Sun. Sep 15th, 2019

ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਤੀਸਰਾ )

ਅਣਦੇਖਿਆ ਭਾਰਤ (ਸੁਪਰ ਫਾਸਟ ਤੜਥੱਲੀ ਟੂਰ ਭਾਗ ਤੀਸਰਾ )

ਅਲਾਰਮ ਵੱਜਣ ਤੋਂ ਕੁਝ ਦੇਰ ਪਹਿਲਾਂ ਹੀ ਮੇਰੀ ਜਾਗ ਖੁੱਲ ਗਈ ਤੇ ਮੈਂ ਰਸ਼ਪਾਲ ਨੂੰ ਕਿਹਾ ਕਿ ਤੇਰਾ ਸਮਾਂ ਜਿਆਦਾ ਲੱਗਾ ਜਾਣਾ ਹੈ ਕਿਉਂ ਕਿ ਤੂੰ ਪੱਗ ਬੰਨਣੀ ਹੈ ਇਸ ਲਈ ਇਸ਼ਨਾਨ ਕਰ ਕੇ ਤੇ ਤਿਆਰ ਹੋ ਪਰ ਇਹ ਸਾਥੀ ਤਾਂ ਬਾਹਰ ਸੌਣ ਹੀ ਆਇਆ ਸੀ ਧੱਕੇ ਨਾਲ ਬੈਡ ਤੋਂ ਉੱਠਾ ਕੇ ਬਾਥਰੂਮ ਵੱਲ ਰਵਾਨਾ ਕੀਤਾ ਫਿਰ ਕੁਝ ਦੇਰ ਬਾਦ ਦੋਵੇਂ ਤਿਆਰ ਹੋ ਕੇ ਹੋਟਲ ਵਿਚੋਂ ਬਾਹਰ ਨਿਕਲ ਗਏ ਕਿ ਪੈਦਲ ਹੀ ਚੱਲਦੇ ਹਾਂ ਹੋਟਲ ਦੇ ਬਾਹਰ ਸੜਕ ਪਾਰ ਕਰਕੇ ਪੁਰੀ ਦਾ ਮਸ਼ਹੂਰ ਗੋਲਡਨ ਬੀਚ ਹੈ, ਗੂਗਲ ਮੈਪ ਤੇ ਦੇਖਿਆ ਤਾਂ ਪਤਾ ਚੱਲਿਆ ਗੁਰੂਘਰ ਸਾਡੇ ਹੋਟਲ ਤੋਂ ਤਕਰੀਬਨ ਤਿੰਨ ਕਿਲੋਮੀਟਰ ਦੂਰ ਹੈ ਪਹਿਲਾਂ ਤਾਂ ਅਸੀਂ ਪੈਦਲ ਹੀ ਤੁਰ ਪਏ ਫਿਰ ਹਲਕੀ ਜਿਹੀ ਬਾਰਿਸ਼ ਹੋਣ ਲੱਗ ਗਈ ਨਾਲੇ ਸਾਨੂੰ ਲੱਗਿਆ ਕਿ ਐਂਵੇਂ ਕਿਉਂ ਗੋਡੇ ਤੋੜਨੇ ਹਨ ਚੱਲ ਚੱਲ ਕੇ, ਅਸੀਂ ਤੁਰਿਆ ਜਾਂਦਾ ਟੈਂਪੂ ਰੋਕ ਕੇ ਬਹਿ ਗਏ ਤੇ ਉਸ ਨੇ ਪੰਜਾਹ ਰੁਪਏ ਵਿਚ ਸਾਨੂੰ ਗੁਰੂ ਘਰ ਦੇ ਬਾਹਰ ਉਤਾਰ ਦਿੱਤਾ |

ਪੁਰੀ ਦੇ ਬੀਚ ਤੋਂ ਦੋ ਤਿੰਨ ਸੌ ਮੀਟਰ ਦੀ ਹੀ ਦੂਰੀ ਤੇ ਛੋਟਾ ਪਰ ਬਹੁਤ ਖੂਬਸੂਰਤ ਬਹੁਮੰਜਲਾ ਇਮਾਰਤ ਹੈ ਗੁਰੂਦੁਆਰਾ ਆਰਤੀ ਸਾਹਿਬ ਦੀ, ਮਨ ਵਿਚ ਵਾਹਿਗੁਰੂ ਦਾ ਜਾਪ ਕਰਦੇ ਹੋਏ ਜੋੜੇ ਉਤਾਰ ਕੇ ਪੌੜੀਆਂ ਰਾਹੀ ਤੀਸਰੀ ਮੰਜਿਲ ਤੇ ਪਹੁੰਚੇ ਜਿੱਥੇ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਸਿਰਫ ਮੈਂ ਤੇ ਰਸ਼ਪਾਲ ਯਾਤਰੀ ਸੀ ਤੀਸਰੇ ਭਾਈ ਸਾਹਿਬ ਉੱਥੇ ਗੁਰੂ ਘਰ ਵਿਚ ਸੇਵਾ ਕਰਣ ਵਾਲੇ ਸਨ | ਥੋੜਾ ਚਿਰ ਬੈਠ ਕੇ ਮੈਂ ਸੋਚਿਆ ਕਿ ਐਡੀ ਦੂਰ ਆ ਕੇ ਵੀ ਜੇਕਰ ਇਸ ਗੁਰੂ ਘਰ ਬਾਰੇ ਜਾਣਕਾਰੀ ਨਾ ਲਈ ਤਾਂ ਟੂਰ ਵਿਅਰਥ ਜਾਣਾ | ਜਦੋਂ ਇਕ ਮੰਜਿਲ ਥੱਲੇ ਬਣੇ ਲੰਗਰ ਹਾਲ ਵਿਚ ਪਹੁੰਚੇ ਤਾਂ ਉੱਥੇ ਕੁਝ ਉੜੀਆ ਔਰਤਾਂ ਨਾਲ ਇਕ ਭਾਈ ਸਾਹਿਬ ਲੰਗਰ ਦੀ ਸੇਵਾ ਕਰ ਰਹੇ ਦਿਖ ਪਏ | ਉਹਨਾਂ ਨਾਲ ਗੱਲ ਬਾਤ ਕੀਤੀ ਤਾਂ ਉਹ ਸਭ ਤੋਂ ਥੱਲੇ ਮੰਜਿਲ ਤੇ ਬੈਠੇ ਗੁਰੂ ਘਰ ਦੇ ਪ੍ਰਬੰਧਕ ਭਾਈ ਜਗਦੀਪ  ਸਿੰਘ ਜੀ ਕੋਲ ਲੈ ਗਏ | ਮੈਂ ਜਗਦੀਪ  ਸਿੰਘ ਨੂੰ ਆਪਣੇ ਆਉਣ ਦਾ ਮਨਸ਼ਾ ਦੱਸਿਆ ਤੇ ਬੇਨਤੀ ਕੀਤੀ ਕਿ ਪੁਰੀ ਦੇ ਵਿਚ ਸਿੱਖ ਧਰਮ ਨਾਲ ਸਬੰਧਤ ਜੋ ਜੋ ਕੁਝ ਹੋਇਆ ਮੈਨੂੰ ਉਹ ਦੱਸਣ ਦੀ ਕਿਰਪਾਲਤਾ ਕਰਣ | ਭਾਈ ਸਾਹਿਬ ਨੇ ਦੱਸਿਆ ਕਿ ਇਸ ਗੁਰੂ ਘਰ ਦੀ ਕਾਰ ਸੇਵਾ ਕਰਣ ਵਾਲੇ ਬਾਬਾ ਸਮਸ਼ੇਰ ਸਿੰਘ ਜੀ ( ਜਗਦੀਪ ਸਿੰਘ ਜੀ ਦੇ ਪਿਤਾ )  ਵੀ ਇਸ ਸਮੇਂ ਆਪਣੇ ਕਮਰੇ ਵਿਚ ਹਨ ਤੇ ਆਪਾਂ ਉਹਨਾਂ ਕੋਲ ਬੈਠ ਕੇ ਤੁਹਾਡੇ ਸ਼ੰਕੇ ਨਵਿਰਤ ਕਰਦੇ ਹਾਂ | ਜਗਦੀਪ ਸਿੰਘ ਜੀ ਦਾ ਖੁਦ ਦਿੱਲੀ ਵਿਚ  ਟਰਾਂਸਪੋਰਟ ਦਾ ਕਾਰੋਬਾਰ ਹੈ ਪਰ ਆਪਣੇ ਪਿਤਾ ਜੀ ਦੀ ਪ੍ਰੇਰਨਾ ਸਦਕਾ ਉਹ ਗੁਰੂ ਘਰ ਵਿਚ ਨਿਸ਼ਕਾਮ ਸੇਵਾ ਕਰ ਰਹੇ ਹਨ |

ਸੋ ਵਿਸਥਾਰ ਸਹਿਤ ਜਾਣਕਾਰੀ ਲੈਣ ਲਈ ਮੈਂ ਉਹਨਾਂ ਅੱਗੇ ਬੇਨਤੀ ਕੀਤੀ ਕਿ ਮੈਨੂੰ ਗੁਰੂ ਨਾਨਕ ਸਾਹਿਬ ਦੇ ਵੇਲੇ ਜੋ ਜੋ ਕੁਝ ਪੁਰੀ ਵਿਚ ਵਾਪਰਿਆ ਤੇ ਲੋਕਲ ਵਸਨੀਕਾਂ ਕੋਲ ਜੋ ਜਾਣਕਾਰੀ ਹੈ ਉਹ ਪਹਿਲਾਂ ਦੱਸੋ ਤਾਂ ਜੋ ਮੈਂ ਆਪਣੇ ਲੇਖ ਰਾਹੀ ਬਾਕੀ ਪਾਠਕਾਂ ਨੂੰ ਜਾਗਰੂਕ ਕਰ ਸਕਾਂ, ਸੋ ਇਸ ਬਾਰੇ ਸਮਸ਼ੇਰ ਸਿੰਘ ਜੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਸੰਨ 1508 ਵਿਚ ਆਏ ਸੀ ਉਸ ਸਮੇਂ ਇੱਥੇ ਮਹਾਰਾਜ ਨਰ ਸਿੰਘ  ਦਾ ਰਾਜ ਸੀ ਤੇ ਉਹ ਭਗਵਾਨ ਜਗਨਨਾਥ ਜੀ ਦਾ ਉਪਾਸ਼ਕ ਸੀ, ਪੁਰੀ ਦੇ ਵਿਚ ਹੁੰਦੀ ਆਰਤੀ ਜਗਤ ਪ੍ਰਸਿੱਧ ਹੈ | ਗੁਰੂ ਨਾਨਕ ਦੇਵ ਜੀ ਸਮੁੰਦਰ ਦੇ ਕੰਢੇ  ਬੈਠ ਕੇ ਅਕਾਲਪੁਰਖ ਦੀ ਉਸਤਤ ਕਰਣ ਲੱਗ ਗਏ ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ ਆਗਿਆ ਲੈ ਕੇ ਪੁਰੀ ਨਗਰ ਵਿਚੋਂ ਖਾਣ ਪੀਣ ਲਈ ਕੁਸ਼ ਲੈਣ ਗਏ ਤਾਂ ਮੰਦਰ ਦੇ ਬਾਹਰ ਪੁਜਾਰੀਆਂ ਨੇ ਉਹਨਾਂ ਨੂੰ ਭਜਾ ਦਿੱਤਾ | ਕੁਝ ਪਲਾਂ ਬਾਦ ਜਦੋਂ ਜਦੋਂ ਮਹਾਰਾਜੇ ਨੇ ਭਗਵਾਨ ਜਗਨਨਾਥ ਦੀ ਆਰਤੀ ਕਰਣ ਲਈ ਦੀਵਿਆਂ ਵਾਲਾ ਥਾਲ ਚੁੱਕਿਆ ਤਾਂ ਉਹ ਥਾਲ ਉੱਡ ਕੇ ਗੁਰੂ ਨਾਨਕ ਸਾਹਿਬ ਦੇ ਅੱਗੇ ਆ ਗਿਆ |

ਮਹਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਹ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਸ਼ਰਧਾ ਤੇ ਆਦਰ ਨਾਲ ਭਗਵਾਨ ਜਗਨਨਾਥ ਦੇ ਮੰਦਰ ਵਿਚ ਲੈ ਕੇ ਗਿਆ ਜਿੱਥੇ ਗੁਰੂ ਨਾਨਕ ਜੀ ਨੇ ਬਚਨ ਕਰਦਿਆਂ ਬਾਣੀ ਦੀ ਰਚਨਾ ਕੀਤੀ ਜੋ ਕਿ ਅੱਜ ‘ਗਗਨ ਮੇਂ ਥਾਲ, ਰਵਿ ਚੰਦ ਦੀਪਕ ਬਨੇ’ ਆਰਤੀ ਨਾਲ ਪ੍ਰਚੱਲਿਤ ਹੈ ਤੇ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ  | ਤਾਂ ਕਰ ਕੇ ਜਗਨਨਾਥ ਦੇ  ਮੰਦਿਰ  ਵਿਚ ਸਿਰਫ ਹਿੰਦੂ ਜਾਂ ਸਿੱਖ ਵਿਅਕਤੀ ਹੀ ਜਾ ਸਕਦਾ ਹੈ ਬਾਕੀ ਕਿਸੇ ਹੋਰ ਧਰਮ ਦਾ ਵਿਅਕਤੀ ਇਸ ਮੰਦਰ ਵਿਚ ਪ੍ਰਵੇਸ਼ ਨਹੀ ਕਰ ਸਕਦਾ

ਸਮੁੰਦਰ ਨਾਲ ਹੋਣ ਕਾਰਣ ਪੁਰੀ ਦੇ ਵਿਚ ਪਾਣੀ ਬਹੁਤ ਖਾਰਾ ਸੀ ਗੁਰੂ ਨਾਨਕ ਸਾਹਿਬ ਨੇ ਉੱਥੇ ਇਕ ਬਾਉਲੀ ਦਾ ਨਿਰਮਾਣ ਕੀਤਾ ਜਿਥੋਂ ਕਿ ਅੱਜ ਵੀ ਬਾਰਾਂ ਮੀਲ ਤੱਕ ਪਾਣੀ ਜਾਂਦਾ ਹੈ ਤੇ ਉਹ ਪਾਣੀ ਖਾਰਾ ਨਹੀਂ ਹੈ ਇਹ ਥਾਂ ਗੁਰੂਦੁਆਰਾ ਬਾਉਲੀ ਮੱਠ ਦੇ ਨਾਮ ਨਾਲ ਮਸ਼ਹੂਰ ਹੈ ਤੇ ਗੁਰੂ ਘਰ ਤੋਂ ਥੋੜੀ ਦੂਰ ਤੇ ਹੀ ਸਥਿੱਤ ਹੈ ਪਰ ਇਸ ਦਾ ਕੰਟਰੋਲ ਉੱਥੋਂ ਦੇ ਇਕ ਮਹੰਤ ਦੇ ਹੱਥ ਵਿਚ ਹੈ

ਬਾਬਾ ਸਮਸ਼ੇਰ ਸਿੰਘ ਨੇ ਦੱਸਿਆ ਕਿ ਮਹੰਤ ਨਾਲ ਉਹਨਾਂ ਦੀ ਅਕਸਰ ਹੀ ਭੇਂਟ ਹੁੰਦੀ ਰਹਿੰਦੀ ਹੈ ਤੇ ਉਹਨਾਂ ਇਕ ਦੋ ਵਾਰ ਕੋਸ਼ਿਸ ਵੀ ਕੀਤੀ ਸੀ ਕਿ ਬਾਉਲੀ ਮੱਤਾ ਨੂੰ ਸਾਫ ਸੁਥਰੇ ਤਰੀਕੇ ਨਾਲ ਨਿਰਮਾਣ ਕੀਤਾ ਜਾਵੇ | ਪਰ ਨਾਸ਼ਾਜ ਹਾਲਾਤਾਂ ਕਰਕੇ ਅਜੇ ਐਸਾ ਸੰਭਵ ਨਹੀਂ ਹੈ | ਉਹਨਾਂ ਮੈਨੂੰ ਵੀ ਕਿਹਾ ਕਿ ਵਾਪਿਸ ਜਾਂਦੇ ਸਮੇਂ ਮੈਂ ਉਸ ਬਾਉਲੀ ਨੂੰ ਦੇਖ ਕੇ ਜਾਵਾਂ |

ਫਿਰ ਮੇਰਾ ਸਵਾਲ ਇਹ ਸੀ ਕਿ ਗੁਰੂ ਨਾਨਕ ਸਾਹਿਬ ਦੇ ਨਾਲ ਜੁੜਿਆ ਹੋਇਆ ਇਹ ਖੂਬਸੂਰਤ ਗੁਰੂ ਘਰ ਦੇ ਵਿਚ ਜਿਆਦਾ ਲੋਕ ਕਿਉਂ ਨਹੀ ਆਉਂਦੇ ਤੇ ਕਿਉਂ ਇਸ ਗੁਰੂ ਘਰ ਦਾ ਪਤਾ ਜਿਆਦਾ ਲੋਕਾਂ ਨੂੰ ਨਹੀ ਹੈ ? ਇਸ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਇਹ ਥਾਂ ਤੇ ਪਹਿਲਾਂ ਕੋਈ ਗੁਰੂ ਘਰ ਨਹੀ ਸੰਨ 2007 ਵਿਚ ਉਹਨਾਂ ਨੇ ਇੱਥੇ ਜਮੀਨ ਖਰੀਦ ਕੇ ਇਹ ਗੁਰੂ ਘਰ ਦੀ ਇਮਾਰਤ ਬਣਾਈ ਜੋ ਕਿ ਸੰਨ 2010 ਵਿਚ ਮੁਕੰਮਲ ਹੋਈ, ਫਿਰ ਉਹਨਾਂ ਗੁਰੂ ਘਰ ਪਿੱਛੇ ਬਾਈ ਕਮਰਿਆਂ ਵਾਲੀ ਸਰਾਂ ਦਾ ਨਿਰਮਾਣ ਵੀ ਕਰਾਇਆ ਜਿਸ ਵਿਚ ਯਾਤਰੀ ਬਿਨਾਂ ਭੇਟਾ ਦਿੱਤੇ ਰਹਿ ਸਕਦੇ ਹਨ , ਪਰ ਇਹ ਥਾਂ ਕਾਫੀ ਦੂਰ ਹੋਣ ਕਾਰਣ ਜਿਆਦਾ ਯਾਤਰੀ ਇੱਥੇ ਪਹੁੰਚਦੇ ਨਹੀਂ, ਉਹ ਖੁਦ ਐਸ.ਜੀ.ਪੀ.ਸੀ. ਨੂੰ ਵੀ ਇਸ ਗੁਰੂ ਘਰ ਦੀ ਜਿੰਮੇਵਾਰੀ ਲੈਣ ਦੀ ਬੇਨਤੀ ਕਰ ਚੁੱਕੇ ਹਨ | ਪਰ ਕਿਸੇ ਕਾਰਣਵੱਸ ਇਹ ਗੱਲ ਨਹੀ ਬਣ ਰਹੀ, ਫਿਲਹਾਲ ਹੁਣ ਉਹ ਖੁਦ ਹੀ ਇਸ ਗੁਰੂ ਘਰ ਦੀ ਦੇਖ ਰੇਖ ਕਰ ਰਹੇ ਹਨ ਤੇ ਉੜੀਆ ਲੋਕਾਂ ਨਾਲ ਰਲ ਕੇ ਸਾਂਝੀਵਾਲਤਾ ਦੇ ਸੰਦੇਸ਼ ਦੁਨੀਆ ਤੱਕ ਪਹੁੰਚਾ ਰਹੇ ਹਨ |

ਗੁਰੂ ਘਰ ਦੇ ਬਾਹਰ ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਵੀ ਬਣਾਇਆ ਗਿਆ ਹੈ | ਭਾਈ ਹਿੰਮਤ ਸਿੰਘ ਜੀ ਦਾ ਜਨਮ ਪੁਰੀ ਵਿਖੇ ਹੋਇਆ ਸੀ ਤੇ ਉਹ ਪੰਜ ਪਿਆਰਿਆਂ ਵਿਚੋਂ ਇਕ ਸਨ ਜਿੰਨਾਂ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ ਸੀ ਤੇ ਬਾਦ ਵਿਚ ਖੁਦ ਅੰਮ੍ਰਿਤ ਛਕਿਆ ਸੀ  ਇਹ ਸੇਵਾਦਾਰਾਂ ਦੀ ਮਿਹਨਤ ਹੀ ਸੀ ਕਿ ਰੇਤੀਲੀ ਜਮੀਨ ਵਿਚ ਐਨੇ ਖੂਬਸੂਰਤ ਫੁੱਲ ਲੱਗੇ ਹੋਏ ਸਨ | ਉਹਨਾਂ ਕਿਹਾ ਕਿ ਉੜੀਆ ਲੋਕ ਬਹੁਤ ਮਿਲਣਸਾਰ ਹਨ ਤੇ ਉਹ ਵੀ ਰੱਥ ਯਾਤਰਾ ਵੇਲੇ ਆਏ ਹਿੰਦੂ ਯਾਤਰੀਆਂ ਲਈ ਲੰਗਰ ਲਗਾਉਂਦੇ ਹਨ ਤਾਂ ਕਿ ਇਹ ਪਿਆਰ ਦੀਆਂ ਤੰਦਾਂ ਹੋਰ ਮਜ਼ਬੂਤ ਹੋ ਸਕਣ | ਬਾਬਾ ਸਮਸ਼ੇਰ ਸਿੰਘ ਜੀ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਰਿਲੀਜਅਸ ਐਂਡ ਚੈਰਿਟੇਬਲ ਟਰੱਸਟ ਵੀ ਬਣਾਇਆ ਗਿਆ ਹੈ ਜਿਸ ਦੇ ਤਹਿਤ ਪਿਛਲੇ ਅੱਠ ਸਾਲਾਂ ਤੋਂ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ ਧਾਰਮਿਕ ਸਮਾਗਮ ਕੀਤਾ ਜਾਂਦਾ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ | ਮੈਨੂੰ ਸੁਣ ਸੁਣ ਹੈਰਾਨੀ ਹੋ ਰਹੀ ਸੀ ਕਿ ਇਸ ਜਗਾ ਤੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਇਸ ਥਾਂ ਦਾ ਪ੍ਰਚਾਰ ਕਿਉਂ ਨਹੀਂ ਕਰ ਰਹੀ ਕਿਉਂ ਕਿ ਇਹ ਸਭ ਇਤਿਹਾਸ ਜੋ ਮੈਨੂੰ ਬਾਬਾ ਸਮਸ਼ੇਰ ਸਿੰਘ ਨੇ ਦੱਸਿਆ ਇਹ ਉਹਨਾਂ ਦੀ ਕਾਲਪਨਿਕ ਕਹਾਣੀ ਨਹੀ ਸੀ ਬਲਕਿ ਪੁਰੀ ਸ਼ਹਿਰ ਦੇ ਵਸਨੀਕਾਂ ਦੀ ਗਾਥਾ ਸੀ ਜੋ ਉਹਨਾਂ ਨੂੰ ਉਹਨਾਂ ਦੇ ਵੱਡ ਵਡੇਰਿਆਂ ਤੋਂ ਦੇਖੀ ਸੁਣੀ ਸੀ |

ਅੰਤ ਵਿਚ ਬਾਬਾ ਸਮਸ਼ੇਰ ਸਿੰਘ ਤੇ ਭਾਈ ਜਗਦੀਪ  ਸਿੰਘ ਦਾ ਧੰਨਵਾਦ ਕਰ ਕੇ ਮੈਂ ਤੇ ਰਸ਼ਪਾਲ ਕਮਰੇ ਵਿਚੋਂ ਬਾਹਰ ਆ ਗਏ | ਦਸ ਦੇ ਕਰੀਬ ਹੋਰ ਯਾਤਰੀ ਵੀ ਪੰਜਾਬ ਤੋਂ ਇਸ ਸਥਾਨ ਦੇ ਦਰਸ਼ਨ ਕਰਣ ਪਹੁੰਚੇ ਸਨ | ਹਰ ਰੋਜ ਦੀ ਤਰਾਂ ਲੰਗਰ ਤਿਆਰ ਸੀ ਤੇ ਬਾਕੀ ਯਾਤਰੀਆਂ ਨਾਲ ਰਲ ਕੇ ਅਸੀਂ ਲੰਗਰ ਵੀ ਛਕਿਆ | ਗੁਰੂਘਰ ਦੇ ਬਾਹਰ ਖੜ ਕੇ ਮੈਂ ਫੇਸਬੁੱਕ ਤੋਂ ਲਾਈਵ ਵੀਡੀਉ ਵੀ ਪਾਇਆ ਤੇ ਕੁਝ ਜਾਣਕਾਰੀ ਵੀ ਸਾਂਝੀ ਕੀਤੀ ਫਿਰ ਰੇਤੀਲੇ ਜਮੀਨ ਤੇ ਉੱਗੇ ਫੁੱਲ ਦੇਖਣ ਲਈ  ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਵਿਚ ਗਏ ਤੇ ਬਹੁਤ ਹੈਰਾਨ ਹੋਏ ਕਿ ਕਮਾਲ ਦੀ ਕੁਦਰਤ ਹੈ ਕਿੱਥੇ ਕੀ ਕੀ ਉਗਾ ਦਿੰਦੀ ਹੈ | ਪਰ ਇਕ ਗੱਲ ਮੇਰੇ ਦਿਮਾਗ ਵਿਚ ਜ਼ਰੂਰ ਖੜਕੀ ਕਿ ਇਸ ਗੁਰੂ ਘਰ ਤੋਂ ਕਮਾਈ ਘੱਟ ਤੇ ਖਰਚਾ ਜਿਆਦਾ ਹੋਣ ਕਾਰਣ ਐਸ.ਜੀ.ਪੀ.ਸੀ. ਸ਼ਾਇਦ ਇਸ ਗੁਰੂ ਘਰ ਨੂੰ ਕੰਟਰੋਲ ਕਰਨ ਤੋਂ ਕਤਰਾਉਂਦੀ ਪਈ ਹੈ | ਕਿਉਂ ਕਿ ਮੇਰੇ ਹਿਸਾਬ ਨਾਲ ਇਸ ਗੁਰੂ ਘਰ, ਪਾਰਕ, ਸਰਾਂ ਦੀ ਦੇਖ ਰੇਖ ਤੇ ਮਹੀਨੇ ਦਾ ਲੱਖਾਂ ਰੁਪਿਆ ਖਰਚ ਹੋ ਰਿਹਾ ਹੈ ਪਰ ਪ੍ਰਬੰਧਕਾਂ ਦੀ ਸੇਵਾ ਧੰਨ ਹੈ ਜਿੰਨਾਂ ਨੇ ਗੁਰੂ ਸਾਹਿਬ ਦੀ ਯਾਦ ਕਾਇਮ ਕਰ ਕੇ ਮਿਸਾਲ ਬਣਾਈ |

ਜਾਂਦੇ ਵਾਰ ਨਿਰਣਾ ਕੀਤਾ ਕਿ ਜਗਨਨਾਥ ਪੁਰੀ ਦੇ ਮੰਦਰ ਵਿਚ ਚੱਲਦੇ ਹਾਂ, ਬਾਬੇ ਗੂਗਲ ਨੇ ਦੱਸਿਆ ਕਿ ਬਾਉਲੀ ਮੱਠ ਵੀ ਰਸਤੇ ਵਿਚ ਹੈ ਫਿਰ ਸੋਚਿਆ ਹੁਣ ਪੈਦਲ ਹੀ ਚੱਲਾਂਗੇ ਕਿਉਂ ਕਿ ਮੀਹ ਤਕਰੀਬਨ ਰੁੱਕ ਚੁੱਕਾ ਸੀ ਤੇ ਅਸੀ ਬੀਚ ਦੇ ਨਾਲ ਨਾਲ ਚੱਲਦੇ ਬਜ਼ਾਰ ਵਿਚ ਵੜ ਰਹੇ ਸਾਂ ਕਿ ਖੱਬੇ ਪਾਸੇ ਸਵਰਗਦੁਆਰ ਸਮਸ਼ਾਨ ਘਾਟ ਬਣਿਆ ਦੇਖਿਆ ਕਾਫੀ ਦੇਹਾਂ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਥੋੜਾ ਅੱਗੇ ਗਏ ਤਾਂ ਢੋਲਕ ਦੀ ਆਵਾਜ ਆਉਂਦੀ ਸੁਣੀ ਦੇਖਿਆ ਤਾਂ ਇਕ ਅਰਥੀ ਨੂੰ ਚਾਰ ਜਣੇ ਚੁੱਕ ਕੇ ਲਿਆ ਰਹੇ ਸੀ ਤੇ ਪੰਜਵਾਂ ਬੰਦਾ ਅੱਗੇ ਢੋਲਕ ਵਜਾਉਂਦਾ ਹਰੇ ਰਾਮ ਹਰੇ ਰਾਮ ਗਾਉਂਦਾ ਆ ਰਿਹਾ ਸੀ | ਇਹ ਕਿਸੇ ਬਜ਼ੁਰਗ ਮਾਤਾ ਦੀ ਅਰਥੀ ਸੀ ਜਿਸ ਦੀਆਂ ਦੋਵੇਂ ਲੱਤਾਂ ਸੀੜੀ ਦੇ ਵਿਚੋਂ ਦੀ ਥੱਲੇ ਲਮਕਾਈਆਂ ਹੋਈਆਂ ਸੀ, ਸਿਰਫ ਪੰਜ ਬੰਦਿਆਂ ਵੱਲੋਂ ਸੰਸਕਾਰ ਤੇ ਜਾਣਾ ਮੈਨੂੰ ਥੋੜਾ ਨਹੀ ਕਾਫੀ ਅਜੀਬ ਜਿਹਾ ਲੱਗਾ,

ਥੋੜੀ ਦੇਰ ਪਹਿਲਾਂ ਪਏ ਮੀਂਹ ਕਾਰਣ ਬਜ਼ਾਰ ਵਿਚ ਬਹੁਤ ਚਿੱਕੜ ਹੋਇਆ ਪਿਆ ਸੀਂ ਨਾਲੇ ਮੱਖੀਆਂ ਦੀ ਭਿਣਭਿਣਾਹਟ ਤੇ ਉੱਤੋਂ ਗੰਦਗੀ ਦੀ ਬਦਬੋ ਨੇ ਕਾਫੀ ਤੰਗ ਕੀਤਾ ਪਿਆ ਸੀ, ਫਿਰ ਬਾਉਲੀ ਮੱਠ ਜਾ ਪਹੁੰਚੇ, ਪਹਿਲੀ ਨਜ਼ਰੇ ਤਾਂ ਇਹ ਮੈਨੂੰ ਕਿਸੇ ਦਾ ਘਰ ਹੀ ਲੱਗਿਆ, ਜਕੋ ਤੱਕੀ ਅਦਰ ਵੜੇ ਤਾਂ ਵਾਕਿਆ ਘਰ ਹੀ ਸੀ, ਇਕ ਨੋ ਦਸ ਸਾਲ ਦੀ ਕੁੜੀ ਨੇ ਸਾਨੂੰ ਖੱਬੇ ਪਾਸੇ ਜਾਣ ਦਾ ਇਸ਼ਾਰਾ ਕੀਤਾ ਅਸੀਂ ਅੰਦਰ ਗਏ ਤਾਂ ਇਕ ਕਮਰੇ ਵਿਚ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਨਾਲੇ ਉਹਨਾਂ ਦੇ ਹਿੰਦੂ ਦੇਵੀ ਦੇਵਤਿਆਂ ਦੀ ਮੂਰਤੀਆਂ ਪਈਆਂ ਸਨ | ਅਸੀਂ ਮੱਥਾ ਟੇਕ ਕੇ ਹਟੇ ਸਾਂ ਕਿ ਉੱਥੇ ਦਾ ਪ੍ਰਬੰਧਕ ਮਹੰਤ ਵੀ ਆ ਗਿਆ, ਸਾਨੂੰ ਬਾਉਲੀ ਵਾਲੇ ਪਾਸੇ ਲੈ ਗਿਆ ਜੋ ਕਿ ਤਾਲਾ ਲੈ ਕੇ ਬੰਦ ਕੀਤੀ ਹੋਈ ਸੀ ਕਿ ਕੋਈ ਬੱਚਾ ਨਾ ਚਲਾ ਜਾਏ, ਪਰ ਕੁਲ ਮਿਲਾ ਕੇ ਇਸ ਥਾਂ ਤੇ ਸੇਵਾ ਸੰਭਾਲ ਦੀ ਬਹੁਤ ਜਿਆਦਾ ਲੋੜ ਲੱਗੀ ਮੈਨੂੰ, ਬਾਉਲੀ ਵਿਚੋਂ ਬਾਹਰ ਆਏ ਤਾਂ ਮਹੰਤ ਜੀ ਕਹਿਣ ਲੱਗੇ ਕਿ ਆਏ ਗਏ ਯਾਤਰੀਆਂ ਲਈ ਪੱਖੇ ਲਗਵਾਉਣੇ ਹਨ ਜੇ ਕਰ ਅਸੀ ਕੁਝ ਪੈਸੇ ਭੇਂਟ ਕਰ ਦਈਏ ਤਾਂ ਪਤਾ ਨਹੀ ਕਿਉਂ ਮੇਰਾ ਦਿਲ ਨਹੀ ਕੀਤਾ ਪੈਸੇ ਦੇਣ ਨੂੰ, ਮੈਂ ਕਿਹਾ ਅਸੀ ਅਜੇ ਇੱਥੇ ਹੀ ਹਾਂ ਤਿੰਨ ਚਾਰ ਦਿਨ ਬਾਦ ਵਿਚ ਆ ਕੇ ਦੇ ਜਾਂਦੇ ਹਨ ਇਹ ਗੱਲ ਸੁਣ ਕੇ ਮਹੰਤ ਅੰਦਰ ਘਰੇ ਚਲਾ ਗਿਆ ਤੇ ਅਸੀ ਪੁਰੀ ਦੇ ਪ੍ਰਸਿੱਧ ਜਗਨਨਾਥ ਮੰਦਿਰ ਵੱਲ ਚਾਲੇ ਪਾ ਦਿੱਤੇ

                                                                                                            ……. ( ਚੱਲਦਾ )

ਗਿੰਨੀ ਸਾਗੂ

ਮੈਲਬੌਰਨ

ਆਸਟਰੇਲੀਆ

+61-403-147-322

ginni.sagoo@gmail.com

Leave a Reply

Your email address will not be published. Required fields are marked *

%d bloggers like this: