Mon. Oct 14th, 2019

ਅਜੋਕੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਥਾਪਨਾ ਮੌਕੇ ਵਿਸ਼ੇਸ਼

ਅਜੋਕੇ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਸਥਾਪਨਾ ਮੌਕੇ ਵਿਸ਼ੇਸ਼

punjab-district-mapਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ 562 ਰਾਜਵਾੜੇ ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। 15 ਅਗਸਤ, 1947 ਨੂੰ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕਰ ਅਜੋਕਾ ਭਾਰਤ ਹੋਂਦ ਵਿੱਚ ਆਇਆ ਜਿਸ ਵਿੱਚ ਬਹੁਤ ਵੱਡੇ ਰਾਜਾਂ ਨੂੰ ਛੋਟਾ ਕਰਨ ਲਈ, ਬਹੁਤ ਛੋਟਿਆਂ ਨੂੰ ਵੱਡਾ ਰੂਪ ਦੇਣ ਲਈ ਅਤੇ ਸੂਬਿਆਂ ਦੇ ਆਪਸੀ ਦੋਸਤਾਨਾ ਸੰਬੰਧ ਕਾਇਮ ਕਰਨ ਲਈ 1953 ਈ. ਵਿੱਚ ਜਸਟਿਸ ਫ਼ਜ਼ਲਅਲੀ ਦੀ ਰਹਿਨੁਮਾਈ ਅਧੀਨ ਰਾਜ ਪੁਨਰਗਠਨ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਨੇ ਸਾਰੇ ਦੇਸ਼ ਨੂੰ ਭਾਸ਼ਾਈ ਆਧਾਰ ਤੇ 14 ਰਾਜਾਂ ਅਤੇ 6 ਕੇਂਦਰੀ ਸ਼ਾਸਤ ਰਾਜਾਂ ਵਿੱਚ ਵੰਡ ਦਿੱਤਾ। ਬਾਅਦ ਵਿੱਚ ਇਨ੍ਹਾਂ ਦੀ ਵੰਡ ਹੋ ਜਾਣ ਕਾਰਨ ਕਈ ਹੋਰ ਛੋਟੇ ਰਾਜ ਬਣ ਗਏ ਤੇ ਨਵੇਂ ਨਾਮ ਦਿੱਤੇ ਗਏ। ਕਈ ਕੇਂਦਰੀ ਸ਼ਾਸਤ ਖੇਤਰ ਅਜੋਕੇ ਸਮੇਂ ਦੋਰਾਨ ਰਾਜ ਦਾ ਦਰਜਾ ਗ੍ਰਹਿਣ ਕਰ ਗਏ। ਸਾਡਾ ਆਪਣਾ ਅਜੋਕਾ ਪੰਜਾਬ ਵੀ ਸ਼ਾਹ ਕਮਿਸ਼ਨ ਦੀ ਸਿਫਾਰਸ਼ਾਂ ਅਧੀਨ ਪੰਜਾਬੀ ਭਾਸ਼ਾਈ ਸੂਬਾ ਹੋਣ ਕਰਕੇ ਅੱਜ ਦੇ ਦਿਨ ਪਹਿਲੀ ਨਵੰਬਰ 1966 ਨੂੰ ਹੋਂਦ ਵਿੱਚ ਆਇਆ ਸੀ ਅਤੇ ਅੱਜ ਸਾਡੇ ਸੂਬੇ ਨੂੰ ਹੋਂਦ ਵਿੱਚ ਆਇਆਂ 50 ਸਾਲ ਪੂਰੇ ਹੋ ਗਏ ਹਨ। ਇਸ ਸਮੇਂ ਭਾਰਤ ਦੇ ਕੁੱਲ 29 ਰਾਜ ਅਤੇ 7 ਕੇਂਦਰੀ ਸ਼ਾਸਤ ਖੇਤਰ ਹਨ।
ਆਜ਼ਾਦੀ ਤੋਂ ਬਾਅਦ ਭਾਸ਼ਾ ਦੇ ਆਧਾਰ ‘ਤੇ ਸੂਬਿਆਂ ਦੀ ਮੰਗ ਹਰ ਪਾਸੇ ਹੋ ਰਹੀ ਸੀ ਅਤੇ 1956 ਤੱਕ ਬੋਲੀ ਦੇ ਆਧਾਰ ‘ਤੇ ਬਹੁਤ ਸਾਰੇ ਸੂਬੇ ਹੋਂਦ ਵਿਚ ਆਏ। ਆਂਧਰਾ ਵਿਚ ਰਾਮਾਲੂ ਨਾਂਅ ਦੇ ਆਗੂ ਸ਼ਹੀਦ ਹੋ ਗਏ। ਆਂਧਰਾ ਪ੍ਰਦੇਸ਼ ਬਣ ਗਿਆ। 23 ਦਸੰਬਰ, 1959 ਨੂੰ ਗੁਜਰਾਤ ਤੇ ਮਹਾਰਾਸ਼ਟਰ ਦੇ ਸੂਬੇ ਬਾਰੇ ਐਲਾਨ ਕੀਤਾ ਗਿਆ। ਅਕਾਲੀ ਦਲ ਨੂੰ 1955 ਦੇ ਮੋਰਚੇ ਤੋਂ ਬਾਅਦ ਸਿਰਫ ਰਿਜ਼ਨਲ ਫਾਰਮੂਲਾ ਪ੍ਰਾਪਤ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ 22 ਮਈ, 1960 ਈ: ਨੂੰ ਪੰਜਾਬੀ ਸੂਬਾ ਕਾਨਫ਼ਰੰਸ ਅੰਮ੍ਰਿਤਸਰ ਵਿਖੇ ਰੱਖੀ, ਜਿਸ ਦੀ ਪ੍ਰਧਾਨਗੀ ਪੰਡਿਤ ਸੁੰਦਰ ਦਾਸ ਨੇ ਕੀਤੀ। ਇਸ ਕਾਨਫ਼ਰੰਸ ਵਿਚ ਡਾ: ਸੈਫਉਦੀਨ ਕਿਚਲੂ, ਕੇ. ਜੀ. ਜੋਧ, ਮੌਲਾਨਾ ਸਲਾਮਤ ਉਲਖਾਨ, ਜ਼ਹੀਰ ਕੁਰੈਸ਼ੀ, ਪ੍ਰਤਾਪ ਸਿੰਘ ਦੋਲਤਾ ਐਮ.ਪੀ. ਵੀ ਸ਼ਾਮਿਲ ਹੋਏ। ਕਾਂਗਰਸ ਸਰਕਾਰ ਨੇ 24 ਮਈ, 1960 ਈ ਨੂੰ ਰਾਤ ਦੇ ਗਿਆਰਾਂ ਵਜੇ ਮਾਸਟਰ ਤਾਰਾ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸਾਰੇ ਪੰਜਾਬ ਵਿਚੋਂ 5000 ਅਕਾਲੀ ਸਿੰਘਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਮਾਸਟਰ ਜੀ ਦੀ ਗ੍ਰਿਫ਼ਤਾਰੀ ਨਾਲ ਮੋਰਚਾ ਸ਼ੁਰੂ ਹੋ ਗਿਆ। ਪਹਿਲਾ ਜਥਾ ਪ੍ਰਿੰਸੀਪਲ ਇਕਬਾਲ ਸਿੰਘ ਦੀ ਅਗਵਾਈ ਵਿਚ 29 ਮਈ, 1960 ਈ: ਨੂੰ ਗ੍ਰਿਫ਼ਤਾਰ ਹੋਇਆ। ਸ਼੍ਰੋਮਣੀ ਅਕਾਲੀ ਦਲ ਨੇ 12 ਜੂਨ, 1960 ਨੂੰ ਦਿੱਲੀ ‘ਚ ਰੋਸ ਜਲੂਸ ਕੱਢਿਆ। ਇਸ ਸਮੇਂ ਦਿੱਲੀ ਵਿਖੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ, ਅੱਥਰੂ ਗੈਸ ਨਾਲ 7 ਸ਼ਹੀਦੀਆਂ ਹੋਈਆਂ।
ਪੰਜਾਬੀ ਸੂਬੇ ਦੇ ਮੋਰਚੇ ਵਿਚ 57129 ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ। 43 ਸਿੰਘ ਸ਼ਹੀਦ ਹੋਏ, ਲੱਖਾਂ ਰੁਪਏ ਜੁਰਮਾਨਾ ਭਰਿਆ, ਲੰਮੀਆਂ ਕੈਦਾਂ ਕੱਟੀਆਂ, ਨਕਾਰਾ ਹੋਏ, ਘਰ ਸੀਲ ਕਰ ਦਿੱਤੇ ਗਏ। ਪੰਜਾਬੀ ਸੂਬੇ ਦੀ ਖਾਤਰ ਸੰਤ ਫ਼ਤਹਿ ਸਿੰਘ ਅਤੇ ਮਾਸਟਰ ਤਾਰਾ ਸਿੰਘ ਨੇ ਮਰਨ ਵਰਤ ਰੱਖੇ। ਪੰਜਾਬੀ ਸੂਬਾ ਬਨਣ ਵਿੱਚ ਉਸ ਸਮੇਂ ਦੇ ਹਾਲਾਤ ਬਹੁਤ ਸਹਾਇਕ ਸਿੱਧ ਹੋਏ। ਭਾਰਤ ਪਾਕਿਸਤਾਨ ਲੜਾਈ ਦੌਰਾਨ ਪੰਜਾਬੀਆਂ ਨੇ, ਖਾਸ ਕਰਕੇ ਸਿੱਖਾਂ ਨੇ, ਬੇਮਿਸਾਲ ਬਹਾਦੁਰੀ ਦਾ ਸਬੂਤ ਦਿੱਤਾ ਸੀ। ਇਸ ਲਈ ਕੇਂਦਰੀ ਸਰਕਾਰ ਸਿੱਖਾਂ ਦੀ ਮੰਗ ਨੂੰ ਮੰਨ ਕੇ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੀ ਸੀ। ਸਨ 1964 ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੀ ਮੌਤ ਨੇ ਵੀ ਪੰਜਾਬ ਵਿੱਚ ਪੰਜਾਬੀ ਸੂਬੇ ਦੇ ਇੱਕ ਬਹੁਤ ਵੱਡੇ ਕਟੱੜ ਵਿਰੋਧੀ ਨੂੰ ਰਸਤੇ ਤੋਂ ਹਟਾ ਦਿੱਤਾ ਸੀ। ਉਂਝ ਵੀ ਦੇਸ਼ ਦੇ ਦੂਜੇ ਹਿਸਿੱਆਂ ਵਿੱਚ ਭਾਸ਼ਾ ਦੇ ਆਧਾਰ ਤੇ ਨਵੇਂ ਪ੍ਰਾਂਤ ਬਣ ਚੁੱਕੇ ਸਨ। ਇਸ ਲਈ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬੀ ਸੂਬੇ ਦੇ ਆਧਾਰ ਤੇ ਪੰਜਾਬੀ ਸੂਬੇ ਦੇ ਨਿਰਮਾਣ ਨੂੰ ਬਹੁਤੀ ਦੇਰ ਤੱਕ ਟਾਲਿਆ ਨਹੀਂ ਜਾ ਸਕਦਾ ਸੀ।
ਲਿਹਾਜਾ ਪੰਜਾਬ ਪੁਨਰਗਠਨ ਐਕਟ ਨੇ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ (ਉਸ ਵਕਤ ਕੇਂਦਰ ਸ਼ਾਸਤ ਪ੍ਰਦੇਸ਼) ਦੇ ਨਿਰਮਾਣ ਦੀ ਸਿਫ਼ਾਰਸ਼ ਕੀਤੀ। ਇਹ ਬਿੱਲ ਲੋਕ ਸਭਾ ਵਿੱਚ 3 ਸਤੰਬਰ 1966 ਨੂੰ ਰੱਖਿਆ ਗਿਆ ਅਤੇ ਇਸੇ ਮਹੀਨੇ ਵਿੱਚ ਹੀ ਪਾਸ ਹੋ ਗਿਆ। 18 ਸਤੰਬਰ 1966 ਨੂੰ ਇਸ ਬਿੱਲ ਨੂੰ ਰਾਸ਼ਟਰਪਤੀ ਦੀ ਮਨਜੂਰੀ ਮਿਲ ਗਈ। ਪਹਿਲੀ ਨਵੰਬਰ 1966 ਨੂੰ ਲੰਮੇ ਸੰਘਰਸ਼ ਤੋਂ ਬਾਅਦ ਪੰਜਾਬੀ ਸੂਬੇ ਦਾ ਗਠਨ ਹੋਇਆ ਜਿਸ ਦੀ ਰਾਜ ਭਾਸ਼ਾ ਪੰਜਾਬੀ ਹੈ। ਪਰੰਤੂ 1 ਨਵੰਬਰ, 1966 ਈ: ਨੂੰ ਅਧੂਰਾ ਪੰਜਾਬੀ ਸੂਬਾ ਹੀ ਹੋਂਦ ਵਿਚ ਆਇਆ। ਪੰਜਾਬੀ ਸੂਬੇ ਦੀ ਅੱਜ ਤੱਕ ਆਪਣੀ ਰਾਜਧਾਨੀ ਨਹੀਂ ਹੈ, ਜਿਹੜੀਆਂ ਮੰਗਾਂ ਨੂੰ ਲੈ ਕੇ ਪੰਜਾਬੀ ਸੂਬਾ ਮੋਰਚਾ ਸ਼ੁਰੂ ਕੀਤਾ ਗਿਆ ਸੀ, ਉਹ ਮੰਗਾਂ ਵਿਚੇ ਲਟਕਦੀਆਂ ਫਿਰਦੀਆਂ ਹਨ। ਅੱਜ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀ ਸੂਬਾ ਚੁਟਕੀ ਨਾਲ ਨਹੀਂ ਬਣ ਗਿਆ, ਸਗੋਂ ਇਸ ਪਿੱਛੇ ਲੰਮੇ ਸੰਘਰਸ਼ ਦੀ ਗਾਥਾ ਹੈ। ਜਿਨ੍ਹਾਂ ਯੋਧਿਆਂ ਨੇ ਪੰਜਾਬੀ ਸੂਬੇ ਨੂੰ ਬਣਾਉਣ ਲਈ ਸਾਰਾ ਸੰਤਾਪ ਆਪਣੇ ਸਰੀਰ ‘ਤੇ ਹੰਢਾਇਆ ਸੀ, ਉਨ੍ਹਾਂ ਨੂੰ ਕਿਸੇ ਨੇ ਪੁੱਛਿਆ ਨਹੀਂ, ਜਿਨ੍ਹਾਂ ਪਰਿਵਾਰਾਂ ਦੀ ਉਸ ਸਮੇਂ ਦੁਰਦਸ਼ਾ ਹੋਈ, ਉਹ ਪਰਿਵਾਰ ਅਜੇ ਤੱਕ ਨਹੀਂ ਸੰਭਲ ਸਕੇ। ਸ਼ਹੀਦ ਦਰਸ਼ਨ ਸਿੰਘ ਫੇਰੂਮਾਨ 15 ਅਗਸਤ, 1969 ਤੋਂ 27 ਅਕਤੂਬਰ, 1969 ਤੱਕ ਪੰਜਾਬੀ ਸੂਬੇ ਨੂੰ ਮੁਕੰਮਲ ਕਰਾਉਣ ਤੇ ਰਾਜਧਾਨੀ ਲਈ ਮਰਨ ਵਰਤ ਰੱਖ ਕੇ ਸ਼ਹੀਦੀ ਪਾ ਗਏ। ਅੱਜ ਅਧੂਰਾ ਪੰਜਾਬੀ ਸੂਬਾ ਅਤੇ ਰਾਜਧਾਨੀ ਤੋਂ ਸੱਖਣਾ ਪੰਜਾਬੀ ਸੂਬਾ ਦੇਖ ਕੇ ਸ਼ਹੀਦਾਂ ਦੀਆਂ ਰੂਹਾਂ ਵੀ ਤੜਫਦੀਆਂ ਹੋਣਗੀਆਂ। ਇਹ ਸੱਚ ਹੈ ਕਿ ਕੁਰਬਾਨੀਆਂ ਅਜਾਈਂ ਨਹੀਂ ਜਾਂਦੀਆਂ, ਇਕ ਦਿਨ ਰੰਗ ਲਿਆਉਣਗੀਆਂ ਅਤੇ ਪੰਜਾਬੀ ਸੂਬਾ ਸੰਪੂਰਨ ਹੋ ਕੇ ਦੇਸ਼ ਦਾ ਮੋਹਰੀ ਸੂਬਾ ਬਣੇਗਾ।
ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਨਿਵੇਕਲੇ ਉਪਰਾਲੇ ਤਹਿਤ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਸਿੱਖਿਆ ਅਤੇ ਸਭਿਆਚਾਰਕ ਪੱਖ ਤੋਂ ਅਜੋਕੀ ਪੀੜ੍ਹੀ ਦੇ ਸਰਵਪੱਖੀ ਵਿਕਾਸ ਨੂੰ ਉਭਾਰਣ ਲਈ ਹਾਲ ਹੀ ਵਿੱਚ ਕਰਵਾਏ ਗਏ ਪ੍ਰੋਗਰਾਮ ਸ਼ਲਾਘਾਯੋਗ ਹਨ। ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਵਿਦਿਆਰਥੀ ਆਪਣੇ ਵਿਰਸੇ ਨਾਲ ਜੁੜਦੇ ਹਨ ਅਤੇ ਸਭਿਆਚਾਰ ਨੂੰ ਵਧੇਰੇ ਨਜ਼ਦੀਕੀ ਨਾਲ ਸਮਝਦੇ ਹਨ। ਸੋ ਅੰਤ ਵਿੱਚ ਇਹੀ ਕਹਾਗਾਂ ਕਿ ਅੱਜ ਸਮੁੱਚੇ ਪੰਜਾਬ ਵਾਸੀਆਂ ਨੂੰ ਪੰਜਾਬੀ ਸੂਬਾ ਦਿਵਸ ‘ਤੇ ਪੰਜਾਬੀ ਸੂਬਾ ਮੋਰਚੇ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾਂ ਨੂੰ ਯਾਦ ਕਰਨਾ ਚਾਹੀਦਾ ਹੈ ਅਤੇ ਇਸ ਦੇ ਨਾਲ ਹੀ ਹਾਕਮ ਸਰਕਾਰਾਂ ਵੱਲੋਂ ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ। ਜੈ ਹਿੰਦ !

vijay-2

ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Leave a Reply

Your email address will not be published. Required fields are marked *

%d bloggers like this: