ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਨਜ਼ਰ ਰੱਖਣਗੇ 4000 ਵੈੱਬ ਕੈਮਰੇ

ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਨਜ਼ਰ ਰੱਖਣਗੇ 4000 ਵੈੱਬ ਕੈਮਰੇ
ਵੋਟਾਂ ਦੌਰਾਨ ਅਹਿੰਸਾ ਦਾ ਖਦਸ਼ਾ ਨਹੀਂ, ਸੁਰੱਖਿਆ ਸਮੇਤ ਸਾਰੇ ਪ੍ਰਬੰਧ ਪੁਖ਼ਤਾ-ਮੁੱਖ ਚੋਣ ਅਫ਼ਸਰ

ਲੁਧਿਆਣਾ (ਪ੍ਰੀਤੀ ਸ਼ਰਮਾ) ਸ੍ਰੀ ਵੀ. ਕੇ. ਸਿੰਘ ਮੁੱਖ ਚੋਣ ਅਫ਼ਸਰ, ਪੰਜਾਬ ਨੇ ਕਿਹਾ ਹੈ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ-2017 ਦੌਰਾਨ ਸੂਬੇ ਵਿੱਚ ਅਹਿੰਸਾ ਦਾ ਕੋਈ ਵੀ ਖਦਸ਼ਾ ਨਹੀਂ ਹੈ ਪਰ ਫਿਰ ਵੀ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਹੋਣ ਵਾਲੀ ਹਰੇਕ ਹਰਕਤ ‘ਤੇ ਨਜ਼ਰ ਰੱਖਣ ਲਈ 4000 ਵੈੱਬ ਕੈਮਰੇ ਸਥਾਪਤ ਕੀਤੇ ਜਾਣਗੇ ਤਾਂ ਕਿ ਵੋਟ ਭੁਗਤਾਉਣ ਦੀ ਪੂਰੀ ਪ੍ਰਕਿਰਿਆ ਦੌਰਾਨ ਵੋਟਰ ਜਾਂ ਵੋਟਿੰਗ ਅਮਲੇ ਨਾਲ ਕਿਸੇ ਵੀ ਤਰਾਂ ਦੀ ਜ਼ੋਰ ਜ਼ਬਰਦਸਤੀ ਜਾਂ ਧੱਕੇਸ਼ਾਹੀ ਨਾ ਕੀਤੀ ਜਾ ਸਕੇ। ਅੱਜ ਸਥਾਨਕ ਕੁੰਦਨ ਵਿਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਵੋਟ ਦਾ ਸਹੀ ਇਸਤੇੇਮਾਲ ਕਰਨ ਸੰਬੰਧੀ ਜਾਗਰੂਕ ਕਰਨ ਸੰਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵੀ. ਕੇ. ਸਿੰਘ ਨੇ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ, ਪੰਜਾਬ ਪੂਰੀ ਤਰਾਂ ਤਿਆਰ ਹੈ ਅਤੇ ਹੁਣ ਤੱਕ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਵੋਟਾਂ ਵਾਲੇ ਦਿਨ ਕੁਝ ਪੋਲਿੰਗ ਸਟੇਸ਼ਨਾਂ ‘ਤੇ ਸਿਆਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਬੇਲੋੜੀ ਦਖ਼ਲਅੰਦਾਜ਼ੀ, ਵੋਟਰਾਂ ਨੂੰ ਭਰਮਾਉਣ ਤੇ ਉਨਾਂ ਦੀ ਵੋਟ ਖੁਦ ਪੁਆਉਣ ਅਤੇ ਜ਼ੋਰ ਜਬਰਦਸਤੀ ਬਾਰੇ ਪੁੱਛੇ ਜਾਣ ‘ਤੇ ਉਨਾਂ ਸਪੱਸ਼ਟ ਕੀਤਾ ਕਿ ਸੂਬੇ ਵਿੱਚ ਕਿਸੇ ਵੀ ਪੋਲਿੰਗ ਸਟੇਸ਼ਨ ‘ਤੇ ਅਹਿੰਸਾ ਵਗੈਰਾ ਦਾ ਕੋਈ ਖਦਸ਼ਾ ਨਹੀਂ ਹੈ ਪਰ ਫਿਰ ਵੀ ਕਮਿਸ਼ਨ ਵੱਲੋਂ ਸੂਬੇ ਭਰ ਵਿੱਚ 4000 ਪੋਲਿੰਗ ਸਟੇਸ਼ਨਾਂ ‘ਤੇ ਵੈੱਬ ਕੈਮਰੇ ਸਥਾਪਤ ਕੀਤੇ ਜਾਣਗੇ। ਇਹ ਵੈੱਬ ਕੈਮਰੇ 3-ਜੀ ਅਤੇ 4-ਜੀ ਕੁਨੈਕਟਿਵਿਟੀ ਰਾਹੀਂ ਜ਼ਿਲਾ ਚੋਣ ਦਫ਼ਤਰ, ਚੋਣ ਦਫ਼ਤਰ ਚੰਡੀਗੜ ਅਤੇ ਭਾਰਤੀ ਚੋਣ ਕਮਿਸ਼ਨ ਦੇ ਨਵੀਂ ਦਿੱਲੀ ਸਥਿਤ ਦਫ਼ਤਰ ਨਾਲ ਜੁੜੇ ਹੋਣਗੇ। ਭਾਰਤੀ ਚੋਣ ਕਮਿਸ਼ਨ ਵੱਲੋਂ ਇਹ ਵੈੱਬ ਕੈਮਰੇ ਸਥਾਪਤ ਕਰਨ ਦਾ ਤਜ਼ਰਬਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ, ਜਿਸ ਦੇ ਬਹੁਤ ਹੀ ਲਾਹੇਵੰਦ ਨਤੀਜੇ ਮਿਲਣ ਦੀ ਸੰਭਾਵਨਾ ਹੈ।
ਸ੍ਰੀ ਸਿੰਘ ਨੇ ਕਿਹਾ ਕਿ ਇਸ ਵਾਰ ਵੋਟਾਂ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਬਿਜਲਈ ਵੋਟਿੰਗ ਮਸ਼ੀਨਾਂ ਨਵੀਂਆਂ ਤਿਆਰ ਕਰਵਾਈਆਂ ਗਈਆਂ ਹਨ। ਇਨਾਂ ਮਸ਼ੀਨਾਂ ਵਿੱਚ ਉਮੀਦਵਾਰਾਂ ਦੇ ਚੋਣ ਨਿਸ਼ਾਨਾਂ ਦੇ ਬਟਨਾਂ ਦੇ ਨਾਲ-ਨਾਲ ‘ਨੋਟਾ’ (ਕਿਸੇ ਉਮੀਦਵਾਰ ਨੂੰ ਵੀ ਵੋਟ ਨਾ ਕਰਨ ਦੀ ਇੱਛਾ) ਬਟਨ ਵੀ ਹੋਵੇਗਾ। ਇਨਾਂ ਮਸ਼ੀਨਾਂ ਤੋਂ ਇਲਾਵਾ ਸੂਬੇ ਭਰ ਦੇ ਕੁਝ ਕੁ ਚੋਣਵੇਂ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਵੋਟਿੰਗ ਮਸ਼ੀਨਾਂ ਵੀ ਵਰਤੀਆਂ ਜਾਣਗੀਆਂ, ਜਿਨਾਂ ਵਿੱਚ ਕਿਸੇ ਵੀ ਤਰਾਂ ਦੀ ਛੇੜਛਾੜ ਦਾ ਪਤਾ ਲਾਉਣ ਲਈ ਇਲੈੱਕਟ੍ਰੋਨਿਕ ਪ੍ਰਿੰਟ ਲੈਣ ਦੀ ਸੁਵਿਧਾ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਵਿੱਚ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਸੰਬੰਧੀ ਕਿਸੇ ਵੀ ਸਿਆਸੀ ਪਾਰਟੀ ਨੇ ਕੋਈ ਵੀ ਖਦਸ਼ਾ ਦਰਜ ਨਹੀਂ ਕਰਵਾਇਆ ਹੈ। ਪੰਜਾਬ ਵਿੱਚ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਇਸ ਬਾਰੇ ਹਾਲੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ ਪਰ ਫਿਰ ਵੀ ਇਨਾਂ ਚੋਣਾਂ ਨੂੰ ਪਾਰਦਰਸ਼ਤਾ ਅਤੇ ਬਿਨਾ ਕਿਸੇ ਡਰ ਭੈਅ ਦੇ ਅਮਨ ਅਮਾਨ ਨਾਲ ਕਰਾਉਣ ਲਈ ਹੁਣ ਤੱਕ ਦੇ ਸੁਰੱਖਿਆ ਸਮੇਤ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।
ਉਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ 2.90 ਕਰੋੜ ਦੀ ਕੁੱਲ ਆਬਾਦੀ ਵਿੱਚੋਂ 1.96 ਕਰੋੜ ਵੋਟਰ ਹਨ। ਇਸ ਵਾਰ 7 ਲੱਖ ਦੇ ਕਰੀਬ ਨਵੀਂਆਂ ਵੋਟਾਂ ਬਣੀਆਂ ਹਨ। ਜਦਕਿ 2014 ਦੀਆਂ ਆਮ ਚੋਣਾਂ ਦੇ ਮੁਕਾਬਲੇ ਸੂਬੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ ਵਿੱਚ 4.5 ਲੱਖ ਵਾਧਾ ਦਰਜ ਕੀਤਾ ਗਿਆ ਹੈ। ਕੁੱਲ ਪੋਲਿੰਗ ਲੋਕੇਸ਼ਨਾਂ 18000 ਦੇ ਕਰੀਬ ਅਤੇ ਪੋਲਿੰਗ ਸਟੇਸ਼ਨ 22600 ਦੇ ਕਰੀਬ ਹਨ। ਉਨਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਨੇ ਇਸ ਵਾਰ ਵੋਟ ਪ੍ਰਤੀਸ਼ਤ ਨੂੰ ਵਧਾਉਣ ਲਈ ਕਈ ਉਪਰਾਲੇ ਕੀਤੇ ਹਨ, ਜਿਸ ਤਹਿਤ ਵਿਸ਼ੇਸ਼ ਲੋੜਾਂ ਵਾਲੇ ਵੋਟਰ ਜੋ ਕਿ ਕਿਸੇ ਨਾ ਕਿਸੇ ਕਾਰਨ ਆਪਣੀ ਵੋਟ ਦਾ ਇਸਤੇਮਾਲ ਕਰਨ ਤੋਂ ਰਹਿ ਜਾਂਦੇ ਸਨ, ਨੂੰ ਇਸ ਵਾਰ ਵੋਟ ਦਾ ਜ਼ਰੂਰੀ ਅਤੇ ਸਹੀ ਇਸਤੇਮਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਅਜਿਹੇ 60 ਹਜ਼ਾਰ ਦੇ ਕਰੀਬ ਵੋਟਰਾਂ ਦੀ ਵੋਟ ਪਾਉਣ ਸੰਬੰਧੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ, ਜਿਸ ਤਹਿਤ ਵੋਟਰ ਨੂੰ ਲਿਆਉਣ ਅਤੇ ਛੱਡਣ ਦੇ ਨਾਲ-ਨਾਲ ਗੈਰ ਸਰਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਵਲੰਟੀਅਰ ਮੁਹੱਈਆ ਕਰਵਾਇਆ ਜਾਵੇਗਾ। ਪੋਲਿੰਗ ਸਟੇਸ਼ਨਾਂ ‘ਤੇ ਹਰ ਉਹ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਿਸ ਨਾਲ ਅਜਿਹੇ ਵੋਟਰਾਂ ਨੂੰ ਵੋਟ ਪਾਉਣ ਵਿੱਚ ਕਿਸੇ ਵੀ ਤਰਾਂ ਦੀ ਦਿੱਕਤ ਪੇਸ਼ ਨਾ ਆਵੇ। ਇਨਾਂ ਵੋਟਰਾਂ ਦੀ ਸਹਾਇਤਾ ਲਈ ਜ਼ਿਲਾ ਪੱਧਰੀ ਜਾਂ ਮਾਡਲ ਪੋਲਿੰਗ ਸਟੇਸ਼ਨ ਪੱਧਰੀ ਵੋਟਰ ਸਹਾਇਤਾ ਕੇਂਦਰ ਖੋਲਣ ਬਾਰੇ ਵੀ ਵਿਚਾਰ ਹੈ। ਚੋਣਾਂ ਸੰਬੰਧੀ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਪੁੱਛੇ ਜਾਣ ‘ਤੇ ਸ੍ਰੀ ਸਿੰਘ ਨੇ ਕਿਹਾ ਕਿ ਵੋਟਰ ਕਿਸੇ ਵੀ ਸ਼ਿਕਾਇਤ ਸੰਬੰਧੀ ਆਨਲਾਈਨ ਜਾਂ ਟੋਲ ਫਰੀ ਨੰਬਰ 1950 ‘ਤੇ ਸੰਪਰਕ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਚੋਣ ਕਮਿਸ਼ਨ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਰੇਕ ਸ਼ਿਕਾਇਤ ‘ਤੇ ਅੱਧੇ ਘੰਟੇ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਅਤੇ ਸ਼ਿਕਾਇਤ ਦਾ ਨਿਪਟਾਰਾ 24 ਘੰਟੇ ਵਿੱਚ ਕੀਤਾ ਜਾਵੇ। ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਸਿੰਘ ਨੇ ਵਿਸ਼ੇਸ਼ ਲੋੜਾਂ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਲਾਜ਼ਮੀ ਇਸਤੇਮਾਲ ਕਰਨ ਅਤੇ ਹੋਰਾਂ ਨੂੰ ਵੀ ਉਤਸ਼ਾਹਿਤ ਕਰਨ। ਸਮਾਗਮ ਨੂੰ ਸ੍ਰੀ ਸਿਬਨ ਸੀ. ਵਧੀਕ ਮੁੱਖ ਚੋਣ ਅਫ਼ਸਰ, ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰ ਸ੍ਰੀ ਰਵੀ ਭਗਤ, ਸ੍ਰ. ਅਮਰਜੀਤ ਸਿੰਘ ਆਨੰਦ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਦੇ ਬੱਚਿਆਂ ਅਤੇ ਕਲਾਕਾਰਾਂ ਨੇ ਵੋਟਰ ਜਾਗਰੂਕਤਾ ਸੰਬੰਧੀ ਰੰਗਾਰੰਗ ਪੇਸ਼ਕਾਰੀਆਂ ਵੀ ਪੇਸ਼ ਕੀਤੀਆਂ। ਸਮਾਗਮ ਦੀ ਸ਼ੁਰੂਆਤ ਵਿੱਚ ਵਿਸ਼ੇਸ਼ ਲੋੜਾਂ ਵਾਲੇੇ ਵੋਟਰਾਂ ਵੱਲੋਂ ਵੀਲ ਚੇਅਰ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਸਾਰੇ ਰਿਟਰਨਿੰਗ ਅਫ਼ਸਰ, ਪੰਜਾਬ ਦੇ ਸਾਰੇ ਨੋਡਲ ਅਫ਼ਸਰ ਅਤੇ ਵੱਡੀ ਗਿਣਤੀ ਵਿੱਚ ਵੋਟਰ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: