Mon. May 20th, 2019

ਅਣਦੇਖਿਆ ਭਾਰਤ: ਸੁਪਰ ਫਾਸਟ ਤੜਥੱਲੀ ਟੂਰ ਭਾਗ ਚੌਥਾ

ਅਣਦੇਖਿਆ ਭਾਰਤ: ਸੁਪਰ ਫਾਸਟ ਤੜਥੱਲੀ ਟੂਰ ਭਾਗ ਚੌਥਾ

ਗੁਰਦੁਆਰਾ ਬਾਉਲੀ ਮੱਥਾ ਤੋਂ ਤਕਰੀਬਨ ਇਕ ਮੀਲ ਤੇ ਬਣਿਆ ਹੈ ਭਗਵਾਨ ਜਗਨਨਾਥ ਦਾ ਵਿਸ਼ਵਪ੍ਰਸਿੱਧ ਮੰਦਿਰ, ਜਿਸ ਵਿਚ ਭਗਵਾਨ ਜਗਨਨਾਥ, ਬਲਰਾਮ ਤੇ ਉਹਨਾਂ ਦੀ ਭੈਣ ਸੁੱਭਦਰਾ ਦੀਆਂ ਮੂਰਤੀਆਂ ਸਥਾਪਿਤ ਹਨ | ਹਰ ਸਾਲ ਪੁਰੀ ਵਿਚ ਰੱਥ ਯਾਤਰਾ ਕੱਢੀ ਜਾਂਦੀ ਹੈ ਜਿਸ ਵਿਚ ਦੇਸ਼ ਵਿਦੇਸ਼ ਤੋਂ ਕਰੋੜਾਂ ਲੋਕ ਸ਼ਾਮਿਲ ਹੋਣ ਆਉਂਦੇ ਹਨ | ਪੁਰੀ ਵਿਚ ਆਉਣ ਤੋਂ ਪਹਿਲਾਂ ਮੈਂ ਮੈਲਬੋਰਨ ਤੋ ਹੀ ਪੁਰੀ ਬਾਰੇ ਨਿੱਕੀ ਵੱਡੀ ਜਾਣਕਾਰੀ ਇਕੱਤਰ ਕਰਦਾ ਰਿਹਾ ਸੀ | ਕੋਲਕੱਤਾ ਵਿਚ ਰਹਿਣ ਵਾਲੀ ਮੇਰੀ ਖਾਸ ਦੋਸਤ ਲਖਬੀਰ ਕੌਰ ਗਿੱਲ ( ਪਹਿਚਾਨ ਬੁਟੀਕ ) ਨੇ ਪੁਰੀ ਦੇ ਸਬੰਧ ਵਿਚ ਮੈਨੁੰ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ, ਲਖਬੀਰ ਨੇ ਇਹ ਵੀ ਕਿਹਾ ਸੀ ਕਿ ਉਹ ਗੁਰੂਦੁਆਰਾ ਆਰਤੀ ਸਾਹਿਬ ਦੀ ਸਰਾਂ ਵਿਚ ਸਾਡੇ ਲਈ ਕਮਰਾ ਬੁੱਕ ਕਰਵਾ ਦਏਗੀ ਪਰ ਮੈਨੂੰ ਹੋਟਲ ਵਿਚ ਰਹਿਣਾ ਹੀ ਠੀਕ ਲੱਗਿਆ | ਚੰਡੀਗੜ ਤੋਂ ਭਗਵਾਨ ਜਗਨਨਾਥ ਦੀ ਪੱਕੀ ਭਗਤ ਤੇ ਗਾਇਕਾ ਸ਼ਿਵਾਨੀ ਐਂਗਰਿਸ਼ ਨੇ ਵੀ ਜਗਨਨਾਥ ਮੰਦਰ ਬਾਰੇ ਅਹਿਮ ਜਾਣਕਾਰੀ ਸਮੇਂ ਸਮੇਂ ਤੇ ਦਿੱਤੀ | ਬਾਕੀ ਤਾਂ ਬਾਬੇ ਗੂਗਲ ਵਿਚ ਸ਼ਬਦ ਭਰਣ ਦੀ ਦੇਰ ਹੀ ਹੁੰਦੀ ਸੀ ਪਲਾਂ ਵਿਚ ਸਭ ਕੁਝ ਸਕਰੀਨ ਤੇ ਆ ਪਹੁੰਚਦਾ ਸੀ |
ਪੁਰੀ ਦਾ ਜਗਨਨਾਥ ਮੰਦਿਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸਮਰਪਿਤ ਹੈ | ਇਹ ਹਿੰਦੂ ਧਰਮ ਦੇ ਚਾਰ ਧਾਮਾਂ ਵਿਚੋਂ ਇਕ ਹੈ ਜਗਨਨਾਥ ਸ਼ਬਦ ਦਾ ਅਰਥ ਹੈ ਜਗਤ ਦੇ ਸਵਾਮੀ, ਇਹਨਾਂ ਦਾ ਸ਼ਹਿਰ ਤਾਂ ਹੀ ਜਗਨਨਾਥ ਪੁਰੀ ਪ੍ਰਚੱਲਿਤ ਹੈ | ਵੈਸ਼ਨਵ ਸੰਪਰਦਾਇ ਨਾਲ ਸਬੰਧਤ ਇਸ ਮੰਦਿਰ ਦੀ ਪ੍ਰਸਿੱਧ ਰੱਥ ਯਾਤਰਾ ਵਿਚ ਰੱਥ ਬਨਾਉਣ ਲਈ ਪਵਿੱਤਰ ਨਿੰਮ ਦੀਆਂ ਲੱਕੜੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿਚ ਕਿਸੇ ਵੀ ਧਾਤੂ ਦੀ ਵਰਤੋਂ ਨਹੀ ਕੀਤੀ ਜਾਂਦੀ | ਰੱਥ ਯਾਤਰਾ ਵਿਚ ਸਭ ਤੋਂ ਅੱਗੇ ਬਲਰਾਮ ਜੀ ਦਾ ਰੱਥ ਹੁੰਦਾ ਹੈ ਜਿਸ ਦਾ ਰੰਗ ਲਾਲ ਤੇ ਹਰਾ ਹੁੰਦਾ ਹੈ ਇਸ ਰੱਥ ਨੁੰ ਤਾਲਧਵਜ ਕਹਿੰਦੇ ਹਨ ਉਸ ਤੋਂ ਪਿੱਛੇ ਸੁੱਭਦਰਾ ਜੀ ਦਾ ਰੱਥ ਹੁੰਦਾ ਹੈ ਇਸ ਰੱਥ ਨੁੰ ਦਰਪਦਲਨ ਕਹਿੰਦੇ ਹਨਜਿਸ ਦਾ ਰੰਗ ਲਾਲ, ਕਾਲਾ ਜਾਂ ਨੀਲਾ ਹੁੰਦਾ ਹੈ | ਸਭ ਤੋਂ ਪਿੱਛੇ ਭਗਵਾਨ ਜਗਨਨਾਥ ( ਕ੍ਰਿਸ਼ਨ ਜੀ ) ਦਾ ਰੱਥ ਹੁੰਦਾ ਹੈ ਇਸ ਰੱਥ ਨੁੰ ਨੰਦੀਘੋਸ਼ ਜਾਂ ਗਰੁੜਧਵਜ ਕਹਿੰਦੇ ਹਨ | ਜਿਸ ਦਾ ਰੰਗ ਲਾਲ ਤੇ ਪੀਲਾ ਹੁੰਦਾ ਹੈ ਇਸ ਦੀ ਉੱਚਾਈ ਵੀ ਬਾਕੀ ਰੱਥਾਂ ਤੋਂ ਜਿਆਦਾ ਹੁੰਦੀ ਹੈ |
ਰੱਥ ਯਾਤਰਾ ਵਾਲੇ ਦਿਨ ਭਗਵਾਨ ਜਗਨਨਾਥ ਆਪਣੇ ਭਰਾ ਬਲਰਾਮ ਤੇ ਭੈਣ ਸੁਭੱਦਰਾ ਨਾਲ ਗੁੰਡੀਚਾ ਮੰਦਰ ਜਾਂਦੇ ਹਨ | ਗੁੰਡੀਚਾ ਮੰਦਰ ਵਿਚ ਸਥਾਪਿਤ ਮੂਰਤੀ ਭਗਵਾਨ ਕ੍ਰਿਸ਼ਨ ਦੀ ਮਾਸੀ ਦੀ ਹੈ ਇਸ ਮੰਦਿਰ ਵਿਚ ਤਿੰਨੋ ਭੈਣ ਭਰਾ ਪੂਰੇ ਦਸ ਦਿਨ ਲਈ ਆਰਾਮ ਕਰਦੇ ਹਨ ਤੇ ਬਾਦ ਵਿਚ ਫਿਰ ਰੱਥ ਯਾਤਰਾ ਦੇ ਰੂਪ ਵਿਚ ਇਹ ਵਾਪਿਸ ਆਪਣੇ ਮੰਦਿਰ ਵਿਚ ਪਹੁੰਚਦੇ ਹਨ ਇਸ ਤਿੰਨ ਕਿਲੋਮੀਟਰ ਦੇ ਸਫਰ ਵਿਚ ਪੂਰਾ ਦਿਨ ਲੱਗ ਜਾਂਦਾ ਹੈ ਕਿਉਂ ਕਿ ਇਹ ਬਹੁਤ ਧੀਮੀ ਗਤੀ ਨਾਲ ਰੱਥ ਨੂੰ ਲੋਕਾਂ ਦੁਆਰਾ ਖਿੱਚਿਆ ਜਾਂਦਾ ਹੈ ਮੰਨਿਆ ਜਾਂਦਾ ਹੈ ਕਿ ਇਸ ਰੱਥ ਯਾਤਰਾ ਵਿਚ ਰੱਥ ਖਿੱਚਣ ਵਾਲੇ ਨੂੰ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ ਇਸੇ ਕਾਰਣ ਦੇਸ਼ ਵਿਦੇਸ਼ ਤੋਂ ਸ਼ਰਧਾਲੂ ਕੁਝ ਪਲਾਂ ਲਈ ਹੀ ਰੱਥ ਖਿੱਚਣ ਲਈ ਪਹੁੰਚਦੇ ਹਨ | ਜਗਨਨਾਥ ਪੁਰੀ ਦਾ ਵਰਨਣ ਸਕੰਦ ਪੁਰਾਨ, ਨਾਰਦ ਪੁਰਾਣ, ਬ੍ਰਹਮਾ ਪੁਰਾਣ ਤੇ ਹੋਰ ਬਹੁਤ ਧਾਰਮਿਕ ਗ੍ਰੰਥਾਂ ਵਿਚ ਆਉਂਦਾ ਹੈ | ਰੱਥ ਯਾਤਰਾ ਸੰਪੂਰਨ ਹੋਣ ਬਾਦ ਰੱਥ ਨੂੰ ਖੋਲ ਕੇ ਉਸ ਦੇ ਹਿੱਸਿਆਂ ਨੂੰ ਵੇਚ ਦਿੱਤਾ ਜਾਂਦਾ ਹੈ ਤੇ ਹਰ ਸਾਲ ਨਵੇਂ ਰੱਥ ਬਣਾਏ ਜਾਂਦੇ ਹਨ
ਚਿੱਕੜਾਂ ਨਾਲ ਭਰੀ ਗਲੀ ਵਿਚੋਂ ਲੰਘਦੇ ਲੰਘਾਉਂਦੇ ਇਕ ਵਿਸ਼ਾਲ ਮੈਦਾਨ ਵਿਚ ਜਾ ਪਹੁੰਚੇ ਜਿੱਥੇ ਸਾਡੇ ਖੱਬੇ ਪਾਸੇ ਮੰਦਿਰ ਬਣਿਆ ਹੋਇਆ ਸੀ | ਇਤਿਹਾਸਕਾਰਾਂ ਮੁਤਾਬਕ ਇਸ ਮੰਦਰ ਦਾ ਨਿਰਮਾਣ ਰਾਜਾ ਅਨੰਤਵਰਮਨ ਚੋੜਗੰਗ ਦੇਵ ਨੇ ਕਰਵਾਇਆ ਸੀ | ਮੰਦਰ ਵਿਚ ਸਥਾਪਿਤ ਭਗਵਾਨ ਦੀਆਂ ਅਰਧ ਨਿਰਮਿਤ ਮੂਰਤੀਆਂ ਬਾਰੇ ਬਹੁਤ ਕਥਾਵਾਂ ਹਨ ਕਹਿੰਦੇ ਹਨ ਕਿ ਮਾਲਵਾ ਨਰੇਸ਼ ਇੰਦਰਯਮੁਨ ਨੂੰ ਭਗਵਾਨ ਜਗਨਾਥ ਦੀ ਨੀਲਮਣੀ ਤੋਂ ਬਣੀ ਮੂਰਤੀ ਸੁਪਨੇ ਵਿਚ ਦਿਖਾਈ ਦਿੱਤੀ ਸੀ | ਬਹੁਤ ਸਾਲ ਤਪੱਸਿਆ ਕਰਣ ਤੋਂ ਬਾਦ ਇੰਦਰਯਮੁਨ ਨੂੰ ਭਗਵਾਨ ਵਿਸ਼ਨੂੰ ਨੇ ਦਰਸ਼ਨ ਦੇ ਕੇ ਕਿਹਾ ਕਿ ਉਹ ਪੁਰੀ ਦੇ ਸਮੁੰਦਰ ਕੰਢੇ ਤੇ ਚਲਾ ਜਾਵੇ ਜਿੱਥੇ ਉਸ ਨੂੰ ਇਕ ਵਿਸ਼ੇਸ ਕਿਸਮ ਦੀ ਲੱਕੜ ਮਿਲੇਗੀ ਉਸ ਲੱਕੜ ਦੀਆਂ ਹੀ ਮੂਰਤੀਆਂ ਬਨਣਗੀਆਂ. ਰਾਜਾ ਇੰਦਰਯਮੁਨ ਨੂੰ ਪੁਰੀ ਸਮੁੰਦਰ ਦੇ ਕੰਢੇ ਤੇ ਲੱਕੜ ਮਿਲ ਗਈ ਹੁਣ ਸਮੱਸਿਆ ਸੀ ਕਿ ਮੂਰਤੀ ਕੌਣ ਬਣਾਏਗਾ ? ਕਹਿੰਦੇ ਹਨ ਕਿ ਭਗਵਾਨ ਵਿਸ਼ਵਕਰਮਾ ਲੱਕੜ ਵਾਲੇ ਮਿਸਤਰੀ ਦੇ ਰੂਪ ਵਿਚ ਪ੍ਰਗਟ ਹੋਏ ਤੇ ਉਹਨਾਂ ਵਾਅਦਾ ਕੀਤਾ ਕਿ ਮੂਰਤੀਆਂ ਉਹ ਖੁਦ ਬਣਾਉਣਗੇ ਪਰ ਉਹਨਾਂ ਦੀ ਇਕ ਸ਼ਰਤ ਇਹ ਸੀ ਜਿੰਨੀ ਦੇਰ ਮੂਰਤੀਆਂ ਪੂਰੀ ਤਰਾਂ ਬਣ ਨਹੀ ਜਾਣਗੀਆਂ ਉਨੀਂ ਦੇਰ ਕੋਈ ਵੀ ਉਹਨਾਂ ਦੇ ਕਮਰੇ ਵਿਚ ਨਹੀ ਆਏਗਾ | ਪਰ ਮਹੀਨੇ ਦੇ ਅੰਤ ਵਿਚ ਜਦੋਂ ਕਮਰੇ ਵਿਚੋਂ ਅਵਾਜ ਆਉਣੀ ਬੰਦ ਹੋ ਗਈ ਤਾਂ ਰਾਜਾ ਨਾ ਉਤਸ਼ੁਕਤਾਵੱਸ ਕਮਰੇ ਦਾ ਦਰਵਾਜਾ ਖੋਲ ਦਿੱਤਾ ਤੇ ਦੇਖਿਆ ਕਿ ਮੂਰਤੀਆਂ ਅਜੇ ਅਧੂਰੀਆਂ ਸਨ ਤੇ ਮਿਸਤਰੀ ਕਿਤੇ ਵੀ ਨਜ਼ਰ ਨਹੀ ਆਇਆ ਰਾਜਾ ਨਿਰਾਸ਼ ਹੋ ਗਿਆ ਪਰ ਉਸ ਸਮੇਂ ਹੀ ਇਕ ਦੈਵੀ ਆਵਾਜ ਆਈ ਕਿ ਇਹਨਾਂ ਮੂਰਤੀਆਂ ਨੂੰ ਇਸੇ ਹਾਲਾਤ ਵਿਚ ਹੀ ਸਥਾਪਿਤ ਕਰ ਕੇ ਪੂਜਾ ਕਰਣੀ ਸ਼ੁਰੂ ਕਰ ਦਿੱਤੀ ਜਾਵੇ ਤੇ ਰਾਜਾ ਨੇ ਉਹ ਮੂਰਤੀਆਂ ਮੰਦਿਰ ਵਿਚ ਸਥਾਪਿਤ ਕਰ ਦਿੱਤੀਆਂ| ਵਿਕੀਪੀਡੀਆ ਤੇ ਹੋਰ ਵੈਬਸਾਇਟ ਤੇ ਵੀ ਪੁਰੀ ਮੰਦਰ ਦੇ ਇਤਿਹਾਸ ਸਬੰਧੀ ਬਹੁਤ ਅਧੂਰੀ ਜਾਣਕਾਰੀ ਹੈ ਕਾਫੀ ਕੁਝ ਚੀਜਾਂ ਦਰੁਸੱਤ ਕਰਣ ਵਾਲੀਆਂ ਹਨ |
ਸਾਡੇ ਸਾਹਮਣੇ ਬੈਰੀਕੇਡ ਸਨ ਜਿਨਾਂ ਵਿਚੋਂ ਗੁਜ਼ਰ ਕੇ ਮੰਦਰ ਦੇ ਅੰਦਰ ਪਹੁੰਚਣਾ ਸੀ | ਮੈਂ ਖੱਬੇ ਪਾਸੇ ਇਕ ਵਿਸ਼ਾਲ ਸਤੰਭ ਦੇਖਿਆ ਪਤਾ ਕਰਣ ਤੇ ਪਤਾ ਲੱਗਿਆ ਇਹ ਅਰੁਣ ਸਤੰਭ ( ਸੂਰਜ ਦੇਵਤੇ ਦੇ ਮੰਦਿਰ ਦਾ ਸਤੰਭ ) ਸੀ | ਜਿਸ ਨੂੰ ਮਰਾਠਾ ਸਮਰਾਟ ਛਤਰਪਤੀ ਸ਼ਿਵਾ ਜੀ ਮਹਾਰਾਜ ਨੇ ਕੌਨਾਰਕ ਦੇ ਸੰਨ ਟੈਂਪਲ ਤੋਂ ਲਿਆ ਕੇ ਇੱਥੇ ਸਥਾਪਿਤ ਕੀਤਾ ਸੀ | ਫਿਰ ਪਤਾ ਲੱਗਾ ਕਿ ਕੈਮਰੇ, ਮੋਬਾਇਲ ਚਮੜੇ ਪਰਸ ਆਦਿ ਸਮਾਨ ਅਸੀਂ ਮੰਦਰ ਵਿਚ ਲੈ ਕੇ ਨਹੀ ਜਾ ਸਕਦੇ ਤੇ ਬਾਹਰ ਇਹ ਸਮਾਨ ਪੰਜ ਰੁਪਏ ਇਕ ਨਗ ਦੇ ਦੇਕੇ ਜਮਾਂ ਕਰਵਾਇਆ ਜਾ ਸਕਦਾ ਹੈ | ਸਮਾਨ ਜਮਾਂ ਕਰਵਾ ਕੇ ਬੈਰੀਕੇਡਾਂ ਵੱਲ ਵਧੇ ਸਾਂ ਕਿ ਕੁਝ ਆਵਾਜਾਂ ਸੁਣੀਆਂ ਕਿ ਭਗਵਾਨ ਭੂਖੇ ਹੈ ਉਨ ਕੇ ਲੀਏ ਪ੍ਰਸ਼ਾਦ ਲੈ ਜਾਉ, ਮੈਂ ਕਿਹਾ ਕਹਿਰ ਸਾਂਈ ਦਾ, ਸਾਰੇ ਜਗਤ ਨੂੰ ਰੋਟੀ ਦੇਣ ਵਾਲਾ ਭਗਵਾਨ ਭੁੱਖਾ ਕਿਵੇਂ ਹੋ ਗਿਆ, ਇਹਨਾਂ ਆਵਾਜਾਂ ਦੇ ਨਾਲ ਕੁਝ ਪੰਡਿਤਾਂ ਦੀਆਂ ਆਵਾਂਜਾਂ ਹੋਰ ਕੰਨੀਂ ਪਈਆਂ ਕਿ ਭਗਵਾਨ ਦੇ ਵੀ.ਆਈ.ਪੀ. ਦਰਸ਼ਨ ਕਰਨ ਕੇ ਲਿਏ ਮੇਰੇ ਸਾਥ ਚਲੋ, ਕੋਈ ਇੱਕੀ ਸੌ ਤੇ ਕੋਈ ਇਕੱਤੀ ਸੌ ਰੁਪਿਆ ਮੰਗ ਰਿਹਾ ਸੀ | ਮੈਂ ਸੋਚਿਆ ਜਿਆਦਾ ਭੀੜ ਤਾਂ ਹੈ ਨੀਂ ਭਗਵਾਨ ਨਾਲ ਇੱਦਾਂ ਹੀ ਮਿਲ ਲੈਂਦੇ ਹਾਂ, ਨਾਲੇ ਮੈਂ ਗੂਗਲ ਤੇ ਰਿਵਿਊ ਦੇਖੇ ਸਨ ਲੋਕਾਂ ਦੇ ਜਿਸ ਵਿਚ ਇਹੀ ਲਿਖਿਆ ਸੀ ਕਿ ਇਹਨਾਂ ਨੂੰ ਐਨੇ ਪੈਸੇ ਦੇਣ ਦੀ ਲੋੜ ਨਹੀਂ ਹੁੰਦੀ ਆਰਾਮ ਨਾਲ ਤੁਸੀ ਮੰਦਿਰ ਵਿਚ ਦਰਸ਼ਨ ਕਰ ਸਕਦੇ ਹੋ | ਆਪਾਂ ਇਹਨਾਂ ਅੱਗੇ ਹੱਥ ਬੰਨਦੇ ਹੋਏ ਅੱਗੇ ਮੰਦਰ ਦੇ ਗੇਟ ਵੱਲ ਵਧੇ ਤਾਂ ਗੇਟ ਅੱਗੇ ਬੰਦ ਪਿਆ ਸੀ ਕਿਸੇ ਤੁਰੇ ਜਾਂਦੇ ਪੰਡਿਤ ਤੋਂ ਪੁੱਛਿਆ ਤਾਂ ਉਹ ਬੋਲਿਆ ਜਿਆਦਾ ਖਾਨਾ ਖਾਨੇ ਕੇ ਵਜਾ ਸੇ ਭਗਵਾਨ ਕਾ ਮੂੰਹ ਸੂਜ ਗਿਆ ਹੈ ਅਬ ਵੋ 25 ਜੂਨ ਕੋ ਦਰਸ਼ਨ ਦੇਂਗੇ, ਮੇਰਾ ਇਕ ਵਾਰ ਤਾਂ ਸਿਰ ਘੁੰਮ ਗਿਆ ਮੈਂ ਕਿਹਾ ਪਿੱਛੇ ਤਾਂ ਦੁਕਾਨਦਾਰ ਰੌਲਾ ਪਾ ਰਹੇ ਸੀ ਭਗਵਾਨ ਭੂਖੇ ਹੈ ਉਨ ਕੇ ਲਿਏ ਭੋਜਨ ਲੇ ਕੇ ਜਾਉ ਤੇ ਬਾਹਰ ਖੜੇ ਪੰਡਤ ਵੀ.ਆਈ.ਪੀ. ਦਰਸ਼ਨ ਕਰਵਾਉਣ ਦੀ ਗੱਲ ਕਹਿ ਰਹੇ ਸੀ ਤੇ ਤੁਸੀ ਕਹਿ ਰਹੇ ਹੋ ਭਗਵਾਨ ਕਾ ਮੂਹ ਸੂਜ ਗਿਆ, ਕੋਈ ਇਕ ਕਹਾਣੀ ਬਣਾ ਕੇ ਰੱਖ ਲਉ, ਪੰਡਤ ਤੇ ਨਾਂਹ ਵਿਚ ਸਿਰ ਮਾਰਦੇ ਫਿਰ ਕਿਹਾ ਕਿ ਅਬ ਰੱਥ ਯਾਤਰਾ ਸਮੇਂ ਹੀ ਦਰਸ਼ਨ ਹੋਂਗੇ, ਮੈਂ ਕਿਹਾ ਚਲੋ ਆਏ ਤਾਂ ਹਾਂ ਸਵਾਰ ਕੇ ਮੰਦਰ ਬਾਹਰੋਂ ਹੀ ਦੇਖ ਲਈਏ,
ਤੁਰਦੇ ਫਿਰਦੇ ਮੰਦਰ ਦੇ ਪਿਛਲੇ ਪਾਸੇ ਲੋਕ ਚੜਾਈ ਚੜਦੇ ਦੇਖੇ ਤਾਂ ਅਸੀ ਵੀ ਪੌੜੀਆਂ ਚੜਨ ਲੱਗ ਗਏ , ਬਹੁਤ ਭੀੜੀਆਂ ਪੌੜੀਆਂ ਵਿਚੋਂ ਲੰਘ ਕੇ ਖੜੇ ਤਾਂ ਦੇਖਿਆ ਇਕ ਪੰਡਿਤ ਜੀ ਭਗਵਾਨ ਦੀ ਮੂਰਤੀ ਅੱਗੇ ਖੜੇ ਸੀ ਉਹਨਾਂ ਮੇਰਾ ਹੱਥ ਫੜ ਲਿਆ ਕਿ ਆਉ ਜਜਮਾਨ ਪੂਜਾ ਕਰੀਏ ਮੈਂ ਪਿੱਛੇ ਦੇਖਿਆ ਤਾਂ ਰਸ਼ਪਾਲ ਪੌੜੀਂਆਂ ਉੱਤਰ ਕੇ ਪੱਤਰਾ ਵਾਚ ਗਿਆ ਮੈਂ ਪੰਡਤ ਜੀ ਨੂੰ ਕਿਹਾ ਕਿ ਮੈਂ ਤਾਂ ਖਾਕੀ ਨੰਗ ਹਾਂ ਮੇਰੇ ਪੈਸੇ ਸਰਦਾਰ ਕੋਲ ਸੀ ਤੇ ਉਹ ਥੱਲੇ ਚਲਾ ਗਿਆ ਪੰਡਿਤ ਜੀ ਨੇ ਦਸ ਸਕਿੰਡ ਕੁਝ ਮੰਤਰ ਪੜੇ ਤੇ ਮੇਰੇ ਮੱਥੇ ਤੇ ਟਿੱਕਾ ਲਾ ਕੇ ਹੱਥ ਤੇ ਖੰਮਣੀ ਬਣ ਦਿੱਤੀ | ਮੈਂ ਪੰਡਿਤ ਜੀ ਨੂੰ ਕਿਹਾ ਕਿ ਮੈਂ ਪੈਸੇ ਲੈ ਕੇ ਆਇਆ ਹੁਣ ਜਾਣ ਦਿਉ. ਐਨਾ ਕਹਿ ਕੇ ਥੱਲੇ ਨੱਸ ਗਿਆ ਮੈਂ, ਥੱਲੇ ਰਸ਼ਪਾਲ ਦਾ ਹੱਸ ਹੱਸ ਬੁਰਾ ਹਾਲ ਹੋਇਆ ਪਿਆ ਸੀ, ਰਸ਼ਪਾਲ ਕਹਿੰਦਾ ਬਾਈ ਅੱਖਾਂ ਮੀਚ ਕੇ ਨਿਕਲ ਚੱਲ ਨਹੀਂ ਤਾਂ ਕਿਸੇ ਹੋਰ ਨੇ ਖੰਮਣੀ ਬਣ ਦੇਣੀ ਆਪਣੇ, ਹਰ ਪਾਸੇ ਪੰਡਿਤ ਯਾਤਰੀਆਂ ਨੂੰ ਆਪਣੇ ਪਾਸੇ ਖਿੱਚਦੇ ਦਿਖੇ
ਕਿਤੇ ਪੜਿਆ ਦੇਖਿਆ ਸੀ ਕਿ ਪੁਰੀ ਦੇ ਇਸ ਮੰਦਰ ਦਾ ਪਰਛਾਵਾਂ ਕਦੇ ਵੀ ਧਰਤੀ ਤੇ ਨਹੀਂ ਪੈਂਦਾ, ਪਰ ਮੀਂਹ ਤੇ ਬੱਦਲਵਾਈ ਹੋਣ ਕਾਰਣ ਪਰਛਾਵੇਂ ਵਾਲੀ ਗੱਲ ਦੀ ਪੁਸ਼ਟੀ ਮੈਂ ਨਹੀ ਕਰ ਸਕਦਾ ਹਾਂ ਪਰ ਮੰਦਰ ਦੇ ਆਸ ਪਾਸ ਮੈਨੂੰ ਕੋਈ ਵੀ ਪੰਛੀ ਨਹੀਂ ਦਿਖਿਆ ਇਹ ਗੱਲ ਵੀ ਬਹੁਤ ਪ੍ਰਸਿੱਧ ਹੈ ਕਿ ਮੰਦਰ ਤੇ ਪੰਛੀ ਨਹੀ ਬੈਠਦੇ ਨਾਂ ਹੀ ਆਪਣਾ ਆਲਣਾ ਬਨਾਉਂਦੇ ਹਨ | ਕਹਿੰਦੇ ਹਨ ਕਿ ਇਸ ਮੰਦਰ ਦੇ ਉੱਤੇ ਲੱਗਿਆ ਝੰਡਾ ਹਮੇਸ਼ਾ ਹਵਾ ਦੇ ਉਲਟ ਰੱਖ ਝੂਲਦਾ ਹੈ | ਪਰ ਯਕੀਨ ਮੰਨੋ ਮੰਦਿਰ ਦੀ ਚੋੜਾਈ ਤੇ ਲੰਬਾਈ ਐਨੀ ਜਿਆਦਾ ਹੈ ਕਿ ਇਸ ਗੱਲ ਨੂੰ ਦੇਖਣ ਲਈ ਹੈਲੀਕਾਪਟਰ ਤੇ ਬੈਠ ਕੇ ਹੀ ਪਤਾ ਲਗਾਇਆ ਜਾ ਸਕਦਾ ਹੈ | ਬਾਕੀ ਮੈਂ ਕੋਈ ਜਸੂਸੀ ਕਰਣ ਨਹੀ ਗਿਆ ਸੀ ਕਿ ਉੱਥੇ ਜੋ ਹੋ ਰਿਹਾ ਹੈ ਉਹ ਸੱਚ ਹੈ ਜਾਂ ਝੂਠ, ਇਹ ਤਾਂ ਲੋਕਾਂ ਦੇ ਮੈਸਜ ਆਏ ਹੁੰਦੇ ਸੀ ਕਿ ਗਿੰਨੀ ਯਾਰ ਆਹ ਕੁਝ ਸੁਣਿਆ ਉੱਥੇ ਇਹ ਪਤਾ ਕਰੀਂ ਕਿ ਵਾਕਿਆ ਇਹ ਚੀਜ ਵਾਪਰ ਰਹੀ ਹੈ ਉੱਥੇ, ਜਗਿਆਸੂ ਮਨ ਹੋਣ ਕਾਰਣ ਮੈਂ ਥੋੜਾ ਜਿਆਦਾ ਗੌਰ ਨਾਲ ਚੀਜਾਂ ਦੇਖ ਲੈਂਦਾ ਹਾਂ
ਮੰਦਿਰ ਦੇਖ ਕੇ ਬਾਹਰ ਆ ਗਏ ਤੇ ਸੋਚਿਆ ਕਿ ਹੁਣ ਸਿਰਫ ਕੋਨਾਰਕ ਮੰਦਰ ਰਹਿ ਗਿਆ ਤੇ ਉਹ ਪੁਰੀ ਤੋਂ ਤਕਰੀਬਨ ਛੱਤੀ ਕਿਲੋਮੀਟਰ ਦੂਰ ਸੀ ਤੇ ਕੋਨਾਰਕ ਦੇਖਣ ਦਾ ਪ੍ਰੋਗਰਾਮ ਅਗਲੇ ਦਿਨ ਦਾ ਬਣਾ ਲਿਆ, ਫਿਰ ਥੋੜੀ ਦੇਰ ਆਰਾਮ ਕਰਣ ਦੇ ਮਕਸਦ ਨਾਲ ਰਿਕਸ਼ੇ ਤੇ ਬਹਿ ਕੇ ਹੋਟਲ ਵੱਲ ਚਾਲੇ ਪਾ ਤੇ ਹੋਟਲ ਆ ਕੇ ਯਾਦ ਆਇਆ ਕਿ ਫਿਰ ਚਾਰ ਮੰਜਿਲਾਂ ਚੜਨੀਆਂ ਪੈਣੀਆਂ ,ਰਸ਼ਪਾਲ ਨੂੰ ਫਿਰ ਢਾਹ ਲਿਆ ਕਿ ਤੂੰ ਧਿਆਨ ਨਾਲ ਬੁੱਕ ਨਹੀ ਕਰਾਇਆ ਹੋਟਲ, ਰਸ਼ਪਾਲ ਮੁਸ਼ਕੜੀਆਂ ਵਿਚ ਹੱਸਦਾ ਕਮਰੇ ਵੱਲ ਜਾ ਨੱਸਿਆ |
ਸ਼ਾਮ ਛੇ ਵਜੇ ਜਾਗ ਖੁੱਲੀ ਤਾਂ ਸੋਚਿਆ ਕਿ ਬਾਹਰ ਜਾ ਕੇ ਕੁਝ ਖਾਵਾਂਗੇ, ਬਾਹਰ ਨਿਕਲੇ ਤਾਂ ਪੁਰੀ ਦੇ ਗੋਲਡਨ ਬੀਚ ਦੀ ਸ਼ਕਲ ਹੀ ਬਦਲੀ ਪਈ ਸੀ, ਬੀਚ ਤੇ ਸੜਕ ਦੇ ਨਾਲ ਨਾਲ ਛੋਟੇ ਛੋਟੇ ਖੋਖਿਆਂ ਵਾਲਿਆਂ ਨੇ ਆਪਣੇ ਖੋਖੇ ਸਜਾ ਰੱਖੇ ਸੀ ਜਿਨਾਂ ਵਿਚ ਸੀਫੂਡ, ਮਸਾਲਾ ਡੋਸਾ, ਗੋਲਗੱਪੇ ਦੇ ਨਾਲ ਨਾਲ ਨਿੱਕ ਸੁੱਕ ਸਮਾਨ ਸ਼ਾਮਿਲ ਸੀ | ਪਹਿਲਾਂ ਤਾਂ ਅਸੀਂ ਭਲਵਾਨੀ ਚੱਕਰ ਲਾਉਣ ਦਾ ਸੋਚਿਆ ਸਾਰੇ ਖੋਖਿਆਂ ਦਾ, ਤੁਰ ਪਏ ਤਾਂ ਅੱਗੇ ਖੱਬੇ ਪਾਸੇ ਸਵਰਗਧਾਮ ਵਿਚ ਪੰਦਰਾਂ ਵੀਹ ਚਿਖਾਵਾਂ ਬਲੀ ਜਾਣ, ਕਿਸੇ ਦੱਸਿਆ ਸੀ ਕਿ ਇੱਥੇ ਬਹੁਤ ਘੱਟ ਲੱਕੜਾਂ ਨਾਲ ਸੰਸਕਾਰ ਕੀਤਾ ਜਾਂਦਾ ਹੈ ਤੇ ਸਰੀਰ ਸੜਨ ਦੀ ਬਦਬੋ ਨਹੀਂ ਆਉਂਦੀ, ਮੈਂ ਰਸ਼ਪਾਲ ਨੂੰ ਕਿਹਾ ਆਏ ਤਾਂ ਚੱਲ ਇਹ ਵੀ ਦੇਖ ਕੇ ਆਉਂਦੇ ਹਾਂ, ਰਸ਼ਪਾਲ ਨਾਂਹ ਨੁੱਕਰ ਕਰਣ ਲੱਗ ਗਿਆ ਕਿ ਜੇ ਇਕ ਵਾਰ ਅੰਦਰ ਗਏ ਤਾਂ ਫਿਰ ਵਾਪਸ ਜਾ ਕੇ ਨਹਾਉਣਾ ਪੈਣਾ, ਅੰਦਰੂਨੀ ਹਾਲਾਤ ਰਸ਼ਪਾਲ ਦੀ ਇਹ ਸੀ ਕਿ ਇਹ ਅੰਦਰ ਜਾਣ ਤੋਂ ਕਤਰਾਉਂਦਾ ਸੀ ਰੱਬ ਜਾਣਦਾ ਕਿਉਂ, ਮੈਂ ਦੋ ਚਾਰ ਵਾਰ ਧੱਕਾ ਕੀਤਾ ਪਰ ਇਸ ਵਾਰ ਟਸ ਤੋਂ ਮਸ ਨਾ ਹੋਇਆ, ਮੈਂ ਕੱਲਾ ਹੀ ਤੁਰ ਪਿਆ ਤਾਂ ਪੌੜੀਂਆਂ ਵਿਚ ਅੰਤਮ ਕਿਰਿਆ ਵਾਲੇ ਬੰਦੇ ਗਾਹ ਪਾਈ ਖੜੇ ਸੀ ਫਿਰ ਮੈਂ ਸੋਚਿਆ ਕਿ ਯਾਰ ਕੋਈ ਹੋਰ ਸਿਆਪਾ ਹੀ ਨਾ ਪੈ ਜਾਏ ਕਿ ਹੱਥ ਵਿਚ ਕੈਮਰਾ ਫੜ ਕੇ ਟੂਰਿਸਟ ਪਤਾ ਨਹੀ ਕੀ ਖੋਜਾਂ ਕਰਦਾ ਫਿਰਦਾ, ਅੰਤ ਬਾਹਰ ਤੋਂ ਹੀ ਫਿਰ ਮੈਂ ਸੜਕ ਦੇ ਦੂਜੇ ਪਾਸੇ ਖੜੇ ਮਿੱਤਰ ਰਸ਼ਪਾਲ ਕੋਲ ਜਾ ਖਲੋਤਾ, ਹਾਂ ਪਰ ਲਾਸ਼ ਸੜਨ ਦੀ ਬਦਬੋ ਮੈਨੂੰ ਵਾਕਿਆ ਹੀ ਨਹੀ ਆਈ, ਖੋਖਿਆਂ ਦੇ ਨਾਲ ਜਾਂਦੇ ਜਾਂਦੇ ਅਸੀਂ ਗੋਲਗੱਪੇ,ਡੋਸੇ ਤੇ ਪੁਰੀ ਦੇ ਨਾਰੀਅਲ ਪਾਣੀ ਦਾ ਆਨੰਦ ਲੈਂਦੇ ਰਹੇ |
ਫਿਰ ਸੋਚਿਆ ਕਿ ਯਾਰ ਬੀਅਰ ਪੀਂਦੇ ਹਾਂ, ਰਸ਼ਪਾਲ ਸਿੰਘ ਤਾਂ ਪੂਰਾ ਸ਼ਾਕਾਹਾਰੀ ਸੀ, ਇਹਨੇ ਕਦੇ ਵੀ ਦਾਰੂ, ਮੀਟ ਨੂੰ ਹੱਥ ਨਹੀ ਲਾ ਕੇ ਦੇਖਿਆ ਪਰ ਇਹਦੀ ਖਾਸੀਅਤ ਇਹ ਸੀ ਕਿ ਇਹ ਕਦੇ ਦਾਰੂ ਮੀਟ ਖਾਣ ਪੀਣ ਵਾਲਿਆਂ ਨੂੰ ਨਫਰਤ ਵੀ ਨਹੀ ਸੀ ਕਰਦਾ, ਬਾਕੀ ਮਿੱਤਰਾਂ ਦੇ ਦਾਰੂ ਮੀਟ ਖਾਣ ਵੇਲੇ ਇਹ ਜੂਸ ਜਾਂ ਕੋਲਡ ਡਰਿੰਕ ਨਾਲ ਵਧੀਆ ਕੰਪਨੀ ਕਰਦਾ ਹੈ | ਅਸੀਂ ਬੀਅਰ ਬਾਰ ਵਿਚ ਜਾ ਬੈਠੇ ਚਿਕਨ ਚਿੱਲੀ ਦੇ ਨਾਲ ਬੀਅਰ ਤੇ ਥਮਸਅਪ ਦਾ ਆਰਡਰ ਕਰ ਤਾ, ਕੋਈ ਜਿਆਦਾ ਵਧੀਆ ਨਹੀ ਲੱਗੀ ਮੈਨੂੰ ਚਿਕਨ ਚਿੱਲੀ ਪੁਰੀ ਦੇ ਬਾਰ ਦੀ, ਔਖੀ ਸੌਖੀ ਖਾ ਕੇ ਤੇ ਬਾਹਰ ਬੀਚ ਕੰਢੇ ਰੇਤ ਤੇ ਜਾ ਬੈਠੇ, ਲੋਕਲ ਵਸਨੀਕਾਂ ਦੇ ਨਾਲ ਹੋਰ ਵੀ ਬਾਹਰੋ ਆਏ ਯਾਤਰੀ ਟਹਿਲ ਰਹੇ ਸੀ, ਪੁਰੀ ਬੀਚ ਤੇ ਵੀਹ ਰੁਪਏ ਘੰਟੇ ਦੇ ਹਿਸਾਬ ਨਾਲ ਕੁਰਸੀਆਂ ਵੀ ਮਿਲ ਜਾਂਦੀਆ ਜਿਸ ਤੇ ਬੈਠ ਕੇ ਤੁਸੀ ਸਮੁੰਦਰ ਦੇ ਹਸੀਨ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹੋ |
ਯਕਦਮ ਰਸ਼ਪਾਲ ਕਹਿੰਦਾ ਯਾਰ ਇਹ ਤਾਂ ਸੁੰਡੀਆਂ ਵੀ ਤਲੀ ਬੈਠੇ ਹਨ ਉਸ ਦੀ ਮੁਰਾਦ ਪਰਾਅਨ, ਕੇਕੜੇ ਤੇ ਹੋਰ ਸਮੁੰਦਰੀ ਜੀਵਾਂ ਤੋਂ ਸੀ ਜਿਨਾਂ ਨੂੰ ਵੇਸਣ ਵਿਚ ਪਕੋੜੇ ਵਾਂਗ ਤੱਲ ਕੇ ਰੱਖਿਆ ਹੋਇਆ ਸੀ, ਮੈਂ ਕਿਹਾ ਯਾਰ ਉਹ ਤਾਂ ਪਰਾਅਨਜ ਹਨ ਆਪਾਂ ਆਮ ਹੀ ਖਾ ਲਈਦੇ ਆਸਟਰੇਲੀਆ ਵਿਚ, ਮੈਨੂੰ ਕਹਿੰਦਾ ਯਾਰ ਤੂੰ ਗੱਪ ਛੋਟਾ ਛੱਡ, ਲਉ ਜੀ ਮੈਂ ਤੈਸ਼ ਵਿਚ ਆ ਕੇ ਕਿਹਾ ਕਿ ਚੱਲ ਜਿਹੜੀ ਸੁੰਡੀ ਨੁੰ ਹੱਥ ਲਾਏਂਗਾ ਉਹ ਹੀ ਖਾ ਕੇ ਦਿਖਾ ਦਉਂਗਾ, ਖੋਖੇ ਤੇ ਜਾ ਕੇ ਰਸ਼ਪਾਲ ਸਿੰਘ ਨੇ ਪਰਾਅਨਜ ਤੇ ਹੱਥ ਲਾ ਤਾ ਢਿੱਡ ਮੇਰਾ ਭਰਿਆ ਪਿਆ ਸੀ ਤਾਂ ਵੀ ਮੈਂ ਖੋਖੇ ਵਾਲੇ ਨੂੰ ਕਿਹਾ ਕਿ ਬਾਈ ਦੋ ਪੀਸ ਫਰਾਈ ਕਰ ਦੇ, ਰਸ਼ਪਾਲ ਦੇ ਸਾਹਮਣੇ ਦੋ ਪੀਸ ਖਾ ਕੇ ਦਿਖਾ ਤੇ ਇਹ ਤਾਂ ਰੱਬ ਰੱਬ ਹੀ ਕਰੀ ਗਿਆ ਖੜਾ ਕਿ ਪਤੰਦਰਾ ਤੂੰ ਤਾਂ ਸੁੰਡੀਆਂ ਤੱਕ ਨਹੀ ਛੱਡਦਾ
ਰਾਤ ਬਾਰਾਂ ਵਜੇ ਕਰੀਬ ਹੋਟਲ ਵਿਚ ਜਾ ਕੇ ਸੁੱਤੇ, ਰਸ਼ਪਾਲ ਨੂੰ ਸੋਣ ਦਾ ਝੱਸ ਬੜਾ ਤੇ ਮੈਂ ਤਾਂ ਪੰਜ ਛੇ ਘੰਟੇ ਹੀ ਸੌ ਸਕਦਾ ਸੀ ਇਕ ਦਿਨ ਵਿਚ , ਧੱਕਿਆਂ ਨਾਲ ਉਠਾ ਕੇ ਇਹਨੂੰ ਭੇਜਿਆ ਸਵੇਰੇ ਛੇ ਵਜੇ ਕਿ ਮੁੜ ਕੇ ਲੇਟ ਹੋ ਜਾਣਾ ਕੋਨਾਰਕ ਜਾਂਦੇ ਜਾਂਦੇ, ਉੁਲਟਾ ਉੁਲਾਂਭਾ ਦੇ ਕੇ ਕਹਿੰਦਾ ਕਿ ਯਾਰ ਬਾਹਰ ਆ ਕੇ ਤੇ ਸੋ ਲੈਣ ਦੇ ਆਰਾਮ ਨਾਲ ਮੈਂ ਕਿਹਾ ਬਾਹਰ ਘੁੰਮਣ ਆਏ ਹਾਂ ਨਾ ਕਿ ਸੌਣ,
ਪੁਰੀ ਤੋਂ ਕੋਨਾਰਕ ਦੇ ਸੂਰਜ ਦੇਵਤਾ ਦਾ ਮੰਦਿਰ ਤਕਰਬੀਨ ਤਕਰੀਬਨ ਛੱਤੀ ਕਿਲੋਮੀਟਰ ਦੂਰ ਹੈ,ਇੱਥੇ ਜਾਣ ਲਈ ਬੱਸਾਂ, ਟੈਂਪੂ ਤੇ ਟੈਕਸੀ ਮਿਲ ਜਾਂਦੇ ਹਨ | ਪਰ ਬੱਸ ਤੇ ਟੈਂਪੂ ਦੇ ਚੱਕਰਾਂ ਵਿਚ ਪੈਣ ਨਾਲੋ ਟੈਕਸੀ ਤੇ ਜਾਣਾ ਹੀ ਬਿਹਤਰ ਲੱਗਿਆ, ਹੋਟਲ ਤੋਂ ਬਾਹਰ ਆ ਕੇ ਖੋਖਿਆਂ ਤੇ ਪੁਰੀ ਦੇ ਛੋਲੇ ਪੂਰੀ ਦਾ ਆਨੰਦ ਲਿਆ ਤੇ ਟੈਕਸੀਆਂ ਵਾਲਿਆਂ ਨਾਲ ਪੈਸਿਆਂ ਦੇ ਲੈਣ ਦੇਣ ਮੁਕਾਉਣ ਲੱਗ ਗਏ | ਬਾਰਗੇਨਿੰਗ ਤਾਂ ਭਾਰਤੀਆਂ ਦਾ ਜਨਮਸਿੱਧ ਅਧਿਕਾਰ ਹੈ ਕਿਉਂ ਕਿ ਰੇਟ ਪਹਿਲਾਂ ਹੀ ਬਹੁਤ ਦੱਸਦੇ ਹਨ ਟੈਕਸੀ ਚਾਲਕ, ਫਿਰ ਇਕ ਬੰਦੇ ਨਾਲ ਬਾਰਾਂ ਸੌ ਪੰਜਾਹ ਰੁਪਏ ਵਿਚ ਕੋਨਾਰਕ ਆਉਣ ਜਾਣ ਦਾ ਰੇਟ ਤਹਿ ਕਰ ਲਿਆ, ਤੇ ਕਾਰ ਖਿੱਚ ਤੀ ਕੋਨਾਰਕ ਵੱਲ, ਪੁਰੀ ਤੋਂ ਕੋਨਾਰਕ ਜਾਣ ਵਾਲਾ ਰਸਤਾ ਕਾਫੀ ਹਰਿਆ ਭਰਿਆ ਸੀ ਤੇ ਗੰਦਗੀ ਨਾਂਮਾਤਰ ਹੀ ਸੀ ਤੇ ਸੜਕ ਤੇ ਜਿਆਦਾ ਟਰੈਫਿਕ ਵੀ ਨਹੀ ਸੀ | ਕੋਨਾਰਕ ਮੰਦਿਰ ਤੋਂ ਛੇ ਕਿਲੋਮੀਟਰ ਪਹਿਲਾਂ ਬਹੁਤ ਹੀ ਖੂਬਸੂਰਤ ਬੀਚ ਦਿਸਿਆ, ਕਾਰ ਰੁਕਵਾ ਕੇ ਉੱਤਰੇ ਤਾਂ ਹਰੇ ਪਾਣੀ ਵਾਲੇ ਸਮੁੰਦਰ ਦੇ ਦਰਸ਼ਨ ਹੋਏ ਬੀਚ ਦਾ ਨਾਮ ਸੀ ਚੰਦਰਭਾਗਾ ਬੀਚ. ਬਹੁਤ ਬਹੁਤ ਉੱਚੀਆਂ ਛੱਲਾਂ ਵਾਲਾ ਪਾਣੀ ਧਰਤੀ ਤੇ ਤੜਥੱਲੀ ਮਚਾ ਰਿਹਾ ਸੀ, ਕੁਝ ਸਮਾਂ ਰੁਕ ਕੇ ਫਿਰ ਮੰਦਰ ਵਾਲੇ ਚਾਲੇ ਪਾ ਦਿੱਤੇ | ਮੰਦਰ ਤੋਂ ਕਿਲੋਮੀਟਰ ਪਿੱਛੇ ਟੈਕਸੀ ਡਰਾਈਵਰ ਨੇ ਕਾਰ ਰੋਕ ਕੇ ਉੱਤਾਰ ਦਿੱਤਾ ਤੇ ਕਿਹਾ ਕਿ ਇਸ ਤੋਂ ਅੱਗੇ ਪੈਦਲ ਹੀ ਜਾ ਸਕਦੇ ਹੋ ਤੇ ਉਹ ਸਾਡਾ ਇੰਤਜ਼ਾਰ ਇੱਥੇ ਹੀ ਕਰੇਗਾ | ਇੱਥੇ ਬਹੁਤ ਦੁਨੀਆ ਪਹੁੰਚੀ ਸੀ ਗਾਈਡਾਂ ਦੇ ਹੋਕੇ ਲੱਗ ਰਹੇ ਸੀ ਪਹਿਲਾਂ ਸੋਚਿਆ ਕਿ ਬਿਨਾਂ ਗਾਇਡ ਦੇ ਹੀ ਆਪੇ ਦੇਖ ਲੈਂਦੇ ਹਾਂ , ਫਿਰ ਸੋਚਿਆ ਕਿ ਐਡੀ ਦੂਰ ਆ ਕੇ ਵੀ ਜੇ ਬਿਨਾਂ ਜਾਣਕਾਰੀ ਲਏ ਫੋਟੋ ਖਿੱਚਵਾ ਕੇ ਮੁੜ ਗਏ ਤਾਂ ਵੀ ਸਹੀ ਨਹੀ ਹੈ | ਤੁਰਦੇ ਤੁਰਦੇ ਇਕ ਪਾਨ ਦੀ ਰੇਹੜੀ ਵਾਲਾ ਟੱਕਰ ਗਿਆ ਮੈਂ ਕਿਹਾ ਲੈ ਬਈ ਪਾਨ ਖਾਈਏ ਰਸ਼ਪਾਲ ਕਹਿੰਦਾ ਮੈਂ ਤਾਂ ਯਾਰ ਨਾਰੀਅਲ ਪਾਣੀ ਹੀ ਪੀਣਾ, ਚਲੋ ਬਿਨਾਂ ਨਸ਼ੇ ਵਾਲਾ ਦਿਲਬਹਾਰ ਪਾਨ ਲੈ ਕੇ ਖਾਧਾ, ਚਾਲੀ ਰੁਪਏ ਦਾ ਐਡਾ ਵੱਡਾ ਪਾਨ ਸੀ ਕਿ ਮੂੰਹ ਵਿਚ ਹਿਲਦਾ ਵੀ ਮੁਸ਼ਕਿਲ ਸੀ ਪਰ ਬਹੁਤ ਸਵਾਦਲਾ ਸੀ ਤੇ ਰਸ਼ਪਾਲ ਨੇ ਇਕ ਬਾਬੇ ਦੀ ਦੁਕਾਨ ਤੋਂ ਨਾਰੀਅਲ ਪਾਣੀ ਲੈ ਲਿਆ, ਚੁਸਤੀ ਵਿਚ ਆ ਕੇ ਅਸੀ ਮੰਦਿਰ ਦੇ ਮੁੱਖ ਗੇਟ ਕੋਲ ਜਾ ਪਹੁੰਚੇ |
….. ( ਚੱਲਦਾ )

ਗਿੰਨੀ ਸਾਗੂ
ਮੈਲਬੌਰਨ
ਆਸਟਰੇਲੀਆ
++61-403-147-322
ginni.sagoo@gmail.com

Leave a Reply

Your email address will not be published. Required fields are marked *

%d bloggers like this: