ ਕੁ ਦੇ ਸਾਹਮਣੇ ਆਉਂਦੇ ਹਨ ਪਰ ਇਸ ਕਾਰਨ ਅਕਸ ਪੂਰੇ ਅਧਿਆਪਕ ਵਰਗ ਦਾ ਵਿਗੜ ਜਾਂਦਾ ਹੈ। ਜੇਕਰ ਵਿਦਿਆਰਥੀਆਂ ਦੀ ਤਰੱਕੀ ਦੀ ਗੱਲ ਕਰੀ ਜਾਵੇ ਤਾਂ ਅਧਿਆਪਕ ਹੀ ਹੁੰਦੇ ਹਨ ਜੋ ਆਪਣੇ ਵਿਦਿਆਰਥੀਆਂ ਦੀ ਤਰੱਕੀ ਤੇ ਸਭ ਤੋਂ ਜਿਆਦਾ ਖੁਸ਼ ਹੁੰਦੇ ਹਨ। ਪੜ੍ਹ-ਲਿਖ ਕੇ ਕੋਈ ਵੀ ਚਾਹੇ ਕਿੰਨੇ ਹੀ ਵੱਡੇ ਅਹੁਦੇ ‘ਤੇ ਬਿਰਾਜਮਾਨ ਕਿਉਂ ਨਾ ਹੋ ਜਾਵੇ, ਉਹਨਾਂ ਦੀ ਮੰਜਿਲ ਤੱਕ ਪਹੁੰਚਣ ਵਿੱਚ ਉਹਨਾਂ ਦੇ ਅਧਿਆਪਕਾਂ ਦਾ ਅਹਿਮ ਰੋਲ ਹੁੰਦਾ ਹੈ। ਭਾਵੇਂ ਅੱਜ ਦੇ ਸਮੇਂ ਵਿੱਚ ਅਧਿਆਪਕ-ਵਿਦਿਆਰਥੀ ਦੇ ਰਿਸਤੇ ਦੀ ਤਸਵੀਰ ਪਹਿਲਾ ਵਰਗੀ ਨਹੀਂ ਰਹੀ ਪਰ ਜੇਕਰ ਅਧਿਆਪਕ ਆਪਣਾ ਅਧਿਆਪਨ ਦਾ ਕਾਰਜ ਅਤੇ ਬੱਚਿਆਂ ਦੀ ਸਮੁੱਚੀ ਸ਼ਖ਼ਸੀਅਤ ਦਾ ਵਿਕਾਸ ਉਹਨਾਂ ਦੇ ਆਦਰਸ਼ ਬਣ ਕੇ ਕਰਦੇ ਰਹਿਣ ਅਤੇ ਦੂਜੇ ਪਾਸੇ ਵਿਦਿਆਰਥੀ ਉਹਨਾਂ ਨੂੰ ਗੁਰੂ ਮੰਨ ਕੇ ਸਤਿਕਾਰ ਸਹਿਤ ਪੜ੍ਹਦੇ ਰਹਿਣ ਤੇ ਉਹਨਾਂ ਦੁਬਾਰਾ ਦੱਸੇ ਸਹੀ ਰਸਤੇ ‘ਤੇ ਚਲਦੇ ਰਹਿਣ ਤਾਂ ਅਧਿਆਪਕ ਵਿਦਿਆਰਥੀ ਦੇ ਰਿਸਤੇ ਵਿੱਚ ਕਦੇ ਵੀ ਖਾਮੀ ਨਹੀਂ ਆ ਸਕਦੀ।

ਹਰਪ੍ਰੀਤ ਕੌਰ ਘੁੰਨਸ 
ਮੋ:97795-20194

Share Button

Leave a Reply

Your email address will not be published. Required fields are marked *