Mon. May 20th, 2019

ਅਕਾਲੀ-ਭਾਜਪਾ ਵੱਲੋਂ ਦਿੱਤੀਆਂ ਸਹੂਲਤਾਂ ਕਾਂਗਰਸ ਨੇ ਕੀਤੀਆਂ ਬੰਦ -: ਸੁਖਬੀਰ ਬਾਦਲ

ਅਕਾਲੀ-ਭਾਜਪਾ ਵੱਲੋਂ ਦਿੱਤੀਆਂ ਸਹੂਲਤਾਂ ਕਾਂਗਰਸ ਨੇ ਕੀਤੀਆਂ ਬੰਦ: ਸੁਖਬੀਰ ਬਾਦਲ

ਕਾਂਗਰਸੀ ਵਿਧਾਇਕ ਹੀ ਕਬੂਲ ਰਹੇ ਨੇ ਸਰਕਾਰ ਦੀ ਨਲਾਇਕੀ, ਮੋਦੀ ਸਰਕਾਰ ਨੇ ਪੰਜਾਬ ਨੂੰ ਦਿੱਤੇ ਵੱਡੇ ਪੈਕੇਜ਼: ਸਾਂਪਲਾ

ਹਾਰ ਦੀ ਹੈਟ੍ਰਿਕ ਬਣਾਉਣ ਲਈ ਆਇਆ ਹੈ ਜਾਖੜ: ਮਜੀਠੀਆ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬੀਆਂ ਦੀ ਦੋਖੀ ਹੈ, ਜਿਸਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕੀਤੇ ਝੂਠੇ ਵਾਅਦਿਆਂ ਦੀ ਅਸਲੀਅਤ 6 ਮਹੀਨੇ ਦੇ ਕਾਰਜਕਾਲ ਦੌਰਾਨ ਹੀ ਦਿਖਾ ਦਿੱਤੀ ਹੈ। ਅੱਜ ਇੱਥੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਵਿੱਚ ਰੱਖੀ ਇੱਕ ਵਿਸ਼ਾਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਦੀ ਪੂਰਤੀ ਤਾਂ ਕੀ ਕਰਨੀ ਸੀ ਬਲਕਿ ਅਕਾਲੀ-ਭਾਜਪਾ ਗਠਜੋੜ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਵੀ ਬੰਦ ਕਰਕੇ ਰੱਖ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨਾ ਤਾਂ ਆਪਣੇ ਵਾਅਦੇ ਮੁਤਾਬਿਕ ਕਿਸਾਨਾਂ ਦਾ ਕਰਜ਼ ਮਾਫ਼ ਕਰ ਸਕੀ ਹੈ ਅਤੇ ਨਾ ਹੀ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜਗਾਰ ਦੇਣ ਦਾ ਵਾਅਦਾ ਪੂਰਾ ਕੀਤਾ ਹੈ।

ਰੈਲੀ ਨੂੰ ਹੋਰਨਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਪ੍ਰਕਾਸ਼ ਝਾਅ, ਸੰਗਠਨ ਮੰਤਰੀ ਦਿਨੇਸ਼ ਕੁਮਾਰ, ਅਵਿਨਾਸ਼ ਰਾਏ ਖੰਨਾ, ਸਵ: ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ, ਉਮੀਦਵਾਰ ਸਵਰਨ ਸਲਾਰੀਆ, ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜ਼ਰਾ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ, ਗੁਰਬਚਨ ਸਿੰਘ ਬੱਬੇਹਾਲੀ, ਜਗੀਰ ਕੌਰ, ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਨਿਰਮਲ ਸਿੰਘ ਕਾਹਲੋਂ, ਮਾਸਟਰ ਮੋਹਨ ਲਾਲ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਭਾਜਪਾ ਯੁਵਾ ਮੋਰਚੇ ਦੇ ਪ੍ਰਧਾਨ ਸਿਵਵੀਰ ਸਿੰਘ ਰਾਜਨ, ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ, ਜ਼ਿਲ੍ਹਾ ਗੁਰਦਾਸਪੁਰ ਭਾਜਪਾ ਦੇ ਪ੍ਰਧਾਨ ਪ੍ਰਦੀਪ ਸ਼ਰਮਾ ਆਦਿ ਨੇ ਵੀ ਸੰਬੋਧਿਤ ਕੀਤਾ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਇਹ ਝੂਠਾ ਪ੍ਰਚਾਰ ਕਰ ਰਹੀ ਹੈ ਕਿ ਗਠਜੋੜ ਸਰਕਾਰ ਨੇ ਸੂਬੇ ਦਾ ਖਜਾਨਾ ਖਾਲੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਖਜਾਨਾ ਖਾਲੀ ਹੁੰਦਾ ਤਾਂ ਪੰਜਾਬ ਵਿੱਚ ਆਧੁਨਿਕ ਸੜਕਾਂ ਦੇ ਜਾਲ ਨਹੀਂ ਫੈਲਣੇ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾ ਕਾਰਜਕਾਲ ਦੌਰਾਨ ਪੰਜਾਬ ਦਾ ਬਹੁਪੱਖੀ ਵਿਕਾਸ ਹੋਇਆ ਹੈ, ਜਿਹੜਾ ਖਾਲੀ ਖਜਾਨੇ ਨਾਲ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਸਲ ਵਿੱਚ ਕਾਂਗਰਸ ਸਰਕਾਰ ਆਪਣੀਆਂ ਨਕਾਮੀਆਂ ਨੂੰ ਛੁਪਾਉਣ ਲਈ ਹੁਣ ਝੂਠੇ ਦੋਸ਼ਾਂ ਦਾ ਸਹਾਰਾ ਲੈ ਰਹੀ ਹੈ।

ਸ੍ਰ: ਬਾਦਲ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਰਹੂਮ ਲੋਕ ਸਭਾ ਮੈਂਬਰ ਵਿਨੋਦ ਖੰਨਾ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਰੂਰੀ ਹੈ ਕਿ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ ਵੱਡੀ ਜਿੱਤ ਦਿਵਾਈ ਜਾਵੇ। ਉਨ੍ਹਾਂ ਕਿਹਾ ਕਿ ਸਵ: ਖੰਨਾ ਨੇ ਗੁਰਦਾਸਪੁਰ ਹਲਕੇ ਦੇ ਵਿਕਾਸ ਲਈ ਵੱਡੀਆਂ ਯੋਜਨਾਵਾਂ ਤਿਆਰ ਕੀਤੀਆਂ, ਜਿਸ ਕਾਰਨ ਹੀ ਲੋਕ ਖੰਨਾ ਨੂੰ ਪੁਲਾਂ ਦਾ ਰਾਜਾ ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਇਹ ਗੱਲ ਹਰ ਦੇਸ਼ ਵਾਸੀ ਜਾਣਦਾ ਹੈ ਕਿ ਜਦੋਂ ਵੀ ਵਿਕਾਸ ਕਾਰਜ ਹੋਏ ਹਨ, ਉਹ ਗੈਰ ਕਾਂਗਰਸੀ ਸਰਕਾਰਾਂ ਦੇ ਸਮੇਂ ਹੀ ਹੁੰਦੇ ਹਨ। ਉਨ੍ਹਾਂ ਕਾਂਗਰਸ ਪਾਰਟੀ ਨੂੰ ਗੁੰਮਰਾਹ ਕਰਨ ਵਾਲੀ ਪਾਰਟੀ ਦੱਸਦੇ ਹੋਏ ਲੋਕਾਂ ਨੂੰ ਸੁਚੇਤ ਕੀਤਾ ਕਿ ਇਸ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਉਪ ਚੋਣ ਇੱਕ ਵੱਕਾਰ ਦੀ ਲੜਾਈ ਹੈ। ਇੱਕ ਪਾਸੇ ਕਾਂਗਰਸ ਦਾ ਉਹ ਉਮੀਦਵਾਰ ਹੈ ਜਿਹੜਾ ਨਾ ਸਿਰਫ਼ ਖੁਦ ਦੋ ਵਾਰ ਚੋਣਾਂ ਹਾਰ ਚੁੱਕਾ ਹੈ, ਬਲਕਿ ਆਪਣੇ ਪਿੰਡ ਦਾ ਸਰਪੰਚ ਵੀ ਨਹੀਂ ਜਿਤਾ ਸਕਿਆ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਫਿਰੋਜ਼ਪੁਰ ਜ਼ਿਲੇ ਦੇ ਲੋਕਾਂ ਵੱਲੋਂ ਨਕਾਰਿਆ ਹੋਇਆ ਉਮੀਦਵਾਰ ਹੈ ਜਦਕਿ ਦੂਜੇ ਪਾਸੇ ਗਠਜੋੜ ਦਾ ਅਜਿਹਾ ਉਮੀਦਵਾਰ ਸਵਰਨ ਸਲਾਰੀਆ ਹੈ, ਜਿਸਨੇ ਆਪਣੀਆਂ ਕੰਪਨੀਆਂ ਰਾਹੀਂ ਹਜਾਰਾਂ ਨੌਜਵਾਨਾਂ ਨੂੰ ਰੋਜਗਾਰ ਦਿੱਤਾ ਹੈ।

ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਹਾਲਤ ਘੜੁੱਕੇ ਵਰਗੀ ਬਣੀ ਹੋਈ ਹੈ, ਜਿਸ ਵਿੱਚ ਤਰ੍ਹਾਂ -ਤਰ੍ਹਾਂ ਦੇ ਪੁਰਜੇ ਲਗਾ ਕੇ ਜੁਗਾੜ ਕੀਤਾ ਹੋਇਆ ਹੰੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸ ਦੇ ਵਿਧਾਇਕ ਹੀ ਆਪਣੀ ਸਰਕਾਰ ਦੀ ਨਾਕਾਮੀ ਨੂੰ ਸ਼ਰੇਆਮ ਕਬੂਲ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਅਮਰਗੜ੍ਹ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਸੂਬੇ ਵਿੱਚ ਨਸ਼ੇ ਦੀ ਵਿੱਕਰੀ ਵਧਣ ਦੀ ਗੱਲ ਕਬੂਲਦੇ ਹਨ ਤਾਂ ਫਿਰੋਜ਼ਪੁਰ ਦੇ ਵਿਧਾਇਕ ਪਿੰਕੀ ਕਈ ਖੇਤਰਾਂ ਵਿੱਚ ਨਾਕਾਮੀ ਮੰਨ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੰਤਰੀ ਚੰਨੀ ਨੇ ਮੰਨਿਆ ਹੈ ਕਿ ਕੁਰੱਪਸ਼ਨ ਸ਼ਰੇਆਮ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਬਦੌਲਤ ਅੱਜ ਦੇਸ਼ ਨੂੰ ਵਿਸ਼ਵ ਭਰ ਵਿੱਚ ਇੱਕ ਵਿਸ਼ੇਸ਼ ਰੁਤਬਾ ਹਾਸਿਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪਹਿਲੀ ਅਜਿਹੀ ਕੇਂਦਰ ਸਰਕਾਰ ਹੈ ਜਿਸ ਦੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਇੱਕ ਵੀ ਭ੍ਰਿਸ਼ਟਾਚਾਰ ਦਾ ਦੋਸ਼ ਨਹੀਂ ਲੱਗਿਆ। ਉਨ੍ਹਾਂ ਕਿਹਾ ਕਿ 39 ਮਹੀਨੇ ਦੇ ਕਾਰਜਕਾਲ ਦੌਰਾਨ ਮੋਦੀ ਸਰਕਾਰ ਨੇ ਦੇਸ਼ ਲਈ 150 ਤੋਂ ਵੱਧ ਯੋਜਨਾਵਾਂ ਬਣਾਈਆਂ ਹਨ। ਉਨ੍ਹਾਂ ਸਮੂਹ ਵਰਕਰਾਂ ਨੂੰ ਸੱਦਾ ਦਿੱਤਾ ਕਿ ਮਰਹੂਮ ਵਿਨੋਦ ਖੰਨਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਲਾਰੀਆ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਆਪਣਾ ਜੋਰ ਲਾ ਦੇਣ।

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਆਪਣੀ ਹਾਰ ਦੀ ਹੈਟ੍ਰਿਕ ਬਣਾਉਣ ਲਈ ਆਪਣੇ ਜੱਦੀ ਹਲਕੇ ਨੂੰ ਛੱਡ ਕੇ ਮਾਝੇ ਵਿੱਚ ਆਇਆ ਹੈ। ਉਨ੍ਹਾਂ ਕਿਹਾ ਕਿ ਮਾਝੇ ਦੇ ਲੋਕ ਜਾਖੜ ਦੀ ਇੱਛਾ ਪੂਰੀ ਕਰਕੇ ਉਸ ਨੂੰ ਤੀਜੀ ਵਾਰ ਹਾਰ ਦਾ ਸਵਾਦ ਚਖਾਉਣਗੇ। ਉਨ੍ਹਾਂ ਆਪਣੇ ਅੰਦਾਜ ਵਿੱਚ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਕਰਾਰੀਆਂ ਚੋਟਾਂ ਕੀਤੀਆਂ।
ਇਸ ਮੌਕੇ ਹੋਰਨ੍ਹਾਂ ਤੋਂ ਇਲਾਵਾ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਜਨਰਲ ਸਕੱਤਰ ਐਸ.ਪੀ. ਕੇਵਲ ਸਿੰਘ, ਜੀਵਨ ਗੁਪਤਾ, ਜਿਲਾ ਪ੍ਰਧਾਨ ਪਠਾਨਕੋਟ ਅਨਿਲ ਰਾਮਪਾਲ, ਬਟਾਲਾ ਦੇ ਪ੍ਰਧਾਨ ਰਾਕੇਸ਼ ਭਾਟਿਆ, ਅਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਰਾਜੇਸ਼ ਹਨੀ, ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਬਲਦੇਵ ਰਾਜ ਚਾਵਲਾ, ਅਜੀਤ ਸਿੰਘ ਕੋਹਾੜ, ਹੀਰਾ ਸਿੰਘ ਗਾਬੜੀਆ, ਗੁਲਜਾਰ ਸਿੰਘ ਰਣੀਕੇ, ਅਸ਼ਵਨੀ ਸ਼ਰਮਾ, ਵਿਧਾਇਕ ਐਨ.ਕੇ.ਸ਼ਰਮਾ, ਹਰਿੰਦਰ ਸਿੰਘ ਚੰਦੂਮਾਜਰਾ, ਸੀਮਾ ਦੇਵੀ, ਜਗਦੀਸ਼ ਰਾਏ ਸਾਹਨੀ, ਨਰੇਸ਼ ਕੁਮਾਰ, ਪ੍ਰਵੀਣ ਚੌਧਰੀ, ਹਰਦੀਪ ਸਿੰਘ, ਚਰਣਜੀਤ ਕੌਰ ਜਿਲਾ ਮਹਿਲਾ ਪ੍ਰਧਾਨ, ਦੇਸ ਰਾਜ ਧੁੱਗਾ, ਡਾ. ਨਿਸ਼ਾਨ ਸਿੰਘ, ਐਸ.ਸੀ.ਮੋਰਚਾ ਦੇ ਬਲਜਿੰਦਰ ਸਿੰਘ ਗਿਲ, ਅਨਿਲ ਸੱਚਰ, ਰੀਨਾ ਜੇਟਲੀ ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *

%d bloggers like this: