Fri. May 24th, 2019

ਅਣਦੇਖਿਆ ਭਾਰਤ

ਅਣਦੇਖਿਆ ਭਾਰਤ

(ਸੁਪਰ ਫਾਸਟ ਤੜਥੱਲੀ ਟੂਰ ਭਾਗ ਦੂਸਰਾ)

ਪਹਿਲਾਂ ਕੰਮ ਤਾਂ ਮੈਂ ਘਰੇ ਵੜ ਕੇ ਇਹ ਕੀਤਾ ਕਿ ਮਾਤਾ ਜੀ ਨੂੰ ਸਪੈਸ਼ਲ ਕਹਿ ਦਿੱਤਾ ਕਿ ਰੋਟੀ ਪਾਣੀ ਮੇਰੇ ਲਈ ਨਾ ਹੀ ਬਣਾਇਆ ਜਾਵੇ ਕਿਉਂ ਕਿ ਪ੍ਰਸ਼ਾਦੇ ਤਾਂ ਮੰਮੀ ਮੈਲਬੌਰਨ ਵਿਚ ਵੀ ਬਣਾਉਂਦੇ ਸੀ ਪਰ ਮੈਂ ਸੋਚਿਆ ਕਿ ਸਾਡੇ ਸ਼ਹਿਰ ਦੇ ਰੇਹੜੀਆਂ ਦੇ ਵੰਨ ਸੁਵੰਨੇ ਭੋਜਨ ਜਿਆਦਾ ਖਾਣੇ ਹਨ ਜਿੰਨਾਂ ਵਿਚੋਂ ਪੱਪੂ ਗੋਲਗੱਪਿਆਂ ਵਾਲਾ,ਬਿਸ਼ੰਬਰ ਦੇ ਹੋਟ ਡਾਗ, ਕੰਬੋਜ ਅੰਮ੍ਰਿਤਸਰੀ ਨਾਨ ਵਾਲਾ ਤੇ ਹੋਰ ਬਹੁਤ ਭੋਜਨ ਸ਼ਾਮਿਲ ਸਨ ਤੇ ਜਦੋਂ ਵੀ ਸਾਡਾ ਦਾਅ ਲੱਗਦਾ ਮੈਂ ਤੇ ਗੱਗੀ ਨੇ ਨਿਕਲ ਜਾਣਾ ਨਵੇਂ ਖਾਣ- ਪੀਣ ਦੀ ਤਲਾਸ਼ ਵਿਚ | ਮੁਕਤਸਰ ਵਿਚ ਮੈਂ ਘਰ ਤੋਂ ਬਿਨਾਂ ਸਿਰਫ ਦੋ ਹੋਰ ਟਿਕਾਣਿਆਂ ਤੇ ਹੀ ਜਿਆਦਾ ਰਹਿੰਦਾ ਸੀ ਜਿੰਨਾਂ ਵਿਚੋਂ ਇਕ ਮੇਰੇ ਘਰ ਸਾਹਮਣੇ ਬਣੇ ਪਾਰਕ ਵਿਚ ਕਾਮਰੇਡ ਖਰੈਤੀ ਲਾਲ ਦੀ ਕੰਟੀਨ ਸੀ ਜਿਸ ਨੂੰ ਉਹ ਤੇ ਉਹਨਾਂ ਦੇ ਭਤੀਜੇ ਵਿਨੋਦ ਤੇ ਕ੍ਰਿਸ਼ਨ ਚਲਾਉਂਦੇ ਸੀ ਦੂਜਾ ਟਿਕਾਨਾ ਸੀ ਬੈਂਕ ਰੋਡ ਤੇ ਸੁਰਿੰਦਰ ਚੱਪਲ ਸਟੋਰ ਜਿੱਥੇ ਸਨੀ ਗਰੋਵਰ ਨਾਲ ਬੈਠ ਕੇ ਟਾਇਮ ਵਧੀਆ ਪਾਸ ਕਰ ਲਈਦਾ ਸੀ | ਬਾਕੀ ਪੁਰਾਣੇ ਜੁੰਡੀ ਦੇ ਯਾਰ ਪ੍ਰੀਤ, ਦੀਪਾ ਮਕੌਲ ਤੇ ਰਿੱਕੀ ਗਰੋਵਰ ਕੋਲ ਵੀ ਵਿਹਲੇ ਟਾਇਮ ਗੇੜਾ ਮਾਰ ਆਇਦਾ ਸੀ | ਵੀਹ ਸਾਲ ਤੋਂ ਉੱਪਰ ਹੋ ਚੱਲੀਆਂ ਯਾਰੀਆਂ ਵਿਚ ਸਾਡੇ ਚੋਂ ਕਦੇ ਕਿਸੇ ਨੇ ਦੂਜੇ ਦੋਸਤ ਨੂੰ ਕਿਸੇ ਮਤਲਬ ਨਹੀ ਵਰਤਿਆ ਬਲਕਿ ਇਹ ਦਿਲੀ ਪਿਆਰ ਹੀ ਹੁੰਦਾ ਜੋ ਯਾਰੀ ਨੂੰ ਹੋਰ ਮਜ਼ਬੂਤ ਕਰਦਾ |
ਜੀਉ ਮੋਬਾਇਲ ਦਾ ਸਿਮ ਆਈ ਫੋਨ ਪੰਜ ਐਸ ਤੇ ਚੱਲਦਾ ਨਹੀਂ ਸੀ ਸਿਰਫ ਇੰਟਰਨੈਟ ਹੀ ਵਰਤਿਆ ਜਾ ਸਕਦਾ ਸੀ | ਇਸ ਚੱਕਰ ਵਿਚ ਡੈਡੀ ਨੇ ਜੀਉ ਦਾ ਇਕ ਹੋਰ ਸਿਮ ਦੂਜੇ ਫੋਨ ਵਿਚ ਪਾ ਕੇ ਦੇ ਤਾ, ਪਰ ਦੋ ਫੋਨ ਚੁੱਕਣ ਦੇ ਸਿਆਪੇ ਤੋਂ ਬੱਚਣ ਲਈ ਮੈਂ ਆਈ ਫੋਨ ਹੀ ਜਿਆਦਾ ਵਰਤਦਾ ਸੀ ਕਿਉਂ ਕਿ ਉਸ ਤੇ ਸ਼ੋਸਲ ਮੀਡੀਆ ਤੇ ਹੋਰ ਜਾਣਕਾਰੀਆਂ ਮੈਂ ਭਰੀਆਂ ਹੋਈਆਂ ਸੀ | ਸੋ ਜਿਆਦਾਤਰ ਦੋਸਤਾਂ ਨਾਲ ਫੇਸਬੁੱਕ ਮੈਸੇਜਰ ਤੇ ਹੀ ਗੱਲਬਾਤ ਹੁੰਦੀ ਰਹੀ | ਇਹ ਵਾਕਿਆ ਹੀ ਛੁੱਟੀਆਂ ਸੀ ਕਿਉਂ ਕਿਸੇ ਦਾ ਕੋਈ ਫੋਨ ਜਾਂ ਮੈਸਜ ਨਹੀ ਆ ਰਿਹਾ ਹੁੰਦਾ ਸੀ ਨਾ ਹੀ ਸਵੇਰੇ ਜਾਗਣ ਲਈ ਮੈਂਨੂੰ ਅਲਰਾਮ ਲਗਾਉਣ ਦੀ ਲੋੜ ਸੀ ਸੋ ਬਹੁਤ ਸਕੂਨ ਵਾਲੀ ਜ਼ਿੰਦਗੀ ਸੀ ਇਹਨਾਂ ਛੁੱਟੀਆਂ ਵਿਚ,
ਨੌ ਜੂਨ ਨੂੰ ਟੂਰ ਸ਼ੁਰੂ ਹੋਣ ਕਾਰਣ ਮੇਰੇ ਕੋਲ ਸਿਰਫ ਚਾਰ ਦਿਨ ਬਚੇ ਸੀ | ਸੋ ਸਭ ਤੋਂ ਪਹਿਲਾਂ ਦੰਦਾਂ ਵਾਲਾ ਕੰਮ ਨਿਬੇੜਿਆ, ਚਾਰੇ ਜਾੜਾਂ ਵਿਚੋਂ ਕਾਲਾ ਮਾਲ ਕਢਵਾ ਕੇ ਡਾ. ਯੁੱਗਵੀਰ ਬੱਤਰਾ ਤੋਂ ਜਪਾਨੀ ਮਾਲ ਭਰਵਾ ਕੇ ਜਾੜਾਂ ਸੈਟ ਕਰਵਾਈਆਂ ਤੇ ਬਾਕੀ ਹਲਕੇ ਫੁਲਕੇ ਕੰਮ ਨਿਬੇੜੇ, ਨੌ ਜੂਨ ਨੂੰ ਲਾਲੀ ਦੀ ਡਿਊਟੀ ਲਾਈ ਸੀ ਮੈਨੂੰ ਤੇ ਰਸ਼ਪਾਲ ਨੂੰ ਸ਼੍ਰੀ ਮੁਕਤਸਰ ਸਾਹਿਬ ਤੋਂ ਚੁੱਕ ਕੇ ਬਠਿੰਡਾ ਜੰਕਸ਼ਨ ਛੱਡਣ ਦੀ, ਰਸ਼ਪਾਲ ਆਪਣੀ ਘਰਵਾਲੀ ਨੂੰ ਪਹਿਲਾਂ ਹੀ ਪੇਕੇ ਛੱਡ ਆਇਆ ਸੀ ਰਸ਼ਪਾਲ ਦੀ ਮੰਮੀ ਨੇ ਆਵਦੀ ਭੈਣ ਕੋਲ ਰੋਹਤਕ ਜਾਣ ਦਾ ਪ੍ਰੋਗਰਾਮ ਬਣਾ ਲਿਆ, ਆਂਟੀ ਨੇ ਵੀ ਸਾਡੇ ਵਾਲੀ ਗੱਡੀ ਚ ਰੋਹਤਕ ਤੱਕ ਜਾਣਾ ਸੀ | ਮਿੱਥੇ ਸਮੇਂ ਤੇ ਲਾਲੀ ਕਾਰ ਲੈ ਕੇ ਘਰੇ ਆ ਗਿਆ ਤੇ ਉੱਥੋਂ ਮੈਂ ਆਪਣਾ ਸਮਾਨ ਚੁੱਕ ਕੇ ਕਾਰ ਰਸ਼ਪਾਲ ਦੇ ਘਰ ਵੱਲ ਵਾਹ ਲਈ, ਰਸ਼ਪਾਲ ਨਾਲ ਉਸ ਦੀ ਭਤੀਜੀ ਤੇ ਮੰਮੀ ਨੂੰ ਕਾਰ ਚ ਬਿਠਾ ਕੇ ਕਾਰ ਬਠਿੰਡਾ ਜੰਕਸ਼ਨ ਚਾਲੇ ਪਾ ਦਿੱਤੇ |
ਮਿੱਥੇ ਸਮੇਂ ਤੋਂ ਕੁਝ ਚਿਰ ਪਹਿਲਾਂ ਬਠਿੰਡਾ ਜੰਕਸ਼ਨ ਜਾ ਪਹੁੰਚੇ, ਸਾਡੀ ਟਰੇਨ ਸ਼੍ਰੀ ਗੰਗਾਨਗਰ ਤੋਂ ਚੱਲ ਕੇ ਨੰਦੇੜ ਸਾਹਿਬ ਪਹੁੰਚਣ ਵਾਲੀ ਸੱਚਖੰਡ ਐਕਸਪ੍ਰੈਸ ਸੀ ਜਿਸ ਨੇ 4.45 ਤੇ ਬਠਿੰਡਾ ਪਹੁੰਚਣਾ ਸੀ | ਅਸੀਂ ਇਸ ਟਰੇਨ ਤੇ ਬਠਿੰਡਾ ਤੋਂ ਦਿੱਲੀ ਤੱਕ ਦਾ ਸਫਰ ਕਰਣਾ ਸੀ ਤੇ ਦਸ ਜੂਨ ਦੀ ਸਵੇਰ ਨੂੰ ਸਾਡੀ ਦੋਵਾਂ ਦੀ ਸਵੇਰ ਪੰਜ ਵਜੇ ਦਿੱਲੀ ਤੋਂ ਭੁਬਨੇਸ਼ਵਰ ਦੀ ਫਲਾਈਟ ਸੀ | ਮੇਰੀ ਤੇ ਰਸ਼ਪਾਲ ਦੀ ਸੈਕਿੰਡ ਏ.ਸੀ. ਡੱਬੇ ਵਿਚ ਟਿਕਟ ਬੁੱਕ ਸੀ | ਰਸ਼ਪਾਲ ਦੀ ਮੰਮੀ ਦਾ ਇਕ ਦਮ ਪ੍ਰੋਗਰਾਮ ਬਣਿਆ ਹੋਣ ਕਾਰਣ ਉਹਨਾਂ ਨੂੰ ਨਾਰਮਲ ਡੱਬੇ ਦੀਆਂ ਟਿਕਟਾਂ ਹੀ ਮਿਲੀਆਂ | ਜਿਸ ਪਲੇਟਫਾਰਮ ਤੇ ਟਰੇਨ ਨੇ ਦਸ ਮਿੰਟ ਲਈ ਰੁਕਣਾ ਸੀ ਉਸ ਪਲੇਟਫਾਰਮ ਤੇ ਠੰਡੇ ਮਿੱਠੇ ਜਲ ਦੇ ਲੰਗਰ ਲੱਗੇ ਹੋਏ ਸੀ | ਐਡੀ ਗਰਮੀ ਵਿਚ ਵੀ ਸੇਵਾ ਕਰ ਰਹੇ ਸੇਵਾਦਾਰਾਂ ਦੇ ਹੌਂਸਲੇ ਨੂੰ ਸਲਾਮ ਕਰਣ ਨੂੰ ਦਿਲ ਕਰਦਾ ਸੀ | ਇਹ ਟਰੇਨ ਹਫਤੇ ਵਿਚ ਤਿੰਨ ਦਿਨ ਚੱਲਦੀ ਹੈ ਤੇ ਹਜ਼ੂਰ ਸਾਹਿਬ ਜਾਣ ਵਾਲੇ ਯਾਤਰੀਆਂ ਲਈ ਵਿਸ਼ੇਸ ਤੌਰ ਤੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਨਿਸ਼ਕਾਮ ਸੇਵਾ ਭਾਵੀ ਸੰਸਥਾਵਾਂ ਵੱਲੋਂ ਕੀਤਾ ਜਾਂਦਾ ਹੈ | ਟਰੇਨ ਆਉਣ ਤੇ ਮੈਂ ਸਿੱਧਾ ਆਪਣੇ ਡੱਬੇ ਵੱਲ ਨੱਸਿਆ ਤੇ ਰਸ਼ਪਾਲ ਨੇ ਆਂਟੀ ਦੀ ਸੀਟ ਲੱਭਣ ਲਈ ਜਨਰਲ ਡੱਬੇ ਵੱਲ ਜਾ ਮਾਰੀ ਉਡਾਰੀ | ਉਨੀਂ ਦੇਰ ਨੂੰ ਮੈਂ ਆਪਣੀ ਸੀਟ ਤੇ ਜਾ ਬੈਠਾ, ਕੁਝ ਪਲਾਂ ਬਾਦ ਰਸ਼ਪਾਲ ਆ ਗਿਆ ਤੇ ਗੱਡੀ ਆਵਦੇ ਰਸਤੇ ਨਿਕਲ ਪਈ | ਮੇਰਾ ਇਹ ਟੂਰ ਕੋਈ ਧਾਰਮਿਕ ਜਾਂ ਸਿੱਖਿਆਦਾਇਕ ਨਹੀ ਸੀ ਬਲਿਕ ਮੈਂ ਸੋਚਿਆ ਸੀ ਕਿ ਇਕ ਆਮ ਸ਼ਰਧਾਲੂ ਵਾਂਗ ਮੰਦਰ, ਮਸਜਿਦ, ਗੁਰੂ ਘਰ ਤੇ ਨਾਲ ਨਾਲ ਪੁਰਾਤਣ ਭਾਰਤੀ ਸੱਭਿਅਤਾ ਵੀ ਦੇਖਾਂਗੇ ਤੇ ਵੰਨ ਸੁਵੰਨੇ ਭੋਜਨ ਦਾ ਆਨੰਦ ਵੀ ਲਵਾਂਗੇ ਬਿਨਾਂ ਕਿਸੇ ਵਿਤਕਰੇ ਦੇ, ਹਾਲਾਂ ਕਿ ਰਸ਼ਪਾਲ ਪੂਰਾ ਸ਼ਾਕਾਹਾਰੀ ਹੈ ਤੇ ਮੈਂ ਤਾਂ ਮਤਲਬ ਛੱਡਦਾ ਹੀ ਕੁਝ ਨਹੀਂ | ਇਸ ਲਈ ਮੈਂ ਫੇਸਬੁੱਕ ਤੇ ਵੀ ਸਪੈਸ਼ਲ ਪੋਸਟ ਪਾਈ ਜਿਸ ਵਿਚ ਇਹੀ ਅਰਜ਼ ਕੀਤੀ ਸੀ ਕਿ ਕਿਸੇ ਵੀ ਕੰਮ ਤੇ ਕਿੰਤੂ ਪ੍ਰੰਤੂ ਕਰਣ ਵਾਲੇ ਦੋਸਤਾਂ ਨੂੰ ਜੇਕਰ ਮੇਰੇ ਮੰਦਰ ਮਸਜਿਦ ਜਾਣ ਤੇ ਇਤਰਾਜ ਹੋਵੇ ਤਾਂ ਉਹ ਆਪਣੇ ਵਿਚਾਰ ਦੇਣ ਦੀ ਥਾਂ ਤੇ ਵਿਚੱਤਰ ਦੁਨੀਆ ਦੇ ਰੰਗਾਂ ਦੇ ਆਨੰਦ ਮਾਨਣ ਦੀ ਕੋਸ਼ਿਸ ਕਰਣ ਤੇ ਮੈਨੂੰ ਖੁਸ਼ੀ ਵੀ ਹੋਈ ਬਹੁਤ ਦੋਸਤਾਂ ਨੇ ਇਸ ਕਦਮ ਨੂੰ ਸਰਾਹਿਆ ਵੀ ਤੇ ਮੈਨੂੰ ਫੇਸਬੁੱਕ ਲਾਈਵ ਹੋਣ ਸਮੇਂ ਗਾਈਡ ਕਰਦੇ ਰਹੇ ਕਿ ਇਹ ਚੀਜ ਜ਼ਰੂਰ ਦਿਖਾਈ ਜਾਂ ਉਸ ਚੀਜ ਬਾਰੇ ਪਤਾ ਕਰੀਂ | ਕੁਲ ਮਿਲਾ ਕੇ ਯਾਦਗਰੀ ਤਜ਼ਰਬਾ ਰਿਹਾ |
ਸਾਡੀਆਂ ਦੋਵੇਂ ਸੀਟਾਂ ਅੱਪਰ ਬਰਥ ਸੀ ਤੇ ਅਜੇ ਕੋਈ ਜਿਆਦਾ ਹਨੇਰਾ ਨਹੀ ਸੀ ਤੇ ਅਸੀਂ ਥੱਲੇ ਬੈਠ ਕੇ ਹੀ ਗੱਪਾਂ ਹੱਕਣ ਲੱਗ ਗਏ | ਅੱਧੇ ਘੰਟੇ ਬਾਦ ਰਾਮਪੁਰਾ ਫੂਲ ਸਟੇਸ਼ਨ ਆ ਗਿਆ ਤਾਂ ਉੱਥੇ ਹੱਥਾਂ ਵਿਚ ਸ਼ਬਜੀ ਦੀ ਬਾਲਟੀ ਤੇ ਬਾਹਾਂ ਵਿਚ ਟੰਗੇ ਝੋਲਿਆਂ ਵਿਚੋਂ ਤਾਜ਼ੇ ਪ੍ਰਸ਼ਾਦਿਆਂ ਵਾਲੇ ਸੇਵਾਦਾਰਾਂ ਨੇ ਫੁਰਤੀ ਨਾਲ ਗੱਡੀ ਦੇ ਡੱਬਿਆਂ ਨੂੰ ਹੱਥ ਪਾ ਲਿਆ ਤੇ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਯਾਤਰੀਆਂ ਨੂੰ ਪਿਆਰ ਨਾਲ ਲੰਗਰ ਛਕਾਇਆ, ਮੈਂ ਕਦੇ ਟੀਂਡੇ, ਤੋਰੀਆਂ, ਕੱਦੂ ਦੀ ਸ਼ਬਜੀ ਪਸੰਦ ਨਹੀ ਕੀਤੀ ਪਰ ਸੱਚ ਕਹਿ ਰਿਹਾ ਉਸ ਦਿਨ ਜੋ ਆਨੰਦ ਟੀਂਡੇ ਦੀ ਸ਼ਬਜੀ ਨਾਲ ਪ੍ਰਸ਼ਾਦੇ ਛੱਕ ਕੇ ਆਇਆ ਉਹ ਪਹਿਲਾਂ ਕਦੇ ਨਹੀ ਆਇਆ ਨਾਲੇ ਮੇਰਾ ਸਿਰ ਸੱਚੇ ਪਾਤਸ਼ਾਹ ਸਤਿਗੂਰ ਨਾਨਕ ਦੇਵ ਜੀ ਅੱਗੇ ਸ਼ਰਧਾ ਭਾਵ ਨਾਲ ਝੁਕਿਆ ਕਿ ਪਾਤਸ਼ਾਹ ਦੁਆਰਾ ਚਲਾਇਆ ਵੀਹ ਰੁਪਏ ਦਾ ਲੰਗਰ ਕਿੱਥੇ ਕਿੱਥੇ ਆਪਣੀ ਮਹਿਕ ਬਿਖੇਰ ਰਿਹਾ ਤੇ ਧੰਨ ਗੁਰੂ ਦੀਆਂ ਸੰਗਤਾਂ ਜੋ ਵਾਹਿਗੂਰ ਨਾਮ ਦਾ ਜਾਪ ਕਰਦੀਆਂ ਐਡੀ ਕਰੜੀ ਧੁੱਪ ਵਿਚ ਇਹ ਸੇਵਾ ਨਿਭਾ ਰਹੀਆਂ ਉਸ ਤੋਂ ਬਾਦ ਜਿੱਥੇ ਵੀ ਕਿਤੇ ਗੱਡੀ ਰੁਕਦੀ ਸੀ ਕੁਝ ਨਾ ਕੁਝ ਵੱਖਰਾ ਲੰਗਰ ਸੰਗਤਾਂ ਲਈ ਹਰ ਡੱਬੇ ਵਿਚ ਪਹੁੰਚਦਾ ਜ਼ਰੂਰ ਸੀ |
ਕੁਝ ਸਮੇਂ ਬਾਦ ਮੈਂ ਤਾਂ ਆਪਣੀ ਸੀਟ ਤੇ ਜਾ ਕੇ ਡਿੱਗ ਗਿਆ ਤੇ ਰਸ਼ਪਾਲ ਥੱਲੇ ਹੀ ਬੈਠਾ ਰਿਹਾ | ਅੰਤ ਆਪਣੀ ਮੰਮੀ ਨੂੰ ਰੋਹਤਕ ਉਤਾਰ ਕੇ ਉਹ ਆ ਕੇ ਸੌ ਗਿਆ | ਨਵੀਂ ਦਿੱਲੀ ਸਟੇਸ਼ਨ ਆਉਣ ਤੋਂ ਕੁਝ ਸਮਾਂ ਪਹਿਲਾਂ ਅਸੀ ਜਾਗ ਗਏ ਤੇ ਆਪਣੇ ਸੂਟਕੇਸ ਇਕੱਠੇ ਕੀਤੇ | ਗੱਡੀ ਨੇ 11.15 ਤੇ ਨਵੀ ਦਿੱਲੀ ਪਹੁੰਚਣਾ ਸੀ ਪਰ ਗੱਡੀ ਦਿੱਲੀ ਦੇ ਬਾਹਰ ਹੀ ਪੰਦਰਾਂ ਵੀਹ ਮਿੰਟ ਖੜ ਗਈ ਜਿਸ ਨਾਲ ਸਾਨੂੰ ਇਕ ਗੱਲ ਪੱਕੀ ਹੋ ਗਈ ਕਿ ਹੁਣ ਦਿੱਲੀ ਸਟੇਸ਼ਨ ਤੋਂ ਦਿੱਲੀ ਏਅਰਪੋਰਟ ਜਾਣ ਲਈ ਮੈਟਰੋ ਨਹੀ ਮਿਲਣੀ ਤੇ ਟੈਕਸੀ ਰਾਹੀ ਹੀ ਜਾਇਆ ਜਾ ਸਕਣਾ, ਥੱਲੇ ਬੈਠੀ ਸਵਾਰੀ ਨੇ ਸਾਨੂੰ ਕਿਹਾ ਕਿ ਯੂਬਰ ਦਾ ਐਪ ਡਾਉਨਲੋਡ ਕਰ ਕੇ ਯੂਬਰ ਕਾਰ ਤੇ ਏਅਰਪੋਰਟ ਪਹੁੰਚ ਜਾਈਏ ਨਾਲੇ ਆਮ ਟੈਕਸੀ ਤੋਂ ਕਿਰਾਇਆ ਵੀ ਘੱਟ ਲੱਗਣਾ | ਸਾਨੂੰ ਇਹ ਗੱਲ ਜੱਚ ਗਈ ਤੇ ਰਸ਼ਪਾਲ ਨੇ ਯੂਬਰ ਐਪ ਡਾਊਨਲੋਡ ਕਰ ਕੇ ਰੱਖ ਲਿਆ
ਗੱਡੀ ਰਾਤ ਨੂ 11.40 ਦੇ ਕਰੀਬ ਨਵੀ ਦਿੱਲੀ ਸਟੇਸ਼ਨ ਤੇ ਪਹੁੰਚੀ, ਸਾਡੇ ਕੋਲ ਚਾਰ ਪੰਜ ਘੰਟੇ ਪਏ ਸਨ ਪਰ ਅਸੀਂ ਸੋਚਿਆ ਐਥੇ ਖੱਜਲ ਹੋਣ ਨਾਲੋਂ ਏਅਰਪੋਰਟ ਤੇ ਚੱਲਦੇ ਹਾਂ ਨਾਲੇ ਥੋੜਾ ਆਰਾਮ ਕਰ ਲਵਾਂਗੇ | ਬਾਕੀ ਟੈਕਸੀ ਤੇ ਟੈਂਪੂ ਅੱਠ ਸੌ ਤੋਂ ਹਜ਼ਾਰ ਰੁਪਏ ਮੰਗ ਰਹੇ ਸੀ ਫਿਰ ਜਦੋਂ ਯੂਬਰ ਚੈਕ ਕੀਤੀ ਤਾਂ ਉਸ ਵਿਚ ਸਿਰਫ ਤਿੰਨ ਸੌ ਸੱਤਰ ਰੁਪਏ ਵਿਚ ਟੈਕਸੀ ਮਿਲ ਰਹੀ ਸੀ ਫੋਰਨ ਯੂਬਰ ਕਾਲ ਕੀਤੀ ਵੀਹ ਮਿੰਟ ਵਿਚ ਟੈਕਸੀ ਸਾਡੇ ਕੋਲ ਪਹੁੰਚ ਗਈ ਤੇ ਵਧੀਆ ਏਅਰ ਕੰਡੀਸ਼ਨਡ ਕਾਰ ਵਿਚ ਜਾ ਬਿਰਾਜੇ, ਡਰਾਇਵਰ ਛੋਟੇ ਜਿਹੇ ਕੱਦ ਦਾ ਫੁਰਤੀਲਾ ਗੱਭਰੂ ਸੀ ਜਿਸ ਨੇ ਕਾਰ ਨੂੰ ਜਹਾਜ ਹੀ ਬਣਾਇਆ ਹੋਇਆ ਸੀ ਤੇ ਤੀਹ ਮਿੰਟਾਂ ਵਿਚ ਅਸੀਂ ਦਿੱਲੀ ਡੋਮੈਸਟਿਕ ਏਅਰਪੋਰਟ ਦੇ ਟਰਮੀਨਲ ਇਕ ਦੇ ਬਾਹਰ ਖੜੇ ਹੋਏ ਸੀ | ਡਰਾਇਵਰ ਨੂੰ ਪੈਸੇ ਦੇ ਕੇ ਧੰਨਵਾਦ ਕਿਹਾ ਤੇ ਟਿਕਟਾਂ ਚੈਕ ਕਰਵਾ ਕੇ ਅੰਦਰ ਚਲੇ ਗਏ | ਬੋਰਡਿੰਗ ਪਾਸ ਸਾਡੇ ਕੋਲ ਪਹਿਲਾਂ ਹੀ ਪ੍ਰਿੰਟ ਸੀ ਇਸ ਲਈ ਜਿਆਦਾ ਚਿੰਤਾ ਨਹੀ ਸੀ ਰਸ਼ਪਾਲ ਕੋਲ ਇਕ ਸੱਤ ਕਿਲੋ ਦਾ ਹੈਂਡਬੈਗ ਸੀ ਤੇ ਮੇਰੇ ਕੋਲ ਇਕ ਪੰਦਰਾਂ ਕਿਲੋ ਦਾ ਚੈਕ ਇਨ ਬੈਗ ਤੇ ਸੱਤ ਕਿਲੋ ਹੈਂਡਬੈਗ ਸੀ | ਅਜੇ ਫਲਾਇਟ ਚੈਕ ਸ਼ੁਰੂ ਹੋਣ ਵਿਚ ਦੋ ਘੰਟੇ ਪਏ ਸੀ ਸੋਚਿਆ ਕੌਫੀ ਪੀਂਦੇ ਹਾਂ ਨਾਲੇ ਸੁਸਤੀ ਚਲੀ ਜਾਵੇਗੀ ਬਿਨਾਂ ਰੇਟ ਪੜੇ ਦੋ ਕਾਫੀ ਦਾ ਆਰਡਰ ਜਾ ਮਾਰਿਆ,ਇਸ ਟੂਰ ਵਿਚ ਸੁੱਖ ਨਾਲ ਨਕਦ ਪੈਸੇ ਮੈਂ ਤਾਂ ਰੱਖੇ ਹੀ ਨਹੀਂ ਸੀ ਸਭ ਰਸ਼ਪਾਲ ਨੂੰ ਸੰਭਾਲੇ ਹੋਏ ਸੀ | ਪੈਸੇ ਦੇਣ ਲੱਗਿਆ ਤਾਂ ਪਤਾ ਲੱਗਿਆ ਪੰਜ ਸੋ ਸੱਤਰ ਰੁਪਏ ਦੇ ਦੋ ਕੱਪ ਆਏ, ਧਿਆਨ ਨਾਲ ਦੇਖਿਆ ਤਾਂ ਥੱਲੇ ਟੈਕਸਾਂ ਨੇ ਹੀ ਧੁੱਕੀ ਕੱਢੀ ਹੋਈ ਸੀ ਵੈਸੇ ਹੁਣ ਢਾਬੇ ਤੇ ਆਮ ਚਾਹ ਦਾ ਕੱਪ ਵੀ ਬਾਰਾਂ ਰੁਪਏ ਦਾ ਪੈਂਦਾ ਇਹ ਤਾਂ ਫਿਰ ਏਅਰਪੋਰਟ ਦੀ ਕੌਫੀ ਸੀ | ਢਾਈ ਵਜੇ ਚੈਕ ਇਨ ਸ਼ੁਰੂ ਹੋਇਆ ਤਾਂ ਆਪਣਾ ਸਮਾਨ ਜਮਾਂ ਕਰਵਾ ਕੇ ਸਕਿਉਰਟੀ ਚੈਕ ਕਰਵਾਉਣ ਲਈ ਅੱਗੇ ਵਧ ਗਏ | ਤਲਾਸ਼ੀ ਕਾਹਦੀ ਸੀ ਪੂਰਾ ਸਰੀਰ ਫਰੋਲ ਮਾਰਦੇ ਹੱਥਾਂ ਨਾਲ ਚੈਕਿੰਗ ਵਾਲੇ ਬੰਦੇ, ਬੜਾ ਅਜੀਬ ਜਿਹਾ ਲੱਗਿਆ ਇਹ ਕੰਮ ਪਰ ਫਿਰ ਸੋਚਿਆ ਇੱਥੇ ਕਿਸੇ ਦਾ ਯਕੀਨ ਨਹੀ ਕਰ ਸਕਦੇ ਸੋ ਇਹਨਾਂ ਦਾ ਕੰਮ ਐਦਾਂ ਹੀ ਚੱਲਣਾ ਹੈ | ਰੱਬ ਰੱਬ ਕਰਦੇ ਫਲਾਇਟ ਗੇਟ ਕੋਲ ਜਾ ਪਹੁੰਚੇ ਉੱਥੋਂ ਬੱਸਾਂ ਰਾਹੀ ਸਵਾਰੀਆਂ ਨੇ ਜਹਾਜ ਤੱਕ ਜਾਣਾ ਸੀ | ਸਵਾ ਚਾਰ ਵਜੇ ਯਾਤਰੀਆਂ ਨਾਲ ਬੱਸਾਂ ਭਰਨੀਆਂ ਸ਼ੁਰੂ ਹੋ ਗਈਆਂ ਤੇ ਸਭ ਨੂੰ ਇੰਡੀਗੋ ਦੇ ਜਹਾਜ ਕੋਲ ਜਾ ਖੜਾਇਆ | ਸਭ ਯਾਤਰੀਆਂ ਦੇ ਹੱਥਾਂ ਵਿਚ ਫੋਨਾਂ ਤੇ ਸੈਲਫੀਆਂ, ਫੋਟੋਆਂ ਖਚਾ ਖਚਾ ਖਿੱਚੀਆਂ ਜਾ ਰਹੀਆਂ ਸਨ ਆਪਾਂ ਵੀ ਯਾਦਗਰੀ ਫੋਟੋਆਂ ਜਹਾਜ ਨਾਲ ਖਿੱਚੀਆਂ ਤੇ ਜਹਾਜ ਦੀ ਸੀਟ ਨੰ ਚੌਵੀ ਤੇ ਜਾ ਖੜੋਏ ਰਸ਼ਪਾਲ ਸਿੰਘ ਦੀ ਇੱਛਾ ਸੀ ਕਿ ਉਹਨੇ ਬਾਰੀ ਵਾਲੇ ਪਾਸੇ ਬਹਿਣਾ ਸੋ ਉਹਨੂੰ ਏ ਤੇ ਬਿਠਾ ਕੇ ਮੈਂ ਬੀ ਸੀਟ ਤੇ ਆਸਣ ਜਾ ਲਏ ਨਾਲੇ ਹੁਣ ਮੇਰਾ ਤਾਂ ਸ਼ੌਂਕ ਜਿਹਾ ਮਾਰਿਆ ਗਿਆ ਹੈ ਬਾਰੀ ਕੋਲ ਬਹਿਣ ਦਾ, ਮੈਂ ਤਾਂ ਸੌਣਾ ਹੀ ਹੁੰਦਾ ਜਿੱਥੇ ਮਰਜੀ ਬਿਠਾ ਦਿਉ | ਸਭ ਯਾਤਰੀ ਬਿਠਾਉਨ ਤੋਂ ਬਾਦ ਜਹਾਜ ਨੇ ਅਸਮਾਨ ਵਿਚ ਜਾ ਉਡਾਰੀ ਲਾਈ | ਦਿੱਲੀ ਤੋਂ ਭੁਬਨੇਸ਼ਵਰ ਦਾ ਹਵਾਈ ਸਫਰ ਤਕਰੀਬਨ ਦੋ ਘੰਟੇ ਦਸ ਮਿੰਟ ਦਾ ਸੀ ਜਹਾਜ ਨੇ ਪੰਜ ਵੱਜ ਕੇ ਪੰਜ ਮਿੰਟ ਤੇ ਉੱਡ ਕੇ ਸੱਤ ਵੱਜ ਕੇ ਦਸ ਮਿੰਟ ਤੇ ਭੁਬਨੇਸ਼ਵਰ ਏਅਰਪੋਰਟ ਉੱਤਰਣਾ ਸੀ |
ਰਸ਼ਪਾਲ ਦਾ ਇਹ ਪਹਿਲਾ ਹਵਾਈ ਸਫਰ ਹੋਣ ਕਾਰਣ ਉਹ ਜਿਆਦਾ ਰੋਮਾਂਚਿਤ ਸੀ ਤੇ ਘੜੀ ਮੁੜੀ ਫੋਟੋਆਂ ਖਿੱਚ ਰਿਹਾ ਸੀ ਮੈਂ ਕਿਹਾ ਭਾਈ ਸੋ ਜਾ ਥੋੜੀ ਦੇਰ, ਬੱਦਲਾਂ ਨੇ ਕਿਤੇ ਨਹੀ ਭੱਜਣਾ , ਉੁਹਨਾਂ ਨੇ ਇੱਥੇ ਹੀ ਰਹਿਣਾ ਹਮੇਸ਼ਾ | ਮੈਂ ਉਹਦੀ ਬਾਰੀ ਦਾ ਸ਼ਟਰ ਬੰਦ ਕਰ ਕੇ ਸੀਟ ਤੇ ਹੀ ਸੌਂ ਗਿਆ ਕੁਝ ਦੇਰ ਬਾਦ ਏਅਰਹੋਸਟਸ ਨੇ ਚਾਹ ਪਾਣੀ ਵਾਲੀ ਟਰਾਲੀ ਖਿੱਚ ਲਿਆਂਦੀ | ਚਾਹ ਪਾਣੀ ਅਸੀਂ ਟਿਕਟ ਵਿਚ ਐਡ ਨਹੀ ਕੀਤਾ ਸੀ ਸੋ ਪਾਣੀ ਤਾਂ ਮੁਫਤ ਵਿਚ ਸੀ ਬਾਕੀ ਸਭ ਚੀਜਾਂ ਲਈ ਪੈਸਾ ਦੇਣਾ ਪੈਣਾ ਸੀ | ਰਸ਼ਪਾਲ ਦੇ ਚਾਹ ਵਾਲੇ ਕੀੜੇ ਜਿਆਦਾ ਨੱਚਦੇ ਹਨ ਮੈਨੂੰ ਕਹਿੰਦਾ ਯਾਰ ਬੀਬੀ ਤੋਂ ਚਾਹ ਦਾ ਕੱਪ ਫੜ, ਆਪਾਂ ਚਾਹ ਦਾ ਆਰਡਰ ਕਰ ਦਿੱਤਾ, ਬੀਬੀ ਨੇ ਕਿਹਾ ਕਿ ਸੌ ਰੁਪਿਆ ਇਕ ਕੱਪ ਦਾ ਹੈ ਮੈਂ ਕਿਹਾ ਲਿਆ ਬਈ ਕਰੋ ਸੇਵਾ ਪੈਸਿਆਂ ਦੀ, ਰਸ਼ਪਾਲ ਕਹਿੰਦਾ ਐਡੀ ਮਹਿੰਗੀ ਚਾਹ, ਮੈਂ ਕਿਹਾ ਹੁਣ ਤੇਰੇ ਤੇ ਨਵਾਂ ਲੇਖ ਲਿਖਣਾ ਸੌ ਰੁਪਏ ਵਾਲਾ ਚਾਹ ਦਾ ਕੱਪ. ਐਨਾ ਕਹਿ ਕੇ ਸਾਡੇ ਹਾਸੜ ਮੱਚ ਗਈ ਤੇ ਬੀਬੀ ਨੂੰ ਸੌ ਰੁਪਿਆ ਦੇ ਕੇ ਅਲਵਿਦਾ ਕਹਿ ਤੀ, ਰਸ਼ਪਾਲ ਮੁਤਾਬਕ ਚਾਹ ਤਾਂ ਜਿਆਦਾ ਹੀ ਬੇਸੁਆਦੀ ਸੀ ਖੈਰ ਇਹ ਚਾਹ ਦਾ ਕੱਪ ਯਾਦਗਰੀ ਜਰੂਰ ਰਹਿਣਾ ਉਸ ਲਈ | ਸੱਤ ਵਜੇ ਦੇ ਕਰੀਬ ਜਹਾਜ ਭੁਬਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਾਸ਼ਟਰੀ ਏਅਰਪੋਰਟ ਤੇ ਜਾ ਉੱਤਰਿਆ | ਹੌਲੀ ਹੌਲੀ ਖਾਲੀ ਹੁੰਦਾ ਗਿਆ ਜਹਾਜ ਤੇ ਬੱਸਾਂ ਵਿਚ ਬੈਠ ਕੇ ਯਾਤਰੀ ਟਰਮੀਨਲ ਵਿਚ ਪਹੁੰਚਣੇ ਸ਼ੁਰੂ ਹੋ ਗਏ ਤੇ ਅਸੀਂ ਵੀ ਬੈਲਟ ਤੇ ਜਾ ਪਹੁੰਚੇ ਜਿੱਥੇ ਸੂਟਕੇਸ ਆਉਣੇ ਸੀ, ਯੂਬਰ ਐਪ ਨਾਲ ਪੰਗਾ ਲੈ ਕੇ ਦੇਖਿਆ ਕਿ ਸ਼ਾਇਦ ਕੋਈ ਕਾਰ ਮਿਲ ਜਾਏ ਪਰ ਉੱਥੇ ਗੱਲ ਨਹੀਂ ਬਣੀ ਫਿਰ ਟਰਮੀਨਲ ਦੇ ਅੰਦਰ ਹੀ ਬਣੇ ਟੈਕਸੀ ਦਫਤਰ ਵਿਚ ਗੱਲਬਾਤ ਕੀਤੀ ਤਾਂ ਉਹਨਾਂ ਉਨੀ ਸੌ ਰੁਪਿਆ ਮੰਗ ਲਿਆ ਭਾਰਤੀ ਤਰੀਕੇ ਨਾਲ ਤੌੜ ਮਰੌੜ ਕੀਤੀ ਤਾਂ ਤੇਰਾਂ ਸੌ ਪੰਜਾਹ ਰੁਪਏ ਵਿਚ ਉਹਨਾਂ ਨੇ ਸਾਨੂੰ ਪੁਰੀ ਦੇ ਸਾਡੇ ਹੋਟਲ ਵਿਚ ਛੱਡਣਾ ਮੰਨ ਲਿਆ ਤੇ ਵਾਪਸੀ ਵੀ ਐਨੇ ਪੈਸਿਆਂ ਚ ਸਹਿਮਤ ਹੋ ਗਏ ਪਰ ਮੈਂ ਕਿਹਾ ਕਿ ਵਾਪਸੀ ਬਾਰੇ ਤੁਹਾਨੂੰ ਇਕ ਦਿਨ ਪਹਿਲਾਂ ਦੱਸ ਦਿਆਂਗੇ | ਭੁਬਨੇਸ਼ਵਰ ਏਅਰਪੋਰਟ ਤੋਂ ਪੁਰੀ ਸ਼ਹਿਰ ਵਿਚ ਸਥਿੱਤ ਸਾਡਾ ਹੋਟਲ 60 ਕਿਲੋਮੀਟਰ ਦੇ ਕਰੀਬ ਸੀ | ਭੁਬਨੇਸ਼ਵਰ ਏਅਰਪੋਰਟ ਤੋਂ ਭੁਬਨੇਸ਼ਵਰ ਟਰੇਨ ਸਟੇਸ਼ਨ ਸੀ ਤਾਂ ਸਿਰਫ ਪੰਜ ਕਿਲੋਮੀਟਰ ਪਰ ਸੈਕਿੰਡ ਏ.ਸੀ. ਦਾ ਇਕ ਬੰਦੇ ਦਾ ਕਿਰਾਇਆ 600 ਰੁਪਏ ਸੀ ਤੇ ਬਾਕੀ ਸਟੇਸ਼ਨ ਤੱਕ ਜਾਣ ਦੇ ਅਲੱਗ ਪੈਸੇ ਤੇ ਫਿਰ ਪੁਰੀ ਸਟੇਸ਼ਨ ਤੋਂ ਪੁਰੀ ਹੋਟਲ ਜਾਣ ਦੇ ਅਲੱਗ ਪੈਸੇ ਲੱਗਣੇ ਸੀ | ਹੁਣ ਟੈਕਸੀ ਨੇ ਸਾਨੂੰ ਸਿੱਧਾ ਹੋਟਲ ਦੇ ਅੱਗੇ ਹੀ ਉਤਾਰਣਾ ਸੀ | ਪੈਸੇ ਭਰ ਕੇ ਟੈਕਸੀ ਵਿਚ ਜਾ ਬੈਠੇ ਤੇ ਡਰਾਈਵਰ ਨੇ ਗੱਡੀ ਪੁਰੀ ਹੋਟਲ ਵੱਲ ਪਾ ਲਈ | ਰਸ਼ਪਾਲ ਸਿੰਘ ਨੂੰ ਡਰਾਇਵਰ ਕੋਲੋ ਉੜੀਸਾ ਚ ਖੇਤੀ ਬਾਰੇ ਪਤਾ ਕਰਣ ਦੀ ਤੀਬਰ ਇੱਛਾ ਸੀ | ਉਹ ਕੱਚੀ ਪੱਕੀ ਹਿੰਦੀ ਨਾਲ ਖਿਚੜੀ ਨੁਮਾ ਸਵਾਲ ਡਰਾਇਵਰ ਵੱਲ ਸੁਟ ਰਿਹਾ ਸੀ ਤੇ ਵਿਚਾਰੇ ਡਰਾਇਵਰ ਦੀ ਹਿੰਦੀ ਵੀ ਰਸ਼ਪਾਲ ਵਰਗੀ ਸੀ ਸੋ ਕੁਝ ਕੁ ਗੱਲਾਂਬਾਤਾਂ ਦੋਵਾਂ ਦੇ ਪੱਲੇ ਪੈ ਰਹੀਆਂ ਸਨ ਤੇ ਮੈਂ ਢਿੱਡ ਫੜ ਕੇ ਹੱਸ ਰਿਹਾ ਸੀ ਪਿੱਛੇ ਬੈਠਾ, ਡਰਾਇਵਰ ਵੀ ਕਈ ਵਾਰ ਬਹੁਤ ਲੰਮੀਆਂ ਗੱਪਾਂ ਛੱਡ ਰਿਹਾ ਸੀ ਜਿਵੇਂ ਕਿ ਕਿਸੇ ਉੜੀਆ ਫਿਲਮੀ ਸਟਾਰ ਨੇ ਉਹਨੂੰ ਡਰਾਇਵਿਰ ਬਨਣ ਲਈ ਆਫਰ ਦਿੱਤੀ ਸੀ ਪਰ ਉਹਨੇ ਠੁਕਰਾ ਦਿੱਤੀ | ਪਰ ਡਰਾਇਵੰਗ ਵਾਲੇ ਪਾਸੇ ਤੋਂ ਇਸ ਬਾਊ ਦਾ ਹੱਥ ਤੰਗ ਹੀ ਜਾਪਦਾ ਸੀ | ਅਚਨਚੇਤ ਡਰਾਇਵਰ ਕਹਿੰਦਾ ਕਿ ਤੁਹਾਨੂੰ ਪੁਰੀ ਦਾ ਸਪੈਸ਼ਲ ਨਾਰੀਅਲ ਪਾਣੀ ਪਿਆਉਂਦੇ ਹਾਂ ਗੱਡੀ ਰੋਕੀ ਤੇ ਨਾਰੀਅਲ ਪਾਣੀ ਪੀਤਾ ਬਾਦ ਵਿਚ ਉਸੇ ਨਾਰੀਅਲ ਦੀ ਮਲਾਈ ਵੀ ਕੱਢ ਕੇ ਦਿੱਤੀ ਬਹੁਤ ਸਵਾਦੀ ਪਾਣੀ ਤੇ ਮਲਾਈ ਸੀ | ਵੀਹ ਰੁਪਏ ਦਾ ਇਕ ਨਾਰੀਅਲ ਪਿਆ ਤੇ ਅਸੀਂ ਦੋ ਦੋ ਨਾਰੀਅਲ ਪਾਣੀ ਖਿੱਚ ਗਏ, ਡਰਾਇਵਰ ਭਾਈ ਸਾਬ ਮੇਰੇ ਤੋਂ ਅੱਖ ਬਚਾ ਕੇ ਨਾਰੀਅਲ ਵਾਲੇ ਤੋਂ ਵੀਹ ਰੁਪਏ ਕਮਿਸ਼ਨ ਲੈ ਕੇ ਆਵਦੀ ਜੇਬ ਵਿਚ ਪਾ ਗਏ | ਖੈਰ ਪੁਰੀ ਸ਼ਹਿਰ ਵਿਚ ਅੰਦਰ ਵੜੇ ਤਾਂ ਗੰਦਗੀ ਦੇ ਢੇਰਾਂ ਨੇ ਹੱਥ ਵਿਛਾ ਕੇ ਸਵਾਗਤ ਕੀਤਾ ਜਿਵੇਂ ਜਿਵੇਂ ਅੰਦਰ ਜਾਈਏ ਮੈਨੂੰ ਘਬਰਾਹਟ ਹੋਵੇ ਕਿ ਐਡੀ ਮਾੜੀ ਦੁਰਦਸ਼ਾ ਕੀਤੀ ਪਈ ਹੀ ਐੇਡੇ ਵੱਡੇ ਤੀਰਥ ਅਸਥਾਨ ਦੀ,
ਪੁਰੀ ਸਮੁੰਦਰ ਕੰਢੇ ਬੀਚ ਤੋਂ ਸਿਰਫ ਦੋ ਸੋ ਮੀਟਰ ਦੀ ਦੂਰੀ ਤੇ ਬਣਿਆ ਸੀ ਹੋਟਲ ਸੰਭਿਤ ਪੈਲਸ ਜਿਸ ਵਿਚ ਸਾਡੀ ਦੋ ਰਾਤਾਂ ਦੀ ਬੁਕਿੰਗ ਸੀ ਪੈਸੇ ਤਾਂ ਪਹਿਲਾਂ ਹੀ ਮੇਕ ਮਾਈ ਟਰਿਪ ਰਾਹੀ ਪੇ ਕੀਤੇ ਹੋਏ ਸੀ | ਸਵੇਰੇ ਨੋ ਵਜੇ ਦੇ ਕਰੀਬ ਅਸੀ ਹੋਟਲ ਵਿਚ ਚੈਕ ਇਨ ਕਰ ਕੇ ਚਾਬੀਆਂ ਲੈ ਕੇ ਕਮਰੇ ਨੂੰ ਹੋ ਤੁਰੇ | ਪਰ ਕਮਰਾ ਬਣਿਆ ਸੀ ਚੌਥੀ ਮੰਜਿਲ ਤੇ ਉੱਤੋ ਹੋਟਲ ਵਿਚ ਲਿਫਟ ਨਹੀਂ, ਬਸ ਫਿਰ ਮੈਂ ਰਸ਼ਪਾਲ ਨੂੰ ਚੋਂਦੇ ਚੋਂਦੇ ਸਲੋਕ ਸੁਣਾਏ ਪਰ ਇਸ ਵਾਰ ਉਹਦੇ ਹੱਸਣ ਦੀ ਵਾਰੀ ਸੀ | ਥੱਕੇ ਟੁੱਟੇ ਮਸੀਂ ਬੈੱਡ ਤੇ ਡਿੱਗੇ ਤਾਂ ਮੈਂ ਕਿਹਾ ਕਿ ਦੋ ਘੰਟੇ ਸੋਣ ਤੋਂ ਬਾਦ ਆਪਾਂ ਤਿਆਰ ਹੋ ਕੇ ਨਿਕਲਣਾ ਸਭ ਤੋਂ ਪਹਿਲਾਂ ਪੁਰੀ ਬੀਚ ਕੰਡੇ ਬਣਿਆ ਗੁਰੂਦਆਰਾ ਆਰਤੀ ਸਾਹਿਬ ਦੇਖਣਾ ਫਿਰ ਜਗਨਨਾਥ ਪੁਰੀ ਮੰਦਰ ਬਾਕੀ ਪ੍ਰੋਗਰਾਮ ਬਾਦ ਵਿਚ ਦੇਖੀ ਜਾਵਾਂਗੇ ਤੇ ਕੋਨਾਰਕ ਚ ਬਣਿਆ ਸੂਰਜ ਦੇਵਤੇ ਦਾ ਮੰਦਰ ਅਗਲੇ ਦਿਨ ਦੇਖਣ ਦਾ ਪ੍ਰੋਗਰਾਮ ਬਣਾਇਆ | ਬਸ ਫਿਰ ਏ.ਸੀ. ਦੀਆਂ ਠੰਡੀਆਂ ਹਵਾਵਾਂ ਨੇ ਚੜਾ ਤੀ ਘੂਕੀ ਤੇ ਦੋ ਘੰਟੇ ਬਾਦ ਦਾ ਅਲਾਰਮ ਸੈਟ ਕਰ ਕੇ ਸੋ ਗਏ

.. (ਚੱਲਦਾ)

ਗਿੰਨੀ ਸਾਗੂ
ਮੈਲਬੌਰਨ
ਆਸਟਰੇਲੀਆ
+61-403-147-322
ginni.sagoo@gmail.com

Leave a Reply

Your email address will not be published. Required fields are marked *

%d bloggers like this: