ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਨੇ ਵੋਟਾਂ ਦੇ ਲਾਲਚ ਵਿੱਚ ਨੀਲੇ ਕਾਰਡ ਬਣਾਉਣ ਦੌਰਾਨ ਕੀਤਾ ਵੱਡਾ ਘੁਟਾਲਾ : ਸਾਧੂ ਸਿੰਘ ਧਰਮਸੋਤ
ਅਕਾਲੀ ਭਾਜਪਾ ਸਰਕਾਰ ਦੇ ਆਗੂਆਂ ਨੇ ਵੋਟਾਂ ਦੇ ਲਾਲਚ ਵਿੱਚ ਨੀਲੇ ਕਾਰਡ ਬਣਾਉਣ ਦੌਰਾਨ ਕੀਤਾ ਵੱਡਾ ਘੁਟਾਲਾ : ਸਾਧੂ ਸਿੰਘ ਧਰਮਸੋਤ
ਪੰਜਾਬ ਵਿਚ ਪਿਛਲੇ 10 ਸਾਲ ਤੱਕ ਰਾਜ ਕਰਨ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਵੋਟਾਂ ਦੇ ਲਾਲਚ ਵਿਚ ਕੇਂਦਰੀ ਖੁਰਾਕ ਸੁਰਖਿਆ ਕਾਨੂੰਨ ਤਹਿਤ ਪੰਜਾਬ ਨੂੰ ਮਿਲਣ ਵਾਲੀ ਕਣਕ, ਮੋਟੇ ਅਨਾਜ ਅਤੇ ਦਾਲਾਂ ਦੀ ਵੰਡ ਵਿਚ ਮੋਟਾ ਘਪਲਾ ਕੀਤਾ ਹੈ| ਇਸ ਸਬੰਧੀ ਲਾਭਪਾਤਰੀਆਂ ਦੇ ਜਿਹੜੇ ਕਾਰਡ ਬਣਾਏ ਗਏ ਉਹਨਾਂ ਵਿੱਚ ਵੱਡੀ ਗਿਣਤੀ ਲਾਭਪਾਤਰੀ ਅਜਿਹੇ ਪਾਏ ਗਏ ਹਨ ਜਿਹੜੇ ਗਰੀਬੀ ਰੇਖਾ ਤੋਂ ਉਪਰ ਹਨ ਅਤੇ ਸਿਆਸੀ ਫਾਇਦਾ ਹਾਸਿਲ ਕਰਨ ਲਈ ਇਹਨਾਂ ਲੋਕਾਂ ਦੇ ਨੀਲੇ ਕਾਰਡ ਬਣਾਏ ਗਏ| ਇਹ ਗੱਲ ਪੰਜਾਬ ਦੇ ਜੰਗਲਾਤ ਅਤੇ ਅਨੁਸੂਚਿਤ ਜਾਤੀਆਂ ਤੇ ਪਿਛੜੀਆਂ ਜਾਤੀਆਂ ਦੇਭਲਾਈ ਮੰਤਰੀ ਸ੍ਰ. ਸਾਧੂ ਸਿੰਘ ਧਰਮਸੋਤ ਨੇ ਅੱਜ ਇੱਥੇ ਸਥਾਨਕ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਆਖੀ| ਉਹ ਇੱਥੇ ਜਿਲ੍ਹਾ ਮੁਹਾਲੀ ਦੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ| ਸ੍ਰ. ਧਰਮਸੋਤ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਲਈ ਭੇਜੀ ਗਈ ਕਣਕ ਅਤੇ ਦਾਲਾਂ ਵੰਡਣ ਵਾਸਤੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਫੋਟੋ ਵਾਲੇ ਕਾਰਡ ਬਣਾਉਂਦੀ ਰਹੀ ਅਤੇ ਇਸ ਵਿਚ ਘਪਲਾ ਵੀ ਕਰਦੀ ਰਹੀ| ਉਹਨਾਂ ਕਿਹਾ ਕਿ ਇੱਕਲੇ ਮੁਹਾਲੀ ਜਿਲੇ ਵਿਚ ਹੀ 2900 ਦੇ ਕਰੀਬ ਅਜਿਹੇ ਕਾਰਡ ਫੜੇ ਜਾ ਚੁੱਕੇ ਹਨ ਜਿਹੜੇ ਗਲਤ ਤਰੀਕੇ ਨਾਲ ਬਣੇ ਸਨ ਅਤੇ ਕਾਂਗਰਸ ਸਰਕਾਰ ਵੱਲੋਂ ਅਜਿਹੇ ਤਮਾਮ ਕਾਰਡਾਂ ਦੀ ਜਾਂਚ ਕਰਵਾਈ ਜਾ ਰਹੀ ਹੈ|
ਸ੍ਰ. ਧਰਮਸੋਤ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਰੇ ਮੰਤਰੀਆਂ ਨੂੰ ਵੱਖ ਵੱਖ ਜਿਲਿਆਂ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਸਰਕਾਰ ਵੱਲੋਂ ਲੋਕ ਹਿਤ ਵਿਚ ਬਣਾਈਆਂ ਗਈਆਂ ਸਕੀਮਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਦੇ ਨਾਲ ਨਾਲ ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਸਕੇ ਕਿ ਇਹਨਾਂ ਸਕੀਮਾਂ ਦੀ ਗਲਤ ਵਰਤੋਂ ਨਾ ਹੋਵੇ ਅਤੇ ਅਸਲ ਲਾਭਪਾਤਰੀਆਂ ਨੂੰ ਸਕੀਮਾਂ ਦਾ ਪੂਰਾ ਲਾਭ ਮਿਲੇ| ਉਹਨਾਂ ਦੱਸਿਆ ਕਿ ਉਹਨਾਂ ਨੂੰ ਮੁਹਾਲੀ, ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਜਿਲ੍ਹਿਆਂ ਦਾ ਇੰਚਾਰਜ ਲਗਾਇਆ ਗਿਆ ਹੈ ਅਤੇ ਇਸ ਸੰਬੰਧ ਵਿਚ ਉਹਨਾਂ ਨੇ ਅੱਜ ਮੁਹਾਲੀ ਜਿਲੇ ਦੇ ਅਧਿਕਾਰੀਆਂ ਨਾਲ ਪਲੇਠੀ ਮੀਟਿੰਗ ਕੀਤੀ ਹੈ| ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸਰਕਾਰ ਦੀਆਂ ਭਲਾਈ ਸਕੀਮਾਂ, ਵਜੀਫੇ, ਬੁਢਾਪਾ ਅਤੇ ਵਿਧਵਾ ਪੈਨਸ਼ਨ, ਵਿਧਵਾਵਾਂ ਦੇ ਬੱਚਿਆਂ ਨੂੰ ਦਿਤੀ ਜਾਣ ਵਾਲੀ ਪਂੈਸ਼ਨ ਅਤੇ ਹੋਰਨਾਂ ਸਕੀਮਾਂ ਦਾ ਲਾਭ ਲੋੜਵੰਦਾਂ ਤਕ ਪਹੁੰਚੇ ਅਤੇ ਜਿਹੜੀਆਂ ਗਰੀਬ ਵਿਧਵਾਵਾਂ ਮਜਬੂਰੀ ਕਾਰਨ ਸਰਕਾਰ ਤਕ ਪਹੁੰਚ ਨਹੀਂ ਕਰ ਪਾਉਂਦੀਆਂ| ਉਹਨਾਂ ਨੂੰ ਲੋੜੀਂਦੀ ਮਦਦ ਦੇਣ ਲਈ ਅਧਿਕਾਰੀ ਖੁਦ ਪਿੰਡ ਪਿੰਡ ਜਾ ਕੇ ਅਜਿਹੇ ਤਮਾਮ ਕੰਮਾਂ ਦੀ ਜਾਣਕਾਰੀ ਹਾਸਿਲ ਕਰਨ ਅਤੇ ਲੋੜਵੰਦਾਂ ਨੂੰ ਫਾਇਦਾ ਦੇਣ| ਇਸਦੇ ਨਾਲ ਹੀ ਉਹਨਾਂ ਕਿਹਾ ਕਿ ਸਰਕਾਰ ਨੂੰ ਹਿਦਾਇਤ ਦਿਤੀ ਗਈ ਹੈ ਕਿ ਇਸ ਸੰਬੰਧੀ ਵਿਸਤਾਰਤ ਰਿਪੋਰਟ ਤਿਆਰ ਕਰਕੇ ਅਗਲੀ ਮੀਟਿੰਗ ਵਿਚ ਪੇਸ਼ ਕੀਤੀ ਜਾਵੇ|
ਮੰਤਰੀ ਨੇ ਦਸਿਆ ਕਿ ਮੀਟਿੰਗ ਦੌਰਾਨ ਇਹ ਵੀ ਜਾਣਕਾਰੀ ਮੰਗੀ ਗਈ ਕਿ ਹੁਣ ਤਕ ਸਰਕਾਰੀ ਮਦਦ ਨਾਲ ਕਿੰਨੇ ਟਾਇਲਟ ਬਣਾਏ ਗਏ ਹਨ ਅਤੇ ਕਿੰਨੇ ਅਜਿਹੇ ਲੋਕ ਹਨ ਜਿਹੜੇ ਗਰੀਬੀ ਕਾਰਨ ਇਸ ਸਹੂਲੀਅਤ ਤੋਂ ਵਾਂਝੇ ਹਨ| ਇਸੇ ਤਰ੍ਹਾਂ ਜਿਹਨਾਂ ਗਰੀਬ ਲੋਕਾਂ ਕੋਲ ਸਿਰ ਦੀ ਛੱਤ ਨਹੀਂ ਹੈ ਉਹਨਾਂ ਨੂੰ ਮਕਾਨ ਦਿਤੇ ਜਾਣ| ਉਹਨਾਂ ਦੱਸਿਆ ਕਿ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ| ਜਿਲੇ ਦੀਆਂ ਸਮੂਹ ਆਂਗਨਵਾੜੀਆਂ ਵਿੱਚ ਟਾਇਲਟ ਬਣਾਏ ਜਾਣ ਅਤੇ ਇਸ ਵਾਸਤੇ ਵੱਖ ਵੱਖ ਕੰਪਨੀਆਂ ਤੋਂ ਦਾਲ ਦੀ ਰਕਮ ਲਈ ਜਾਵੇ|
ਮੰਤਰੀ ਨੇ ਦਸਿਆ ਕਿ ਮੀਟਿੰਗ ਵਿਚ ਜਿਲ੍ਹੇ ਦੇ ਪਿੰਡਾਂ ਵਿਚ ਪਾਣੀ ਦੀ ਸਪਲਾਈ ਦੀ ਮੌਜੂਦਾ ਸਥਿਤੀ ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਗਈ ਕਿ ਪਿੰਡਾਂ ਵਿਚ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ| ਇਸਦੇ ਨਾਲ ਹੀ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਗਈ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਣਦਾ ਸਤਿਕਾਰ ਦੇਣ|
ਇਸ ਮੌਕੇ ਪੰਜਾਬ ਵਿਚ ਜੰਗਲਾਤ ਵਿਭਾਗ ਦੀਆਂ ਜਮੀਨਾਂ ਉਪਰ ਹੋਏ ਨਾਜਾਇਜ ਕਬਜਿਆਂ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਖੁਦ ਇਸ ਸਬੰਧੀ ਵੇਰਵੇ ਹਾਸਿਲ ਕੀਤੇ ਹਨ ਜਿਸ ਅਨੁਸਾਰ ਇਸ ਵੇਲੇ ਜੰਗਲਾਤ ਵਿਭਾਗ ਦੀ ਹਜਾਰਾਂ ਏਕੜ ਜਮੀਨ ਉੱਪਰ ਰਸੂਖਦਾਰਾਂ ਅਤੇ ਵੱਡੇ ਲੋਕਾਂ ਵੱਲੋਂ ਨਾਜਾਇਜ ਕਬਜੇ ਕੀਤੇ ਗਏ ਹਨ ਜਿਹਨਾਂ ਨੂੰ ਖਾਲੀ ਕਰਵਾਉਣ ਲਈ ਸਰਕਾਰ ਵੱਲੋਂ ਕਾਰਵਾਈ ਆਰੰਭੀ ਜਾ ਰਹੀ ਹੈ| ਉਹਨਾਂ ਕਿਹਾ ਕਿ ਇਸ ਕਾਰਵਾਈ ਦੀ ਸ਼ੁਰੂਆਤ ਉਹ ਖੁਦ ਲੁਧਿਆਣੇ ਤੋਂ ਕਰਨ ਜਾ ਰਹੇ ਹਨ ਇਸ ਦੌਰਾਨ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਲੋੜੀਂਦੀ ਮਾਤਰਾ ਵਿਚ ਸੁਰੱਖਿਆ ਫੋਰਸ ਨੂੰ ਨਾਲ ਲੈ ਕੇ ਇਹ ਨਾਜਾਇਜ ਕਬਜੇ ਖਤਮ ਕਰਵਾਏ ਜਾਣਗੇ ਅਤੇ ਜੰਗਲਾਤ ਵਿਭਾਗ ਦੀ ਇੰਚ ਇੰਚ ਜਮੀਨ ਛੁਡਵਾਈ ਜਾਵੇਗੀ| ਹਾਲਾਂਕਿ ਉਹ ਇਸ ਸਵਾਲ ਨੂੰ ਗੋਲ ਕਰ ਗਏ ਕਿ ਇਹ ਕਾਰਵਾਈ ਕਦੋਂ ਆਰੰਭ ਹੋਵੇਗੀ| ਇਹ ਪੁੱਛਣ ਤੇ ਕਿ ਉਹ ਪੈਂਸ਼ਨਾਂ ਜਾਰੀ ਕਰਨ ਦੀ ਗੱਲ ਤਾਂ ਕਰ ਰਹੇ ਹਨ ਪਰ ਇਸ ਵਾਸਤੇ ਪੈਸਾ ਕਿੱਥੋਂ ਆਏਗਾ| ਉਹਨਾਂ ਕਿਹਾ ਕਿ ਉਹਨਾਂ ਦਾ ਕੰਮ ਲੋਕਾਂ ਦੀ ਭਲਾਈ ਦੀਆਂ ਯੋਜਨਾਵਾਂ ਨੂੰ ਲਾਗੂ ਕਰਨਾ ਹੈ ਅਤੇ ਇਹ ਪੈਸਾ ਵਿਤ ਵਿਭਾਗ ਵੱਲੋਂ ਮੁਹਈਆ ਕਰਵਾਇਆ ਜਾਵੇਗਾ| ਮੰਤਰੀ ਨੇ ਇਸ ਮੌਕੇ ਬੀਤੀ 25 ਅਤੇ 28 ਅਗਸਤ ਨੂੰ ਡੇਰਾ ਸਿਰਸਾ ਦੇ ਮੁੱਖੀ ਨੂੰ ਸਜਾ ਦੇਣ ਦੌਰਾਨ ਹਾਲਾਤ ਨੂੰ ਸੰਭਾਲਣ ਲਈ ਪੁਲੀਸ ਅਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹਨਾਂ ਅਧਿਕਾਰੀਆਂ ਨੇ ਦਿਨ-ਰਾਤ ਡਿਊਟੀ ਕਰਕੇ ਪੰਜਾਬ ਦੇ ਹਾਲਾਤ ਨੂੰ ਖਰਾਬ ਹੋਣ ਤੋਂ ਬਚਾਇਆ ਹੈ| ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੀ ਹਾਜਿਰ ਸਨ| ਮਿਉਂਸਪਲ ਭਵਨ ਸੈਕਟਰ 68 ਵਿੱਚ ਮੰਤਰੀ ਵੱਲੋਂ ਕੀਤੀ ਮੀਟਿੰਗ ਦੌਰਾਨ ਪੁਲੀਸ ਵੱਲੋਂ ਵੀ ਸੁਰਖਿਆ ਪ੍ਰਬੰਧ ਕੀਤੇ ਗਏ ਸਨ ਜਿਸ ਦੌਰਾਨ ਡੀ ਐਸ ਪੀ ਸਿਟੀ-2 ਸ੍ਰ. ਰਮਨਦੀਪ ਸਿੰਘ ਸੁਰੱਖਿਆ ਇੰਤਜਾਮਾਂ ਦੀ ਨਿਗਰਾਨੀ ਕਰ ਰਹੇ ਹਨ|