Fri. Aug 23rd, 2019

ਅਖੌਤੀ ‘ਸਾਹਿਤਕਾਰਾਂ’ ਨੂੰ ਸਲਾਮ

ਅਖੌਤੀ ‘ਸਾਹਿਤਕਾਰਾਂ’ ਨੂੰ ਸਲਾਮ

ਪਿਆਰੇ ਪਾਠਕੋ ਬਈ ਕਹਿੰਦੇ ਨੇ ਕਿ ਵਾਲਾਂ ਦਾ ਅਲਾਹਿਦਾ ਜਿਹਾ ਸਟਾਈਲ ਬਣਾ ਕੇ, ਹੱਥਾਂ ਦੀਆਂ ਉਂਗਲਾਂ ਵਿੱਚ ਮੁੰਦਰੀਆਂ ਪਾ ਕੇ ਚੈਨੀਆਂ-ਸ਼ੈਨੀਆਂ ਪਾ ਕੇ ਹੱਥ ਵਿੱਚ ਕੋਈ ਮਾਈਕ-ਸਾਈਕ ਆਦਿ ਫੜ ਲਿਆ ਤਾਂ ਸਮਝੋ ਤੁਸੀਂ ਗਾਇਕ ਬਣ ਗਏ। ਕਿੰਗ (ਤੂੰਬੀ) ਹੱਥ ਵਿੱਚ ਫੜ ਕੇ ਚਾਰ ਕੁ ਏਧਰ ਉਧਰ ਦੀ ਬੇੁਸਰੀਆਂ ਹੇਕਾਂ ਵੀ ਲਾ ਲਾ ਕੇ ਮਾਡਲਾਂ ਨੂੰ ਅੱਧਨੰਗੇ ਕੱਪੜੇ ਪੁਆ ਕੇ ਵੀਡੀਓ-ਸੀਡੀਓ ਬਣਾ ਲਿਆ ਤਾਂ ਸਮਝੋ ਤੁਹਾਨੂੰ ਸਟਾਂਰ ਬਣਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਚਾਹੇ ਸੂਰਜ ਉਲਟ ਦਿਸ਼ਾ ਵੱਲ ਚੜਨਾ ਹੀ ਸ਼ੁਰੂ ਕਿਉਂ ਨਾ ਕਰ ਦੇਵੇ ਪਰ ਤੁਸੀਂ ਸਟਾਰ ਬਣ ਕੇ ਹੀ ਰਹੋਗੇ। ਸੋ ਜਿਸ ਤਰਾਂ ਗਾਇਕ ਜਾਂ ਸਟਾਰ ਬਣਨ ਲਈ ਉਪਰੋਕਤ ਸ਼ਰਤਾਂ/ਖੂਬੀਆਂ ਪੂਰੀਆਂ ਕਰਨ ਦੀ ਜ਼ਰੂਰ ਹੁੰਦੀ ਹੈ ਉਵੇਂ ਹੀ ‘ਸਾਹਿਤਕਾਰ’ ਬਣਨਾ ਤਾਂ ਇਸ ਤੋਂ ਵੀ ਕਿਧਰੇ ਵੱਧ ਆਸਾਨ ਕੰਮ ਹੈ। ਬੱਸ ਇੱਕ ਨੋਟ ਬੁੱਕ ਲਓ ਤੇ ਇੱਕ ਪੈਨਸਿਲ ਜਾਂ ਪੈੱਨ। ਅਰਥਾਤ ਜ਼ਿਆਦਾ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ।
ਵੈਸੇ ਵੀ ਦੇਖਿਆ ਜਾਵੇ ਤਾਂ ਕੋਈ ਵੀ ਬਿਜ਼ਨਸ ਜਾਂ ਧੰਦਾ ਸ਼ੁਰੂ ਕਰਨਾ ਹੋਵੇ ਤਾਂ ਉਸ ਵਾਸਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ ਰੁਪਏ ਦਾ ਨਿਵੇਸ (ਇਨਵੈਸਟਮੈਂਟ) ਕਰਨਾ ਪੈਂਦਾ ਹੈ। ਅਜਿਹੀ ਪ੍ਰਸਥਿਤੀ ਵਿੱਚ ‘ਸਾਹਿਤਕਾਰ’ ਵਾਲਾ ਧੰਦਾ ਜਾਂ ਬਿਜ਼ਨਸ ਉਂਝ ਹੀ ਫ਼ਾਇਦੇ ਦਾ ਸੌਦਾ ਬਣ ਜਾਂਦਾ ਹੈ। ਕਿਉਂਕਿ ਇਸ ਬਿਜ਼ਨਸ ਵਿੱਚ ਕੋਈ ਜ਼ਿਆਦਾ ਇਨਵੈਸ਼ਟਮੈਂਟ ਕਰਨ ਦੀ ਵੀ ਲੋੜ ਨਹੀਂ। ਪੰਜ-ਦਸ ਰੁਪਏ ਦਾ ਇਕ ਪੈੱਨ ਜਾਂ ਪੈਨਸ਼ਿਲ ਲਓ ਤੇ ਏਨੇ ਕੁ ਦੀ ਇੱਕ ਕਾਪੀ ਲੈ ਲਓ। ਭਾਵ ਪੰਦਰਾਂ-ਵੀਹ ਕੁ ਰੁਪਏ ਖਰਚ ਕਰੋ ਤੇ ਉੱਲਟੀਆਂ ਸਿੱਧੀਆਂ ਲੀਕਾਂ ਲਗਾ ਕੇ ਕਿਸੇ ਦੀ ਲੱਤ ਫੜ ਲਓ ਤੇ ਕਿਸੇ ਦੀ ਬਾਂਹ ਫੜ ਲਓ। ਆਪੇ ‘ਸਾਹਿਤਕਾਰ’ ਬਣ ਗਏ।
ਫੇਰ ਆਪਣੀ ‘ਸਾਹਿਤਕਾਰੀ’ ਦੀ ਮਸ਼ਹੂਰੀ ਦਾ ਤਾਂ ਹੋਰ ਵੀ ਵੱਧ ਸਸਤਾ ਤੇ ਟਿਕਾਊ ਤਰੀਕਾ ਹੈ ਮਹਿਫ਼ਲਾਂ ਵਿੱਚ ਜਾਣਾ। ਕਿਤੇ ਚਾਰ ਕੁ ਭੋਲੇ ਪੰਛੀ ਜੁੜ ਬੈਠੇ ਉਨਾਂ ਦੀ ਤੌੜੀ ਵਿੱਚ ਆਪਣੀ ‘ਸਾਹਿਤਕਾਰੀ’ ਦਾ ਤੜਕਾ ਲਗਾਉਣ ਲਈ ਕੜਛੀ ਘੁਮਾ ਲਓ। ਕੜਛੀ ਘੁੰਮ ਗਈ ਤਾਂ ਸਮਝੋ ਸਬਜੀ ਤਿਆਰ ਜੋ ਗੀ’। ਗੱਲ ਕੀ ਜੀ ‘ਸਾਹਿਤਕਾਰੀ’ ਦੀ ਕੜੀ ਨੂੰ ਤੜਕਾ ਲਗਾ ਕੇ ਸਨਮਾਨ ਪ੍ਰਾਪਤ ਕਰਨਾ ਤਾਂ ਹੋਰ ਵੀ ਆਸ਼ਾਨ ਕੰਮ ਹੈ।
‘ਸਾਹਿਤਕਾਰੀ’ ਦਾ ਬਿਜਨਸ ਜ਼ੋਰ ਫੜਨ ਵਿੱਚ ਰਤਾ ਟਾਇਮ ਨਹੀਂ ਲਾਉਦਾ। ਬਸ਼ਰਤੇ ਕਿ ਮਾਇਆ ਦਾ ਆਭਾਵ ਨਾ ਹੋਵੇ। ਬਾਕੀ ਇਸ ਲਈ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਬਸ ਜਾ ਧਮਕੋ ਕਿਸੇ ਮਹਿਫ਼ਲ ਵਿੱਚ ਤੇ ਪੜ ਦਿਓ ਆਪਣਾ ਲੱਲਾ-ਭੱਬਾ ਤੇ ਗੱਲ ਨਾ ਸਮਝ ਆਈ ‘ਤੇ ਵੀ ਵਿੱਚੋਂ ਕਿਸੇ ਨੇ ਉੱਚੀ ਦੇਣੀ ਵਾਹ-ਵਾਹ ਕਹਿ ‘ਤੀ ਤਾਂ ਆਪੇ ਈ ਪੌਂਅ-ਬਾਰਾਂ ਹੋ ਜਾਣੀਆਂ। ਵੈਸੇ ਵੀ ਫ਼ੋਕੀ ਵਾਹ-ਵਾਹ ਖੱਟਣ ਦਾ ਕੋਈ ਮਜ਼ਾ ਈ ਅਲੱਗ ਹੁੰਦਾਂ। ਅਰਥਾਤ ‘ਸਾਹਿਤਕਾਰੀ’ ਦੇ ਬਿਜ਼ਨਸ ਨੂੰ ਫ਼ਾਇਦਾ ਹੋਣਾ ਸ਼ੁਰੂ ਹੋ ਜਾਣਾ। ਇਸ ਬਿਸ਼ਨਸ ਦੇ ਜ਼ੋਰ ਫੜਨ ਵਿੱਚ ਕਲਾ ਦੇ ਹੋਣ ਦਾ ਕੋਈ ਬਹੁਤਾ ਹੱਥ ਨਹੀਂ ਹੁੰਦਾ। ‘ਸਾਹਿਤਕਾਰੀ’ ਦਾ ਬਿਜ਼ਨਸ ਜ਼ੋਰ ਫੜ ਗਿਆ ਤਾਂ ਸਮਝੋ ਮਾਇਆ ‘ਕੱਠੀ ਹੋ ਗੀ। ਜਦ ਮਾਇਆ ਆ ਗਈ ਤਾਂ ਸਮਝੋ ਸਨਮਾਨ ਵੀ ਖਰੀਦ ਹੋ ਜਾਣੇ ਨੇ। ਜੇਬ ਢਿੱਲੀ ਕਰੋ ਜਾਂ ਤਲਬੇ ਚੱਟੂ ਜਾਂ ਫਿਰ ਜੇਬ ਢਿੱਲੀ ਕਰੋ ਤਾਂ ਸਨਮਾਨਾਂ ਦੀ ਛਤਰ-ਛਾਇਆ ਆਪੇ ਹੋ ਜਾਣੀ ਹੈ ਭਾਈ!
ਅਰਥਾਤ ਸਨਮਾਨ ਪ੍ਰਾਪਤੀ ਵਿੱਚ ਆਉਣ ਵਾਲੀਆਂ ਸਾਰੀਆਂ ਗੁੰਝਲਾਂ ਨੇ ਕਿਨਾਰਾ ਕਰ ਜਾਣਾ ਭਾਵ ਸਨਮਾਨ ਪ੍ਰਾਪਤੀ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਉਣੀ। ਪ੍ਰਧਾਨ ਸੈਬ ਤੇ ਸੈਟਕਰੀ (ਸੈਕਟਰੀ) ਸੈਬ ਨੇ ਆਪੇ ਕੰਨ ਵਿੱਚ ਕਹਿ ਦੇਣਾ ਕਿ ਆਉਣ ਵਾਲੇ ਐਸ ਮਹੀਨੇ ਦੀ ਐਨੀ ਤਾਰੀਕ ਨੂੰ ਤੁਹਾਡਾ ਸਨਮਾਨ ਜਾਂ ਸਰੋਪਾ ਪੱਕਾ। ਏਨਾਂ ਧਿਆਨ ਰੱਖਣਾ ਕਿ ਆਈ ਹੋਈ ਸੰਗਤ ਜਾਂ ਸ਼ਰਧਾਲੂਆਂ ਨੂੰ ਚਾਹ-ਪਾਣੀ ਪ੍ਰੋਗਰਾਮ ਵੀ ਉਲੀਕਿਆ ਜਾਣਾ। ਮੇਰੇ ਵਰਗੇ ਨੇ ਆਪੇ ਕਹਿ ਦੇਣਾ ਪ੍ਰਧਾਨ ਸੈਬ ਜੀ ਕੋਈ ਗੱਲ ਨੀਂ ਉਸ ਦੀ ਤੁਸੀਂ ਚਿੰਤਾ ਨਾ ਕਰਨਾ ਇਹ ਮੇਰੀ ਹੇੱਡਏਕ ਹੈ। ਪਰ ਇਕ ਵਾਰ ਮੇਰੀ ਬਹਿਜਾ-ਬਹਿਜਾ ਹੋ ਜਾਣੀ ਚਾਹੀਦੀ ਹੈ।
ਸਰੋਪਾ ਜਾਂ ਸਨਮਾਨ ਪ੍ਰਾਪਤੀ ਦਾ ਉਹ ਭਾਗਾਂ ਭਰਿਆ ਖ਼ੁਸ਼ੀ ਦਾ ਦਿਨ ਆਉਣਾ। ਅਖੌਤੀ ‘ਵਿਦਵਾਨਾਂ’ ਨੇ ਪਰਚੇ ਵੀ ਪੜਨੇ। ਕੇਤਲੀ ਦੀ ਗਰਮਾ-ਗਰਮਾ ਚਾਹ ਦੀ ਮਹਿਕ ਨੇ ਉਨਾਂ ਬਚਾਰਿਆਂ ਦਾ ਦਿਲ ਵੀ ਮਹਿਕਾ ਦੇਣਾ ਤੇ ਉਹ ਵੀ ਗਦ-ਗਦ ਹੋ ਉੱਠਣੇ। ਉਨਾਂ ਦੇ ਦਿਲ ਵਿੱਚ ਇਸ ਗੱਲ ਦੇ ਲੱਡੂ ਭੁਰਨੇ ਸ਼ੁਰੂ ਹੋਣੇ ਕਿ ”ਸ਼ਾਇਦ ਮੇਰੀ ਸ਼ਾਇਦ ਕਾ ਖ਼ਿਆਲ ਦਿਲ ਮੇਂ ਆਇਆ, ਇਸੀ ਲੀਏ ਮੰਮੀ ਨੇ ਚਾਏ ਪੇ ਬੁਲਾਇਆ ਹੈ” ਉਹਦੇ ਕੋਲੋਂ ਵੀ ਇਹ ਤਨੋਂ ਮਨੋਂ ਧਨੋਂ ਕੀਤੀ ਗਈ ਸੇਵਾ ਨੂੰ ਅਣਗੌਲਿਆਂ ਨਹੀਂ ਕਰ ਹੋਣਾ ਤੇ ਤਾਰੀਫ਼ਾਂ ਦੇ ਪੁਲ ਬੰਨਣੇ ਈ ਪੈਣੇ ਹਨ।
ਕੇਤਲੀਆਂ ਵਿੱਚ ਪਾਈ ਗਰਮਾ-ਗਰਮ ਚਾਹ ਤੇ ਨਾਲ ਮੱਠੀਆਂ ਜਾਂ ਪਕੌੜੇ ਆਦਿ ਨੇ ਆਈ ਹੋਈ ਸੰਗਤ ਨੂੰ ਬਾਬਾ ਰਾਮ ਦੇਵ ਜੀ ਦੇ ਜੋਗ ਵਾਲਾ ਸੁੱਖ ਪ੍ਰਦਾਨ ਕਰਨਾ। ਫਿਰ ਜਦੋਂ ਅਜਿਹੀ ਪ੍ਰਸਿਥਤੀ ਪੈਦਾ ਹੋ ਗਈ ਤਾਂ ਮੂੰਹ ਵਿੱਚੋਂ ਤਾਂ ਆਪਣੇ ਆਪ ਹੀ ਵਾਹ-ਵਾਹ ਨਿਕਲਣੀ। ਪ੍ਰਧਾਨ ਸੈਬ ਨੇ ਚਾਹ ਦੀ ਚੁਸਕੀ ਲੈਂਦੇ ਹੋਏ ਆਪਣੇ ਅੰਦਾਜ਼ ਵਿੱਚ ਸਨਮਾਨ ਲਈ ਮੁਬਾਰਕਵਾਦ ਪੇਸ਼ ਕਰਨੀ ਹੈ। ਸੈਟਕਰੀ (ਸੈਕਟਰੀ) ਸੈਬ ਨੇ ਵੀ ਇਸ ਗੱਲ ਵੱਲ ਇਸ਼ਾਰਾ ਕਰਨਾ ਬਈ ”ਵਾਕਇ ਈ ਬਹੁਤ ਵਧੀਆ ਸ਼ਖ਼ਸੀਅਤ ਨੇ।’ ਨਾਲੇ ਹੀ ਇਹ ਵੀ ਅਨਾਉਂਸਮੈਂਟ ਕਰ ਦੇਣੀ ਬਈ ‘ਚਾਹ ਪੀਂਦੇ ਪੀਂਦੇ ਫਲਾਣਾ ਸੈਬ ਦੀ ਸ਼ਾਇਰੀ ਦਾ ਲੁਤਫ਼ ਵੀ ਲੈ ਲਿਆ ਜਾਵੇ। ਮੇਰੇ ਵਰਗੇ ਨੇ ਆਪਣੀ ਜੇਬ ਵਿੱਚੋਂ ਪੁਰਾਣੀ ਜਿਹੀ ਕਾਪੀ ਦਾ ਇੱਕ ਕਾਗ਼ਜ਼ ਕੱਢਣਾ ਤੇ ਜੁੁੜੀ ਹੋਈ ਮਹਿਫ਼ਲ ਵਿੱਚੋਂ ਪ੍ਰਧਾਨਗੀ ਮੰਡਲ ਵਿੱਚ ਬੈਠਿਆਂ ਦਾ ਧਿਆਨ ਆਪਣੇ ਵੱਲ ਕੇਂਦ੍ਰਿਤ ਕਰਨ ਲਈ ਉਨਾਂ ਵਿੱਚ ਵੀ ਅਦਬ-ਸਤਿਕਾਰ ਦੀ ਫ਼ੂਕ ਭਰਨ ਉਪਰੰਤ ਆਪਣੀਆਂ ਕੁਝ ਕੜੀ ਘੋਲਵੀਆਂ ਸਤਰਾਂ ਪੜਨੀਆਂ ਸ਼ੁਰੂ ਕਰਨੀਆਂ :-

ਬਈ ਜਿਹਦੇ ਕੋਲੇ ਮਾਇਆ ਮਿੱਤਰੋ! ਸਾਹਿਤਕਾਰ ਉਹ ਵੱਡੇ,
ਅਸਲ ਕਲਾ ਤੋਂ ਕੀ ਕਿਸੇ ਲੈਣਾ, ਦੂਜਿਆਂ ਨੇ ਮੂੰਹ ਅੱਡੇ।
ਮੈਨੂੰ ਕੁਛ ਲਿਖਣਾ ਨਾ ਅਵੇ, ਮੱਝ ਥੱਲਿਓਂ ਝੋਟੇ ਵੱਲ ਜਾਵੇ,
ਸਮਝ ਨਾ ਪੈਂਦੀ ਵਾਹ-ਵਾਹ ਹੁੰਦੀ, ਬੋਲੀ ਬਣਦੀ ਪਾਵੇ ਪਾਵੇ,
ਮੈਂ ਤਾਂ ਦੋ ਚਾਰ ਲਕੀਰਾਂ ਵਾਹ ਕੇ, ਖੇਡਦਾਂ ਅੱਡੇ-ਖੱਡੇ।
ਬਈ ਜਿਹਦੇ ਕੋਲੇ ਮਾਇਆ ਮਿੱਤਰੋ! ਸਾਹਿਤਕਾਰ ਉਹ ਵੱਡੇ..

ਬਸ ਜੀ ਫਿਰ ਕੀ ‘ਵਾਹ ਸ਼ੇਰਾ ਕੁਛ ਨੀਂ ਤੇਰਾ’ ਵਾਲੀ ਗੱਲ ਹੋਣੀ ਕੋਈ ਤਾੜੀ ਤੱਕ ਨੀਂ ਵੱਜਣੀ। ਦੁਨੀਆਂ ਦੀ ਇੱਕ ਸੱਚਾਈ ਹੈ ਕਿ ਇੱਥੇ ਕੂੜ ਹੀ ਵਿਕਦਾ ਹੈ ਤੇ ਖਰੇ ਸੋਨੇ ਦਾ ਕੋਈ ਵੀ ਮੁੱਲ ਨਹੀਂ ਪਾ ਸਕਦਾ। ਕਿਉਂਕਿ ਇਹ ਰੱਜਿਆਂ ਦੀ ਦੁਨੀਆਂ ਹੈ ਭਾਈ। ਬਾਕੀ ਵੈਸੇ ਵੀ ਤਾਂ ਆਪਾਂ ਇਹ ਗੱਲ ਸਹਿਜ ਸੁਭਾਅ ਵਿੱਚ ਕਹਿ ਜਾਂਦੇ ਹਾਂ ਕਿ ‘ਜਿੰਨੇ ਰੱਜੇ ਉੱਨੇ ਭੁੱਖੇ।’ ਦੂਜੇ ਦਾ ਮਸੀਹਾ ਬਣਨ ਦੀ ਲੱਗੀ ਦੌੜ ਵਿੱਚ ਹੀਰਿਆਂ ਦੀ ਪਰਖ ਕਰਨ ਵਿੱਚ ਵਿਹਲ ਕਿਹਦੇ ਕੋਲ ਹੈ। ਬਾਕੀ ਵੈਸੇ ਵੀ ਹੀਰੇ ਦੀ ਪਰਖ ਕਰਨੀਂ ਕਿਸੇ ਜ਼ੌਹਰੀ ਦਾ ਕੰਮ ਹੀ ਹੁੰਦਾ ਹੈ। ਚਲੋ ਗੱਲ ਛੱਡੋ। ਮੈਨੂੰ ਵੀ ਥੋੜਾ ਲੱਲਾ ਲਿਖਣੇ ਦੀ ਚੇਤਕ ਪੈ ਗੀ’। ਮੈਂ ਵੀ ਕੁਝ ਅੱਖਰ ਲਿਖਣ ਲੱਗ ਪਿਆ। ਸੁਭਾਵਤ ਹੀ ਸੀ ਵਿਦਵਾਨਾਂ ਨਾਲ ਵੀ ਮੇਲ-ਜੋਲ ਹੋਣਾ ਵੀ ਸ਼ੁਰੂ ਹੋ ਗਿਆ। ਪਰ ਵਿਦਵਾਨਾਂ ਦੀ ਕੈਟਾਗਰੀ ਵਿਚ ਐਡਮਿਸ਼ਨ ਲੈਣ ਦਾ ਹੀਆ ਨਾ ਪਿਆ। ਕਿਉਂਕਿ

ਪੀ. ਐੱਚ. ਡੀ. ਨਾ ਕੀਤੀ ਯਾਰੋ, ਨਾ ਕੀਤੀ ਬੇਈਮਾਨੀ,
ਅਜੇ ਤੱਕ ਮੇਰੇ ਨੇੜੇ ਐਸੀ, ਢੁਕੀ ਨਾ ਕੋਈ ਜ਼ਨਾਨੀ,
ਸ਼ਾਤੀ ਵੀ ਮੈਥੋਂ ਦੂਰ ਭਜਾਈ, ਉਹ ਵੀ ਨਾ ਗੱਲ ਮਾਨੀ,
ਫਿਰ ਵੀ ਮੈਂ ਸ਼ੁਕਰਾਨਾ ਕਰਦਾ, ਰੱਬਾ ਬੜੀ ਮੇਹਰਬਾਨੀ।

ਜਿਹੜਾ ਵੀ ਇਕ ਵਾਰੀ ਸਾਹਿਤਕਾਰੀ ਦੀ ਮੋਟਰ-ਗੱਡੀ ‘ਤੇ ਚੜ ਗਿਆ ਫਿਰ ਨਹੀਂ ਉਤਰਦਾ। ਚਾਹੇ ਐਕਸੀਡੈੱਟ ਹੀ ਕਿਉਂ ਨਾ ਹੋ ਜਾਵੇ। ਸਭ ਕਾਸੇ ਵਿੱਚ ਮਿਲਾਵਟ, ਘਪਲੇਬਾਜ਼ੀ ਆਦਿ ਆਉਣ ਕਰਕੇ ਸਾਹਿਤਕ ਖੇਤਰ ਕਿਹਦੀ ਨੂੰਹ-ਧੀ ਨਾਲੋਂ ਘੱਟ ਹੈ। ਹਰ ਕੋਈ ਆਪਣੇ ਆਪ ਵਿੱਚ ਵੱਡਾ ਵਿਦਵਾਨ ਹੈ। ਪਰ ਮੈਂ ਅਕਸਰ ਇਸ ਸੋਚ ਦੀ ਸੀਮਾ ਤੱਕ ਪਹੁੰਚਣ ਤੋਂ ਹਿਚਕਾਉਂਦਾ ਹਾਂ। ਪਰ ਦੂਸਰੇ ਪਾਸੇ ਜੇ ਕਿਸੇ ਨੂੰ ਦੂਸਰੇ ਦੀ ਗੱਲ ਲੈ ਲਓ ਉਹਨੂੰ ਵਿਦਵਾਨ ਨਾ ਮੰਨਿਆ ਜਾਵੇ ਤਾਂ ਗਲ਼ ਪੈ ਜਾਂਦਾ ਹੈ। ਕਿਉਂ ਬੈਂਕ ਬੈਲੇਂਸ ਜੁ ਵੱਡਾ ਹੁੰਦਾ ਹੈ। ਸੋ ਬੈਂਕ ਬੈਲੈਂਸ ਦੇਖ ਹਰ ਕਿਸੇ ਦੁਆਰਾ ਉਸ ਨੂੰ ਵਿਦਵਾਨ ਮੰਨਣਾ ਹੀ ਪੈਣਾ ਹੈ।

ਏਥੇ ਕੂੜ ਦਾ ਸੌਦਾ ਵਿਕਦਾ ਏ, ਤੇ ਕੂੜ ਦੇ ਖਰੀਦਾਰ ਨੇ,
ਸਾਹਿਤਕਾਰੀ ਕਰਨ ਲਈ ਅੱਜਕੱਲ ਗਧੇ ਵੀ ਤਿਆਰ ਨੇ।
ਕਲਾ ਤਾਂ ਲਹੂ ਲੁਹਾਨ ਹੈ ਕੀਤੀ, ਮਾਇਆ ਦੇ ਹਥਿਆਰ ਨੇ।
ਐਵਾਰਡ ਭਾਰੀਆਂ ਜੇਬਾਂ ਟੋਲ ਕੇ, ਬਣਦੇ ਉਨਾਂ ਦੇ ਯਾਰ ਨੇ।

ਛਿਲੜਾਂ ਦਾ ਐਵਾਰਡ, ਸਨਮਾਨ ਚਿੰਨ ਜਾਂ ਸਰੋਪੇ ਆਦਿ ਖਰੀਦ ਲਏ ਜਾਂਦੇ ਹਨ। ਕਲਾ ਦਾ ਰੰਗ, ਮਾਇਆ ਦੇ ਮੁਕਾਬਲੇ ਬੜਾ ਫਿੱਕਾ ਪੈ ਗਿਆ ਜਾਪਦਾ ਹੈ। ਐਸੀ ਪ੍ਰਸਿਥਤੀ ਪੈਦਾ ਹੋਣ ਦੇ ਬਾਵਜੂਦ ਵੀ ਕੋਈ ਸੂਝਵਾਨ ਸ਼ਾਇਰ ਆਸ਼ਾਵਾਦੀ ਸੋਚ ਨਹੀਂ ਤਿਆਗ਼ਦਾ ‘ਤੇ ਆਪਣਾ ਕਰਮ ਕਰਦਾ ਰਹਿੰਦਾ ਹੈ। ਕਿਉਂਕਿ ਉਸ ਨੂੰ ਇਹ ਗੱਲ ਦਾ ਅਹਿਸਾਸ ਹੈ ਕਿ :-

ਵਕਤ ਆਨੇ ਪਰ ਕਰਵਾ ਦੇਂਗੇ, ਹੱਦੋਂ ਕਾ ਅਹਿਸਾਸ,
ਕੁਛ ਤਾਲਾਬ ਖ਼ੁਦ ਕੋ, ਸਮੁੰਦਰ ਸਮਝ ਬੈਠੇਂ ਹੈਂ।

ਅੰਤ ਵਿੱਚ ਸਭ ਮਹਾਨ-ਭਾਵ ਸਖ਼ਸ਼ੀਅਤਾਂ ਦੇ ਲਈ ਕੁਝ ਸਤਰਾਂ ਮੇਰੇ ਮਨ ਵਿੱਚ ਆਪ ਮੁਹਾਰੇ ਉੱਠ ਰਹੀਆਂ ਹਨ ਜੋ ਕੁਝ ਇਸ ਤਰਾਂ ਹਨ :-

ਮਾਇਆ-ਪੱਖੀ ਸਾਹਿਤਕਾਰੋ, ਹਾਂ ਚੰਗੇ-ਭਲੇ ਬੇ-ਨਾਮ,
ਸਾਡਾ ਅਖ਼ੌਤੀ ‘ਸਾਹਿਤਕਾਰਾਂ’ ਨੂੰ, ਕੋਟਿ-ਕੋਟਿ ਪ੍ਰਣਾਮ।

ਧੰਨਵਾਦ ਸਾਹਿਤ।

ਪਰਸ਼ੋਤਮ ਲਾਲ ਸਰੋਏ
92175-44348

Leave a Reply

Your email address will not be published. Required fields are marked *

%d bloggers like this: