Mon. Oct 14th, 2019

ਅਕਾਸ ਵਿੱਚ ਵੱਧਦਾ ਕਚਰਾ ਚਿੰਤਾ ਦਾ ਵਿਸ਼ਾ

ਅਕਾਸ ਵਿੱਚ ਵੱਧਦਾ ਕਚਰਾ ਚਿੰਤਾ ਦਾ ਵਿਸ਼ਾ

ਦਿਨ ਪ੍ਰਤਿ ਦਿਨ ਵੱਧਦਾ ਜਾ ਰਿਹਾ ਕਚਰਾ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।ਆਲੇ ਦੁਆਲ਼ੇ ਲੱਗੇ ਵੱਡੇ ਵੱਡੇ ਕਚਰੇ ਦੇ ਢੇਰ ਆਮ ਹੀ ਦੇਖਣ ਨੂੰ ਮਿਲਦੇ ਹਨ।ਬੇਸਕ ਸਰਕਾਰਾਂ ਨਿਰੰਤਰ ਕੰਮ ਕਰ ਰਹੀਆਂ ਹਨ ਕਿ ਇਹ ਕਚਰਾ ਘਟਾਇਆ ਜਾਵੇ ਪਰ ਜ਼ਮੀਨੀ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰਦੀ ਹੈ।ਕਈ ਥਾਂਵਾਂ ਤੇ ਤਾਂ ਕੂੜੇ ਦੇ ਵੱਡੇ ਵੱਡੇ ਪਹਾੜ ਹੀ ਬਣ ਚੁੱਕੇ ਹਨ।ਇਕ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਹਰ ਦਿਨ ਲਗਭਗ 15000 ਟਨ ਤੋ ਵੱਧ ਪਲਾਸਟਿਕ ਦਾ ਕਚਰਾ ਪੈਦਾ ਹੁੰਦਾ ਹੈ ਜਿਸ ਵਿਚੋੋਂ ਲਗਭਗ 6000 ਟਨ ਤੋਂ ਵੱਧ ਕਚਰਾ ਇੱਧਰ ਉਧਰ ਸੁੱਟ ਦਿੱਤਾ ਜਾਂਦਾ ਹੈ।ਸਾਡੀ ਰਾਜਧਾਨੀ ਦਿੱਲੀ ਪਲਾਸਟਿਕ ਕੂੜਾ ਪੈਦਾ ਕਰਨ ਵਿੱਚ ਸਭ ਤੋ ਅੱਗੇ ਹੈ।ਜਲ , ਥਲ ਦੇ ਨਾਲ ਨਾਲ ਅਕਾਸ ਵਿਚ ਵੀ ਕੂੜਾ ਵੱਧਦਾ ਜਾ ਰਿਹਾ ਹੈ।ਹੁਣ ਤੱਕ ਤਾਂ ਜਮੀਨੀ ਕਚਰਾ ਹੀ ਸਿਰ ਦਰਦ ਸੀ ਪਰ ਹੁਣ ਅਕਾਸ ਵਿਚ ਵੱਧਦਾ ਕਚਰਾ ਵੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਸਮੁੰਦਰਾਂ ਵਿਚ ਵੱਧਦਾ ਜਾ ਰਿਹਾ ਕਚਰਾ ਉੱਥੋਂ ਦੇ ਜੀਵਾਂ ਲਈ ਬਹੁਤ ਵੱਡਾ ਖਤਰਾ ਬਣਦਾ ਜਾ ਰਿਹਾ ਹੈ।ਕਈ ਥਾਂਵਾ ਤੇ ਤਾਂ ਸਮੁੰਦਰੀ ਕਚਰਾ ਇੰਨਾ ਵੱਧ ਚੁੱਕਿਆ ਹੈ ਕਿ ਉਹ ਇਕ ‘ਦੀਪ’ ਦੀ ਤਰਾਂ੍ਹ ਨਜ਼ਰ ਆਉਂਦਾ ਹੈ।ਸੋਧ ਕਰਤਾ ਦੱਸਦੇ ਹਨ ਕਿ ਜੇਕਰ ਜਲ ਸ੍ਰੋਤਾਂ ਵਿਚ ਕਚਰਾ ਇੰਝ ਹੀ ਵੱਧਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਜਲ ਸ੍ਰੋਤਾਂ ਵਿਚ ਜਲੀ ਜੀਵ ਘੱਟ ਅਤੇ ਕਚਰਾ ਵੱਧ ਹੋਵੇਗਾ।ਗੱਲ ਕਰਦੇ ਹਾਂ ਅਕਾਸੀ ਕਚਰੇ ਵਾਰੇ ।ਪਹਿਲਾਂ ਪਹਿਲ ਕੇਵਲ ਕੁਦਰਤੀ ਕਚਰੇ ਨੂੰ ਹੀ ਅਕਾਸੀ ਕਚਰਾ ਜਾ ਅਸਮਾਨੀ ਮਲਵਾ ਕਿਹਾ ਜਾਂਦਾ ਸੀ ਜਿਸ ਵਿਚ ਛੋਟੇ ਛੋਟੇ ਪੱਥਰ, ਉਲਕਾਵਾਂ ,ਧੂਮਕੇਤੂ ਆਦਿ ਸਾਮਿਲ ਸਨ ਪਰ ਬਾਅਦ ਵਿਚ ਬਨਾਉਟੀ ਕਚਰੇ ਦੀ ਮਾਤਰਾ ਵੱਧਦੀ ਹੀ ਚਲੀ ਗਈ।ਅਕਾਸ ਵਿਚ ਬਨਾਉਟੀ ਕਚਰੇ ਵਿਚ ਪ੍ਰਮੁੱਖ ਤੌਰ ਤੇ ਮ੍ਰਿਤ ਉਪਗ੍ਰਹਿ ਅਤੇ ਰਾਕੇਟਾਂ ਦੇ ਅਵਸੇਸ ਆਦਿ ਸਾਮਿਲ ਹਨ।ਜਦੋਂ ਵੀ ਕੋਈ ਉਪਗ੍ਰਹਿ ਖਰਾਬ ਹੋ ਜਾਂਦਾ ਹੈ ਤਾਂ ਉਹ ਵੀ ਪ੍ਰਿਥਵੀ ਦੇ ਗ੍ਰਹਿ ਪੱਥ ਵਿਚ ਘੁੰਮਦਾ ਰਹਿੰਦਾ ਹੈ।ਇਸੇ ਤਰ੍ਹਾਂ ਹੀ ਜਦੋ ਕੋਈ ਉਪਗ੍ਰਹਿ ਜਾ ਹੋਰ ਕੋਈ ਪੁਲਾੜੀ ਯੰਤਰ ਪੁਲਾੜ ਵਿਚ ਛੱਡਿਆ ਜਾਂਦਾ ਹੈ ਤਾਂ ਰਾਕੇਟਾਂ ਦੀ ਮਦਦ ਲਈ ਜਾਂਦੀ ਹੈ।ਇਹ ਰਾਕੇਟ ਵੱਖ ਵੱਖ ਪੜਾਵਾਂ ਵਿਚ ਅਲੱਗ ਹੋ ਜਾਂਦੇ ਹਨ ਅਤੇ ਕਚਰੇ ਦੇ ਰੂਪ ਵਿਚ ਅਕਾਸ ਵਿਚ ਘੁੰਮਦੇ ਰਹਿੰਦੇ ਹਨ।ਸੋਧ ਕਰਤਾ ਦੱਸਦੇ ਹਨ ਕਿ ਪ੍ਰਿਥਵੀ ਦੇ ਗ੍ਰਹਿਪਥ ਵਿਚ ਸਭ ਤੋ ਜਿਆਦਾ ਮਲਵਾ ਹੈ।ਜਿਸ ਵਿਚ ਸਭ ਤੋ ਅਧਿਕ ਮਾਤਰਾ ਵਿਚ ਬਨਾਉਟੀ ਕਚਰਾ ਸਾਮਿਲ ਹੈ।ਨਾਸਾ ਨੇ 1979 ਵਿਚ ਪ੍ਰਿਥਵੀ ਤੇ ਗ੍ਰਹਿ ਪਥ ਵਿਚ ਮੌਜੂਦ ਕਚਰੇ ਦੇ ਅਧਿਐਨ ਲਈ ਇਕ ਪ੍ਰੋਗਰਾਮ ਉਲੀਕਿਆ ਸੀ।ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਿਥਵੀ ਦੇ ਗ੍ਰਹਿਪੱਥ ਵਿਚ ਬਨਾਉਟੀ ਕਚਰੇ ਜਿਵੇਂ ਪੁਰਾਣੇ ਉਪਗ੍ਰਹਿ ,ਰਾਕੇਟਾਂ ਦਾ ਮਲਵਾ ਆਦਿ ਦਾ ਅਧਿਐਨ ਕਰਨਾ ਸੀ।ਕਈ ਮਿਲੀਅਨ ਕਚਰੇ ਦੇ ਟੁਕੜੇ ਅਕਾਸ ਵਿਚ ਲਗਾਤਾਰ ਘੁੰਮ ਰਹੇ ਹਨ।ਜਿਸ ਵਿਚ ਇਕ ਸੈਟੀਮੀਟਰ ਤੋ ਘੱਟ ਅਕਾਰ ਤੋ ਲੈ ਕੇ ਵੱਡੇ ਵੱਡੇ ਆਕਾਰ ਦੇ ਕਚਰੇ ਦੇ ਟੁਕੜੇ ਸਾਮਿਲ ਹਨ।

ਅਕਾਸੀ ਦੁਨੀਆਂ ਇਹਨਾਂ ਟੁਕੜਿਆਂ ਤੋ ਬਹੁਤ ਜਿਆਦਾ ਪ੍ਰਭਾਵਿਤ ਹੋ ਰਹੀ ਹੈ।ਅਕਾਸੀ ਕਚਰਾ ਉੱਥੇ ਕੰਮ ਕਰ ਰਹੇ ਯੰਤਰਾਂ ਲਈ ਇਕ ਭਿਆਨਕ ਸਮੱਸਿਆ ਹੈ।ਜਦੋਂ ਕਦੇ ਵੀ ਅਕਾਸੀ ਯੰਤਰ ਇਹਨਾਂ ਟੁਕੜਿਆਂ ਨਾਲ ਟਕਰਾਉਂਦੇ ਹਨ ਤਾਂ ਉਹ ਨਸ਼ਟ ਹੋ ਜਾਂਦੇ ਹਨ।ਇਸ ਪ੍ਰਕਾਰ ਜਿੱਥੇ ਪੁਲਾੜੀ ਯੰਤਰਾਂ ਦੀ ਉਮਰ ਘੱਟ ਰਹੀ ਹੈ ਉੱਥੇ ਹੀ ਅਕਾਸੀ ਕਚਰਾ ਵੀ ਵੱਧਦਾ ਜਾ ਰਿਹਾ ਹੈ।ਅਕਾਸੀ ਕਚਰੇ ਦੇ ਟੁਕੜੇ ਬਹੁਤ ਜਿਆਦਾ ਰਫਤਾਰ ਨਾਲ ਪੁਲਾੜ ਵਿਚ ਘੁੰਮਦੇ ਹਨ।ਜੇਕਰ ਇਹਨਾਂ ਦੀ ਰਫਤਾਰ ਦੀ ਗੱਲ ਕਰਾਂ ਤਾਂ ਇਹਨਾਂ ਦੀ ਰਫਤਾਰ ਲਗਭਗ 17500 ਮੀਲ ਪ੍ਰਤਿ ਘੰਟਾ ਹੈ।ਇਹ ਰਫਤਾਰ ਇਕ ਗੋਲੀ ਦੀ ਰਫਤਾਰ ਨਾਲੋਂ ਲਗਭਗ ਸੱਤ ਗੁਣਾਂ ਜਿਆਦਾ ਹੈ।ਜਿਵੇਂ ਜਿਵੇਂ ਅਕਾਸੀ ਕਚਰਾ ਵੱਧਦਾ ਜਾ ਰਿਹਾ ਹੈ ਉਵੇਂ ਉੇਵੇਂ ਨਵੀਆਂ ਨਵੀਆਂ ਸਮੱਸਿਆਵਾਂ ਵੀ ਉਤਪੰਨ ਹੋ ਰਹੀਆਂ ਹਨ।ਸੋਧ ਕਰਤਾਵਾਂ ਦਾ ਇਹ ਮੰਨਣਾ ਹੈ ਕਿ ਇਹ ਅਕਾਸੀ ਕਚਰਾ ਪੁਲਾੜ ਦੇ ਮਿਸਨਾਂ ਲਈ ਬਹੁਤ ਵੱਡਾ ਖਤਰਾ ਹੈ।ਇਸ ਕਚਰੇ ਨਾਲ ਜਿੱਥੇ ਉਪਗ੍ਰਹਿਆਂ ਦੇ ਜੀਵਨ ਕਾਲ ਨੂੰ ਬਹੁਤ ਵੱਡਾ ਫਰਕ ਪਵੇਗਾ ਉੱਥੇ ਹੀ ਇਹਨਾਂ ਦੇ ਜਲਦੀ ਨਸ਼ਟ ਹੋਣ ਦਾ ਖਤਰਾ ਵੀ ਬਣਿਆਂ ਰਹੇਗਾ।ਇਹ ਗੱਲ ਉਦੋਂ ਸੱਚ ਹੋ ਗਈ ਜਦ 1996 ਵਿਚ ਇਕ ਫਰਾਂਸੀਸੀ ਉਪਗ੍ਰਹਿ ਇਕ ਫਰਾਂਸੀਸੀ ਰਾਕੇਟ ਦੇ ਮਲਵੇ ਨਾਲ ਟਕਰਾ ਕੇ ਨਸ਼ਟ ਹੋ ਗਿਆ।ਵਿਚਾਰਨਯੋਗ ਗੱਲ ਇਹ ਹੈ ਕਿ ਜਿਸ ਰਾਕੇਟ ਦੇ ਨਾਲ ਇਹ ਉਪਗ੍ਰਹਿ ਟਕਰਾਇਆ ਸੀ ਉਹ ਲਗਭਗ ਇਕ ਦਹਾਕੇ ਪਹਿਲਾਂ ਵਿਸਫੋਟ ਹੋ ਚੁੱਕਾ ਸੀ।

ਇਸ ਪ੍ਰਕਾਰ ਜਿੱਥੇ ਇਕ ਕੀਮਤੀ ਉਪਗ੍ਰਹਿ ਨਸ਼ਟ ਹੋ ਗਿਆ ਉੱਥੇ ਹੀ ਅਕਾਸੀ ਕਚਰੇ ਵਿਚ ਵੀ ਵਾਧਾ ਹੋਇਆ।ਇਸੇ ਪ੍ਰਕਾਰ ਹੀ 2009 ਦੇ ਵਿਚ ਇਕ ਮ੍ਰਿਤ ਰੂਸੀ ਉਪਗ੍ਰਹਿ ਯੂ.ਐਸ. ਦੇ ਇਕ ਉਪਗ੍ਰਹਿ ਨਾਲ ਟਕਰਾ ਗਿਆ।ਇਹ ਧਮਾਕਾ ਬਹੁਤ ਜਿਆਦਾ ਜਬਰਦਸਤ ਸੀ ਇਸ ਵਿਚ ਉਪਗ੍ਰਹਿ ਦੇ ਕਰੀਬ 2000 ਟੁਕੜੇ ਹੋਏ।ਇਸੇ ਪ੍ਰਕਾਰ ਹੀ ਚੀਨ ਨੇ ਆਪਣੇ ਇਕ ਪੁਰਾਣੇ ਉਪਗ੍ਰਹਿ ਨੂੰ ਨਸ਼ਟ ਕਰਨ ਲਈ ਇਕ ਮਿਸਾਇਲ ਦਾ ਪ੍ਰਯੋਗ ਕੀਤਾ।ਉਪਗ੍ਰਹਿ ਤਾਂ ਨਸ਼ਟ ਹੋ ਗਿਆ ਪਰ ਇਸ ਦੇ ਲਗਭਗ 3000 ਟੁਕੜੇ ਅਕਾਸ ਵਿਚ ਫੈਲ ਗਏ।ਇਸ ਪ੍ਰਕਾਰ ਅਕਾਸੀ ਕਚਰਾ ਦਿਨ ਪ੍ਰਤਿ ਦਿਨ ਵੱਧਦਾ ਜਾ ਰਿਹਾ ਹੈ।ਜਿੱਥੇ ਇਹ ਅਕਾਸੀ ਕਚਰਾ ਉਪਗ੍ਰਹਿਆਂ ਦੇ ਜੀਵਨ ਕਾਲ ਨੂੰ ਘਟਾ ਰਿਹਾ ਹੈ ਉੱਥੇ ਹੀ ਇਹ ਅੰਤਰਿਕਸ਼ ਯਾਤਰੀਆਂ ਲਈ ਵੀ ਇਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ।ਦੁਨੀਆਂ ਭਰ ਦੀ ਸੰਸਥਾਂਵਾਂ ਅਕਾਸੀ ਕਚਰੇ ਨੂੰ ਲੈ ਕੇ ਸੰਜੀਦਾ ਹਨ।ਰਾਹਤ ਦੀ ਗੱਲ ਇਹ ਹੈ ਕਿ ਅਕਾਸੀ ਕਚਰਾ ਧਰਤੀ ਵਾਸੀਆਂ ਲਈ ਬਹੁਤ ਵੱਡਾ ਖਤਰਾ ਨਹੀਂ ਹੈ।ਜਦੋਂ ਕੋਈ ਅਕਾਸੀ ਕਚਰੇ ਦਾ ਟੁਕੜਾ ਧਰਤੀ ਦੀ ਸਤਹ ਵੱਲ ਆਉੁਂਦਾ ਹੈ ਤਾਂ ਵਾਯੂਮੰਡਲ ਦੀ ਸੰਘਣਤਾ ਕਾਰਨ ਇਸ ਨੂੰ ਅੱੱਗ ਲੱਗ ਜਾਂਦੀ ਹੈ ਤੇ ਇਹ ਨਸ਼ਟ ਹੋ ਜਾਂਦਾ ਹੈ ਪਰ ਭਾਰੀ ਕਚਰੇ ਦੇ ਟੁਕੜੇ ਕਈ ਵਾਰੀ ਧਰਤੀ ਦੀ ਸਤਹ ਤੇ ਪਹੁੰਚ ਵੀ ਜਾਂਦੇ ਹਨ।ਬੇਸ਼ਕ ਧਰਤੀ ਵਾਸੀਆਂ ਨੂੰ ਹਾਲ ਦੀ ਘੜੀ ਅਕਾਸੀ ਕਚਰੇ ਦਾ ਬਹੁਤਾ ਨੁਕਸਾਨ ਨਹੀਂ ਹੈ ਪਰ ਜਿਸ ਪ੍ਰਕਾਰ ਅਕਾਸੀ ਕਚਰਾ ਵੱਧ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਇਕ ਵੱਡੀ ਚੁਣੌਤੀ ਬਣ ਜਾਵੇ।ਇਸ ਲਈ ਵਿਗਿਆਨਿਕ ਸੰਸਥਾਂਵਾਂ ਅਤੇ ਸਰਕਾਰਾਂ ਨੂੰ ਇਸ ਪ੍ਰਤਿ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਫੈਸਲ ਖਾਨ
ਜਿਲ੍ਹਾ : ਰੋਪੜ
ਮੋਬ: 99149-65937

Leave a Reply

Your email address will not be published. Required fields are marked *

%d bloggers like this: