ਅਣ-ਅਧਿਕਾਰਤ ਏਜੰਟਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ

ss1

ਅਣ-ਅਧਿਕਾਰਤ ਏਜੰਟਾਂ ਖਿਲਾਫ ਹੋਵੇਗੀ ਕਾਨੂੰਨੀ ਕਾਰਵਾਈ-ਡਿਪਟੀ ਕਮਿਸ਼ਨਰ
ਰਜਿਸਟਰਡ ਟਰੈਵਲ ਏਜੰਟਾਂ ਦੀ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ ਵੱਲੋਂ ਹੈਲਪ ਲਾਈਨ ਨੰਬਰ ਜਾਰੀ

ਜੰਡਿਆਲਾ ਗੁਰੂ/ਅੰਮ੍ਰਿਤਸਰ 4 ਜੁਲਾਈ ( ਵਰਿੰਦਰ ਸਿੰਘ )-ਅਣ-ਅਧਿਕਾਰਤ ਟਰੈਵਲ ਏਜੰਟਾਂ ਵੱਲੋਂ ਵਿਦੇਸ਼ ਜਾਣ ਦੀ ਚਾਹ ਰੱਖਣ ਵਾਲੇ ਲੋਕਾਂ ਦੀ ਕੀਤੀ ਜਾ ਰਹੀ ਲੁੱਟ-ਖਸੁੱਟ ਬੰਦ ਕਰਵਾਉਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਰਜਿਸਟਰਡ ਟਰੈਵਲ ਏਜੰਟਾਂ ਦੀ ਸੂਚੀ ਜਨਤਕ ਕੀਤੀ ਹੈ। ਉਨਾਂ ਨੇ ਇਹ ਸੂਚੀ ਆਪਣੀ ਵੈਬ ਸਾਈਟ www.amritsar.nic.in ‘ਤੇ ਪਾਈ ਹੈ, ਉਥੇ ਰਜਿਸਟਰਡ ਟਰੈਵਲ ਏਜੰਟਾਂ ਸਬੰਧੀ ਜਾਣਕਾਰੀ ਦੇਣ ਲਈ ਹੈਲਪ ਲਾਈਨ ਨੰਬਰ 0183-2210235 ਵੀ ਜਾਰੀ ਕੀਤਾ ਹੈ, ਜੋ ਕਿ ਹਰ ਕੰਮ ਵਾਲੇ ਦਿਨ ਲੋਕਾਂ ਦੀ ਸਹਾਇਤਾ ਕਰੇਗਾ।
ਸ: ਸੰਘਾ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਵਿਦੇਸ਼ ਜਾਣ ਲਈ ਕਿਸੇ ਵੀ ਧੋਖੇ ਜਾਂ ਠੱਗੀ ਤੋਂ ਬਚਣ ਲਈ ਕੇਵਲ ਮਾਨਤਾ ਪ੍ਰਾਪਤ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰਾਂ ਜਾਂ ਟਿਕਟ ਏਜੰਟਾਂ ਦੀਆਂ ਹੀ ਸੇਵਾਵਾਂ ਲਈਆਂ ਜਾਣ ਅਤੇ ਇਨ੍ਹਾਂ ਦੇ ਮਾਰਫ਼ਤ ਅਰਜ਼ੀ ਲਗਾਉਣ ਤੋਂ ਪਹਿਲਾਂ ਜ਼ਿਲ੍ਹਾਂ ਪ੍ਰਸਾਸ਼ਨ ਵੱਲੋਂ ਜਾਰੀ ਰਜਿਸਟਰੇਸ਼ਨ ਪ੍ਰਮਾਣ ਪੱਤਰ ਦੀ ਪੜਤਾਲ ਜ਼ਰੂਰ ਕਰ ਲਈ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਨੁੱਖੀ ਤਸਕਰੀ ਅਤੇ ਵਿਦੇਸ਼ ਭੇਜਣ ਦੇ ਨਾਂ ‘ਤੇ ਹੁੰਦੀ ਕਥਿਤ ਠੱਗੀ ਨੂੰ ਰੋਕਣ ਲਈ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ 2012, ਸੋਧ ਐਕਟ 2014 ਅਤੇ ਨਿਯਮ 2013, ਸੋਧ ਨਿਯਮ 2014 ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਕਾਨੂੰਨ ਅਨੁਸਾਰ ਟਰੈਵਲ ਏਜੰਟਾਂ, ਇਮੀਗ੍ਰੇਸ਼ਨ ਸਲਾਹਕਾਰਾਂ, ਟਿਕਟ ਏਜੰਟਾਂ ਅਤੇ ਆਇਲਟਸ ਸੰਸਥਾਵਾਂ ਲਈ ਇਹ ਲਾਜ਼ਮੀ ਹੈ ਕਿ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਕੋਲ ਆਪਣੀ ਰਜਿਸਟਰੇਸ਼ਨ ਕਰਵਾਉਣੀ ਯਕੀਨੀ ਬਣਾਉਣ।
ਉਨਾਂ ਦੱਸਿਆ ਕਿ ਇਸ ਐਕਟ ਅਧੀਨ ਹੁਣ ਤੱਕ ਅੰਮ੍ਰਿਤਸਰ ਜਿਲ੍ਹੇ ਵਿਚ 208 ਵਿਅਕਤੀਆਂ ਨੇ ਟਰੈਵਲ ਏਜੰਸੀ, ਸਲਾਹਕਾਰ ਏਜੰਸੀ ਅਤੇ ਆਈਲੈਟਸ ਕੋਚਿੰਗ ਸੰਸਥਾ ਲਈ ਬਿਨੈ ਕੀਤਾ ਸੀ, ਜਿਸ ਵਿਚੋਂ 95 ਵਿਅਕਤੀਆਂ ਨੂੰ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਦੇ ਕੇਸ ਵਿਭਾਗ ਕੋਲ ਲੋੜੀਂਦੀਆਂ ਰਿਪੋਰਟਾਂ ਪ੍ਰਾਪਤ ਨਾ ਹੋਣ ਕਾਰਨ ਬਕਾਇਆ ਪਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਅਣ-ਅਧਿਕਾਰਤ ਟਰੈਵਲ ਏਜੰਟ ਰਾਹੀਂ ਵਿਦੇਸ਼ ਜਾਣ ਵਾਲੇ ਵਿਅਕਤੀ ਅਕਸਰ ਧੋਖੇ ਦਾ ਸ਼ਿਕਾਰ ਹੋ ਜਾਂਦੇ ਹਨ ਜਦੋਂ ਕਿ ਬਾਅਦ ਵਿਚ ਅਜਿਹੇ ਫਰਜੀ ਟਰੈਵਲ ਏਜੰਟ ਠੱਗੀ ਮਾਰ ਕੇ ਗਾਇਬ ਹੋ ਜਾਂਦੇ ਹਨ, ਕਿਉਂਕਿ ਉਹਨਾਂ ਦਾ ਕੋਈ ਪੱਕਾ ਥਾਂ ਟਿਕਾਣਾ ਨਹੀਂ ਹੁੰਦਾ, ਇਸ ਲਈ ਜ਼ਰੂਰੀ ਹੈ ਕਿ ਜਿਸ ਵੀ ਵਿਅਕਤੀ ਨੇ ਵਿਦੇਸ਼ ਯਾਤਰਾ ਸਬੰਧੀ ਸੇਵਾਵਾਂ ਦੇਣੀਆਂ ਹਨ, ਉਹ ਆਪਣੇ ਆਪ ਨੂੰ ਜਿਲ੍ਹਾਂ ਪ੍ਰਸ਼ਾਸਨ ਕੋਲ ਰਜਿਸਟਰਡ ਕਰਵਾਏ।

Share Button

Leave a Reply

Your email address will not be published. Required fields are marked *