Mon. May 20th, 2019

ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ)

ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਪੰਜਵਾਂ)

ਸਾਡੇ ਤੋਂ ਤਿੰਨ ਸੌ ਮੀਟਰ ਦੀ ਦੂਰੀ ਤੇ ਮੰਦਿਰ ਦੀ ਵੱਡੀ ਇਮਾਰਤ ਯਾਤਰੀਆਂ ਨੂੰ ਖਿੱਚ ਰਹੀ ਸੀ | ਸਟਾਲਾਂ ਟੱਪਦੇ ਟੱਪਦੇ ਮੰਦਰ ਦੇ ਮੁੱਖ ਦੁਆਰ ਕੋਲ ਲੱਗੀ ਸਕਿਉਰਟੀ ਕੋਲ ਪਹੁੰਚੇ ਤਾਂ ਪਤਾ ਲੱਗਿਆ ਟਿਕਟ ਲੈਣ ਲਈ ਫਿਰ ਪਿੱਛੇ ਜਾਣਾ ਪੈਣਾ, ਉੱਥੇ ਲਾਈਨ ਐਡੀ ਵੱਡੀ ਸੀ ਕਿ ਇਕ ਘੰਟਾ ਟਿਕਟ ਲੈਣ ਤੇ ਹੀ ਲੱਗ ਜਾਣਾ ਸੀ | ਉਦੋਂ ਹੀ ਇਕ ਹੋਰ ਗਾਈਡ ਆਣ ਖਲੋਤਾ ਮੈਂ ਕਿਹਾ ਚੱਲ ਗਾਈਡ ਲੈ ਹੀ ਲੈਂਦੇ ਹਾਂ ਮੈਂ ਕਿਹਾ ਬਈ ਟਿਕਟਾਂ ਦਾ ਇੰਤਜਾਮ ਤੂੰ ਕਰਣਾ ਤੇ ਉਹ ਵੀ ਜਲਦੀ, ਗਾਈਡ ਕਹਿੰਦਾ ਚੱਕਰ ਹੀ ਕੋਈ ਨਹੀਂ, ਤਿੰਨ ਸੌ ਰੁਪਏ ਤੋਂ ਸ਼ੁਰੂ ਹੋਈ ਗੱਲ ਢਾਈ ਸੌ ਰੁਪਏ ਵਿਚ ਜਾ ਮੁੱਕੀ ਤੇ ਸਾਡੀ ਟਿਕਟ ਦੇ ਪੈਸੇ ਅਲੱਗ ਤੋਂ ਲੱਗਣੇ ਸੀ | ਗਾਈਡ ਨੇ ਟਿਕਟ ਗੇਟ ਦੇ ਪਿੱਛੋਂ ਦੀ ਜਾ ਕੇ ਇਕ ਮਿੰਟ ਵਿਚ ਸਾਡੀਆਂ ਦੋ ਟਿਕਟਾਂ ਲਿਆ ਤੀਆਂ, ਇਹ ਸਭ ਚੀਜਾਂ ਭਾਰਤ ਵਿਚ ਆਮ ਹੀ ਚੱਲਦੀਆਂ , ਵੈਸੇ ਭਾਰਤੀ ਨਾਗਰਿਕ ਲਈ ਤੀਹ ਰੁਪਏ ਦੀ ਟਿਕਟ ਹੈ ਤੇ ਵਿਦੇਸ਼ੀ ਲਈ ਢਾਈ ਸੌ ਰੁਪਏ ਪਰ ਆਪਾਂ ਭਾਰਤੀ ਨਾਗਰਿਕਾਂ ਵਾਲੀ ਟਿਕਟ ਹੀ ਲਈ ਪੈਸੇ ਬਚਾਉਣ ਦੇ ਮਾਰੇ, ਨਾਲੇ ਮੇਰਾ ਕਿਹੜਾ ਪਤਾ ਲੱਗਣਾ ਸੀ ਕਿ ਭਾਰਤੀ ਹਾਂ ਜਾਂ ਆਸਟਰੇਲੀਅਨ. ਸਕਿਉਰਟੀ ਵਾਲਿਆਂ ਨੇ ਤਲਾਸ਼ੀ ਲੈ ਕੇ ਟਿਕਟਾਂ ਦੇਖ ਕੇ ਸਾਨੂੰ ਅੰਦਰ ਜਾਣ ਦਿੱਤਾ, ਗਾਈਡ ਭਰਾ ਕੋਨਾਰਕ ਦਾ ਹੀ ਵਸਨੀਕ ਸੀ ਉਸ ਨੇ ਸਾਨੂੰ ਪ੍ਰਣਾਮ ਕਰ ਕੇ ਮੰਦਰ ਦੇ ਇਤਿਹਾਸ ਬਾਰੇ ਦੱਸਣਾ ਸ਼ੁਰੂ ਕੀਤਾ
ਹਿੰਦੂ ਇਤਿਹਾਸ ਮੁਤਾਬਕ ਸੂਰਜ ਦੇਵਤਾ ਦੇ ਰੱਥ ਵਿਚ ਬਾਰਾਂ ਜੌੜੀ ਪਹੀਏ ਤੇ ਰੱਥ ਨੂੰ ਖਿੱਚਣ ਲਈ ਸੱਤ ਘੋੜੇ ਮੋਜੂਦ ਹੁੰਦੇ ਹਨ ਸੂਰਜ ਦੇਵਤਾ ਦੇ ਰੱਥ ਦੇ ਰੂਪ ਵਿਚ ਬਣੇ ਇਸ ਮੰਦਿਰ ਵਿਚ ਪਹੀਏ, ਘੋੜੇ ਸਭ ਕੁਝ ਪੱਥਰ ਦਾ ਹੈ | ਸੈਂਕੜੇ ਸਾਲ ਪਹਿਲਾਂ ਮੰਦਰਾਂ ਤੇ ਹੋ ਰਹੇ ਹਮਲਿਆਂ ਦੇ ਫਲਸਰੂਪ ਇਸ ਮੰਦਿਰ ਵਿਚ ਪਈ ਸੂਰਜ ਦੇਵਤਾ ਦੀ ਮੂਰਤੀ ਨੂੰ ਪੁਰੀ ਦੇ ਜਗਨਨਾਥ ਮੰਦਿਰ ਵਿਚ ਸੁਰੱਖਿਅਤ ਸੰਭਾਲ ਦਿੱਤਾ ਗਿਆ ਸੀ ਤੇ ਮੂਰਤੀ ਅੱਜ ਵੀ ਉੱਥੇ ਹੀ ਹੈ | ਇਸ ਮੰਦਿਰ ਵਿਚ ਹੁਣ ਕੋਈ ਵੀ ਮੂਰਤੀ ਨਹੀ ਹੈ | ਮੰਦਿਰ ਦੇ ਮੁੱਖ ਦੁਆਰ ਤੇ ਤਾਲਾ ਲੱਗਿਆ ਹੋਇਆ ਹੈ | | ਇਸ ਮੰਦਿਰ ਦਾ ਨਿਰਮਾਣ ਤੇਰਵੀਂ ਸਦੀ ਦੇ ਕਰੀਬ ਈਸਟਰਨ ਗੰਗਾ ਡਾਇਨਸਟੀ ਦੇ ਰਾਜਾ ਨਰਸਿਮਾਦੇਵਾ ਪਹਿਲੇ ਨੇ ਕਰਵਾਇਆ ਸੀ | ਇਸ ਮੰਦਿਰ ਨੂੰ ਅੰਗਰੇਜ਼ੀ ਵਿਚ ਬਲੈਕ ਪਗੋੜਾ ਵੀ ਕਿਹਾ ਜਾਂਦਾ ਹੈ | ਲਾਲ ਬਲੂਆ ਪੱਥਰ

 ਤੇ ਕਾਲੇ ਗਰੇਨਾਈਟ ਨਾਲ ਬਣਿਆ ਇਹ ਮੰਦਿਰ ਆਪਣੇ ਵਿਸ਼ਾਲ ਰੂਪ ਤੇ ਸ਼ਿਲਪਕਲਾ ਨੂੰ ਲੈ ਕੇ ਜਗਤ ਪ੍ਰਸਿੱਧ ਹੈ | ਸੂਰਜ ਦੇਵਤਾ ਦੇ ਇਸ ਮੰਦਿਰ ਨੂੰ ਯੂਨੈਸਕੋ ਨੇ ਸੰਨ 1984 ਵਿਚ ਵਰਲਡ ਹੈਰੀਟੇਜ ਸਾਈਟ ਦੇ ਵਿਚ ਲਿਆ ਹੈ | ਇਹ ਸੂਰਜ ਦੇਵਤਾ ਦਾ ਮੰਦਿਰ ਸਮੇਂ ਦੀ ਗਤੀ ਨੂੰ ਵੀ ਦਿਖਾਉਂਦਾ ਹੈ |ਪੂਰਬੀ ਦਿਸ਼ਾ ਵੱਲ ਜੁਤੇ ਹੋਏ ਸੱਤ ਘੋੜੇ ਹਫਤੇ ਦੇ ਸੱਤ ਦਿਨਾਂ ਦਾ ਪ੍ਰਤੀਕ ਹਨ | ਬਾਰਾਂ ਜੋੜੀ ਪਹੀਏ ਦਿਨ ਦੇ ਚੌਵੀ ਘੰਟੇ ਦਿਖਾਉਂਦੇ ਹਨ ਪਹੀਏ ਵਿਚ ਅੱਠ ਪੀਸ ਲੱਗੇ ਹੋਏ ਹਨ ਜੋ ਕਿ ਦਿਨ ਦੇ ਅੱਠ ਪਹਿਰਾਂ ਦਾ ਪ੍ਰਤੀਕ ਹਨ ਤੇ ਸੂਰਜ ਘੜੀ ਵਾਂਗ ਅੱਜ ਵੀ ਲੋਕ ਇਸ ਨੂੰ ਦੇਖ ਕੇ ਸਹੀ ਸਮਾਂ ਦੱਸ ਸਕਦੇ ਹਨ | ਗਾਈਡ ਮੁਤਾਬਕ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਸ ਮੰਦਿਰ ਵਿਚ ਵਾਸਤੂ ਦੋਸ਼ ਵੀ ਸੀ ਤਾਂ ਕਰ ਕੇ ਮੰਦਰ 800 ਸਾਲਾਂ ਵਿਚ ਹੀ ਖਤਮ ਹੋ ਗਿਆ | ਕੁਝ ਕਹਿੰਦੇ ਹਨ ਕਿ ਮੁਗਲ ਸੈਨਾ ਨੇ ਮੰਦਰ ਤਬਾਹ ਕਰਣ ਦੀ ਕੋਸ਼ਿਸ ਕੀਤੀ ਹੈ ਮੰਦਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਤੇ ਬਾਦ ਵਿਚ ਇਸ ਤੇ ਮੰਦਰ ਤੇ ਰੇਤ ਇਕੱਠੀ ਹੁੰਦੀ ਗਈ ਤੇ ਇਹ ਰੇਤ ਦੇ ਪਹਾੜ ਥੱਲੇ ਆ ਦਬ ਗਿਆ ਸੀ | 20 ਵੀਂ ਸਦੀ ਵਿਚ ਅੰਗਰੇਜਾਂ ਨੇ ਇਸ ਮੰਦਿਰ ਨੂੰ ਦੁਬਾਰਾ ਲੱਭਣ ਵਿਚ ਸਫਲਤਾ ਪ੍ਰਾਪਤ ਕੀਤੀ | ਇਸ ਮੰਦਿਰ ਦੇ ਦੋ ਮੁੱਖ ਹਿੱਸੇ ਤਬਾਹ ਹੋ ਚੁੱਕੇ ਹਨ ਇਸ ਬਾਰੇ ਵੀ ਕਾਫੀ ਵਿਚਾਰ ਹਨ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੁੱਖ ਮੰਦਿਰ ਦੇ ਸਿਰੇ ਤੇ ਬਹੁਤ ਵਿਸ਼ਾਲ ਚੁੰਬਕ ਪੱਥਰ ਲੱਗਿਆ ਹੋਇਆ ਸੀ ਜਿਸ ਨਾਲ ਮੰਦਿਰ ਦੇ ਸਾਰੇ ਪੱਥਰ ਜੁੜੇ ਹੋਏ ਸਨ | ਇਹ ਵਿਸ਼ਾਲ ਚੁੰਬਕ ਐਨਾ ਤਾਕਤਵਰ ਸੀ ਕਿ ਸਮੁੰਦਰ ਵਿਚ ਇਸ ਮੰਦਿਰ ਕੋਲੋਂ ਲੰਘਦੇ ਸਮੇਂ ਸਮੁੰਦਰੀ ਜਹਾਜਾਂ ਦੇ ਦਿਸ਼ਾ ਦਿਖਾਊ ਯੰਤਰ ਕੰਮ ਕਰਣਾ ਬੰਦ ਕਰ ਦਿੰਦੇ ਸਨ ਸੋ ਅੰਗਰੇਜਾਂ ਨੇ ਆਪਣੇ ਸਮੁੰਦਰੀ ਜਹਾਜ ਬਚਾਉਣ ਲਈ ਉਸ ਚੁੰਬਕ ਨੂੰ ਹਟਾ ਦਿੱਤਾ ਜਿਸ ਨਾਲ ਮੰਦਰ ਦਾ ਸਾਰਾ ਢਾਂਚਾ ਹਿਲ ਗਿਆ ਤੇ ਮੰਦਰ ਦੀ ਇਮਾਰਤ ਖਤਮ ਹੋ ਗਈ | ਪਰ ਇਸ ਬਾਰੇ ਪੱਕੀ ਗੱਲਬਾਤ ਕਿਤੇ ਵੀ ਨਹੀ ਮਿਲਦੀ | ਕਾਫੀ ਪੁਰਾਣੀਆਂ ਚੀਜਾਂ ਦਾ ਭਾਰਤ ਵਿਚ ਇਹ ਰੌਲਾ ਹੈ ਕਿ ਉਸ ਬਾਰੇ ਅਲੱਗ ਅਲੱਗ ਕਹਾਣੀਆਂ ਬਣੀਆਂ ਹੁੰਦੀਆਂ ਹਨ | ਸੋ ਸਾਨੂੰ ਇਹ ਨਹੀ ਪਤਾ ਲੱਗਦਾ ਕਿ ਅਸੀ ਯਕੀਨ ਕਿਸ ਗੱਲ ਦਾ ਕਰੀਏ ਕਿਉਂ ਕਿ ਇੰਟਰਨੈਟ ਤੇ ਅਲੱਗ ਕਹਾਣੀ ਚੱਲ ਰਹੀ ਹੁੰਦੀ ਹੈ ਗਾਈਡ ਕੁਝ ਅਲੱਗ ਦਸ ਰਿਹਾ ਹੁੰਦਾ ਤੇ ਉਸ ਜਗਾ ਤੇ ਮਿਲ ਰਹੀਆਂ ਕਿਤਾਬਾਂ ਵਿਚ ਕੁਝ ਅਲੱਗ ਲਿਖਿਆ ਹੁੰਦਾ
ਥੋੜਾ ਅੱਗੇ ਵੱਧਣ ਤੇ ਮੰਦਿਰ ਦੇ ਸਾਹਮਣੇ ਕੰਡਮ ਹਾਲਤ ਵਿਚ ਸੱਤ ਘੋੜੇ ਦਿਖਾਈ ਦਿੱਤੇ ਜੋ ਕਿ ਹੁਣ ਸੰਭਾਲ ਦੀ ਘਾਟ ਕਾਰਣ ਟੁੱਟ ਗਏ ਹਨ ਤੇ ਸਿਰਫ ਇਕ ਦੋ ਹੀ ਬਚੇ ਹਨ ਉਹ ਵੀ ਹੌਲੀ ਹੌਲੀ ਟੁੱਟ ਰਹੇ ਹਨ ਇਸ ਮੰਦਰ ਦੇ ਬਾਹਰਵਾਰ ਇਸ ਦੀ ਸਾਂਭ ਸੰਭਾਲ ਚਲ ਰਹੀ ਹੋਣ ਕਾਰਣ ਘੋੜੀਆਂ ਲੱਗੀਆਂ ਹੋਈਆਂ ਸੀ ਤੇ ਮੰਦਰ ਦਾ ਮੁੱਖ ਗੇਟ ਬੰਦ ਸੀ ਮਤਲਬ ਅਸੀਂ ਮੰਦਰ ਦੇ ਅੰਦਰ ਤੇ ਉੱਤਲੀ ਮੰਜਿਲ ਤੇ ਜਾ ਨਹੀ ਸਕਦੇ ਸੀ | ਮੰਦਰ ਦੇ ਉੱਪਰ ਕਿਸੇ ਕਿਸਮ ਦੀ ਲੇਜਰ ਜਾਂ ਲਾਈਟ ਦਾ ਇਸਤਮਾਲ ਕਰਣਾ ਮਨਾਂ ਸੀ ਇਸ ਲਈ ਗਾਈਡ ਨੇ ਇਕ ਛੋਟਾ ਸ਼ੀਸਾ ਜੇਬ ਵਿਚ ਰੱਖਿਆ ਹੋਇਆ ਸੀ ਜੋ ਕਿ ਕਿਸੇ ਵਿਸ਼ੇਸ ਮੂਰਤੀ ਜਾਂ ਕਲਾਕ੍ਰਿਤੀ ਤੇ ਸਾਡਾ ਧਿਆਨ ਕੇਂਦਰਿਤ ਕਰਣ ਲਈ ਵਰਤ ਰਿਹਾ ਸੀ | ਗਾਈਡ ਨੇ ਸਾਨੂੰ ਮੰਦਰ ਦੇ ਖੱਬੇ ਪਾਸੇ ਤੋਂ ਮੰਦਰ ਦਿਖਾਉਣਾ ਆਰੰਭ ਕੀਤਾ | ਮੰਦਿਰ ਦੀ ਇਮਾਰਤ ਦੇ ਬਾਹਰ ਇਕ ਇਕ ਇੰਚ ਖੂਬਸੂਰਤ ਤਰੀਕੇ ਨਾਲ ਤਰਾਸ਼ਿਆ ਹੋਇਆ ਸੀ ਜਿੰਨਾਂ ਵਿਚ ਹਿੰਦੂ ਭਗਵਾਨ, ਦੇਵੀ ਦੇਵਤੇ, ਇਨਸਾਨ, ਸੰਗੀਤਕਾਰ,ਪ੍ਰੇਮੀ ਜੋੜੇ, ਵਿਸ਼ਾਲ ਦਰਬਾਰ, ਸ਼ਿਕਾਰ ਤੇ ਯੁੱਧ ਨਾਲ ਸਬੰਧਤ ਮੂਰਤੀਆਂ ਤਰਾਸ਼ੀਆਂ ਹੋਈਆਂ ਸਨ |
ਅਕਸਰ ਇਹ ਸੁਨਣ ਵਿਚ ਆਇਆ ਸੀ ਕਿ ਇਸ ਮੰਦਿਰ ਵਿਚ ਨਗਨ ਮੂਰਤੀਆਂ ਦੀ ਭਰਮਾਰ ਹੈ, ਮੈਂ ਗਾਈਡ ਨੂੰ ਪੁੱਛਿਆ ਕਿ ਯਾਰ ਇਹ ਤਾਂ ਸਭ ਆਮ ਤਰਾਸ਼ੀਆਂ ਮੂਰਤੀਆਂ ਹਨ ਜਿਹੜਾ ਦੁਨੀਆ ਵਿਚ ਰੌਲਾ ਪੈਂਦਾ ਕਿ ਇੱਥੇ ਕਾਮੁਕ ਮੁਦਰਾ ਨਾਲ ਸਬੰਧਿਤ ਮੂਰਤੀਆਂ ਹਨ ਉਹ ਕਿਹੜੇ ਪਾਸੇ ਹਨ ਤਾਂ ਗਾਈਡ ਨੇ ਦੱਸਿਆ ਕਿ ਉਹ ਮੂਰਤੀਆਂ ਇਥੇ ਸਿਰਫ ਪੰਜ ਪ੍ਰਤੀਸ਼ਤ ਹਨ | ਉਹਨਾਂ ਨੂੰ ਬਣਾਉਣ ਦਾ ਕਾਰਣ ਇਹ ਸੀ ਇਹ ਮੰਦਿਰ ਜ਼ਿੰਦਗੀ ਦੀਆਂ ਤਿੰਨ ਅਵਸਥਾਵਾਂ ਨੂੰ ਮੁੱਖ ਮੰਨ ਕੇ ਬਣਾਇਆ ਗਿਆ ਹੈ ਪਹਿਲੇ ਪੜਾਅ ਵਿਚ ਬਚਪਨ ਦੂਜੇ ਵਿਚ ਜਵਾਨੀ ਤੀਜੇ ਵਿਚ ਬੁਢਾਪਾ, ਗਾਈਡ ਨੇ ਸਾਨੂੰ ਮੰਦਿਰ ਦੇ ਸਭ ਤੋਂ ਥੱਲੇ ਬਣੀਆਂ ਮੂਰਤੀਆਂ ਦਿਖਾਈਆਂ ਜਿੰਨਾਂ ਵਿਚ ਜਾਨਵਰਾਂ ਤੇ ਹੋਰ ਬਚਪਨ ਸਬੰਧੀ ਮੂਰਤੀਆਂ ਦਿਖਾਈ ਦਿੱਤੀਆਂ ਫਿਰ ਉਸ ਨੇ ਉਸ ਦੇ ਉੱਤੇ ਬਣੀਆਂ ਕਾਮੁਕ ਮੁਦਰਾ ਵਾਲੀਆਂ ਮੂਰਤੀਆਂ ਦਿਖਾਈਆਂ ਜਿਸ ਵਿਚ ਔਰਤ ਹਾਰ ਸ਼ਿੰਗਾਰ ਤੋਂ ਲੈ ਕੈ ਕਾਮ ਕਿਰਿਆ ਵਿਚ ਮਸਤ ਦਿਖਾਈ ਦੇ ਰਹੀ ਹੈ ਤੇ ਹੋਰ ਵੀ ਇਸ ਸਬੰਧਤ ਕਾਫੀ ਮੂਰਤੀਆਂ ਸਨ ਪਰ ਇਹ ਮੂਰਤੀਆਂ ਕੋਈ ਜਿਆਦਾ ਵੱਡੀਆਂ ਨਹੀਂ ਸਨ | ਇਸ ਸਾਰੇ ਮੰਦਿਰ ਦੀ ਫੇਰੀ ਨੂੰ ਮੈਂ ਫੇਸਬੁੱਕ ਤੇ ਲਾਈਵ ਵੀ ਦਿਖਾਇਆ ਦੋਸਤਾਂ ਨੂੰ | ਪਰ ਵਾਕਿਆ ਹੀ ਅਗਰ ਸਭ ਚੀਜਾਂ ਰਲਾ ਕੇ ਦੇਖੀਏ ਤਾਂ ਕਾਮ ਮੁਦਰਾ ਵਾਲੀਆਂ ਸਿਰਫ ਪੰਜ ਪ੍ਰਤੀਸ਼ਤ ਮੂਰਤੀਆਂ ਹੀ ਸਨ ਪਰ ਭਾਰਤੀ ਲੋਕਾਂ ਦਾ ਸੁਭਾਅ ਹੈ ਕਿ ਸੌ ਚੰਗੀ ਚੀਜ਼ ਦੇ ਮੁਕਾਬਲੇ ਇਕ ਮਾੜੀ ਚੀਜ਼ ਦਾ ਪ੍ਰਚਾਰ ਜਿਆਦਾ ਕਰਦੇ ਹਨ | ਮੈਂ ਉੱਥੇ ਹਜ਼ਾਰਾਂ ਦੀ ਗਿਣਤੀ ਵਿਚ ਆਏ ਪਰਿਵਾਰ ਦੇਖੇ ਜਿਹੜੇ ਆਪਣੇ ਬੀਵੀ, ਬੱਚਿਆਂ ਨਾਲ ਇਹ ਮੰਦਿਰ ਦੇਖ ਰਹੇ ਸੀ | ਮੈਨੂੰ ਵੀ ਹਾਸਾ ਆਵੇ ਕਿ ਜਿਸ ਦੇਸ਼ ਵਿਚ ਵਾਤਸਾਈਨ ਵਰਗਾ ਰਿਸ਼ੀ ਕਾਮਸੂਤਰ ਵਰਗੀ ਐਡੀ ਵੱਡੀ ਕਿਤਾਬ ਲਿਖ ਕੇ ਦੇ ਗਿਆ ਹੋਵੇ ਸਾਡੇ ਲੋਕ ਅੱਜ ਵੀ ਕਾਮ ਵਿਸ਼ੇ ਨੂੰ ਲੈ ਕੇ ਸ਼ਰਮਾ ਰਹੇ ਹੁੰਦੇ ਹਨ | ਪੰਜਾਬ ਦੇ ਮੌਗਾ ਸ਼ਹਿਰ ਨਾਲ ਸਬੰਧਤ ਤੇ ਇਸ ਸਮੇਂ ਨਾਰਵੇ ਰਹਿ ਰਹੇ ਮੇਰੇ ਖਾਸ ਦੋਸਤ ਰੁਪਿੰਦਰ ਢਿੱਲੋਂ ਨੇ ਵੀ ਮੈਨੂੰ ਇਹਨਾਂ ਚੀਜਾਂ ਬਾਰੇ ਕਾਫੀ ਖੁੱਲ ਕੇ ਜਾਣਕਾਰੀ ਦਿੱਤੀ ਸੀ ਕਿ ਮੰਦਿਰ ਬਾਰੇ ਗਲਤ ਪ੍ਰਚਾਰ ਆਪਣੇ ਭਾਰਤੀ ਬੰਦੇ ਹੀ ਜਿਆਦਾ ਕਰਦੇ ਹਨ | ਰੁਪਿੰਦਰ ਢਿੱਲੋਂ ਦਾ ਕਾਫੀ ਸਮਾਂ ਉੜੀਸਾ ਵਿਚ ਬੀਤਿਆ ਹੈ ਤੇ ਅੱਜ ਵੀ ਉਹਨਾਂ ਦਾ ਟਰਾਂਸਪੋਰਟ ਦਾ ਕੰਮ ਇੱਥੇ ਚੱਲਦਾ ਹੈ | ਗਾਈਡ ਨੇ ਸਾਨੂੰ ਰੱਥ ਦਾ ਉਹ ਪਹੀਆ ਵੀ ਦਿਖਾਇਆ ਜੋ ਕੁਝ ਸਾਲ ਪਹਿਲਾਂ ਭਾਰਤ ਦੇ ਵੀਹ ਰੁਪਏ ਦੇ ਨੋਟ ਤੇ ਛਪਿਆ ਹੁੰਦਾ ਸੀ ਨਾਲ ਨਾਲ ਮੈਂ ਇਹ ਚੀਜਾਂ ਦੇ ਵੀਡੀਉ ਵੀ ਬਣਾ ਰਿਹਾ ਸੀ ਤੇ ਨੋਟ ਵੀ ਕਰਦਾ ਰਿਹਾ ਅੱਜ ਤਾਂ ਹੀ ਇਹ ਚੀਜਾਂ ਨੂੰ ਲਿਖਣ ਵਿਚ ਕਾਮਯਾਬ ਹੋ ਰਿਹਾ ਹਾਂ | ਸਵਾ ਘੰਟੇ ਵਿਚ ਗਾਈਡ ਨੇ ਆਪਣਾ ਟੂਰ ਖਤਮ ਕਰ ਦਿੱਤਾ ਤੇ ਬਾਦ ਵਿਚ ਅਸੀਂ ਹੋਰ ਤਸਵੀਰਾਂ ਖਿੱਚਣ ਲੱਗ ਗਏ | ਐਨੇ ਨੂੰ ਉੱਥੇ ਫੋਟੋਆਂ ਖਿੱਚ ਰਹੇ ਫੋਟੋਗ੍ਰਾਫਰਾਂ ਨੇ ਸਾਨੂੰ ਘੇਰਾ ਪਾ ਲਿਆ ਕਿ ਵਧੀਆ ਫੋਟੋ ਖਿੱਚ ਕੇ ਦਿਆਂਗੇ ਮੈਂ ਕਿਹਾ ਚਲੋ ਦੋ ਚਾਰ ਵਧੀਆ ਖਿੱਚਵਾ ਲੈਂਦੇ ਹਾਂ ਹਾਲਾਂ ਕਿ ਰਸ਼ਪਾਲ ਰਾਜੀ ਨਹੀ ਸੀ ਪਰ ਮੈਂ ਕਿੱਥੇ ਸੁਨਣੀ ਸੀ ਰਸ਼ਪਾਲ ਦੀ, ਬਾਦ ਵਿਚ ਰਸ਼ਪਾਲ ਦੀਆਂ ਵੀ ਤਿੰਨ ਚਾਰ ਫੋਟੋਆਂ ਖਿੱਚਵਾ ਦਿੱਤੀਆਂ ਕਿਉਂ ਕਿ ਪੈਸੇ ਤਾਂ ਰਸ਼ਪਾਲ ਨੇ ਦੇਣੇ ਸੀ | ਬਾਦ ਵਿਚ ਬਾਹਰ ਆਏ ਤਾਂ ਰੇਹੜੀਆਂ ਦੇ ਬਰਫ ਦੇ ਗੋਲੇ ਤੇ ਗੋਲਗੱਪਿਆਂ ਦਾ ਆਨੰਦ ਲਿਆ |
ਆਸੇ ਪਾਸੇ ਲੱਗੀਆਂ ਸਟਾਲਾਂ ਦੇਖਦੇ ਦੇਖਦੇ ਅਸੀ ਵਾਪਸ ਤੁਰ ਪਏ ਤਾਂ ਦੇਖਿਆ ਸਾਡਾ ਡਰਾਈਵਰ ਸਾਨੂੰ ਲੱਭਦਾ ਆ ਰਿਹਾ ਸੀ ਕਿਉਂ ਕਿ ਡਰਾਈਵਰ ਨੇ ਕਿਹਾ ਦੋ ਘੰਟੇ ਉਹ ਇੰਤਜ਼ਾਰ ਕਰੇਗਾ | ਅਸੀਂ ਵਾਪਸ ਜਾਂਦੇ ਜਾਂਦੇ ਫਿਰ ਪਾਨ ਵਾਲੇ ਕੋਲ ਜਾ ਨਾਕੇ ਲਾਏ ਇਸ ਵਾਰ ਆਪ ਵੀ ਪਾਨ ਖਾਧਾ ਤੇ ਰਸ਼ਪਾਲ ਸਿਉੁਂ ਨੂੰ ਵੀ ਪਾਨ ਛਕਾ ਦਿੱਤਾ | ਕਾਰ ਵਿਚ ਜਾ ਬੈਠੇ ਤੇ ਡਰਾਈਵਰ ਨੇ ਕਾਰ ਪੁਰੀ ਵੱਲ ਵਾਪਸ ਖਿੱਚ ਲਈ, ਡਰਾਈਵਿੰਗ ਵਿਚ ਬਾਹਲਾ ਕਾਹਲਾ ਸੀ ਇਹ ਡਰਾਇਵਰ, ਚੰਦਰਭਾਗਾ ਬੀਚ ਟੱਪਣ ਬਾਦ ਅੱਸੀ ਨੱਬੇ ਦੀ ਸਪੀਡ ਤੇ ਚੱਲ ਰਹੀ ਕਾਰ ਇਸ ਨੇ ਦੂਜੇ ਵਹੀਕਲ ਨੂੰ ਉਵਰਟੇਕ ਕਰਦਿਆਂ ਸੱਜੇ ਪਾਸੇ ਵੱਲ ਖੜੀ ਕਾਰ ਦੀ ਬਾਰੀ ਵਿਚ ਮਾਰ ਦਿੱਤੀ, ਦੂਜੀ ਕਾਰ ਵਾਲਾ ਡਰਾਇਵਰ ਆਵਦੇ ਪਾਸੇ ਵਾਲੀ ਬਾਰੀ ਖੋਲ ਕੇ ਬਾਹਰ ਆ ਰਿਹਾ ਸੀ ਜਿਸ ਵਿਚ ਸਾਡੀ ਕਾਰ ਦੀ ਸਾਈਡ ਵੱਜ ਗਈ | ਕਸੂਰ ਸੌ ਪ੍ਰਤੀਸ਼ਤ ਸਾਡੇ ਡਰਾਈਵਰ ਦਾ ਸੀ ਇਸ ਨੇ ਕਾਰ ਪਾਸੇ ਤੇ ਖੜੀ ਕਰ ਕੇ ਦੂਜੇ ਡਰਾਈਵਰ ਨਾਲ ਬਹਿਸ ਕਰਣੀ ਸ਼ੁਰੂ ਕਰ ਦਿੱਤੀ | ਸਾਡੀ ਕਾਰ ਦਾ ਸਾਈਡ ਮਿਰਰ ਵੀ ਟੁੱਟ ਗਿਆ ਸੀ ਤੇ ਉਲਟਾ ਸਾਡਾ ਡਰਾਈਵਰ ਦੂਜੇ ਡਰਾਈਵਰ ਤੋਂ ਪੈਸੇ ਮੰਗ ਰਿਹਾ ਸੀ | ਸੀਟ ਬੈਲਟਾਂ ਲੱਗੀਆਂ ਹੋਣ ਕਾਰਣ ਸਾਡਾ ਬਚਾਅ ਹੋ ਗਿਆ ਸੀ | ਥੋੜੀ ਦੇਰ ਬਾਦ ਸਾਡੇ ਵਾਲੇ ਨੇ ਆ ਕੇ ਕਾਰ ਦੀ ਸੈਲਫ ਮਾਰੀ ਤਾਂ ਤੋਰਨ ਲੱਗਿਆ ਤਾਂ ਪਤਾ ਨਹੀਂ ਮੇਰੇ ਦਿਮਾਗ ਵਿਚ ਕੀ ਆਈ ਮੈਂ ਡਰਾਇਵਰ ਨੂੰ ਕਹਿ ਬੈਠ ਕਿ ਦੂਜੇ ਡਰਾਇਵਰ ਦੀਆਂ ਡਿਟੇਲ ਲੈ ਲਾ ਬਾਦ ਵਿਚ ਇਕ ਦੂਜੇ ਨਾਲ ਨਿਪਟਾਰਾ ਕਰ ਲਿਉ, ਐਨੀ ਗੱਲ ਸੁਣ ਕੇ ਸਾਡਾ ਡਰਾਇਵਰ ਫਿਰ ਉੱਤਰ ਗਿਆ ਤੇ ਜਾ ਕੇ ਦੂਜੇ ਨਾਲ ਬਹਿਸ ਪਿਆ, ਰਸ਼ਪਾਲ ਮੈਨੂੰ ਝੱਈਆਂ ਲੈ ਲੈ ਪਏ ਕਿ ਤੂੰ ਫਿਰ ਸਿਆਪਾ ਪਾ ਤਾ ਚੰਗੇ ਭਲੇ ਜਾਣ ਲੱਗੇ ਸੀ | ਮੈਂ ਕਿਹਾ ਯਾਰ ਮੇਰਾ ਦਿਮਾਗ ਵਿਚ ਆਸਟਰੇਲੀਅਨ ਕਾਨੂੰਨ ਆ ਬੈਠਾ ਜਿਸ ਕਰਕੇ ਇਹ ਕਹਿ ਬੈਠਾ, ਅੰਤ ਦਸ ਮਿੰਟ ਬਾਦ ਫਿਰ ਪਤਾ ਨਹੀ ਕਿਵੇਂ ਉਹ ਮੁਕ ਮੁਕੱਈਆ ਕਰ ਕੇ ਆਇਆ ਤੇ ਕਾਰ ਪੁਰੀ ਨੂੰ ਤੋਰ ਦਿੱਤੀ, ਹੁਣ ਇਹ ਜਾਂਦਾ ਹੋਇਆ ਇਹ ਕਹੀ ਜਾਵੇ ਯਾਰ ਹਫਤਾ ਪਹਿਲਾਂ ਵੀ ਮੇਰੇ ਤੋਂ ਕਾਰ ਵੱਜ ਗਈ ਸੀ ਤੇ ਤੁਸੀ ਮਾਲਕ ਨੂੰ ਇਹ ਕਹਿ ਦਿਉ ਕਿ ਦੂਜੀ ਕਾਰ ਵਾਲੇ ਦਾ ਕਸੂਰ ਸੀ ਉਹਨੇ ਆਪਣੇ ਵਿਚ ਮਾਰੀ | ਮੈਂ ਕਿਹਾ ਕੋਈ ਨਾ ਤੂੰ ਪਹਿਲਾਂ ਪੁਰੀ ਪਹੁੰਚਾ ਫਿਰ ਦੇਖਦੇ ਹਾਂ ਕਿ ਬਣਦਾ |
ਟੈਕਸੀ ਸਟੈਂਡ ਤੇ ਪਹੁੰਚੇ ਤਾਂ ਅੱਗੇ ਮਾਲਿਕ ਹੈ ਨਹੀ ਸੀ ਡਰਾਇਵਰ ਕਹੇ ਕਿ ਦੋ ਸੌ ਰੁਪਿਆ ਹੋਰ ਦੇ ਦਿਉ ਰਸ਼ਪਾਲ ਸਿਰ ਮਾਰੇ ਕਿ ਨਹੀ ਦੇਣਾ, ਮੈਂ ਕਿਹਾ ਦਫਾ ਕਰ ਰਸ਼ਪਾਲ ਸੌ ਰੁਪਿਆ ਦੇ ਕੇ ਨਿਕਲਣ ਦੀ ਕਰ ਮੁੜ ਕੇ ਐਂਵੇਂ ਹੋਰ ਨਾ ਖੱਜਲ ਹੋ ਜਾਈਏ ਕਿਤੇ, ਅੰਤ ਡੇਢ ਸੌ ਰੁਪੇ ਦੇ ਕੇ ਅਸੀਂ ਬੀਚ ਤੇ ਜਾ ਡਿੱਗੇ ਕਿ ਐਥੇ ਥੋੜੀ ਦੇਰ ਆਰਾਮ ਕਰ ਕੇ ਹੋਟਲ ਚੱਲਦੇ ਹਾਂ ਅਗਲੇ ਦਿਨ ਸਾਡੀ ਭੁਬਨੇਸ਼ਵਰ ਤੋਂ ਦਿੱਲੀ ਦੀ ਫਲਾਈਟ ਸੀ ਅਸੀ ਫੈਸਲਾ ਕੀਤਾ ਕਿ ਏਅਰਪੋਰਟ ਵਾਲੀ ਟੈਕਸੀ ਕੰਪਨੀ ਨੂੰ ਫੋਨ ਮਾਰਦੇ ਹਾਂ ਕਿ ਉਹੀ ਸਾਨੂੰ ਹੋਟਲ ਵਿਚੋਂ ਚੁੱਕ ਕੇ ਏਅਰਪੋਰਟ ਛੱਡ ਦੇਵੇਗੀ | ਰਸ਼ਪਾਲ ਨੇ ਸਵੇਰੇ ਅੱਠ ਵਜੇ ਟੈਕਸੀ ਨੂੰ ਹੋਟਲ ਪਹੁੰਚਣ ਲਈ ਕਹਿ ਦਿੱਤਾ |
ਤਕਰੀਬਨ ਅੱਧਾ ਦਿਨ ਸਾਡਾ ਬੀਤ ਚੁੱਕਿਆ ਸੀ, ਦੇਖਣ ਨੂੰ ਤਾਂ ਪੁਰੀ ਵਿਚ ਹੋਰ ਬਹੁਤ ਕੁਝ ਸੀ ਪਰ ਸਮੇਂ ਦੀ ਘਾਟ ਸੀ ਤੇ ਸਵੇਰੇ ਦੀ ਟਿਕਟ ਬੁੱਕ ਸੀ ਇਸ ਲਈ ਕਿਤੇ ਹੋਰ ਜਾਣ ਦਾ ਅਸੀਂ ਪੰਗਾ ਨਹੀ ਲਿਆ ਤੇ ਇਹ ਸੋਚਿਆ ਕਿ ਅੱਜ ਬੀਚ ਤੇ ਹੀ ਆਨੰਦ ਲੈਣਾ ਬਹਿ ਕੇ ਹੁਣ, ਰਾਤ ਦੇ ਨੌ ਵਜੇ ਤੱਕ ਕੁਰਸੀਆਂ ਤੇ ਅਸੀਂ ਬੈਠੇ ਰਹੇ ਕਦੇ ਕੋਈ ਮਾਲਿਸ ਕਰਣ ਵਾਲਾ ਆ ਜਾਇਆ ਕਰੇ ਕਦੇ ਕੋਈ ਸਮਾਨ ਵੇਚਣ ਵਾਲਾ, ਮੈਂ ਮਾਲਸ਼ੀ ਤੋਂ ਲੱਤਾਂ ਘੁਟਵਾਣ ਲੱਗ ਗਿਆ ਤੇ ਰਸ਼ਪਾਲ ਆਵਦੇ ਏਜੰਟਾਂ ਲਈ ਸ਼ੰਖ ਨੁਮਾ ਚਾਬੀ ਦੇ ਛੱਲੇ ਖਰੀਦਣ ਵਿਚ ਲੱਗਿਆ ਰਿਹਾ | ਫਿਰ ਰਾਤ ਨੂੰ ਹੋਟਲ ਆ ਕੇ ਸੌ ਗਏ |
ਸਵੇਰੇ ਅੱਠ ਵਜੇ ਅਸੀ ਨਹਾ ਧੋ ਕੇ ਹੋਟਲ ਵਿਚ ਥੱਲੇ ਆ ਪਹੁੰਚੇ ਤੇ ਟੈਕਸੀ ਤੇ ਬਹਿ ਕੇ ਵਾਪਸ ਭੁਬੇਨਸ਼ਵਰ ਵੱਲ ਰਵਾਨਾ ਹੋ ਗਏ | ਰਸ਼ਪਾਲ ਦੀ ਨਾਰੀਅਲ ਪਾਣੀ ਪੀਣ ਦੀ ਇੱਛਾ ਰਸਤੇ ਵਿਚ ਪੂਰੀ ਕਰ ਦਿੱਤੀ ਬਾਕੀ ਨਾਸ਼ਤਾ ਏਅਰਪੋਰਟ ਤੇ ਜਾ ਕੇ ਕਰਣ ਦਾ ਵਿਚਾਰ ਸੀ | ਭੁਬਨੇਸ਼ਵਰ ਦਾ ਲਿੰਗੇਸ਼ਵਰ ਮੰਦਿਰ ਬਹੁਤ ਮਸ਼ਹੂਰ ਹੈ ਮੈਂ ਡਰਾਇਵਰ ਨੂੰ ਕਿਹਾ ਕਿ ਜਾਣ ਲੱਗੇ ਉਹ ਮੰਦਰ ਦੇਖ ਚੱਲੀਏ ਕਿਉਂ ਕਿ ਮੰਦਿਰ ਏਅਰਪੋਰਟ ਦੇ ਰਸਤੇ ਵਿਚ ਹੀ ਆਉਣਾ ਸੀ ਡਰਾਈਵਰ ਕਹਿੰਦਾ ਬਾਬੂ ਜੀ ਜਿਤਨਾ ਆਪ ਕੋ ਅੱਛਾ ਲਗੇ ਪਚਾਸ ਸੌ ਰੁਪਿਆ ਦੇ ਦੇਣਾ ਮੈਂ ਕਿਹਾ ਚੱਲ ਲੈ ਲਈ ਭਰਾਵਾਂ, ਲਿੰਗੇਸ਼ਵਰ ਮੰਦਿਰ ਪਹੁੰਚੇ ਤਾਂ ਮੰਦਰ ਦੇ ਬਾਹਰ ਹਿੰਦੀ ਤੇ ਅੱਧੀ ਅੰਗਰੇਜੀ ਵਿਚ ਲਿਖਿਆ ਪੜਿਆ ਕਿ ਸਿਰਫ ਹਿੰਦੂ ਧਰਮ ਦੇ ਲੋਕ ਹੀ ਅੰਦਰ ਆ ਸਕਦੇ ਹਨ | ਚਲੋ ਜੀ ਟੈਕਸੀ ਚੋਂ ਉੱਤਰਣ ਦੀ ਲੋੜ ਵੀ ਨਹੀ ਪਈ ਮੈਂ ਕਿਹਾ ਚਲ ਬਾਈ ਏਅਰਪੋਰਟ ਹੀ ਲਾਹ ਦੇ ਹੁਣ ਸਿੱਧਾ, ਸਾਢੇ ਨੌ ਵਜੇ ਏਅਰਪੋਰਟ ਜਾ ਵੱਜੇ, ਬੋਰਡਿੰਗ ਪਾਸ ਸਾਡੇ ਪਰਿੰਟ ਕਰ ਕੇ ਰੱਖੇ ਹੋਏ ਸੀ ਪਰ ਅਜੇ ਗੇਟ ਖੁੱਲੇ ਨਹੀ ਸੀ ਅੱਗੇ ਇੰਡੀਗੋ ਦੀ ਕਸਟਮਰ ਸਰਵਿਸ ਵਾਲੀ ਪੰਜਾਬਣ ਕੁੜੀ ਸੀ, ਬੀਬੀ ਨੂੰ ਬੇਨਤੀ ਕੀਤੀ ਕਿ ਸਮਾਨ ਰਖਵਾ ਲਉ ਅਸੀ ਤੱਕ ਤੱਕ ਲੰਗਰ ਪਾਣੀ ਛਕ ਲਈਏ ਉਹਨੇ ਬੈਗ ਐਕਸ ਰੇ ਕਰਵਾ ਕੇ ਸਟੀਕਰ ਲਾ ਕੇ ਰੱਖ ਤੇ |
ਇਕ ਵਧੀਆ ਰੈਸਟੋਰੈਂਟ ਨਜਰੀਂ ਪਿਆ ਤੇ ਸਬੱਬ ਨਾਲ ਪੂੜੀਆਂ ਛੋਲੇ ਦਿਖ ਗਏ ਮੀਨੂੰ ਕਾਰਡ ਤੇ ਸਾਨੂੰ, ਸੀ ਤਾਂ ਇਕ ਸੌ ਵੀਹ ਰੁਪਏ ਦੀ ਇਕ ਪਲੇਟ, ਪਰ ਬਹੁਤ ਵਧੀਆ ਭੋਜਨ ਸੀ | ਆਰਾਮ ਨਾਲ ਖਾ ਕੇ ਤੇ ਸਕਿਉਰਟੀ ਚੈਕ ਕਰਵਾ ਕੇ ਆਵਦੇ ਟਰਮੀਨਲ ਤੇ ਜਾ ਖੜੇ | ਸਾਢੇ ਗਿਆਰਾਂ ਵਜੇ ਕਰੀਬ ਜਹਾਜ ਵਿਚ ਸਵਾਰੀਆਂ ਬੈਠਨੀਆਂ ਸ਼ੁਰੂ ਹੋ ਗਈਆਂ ਤੇ ਸਵਾ ਬਾਰਾਂ ਵਜੇ ਪਾਈਲਟ ਨੇ ਜਹਾਜ ਰਨਵੇ ਤੋ ਹਵਾ ਵਿਚ ਖਿੱਚ ਲਿਆਂਦਾ | ਪੌਣੇ ਦੌ ਵਜੇ ਸਾਡੀ ਫਲਾਈਟ ਨੇ ਹੈਦਰਾਬਾਦ ਉੱਤਰਣਾ ਸੀ | ਪੁਰੀ ਦੇ ਵਿਚ ਬੀਤੇ ਦੋ ਦਿਨ ਬਹੁਤ ਹਸੀਨ ਤੇ ਯਾਦਗਰੀ ਸੀ | ਇਹਨਾਂ ਯਾਦਾਂ ਬਾਰੇ ਸੋਚਦਾ ਸੋਚਦਾ ਆਪਾਂ ਨੀਂਦ ਦੇ ਦਰਸ਼ਨ ਕਰ ਲਏ |
……….. (ਚੱਲਦਾ)

ਗਿੰਨੀ ਸਾਗੂ
ਮੈਲਬੌਰਨ
ਆਸਟਰੇਲੀਆ
+61-403-147-322
ginni.sagoo@gmail.com

Leave a Reply

Your email address will not be published. Required fields are marked *

%d bloggers like this: