Fri. Apr 26th, 2019

ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਲਾਮਿਸਾਲ ਵਿਕਾਸ ਤੇ ਤਰੱਕੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ-ਹਰਸਿਮਰਤ ਕੌਰ ਬਾਦਲ

ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਲਾਮਿਸਾਲ ਵਿਕਾਸ ਤੇ ਤਰੱਕੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ-ਹਰਸਿਮਰਤ ਕੌਰ ਬਾਦਲ
ਆਪ ਵਿਚ ਬਗਾਵਤ ਅਜੇ ਸਿਰਫ ਸ਼ੁਰੂਆਤ, ਇਹ ਬਗਾਵਤ ਪਾਰਟੀ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ
ਕਿਹਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੱਖ ਵੀ ਨਹੀਂ ਕੀਤਾ
ਬਠਿੰਡਾ, ਬੰਗੀ ਕਲਾਂ, ਤਲਵੰਡੀ ਸਾਬੋ ਅਤੇ ਭਾਗੀ ਵਾਂਦਰ ਦੀਆਂ ਵਿਦਿਆਰਥਣਾਂ ਨੂੰ 580 ਸਾਈਕਲ ਵੰਡੇ

ਬਠਿੰਡਾ, 5 ਅਗਸਤ(ਪਰਵਿੰਦਰ ਜੀਤ ਸਿੰਘ) ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦਾ ਲਾਮਿਸਾਲ ਵਿਕਾਸ ਕੀਤਾ ਜਦਕਿ 50 ਸਾਲ ਸੱਤਾ ਹੰਢਾਉਣ ਵਾਲੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਭਲੇ ਲਈ ਕੱਖ ਵੀ ਨਹੀਂ ਕੀਤਾ।
ਅੱਜ ਇਥੇ ਮਾਲ ਰੋਡ ‘ਤੇ ਸਥਿਤ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀਆਂ 11ਵੀਂ ਅਤੇ 12ਵੀਂ ਜਮਾਤ ੪੪੨ ਦੀਆਂ ਵਿਦਿਆਰਥਣਾਂ ਨੂੰ ਮੁਫਤ ਸਾਈਕਲ ਵੰਡਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਨੇ ਆਖਿਆ ਕਿ ਭਲਾਈ ਕਾਰਜਾਂ ਵਿਚ ਪੰਜਾਬ ਮੋਹਰੀ ਸੂਬਾ ਹੈ ਅਤੇ ਸੂਬੇ ਨੇ ਸਿੱਖਿਆ, ਬਿਜਲੀ, ਪ੍ਰਸ਼ਾਸਕੀ ਸੁਧਾਰ, ਸੜਕਾਂ ਅਤੇ ਹਵਾਈ ਸੰਪਰਕ ਦੇ ਖੇਤਰ ਵਿਚ ਵੀ ਵਿਕਾਸ ਦੀਆਂ ਨਵੀਂਆਂ ਮੰਜ਼ਿਲਾਂ ਛੂਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਤੋੜ ਵਿਕਾਸ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਤੇ ਲੋਕ ਪੱਖੀ ਪਹੁੰਚ ਦਾ ਨਤੀਜਾ ਹੈ ਜਿਸ ਦਾ ਹੋਰ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਮੁਕਾਬਲਾ ਨਹੀਂ ਕਰ ਸੱਕਦਾ।
ਪੰਜਾਬ ਵਾਸੀਆਂ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਕਾਰਜਕਾਲ ਦੀ ਤੁਲਨਾ ਕਰਨ ਦਾ ਸੱਦਾ ਦਿੰਦਿਆਂ ਕੇਂਦਰੀ ਮੰਤਰੀ ਨੇ ਆਖਿਆ ਕਿ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਾਂਗਰਸ ਹਰੇਕ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਪਰ ਜ਼ਮੀਨੀ ਪੱਧਰ ‘ਤੇ ਪਿਛਲੇ ਨੌ ਸਾਲਾਂ ਵਿਚ ਪੰਜਾਬ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਗਾਮੀ ਚੋਣਾਂ ਵਿਚ ਵਿਕਾਸਮੁਖੀ ਗਠਜੋੜ ਅਤੇ ਪੰਜਾਬ ਵਿਰੋਧੀ ਕਾਂਗਰਸ ਪਾਰਟੀ ਦਰਮਿਆਨ ਨਿਤਾਰਾ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਵਿਚ ਬਗਾਵਤ ਹੋਣ ਦੀਆਂ ਰਿਪੋਰਟਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀਮਤੀ ਬਾਦਲ ਨੇ ਆਖਿਆ ਕਿ ਅਜੇ ਤਾਂ ਸਿਰਫ ਸ਼ੁਰੂਆਤ ਹੋਈ ਹੈ ਅਤੇ ਇਸ ਪਾਰਟੀ ਦੀ ਬਗਾਵਤ ਹੀ ਇਸ ਨੂੰ ਮੁਕੰਮਲ ਤੌਰ ‘ਤੇ ਖਤਮ ਕਰ ਦੇਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਥੋੜੇ ਦਿਨ ਹੀ ਬਚੇ ਹਨ ਤੇ ਇਹ ਆਪਣੇ ਅੰਤ ਵੱਲ ਤੇਜ਼ੀ ਨਾਲ ਵੱਧ ਰਹੀ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਪਹਿਲੀ ਸੂਚੀ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਸੀਨੀਅਰ ਨੇਤਾਵਾਂ ਨੂੰ ਭਰੋਸਾ ਨਹੀਂ ਰਿਹਾ ਕਿਉਂ ਜੋ ਇਸ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਵੀ ਧੋਖਾ ਹੋਇਆ ਹੈ।
ਕੇਂਦਰੀ ਮੰਤਰੀ ਨੇ ਆਖਿਆ ਕਿ ਪੰਜਾਬ ਵਿਚ ਆਪ ਦਿਨ-ਬ-ਦਿਨ ਆਪਣਾ ਅਧਾਰ ਗੁਆ ਰਹੀ ਹੈ। ਨਾ ਸਿਰਫ ਪਾਰਟੀ ਲੀਡਰਾਂ ਦਾ ਸਗੋਂ ਲੋਕਾਂ ਦਾ ਵੀ ਇਸ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ। ਹੁਣ ਹਾਲਾਤ ਅਜਿਹੇ ਪੈਦਾ ਹੋਏ ਹਨ ਕਿ ਪਾਰਟੀ ਨੇਤਾਵਾਂ ਨੂੰ ਸ੍ਰੀ ਕੇਜਰੀਵਾਲ ਦੀ ‘ਵਰਤੋ ਤੇ ਸੁੱਟੋ’ ਬਾਰੇ ਪੁਰਾਣੀ ਆਦਤ ਦੀ ਸਮਝ ਆ ਗਈ ਹੈ। ਪਾਰਟੀ ਦੇ ਕਾਡਰ ਵਿਚ ਪੈਦਾ ਹੋਈ ਕੜੱਤਣ ਨੇ ਇਹ ਦਰਸਾ ਦਿੱਤਾ ਹੈ ਕਿ ਇਸ ਪਾਰਟੀ ਦੇ ਨੇਤਾ ਵਰਕਰਾਂ ਦੇ ਹਿੱਤਾਂ ਨੂੰ ਦਰਕਿਨਾਰ ਕਰਕੇ ਆਪਣੀ ਚੌਧਰ ਚਮਕਾਉਣ ਲਈ ਚਿੰਤਤ ਹਨ।
2017 ਦੇ ਸਿਆਸੀ ਦ੍ਰਿਸ਼ ਬਾਰੇ ਪੁੱਛੇ ਜਾਣ ‘ਤੇ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਵਿਕਾਸ ਦੇ ਮੁੱਦੇ ‘ਤੇ ਅਕਾਲੀ-ਭਾਜਪਾ ਗੱਠਜੋੜ ਤੀਜੀ ਵਾਰ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਬੇਬੁਨਿਆਦ ਕੂੜ ਪ੍ਰਚਾਰ ਕਰ ਰਹੀਆਂ ਪਾਰਟੀਆਂ ਨੂੰ ਲੋਕ ਸਬਕ ਸਿਖਾਉਣਗੇ।
ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਾਈ ਭਾਗੋ ਵਿਦਿਆ ਸਕੀਮ ਵਿਦਿਆਰਥਣਾਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਦੂਰ ਤੋਂ ਆਉਣ ਵਾਲੀਆਂ ਵਿਦਿਆਰਥਣਾਂ ਸਾਈਕਲਾਂ ਰਾਹੀਂ ਇਹ ਦੂਰੀ ਆਸਾਨੀ ਨਾਲ ਤੈਅ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 9 ਸਾਲਾਂ ਦੌਰਾਨ ਸਿੱਖਿਆ ਦੇ ਖੇਤਰ ਵਿਚ ਪੰਜਾਬ ਨੇ ਨਵੇਂ ਰਿਕਾਰਡ ਸਥਾਪਿਤ ਕਰਦਿਆਂ 14ਵੇਂ ਸਥਾਨ ਤੋਂ ਦੂਜਾ ਸਥਾਨ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਈ ਭਾਗੋ ਵਿਦਿਆ ਸਕੀਮ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਵੀ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਹੇ ਹਨ। ਸ਼੍ਰੀਮਤੀ ਬਾਦਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਬਠਿੰਡਾ ਵਿੱਚ 442 ਵਿਦਿਆਰਥਣਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਗੀਬਾਂਦਰ ਵਿਖੇ 38, ਤਲਵੰਡੀ ਸਾਬੋ ਵਿਖੇ 42 ਅਤੇ ਬੰਗੀ ਕਲਾਂ ਵਿੱਚ 58 ਵਿਦਿਆਰਥਣਾਂ ਨੂੰ ਕੁੱਲ 580 ਸਾਈਕਲ ਵੰਡੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਸਕੀਮ ਵਿਦਿਆਰਥਣਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਵਿਕਾਸ ਦੀ ਦੇੇਸ਼ ਭਰ ਵਿਚ ਸ਼ਲਾਘਾ ਹੋ ਰਹੀ ਹੈ ਜਿਸ ਦਾ ਸਿਹਰਾ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੂੰ ਜਾਂਦਾ ਹੈ। ਇਸ ਮੌਕੇ ਮੁੱਖ ਪਾਰਲੀਮਾਨੀ ਸਕੱਤਰ ਸ਼੍ਰੀ ਸਰੂਪ ਚੰਦ ਸਿੰਗਲਾ ਅਤੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਇਸ ਮੌਕੇ ਸ੍ਰੀਮਤੀ ਬਾਦਲ ਨੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਲ ਰੋਡ ਵਿਚ ਨੰਨ੍ਹੀ ਛਾਂ ਮੁਹਿਮ ਤਹਿਤ ਇਕ ਬੂਟਾ ਵੀ ਲਾਇਆ। ਉਨ੍ਹਾਂ ਤਲਵੰਡੀ ਸਾਬੋ ਵਿਚ ਨੰਨ੍ਹੀ ਛਾਂ ਮੁਹਿਮ ਤਹਿਤ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਇਕ-ਇਕ ਬੂਟਾ ਵੀ ਵੰਡਿਆ।

Share Button

Leave a Reply

Your email address will not be published. Required fields are marked *

%d bloggers like this: