ਅਕਾਲੀ ਦਲ ਨੇ ਮੁੱਖ ਸਕੱਤਰ ਨੂੰ ਸੰਗਰੂਰ ਦੇ ਥਾਣਿਆਂ ਕਾਂਗਰਸੀ ਕਾਰਕੁੰਨਾਂ ਦੀ ਤਸਵੀਰਾਂ ਲਾਉਣ ਦੇ ਮਾਮਲੇ ਦੀ ਜਾਂਚ ਲਈ ਆਖਿਆ

ss1

ਅਕਾਲੀ ਦਲ ਨੇ ਮੁੱਖ ਸਕੱਤਰ ਨੂੰ ਸੰਗਰੂਰ ਦੇ ਥਾਣਿਆਂ ਕਾਂਗਰਸੀ ਕਾਰਕੁੰਨਾਂ ਦੀ ਤਸਵੀਰਾਂ ਲਾਉਣ ਦੇ ਮਾਮਲੇ ਦੀ ਜਾਂਚ ਲਈ ਆਖਿਆ

ਡਾਕਟਰ ਦਲਜੀਤ ਚੀਮਾ ਨੇ ਕਿਹਾ ਕਿ ਸਥਾਨਕ ਵਿਧਾਇਕ ਦੀ ਤਸਵੀਰ ਟੰਗਣਾ ਗੈਰਕਾਨੂੰਨੀ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਪੁਲਿਸ ਦੇ ਕੀਤੇ ਸਿਆਸੀਕਰਨ ਦਾ ਸੰਕੇਤ ਹੈ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਯੂਥ ਕਾਂਗਰਸ ਦੇ ਕਾਰਕੁੰਨਾਂ ਵੱਲੋਂ ਕੱਲ੍ਹ ਸੰਗਰੂਰ ਦੇ ਦੋ ਥਾਣਿਆਂ ਵਿਚ ਸੂਬੇ ਦੇ ਮੁੱਖ ਮੰਤਰੀ ਦੇ ਨਾਲ-ਨਾਲ ਸਥਾਨਕ ਵਿਧਾਇਕ ਦੀਆਂ ਤਸਵੀਰਾਂ ਟੰਗਣ ਦੇ ਮਾਮਲੇ ਦੀ ਤੁਰੰਤ ਜਾਂਚ ਲਈ ਹੁਕਮ ਜਾਰੀ ਕਰਨ ਲਈ ਆਖਿਆ ਹੈ।ਯੂਥ ਕਾਂਗਰਸ ਦੇ ਕਾਰਕੁੰਨਾਂ ਵੱਲੋਂ ਕੀਤੀ ਇਸ ਗੈਰ-ਕਾਨੂੰਨੀ ਹਰਕਤ ਦੀਆਂ ਸੋਸ਼ਲ ਮੀਡੀਆ ਉੱਤੇ ਵਾਈਰਲ ਹੋਈਆਂ ਤਸਵੀਰਾਂ ਮੁੱਖ ਸਕੱਤਰ ਨੂੰ ਵੀ ਭੇਜ ਦਿੱਤੀਆਂ ਗਈਆਂ ਹਨ। ਇਸ ਬਾਰੇ ਉੱਚ ਅਧਿਕਾਰੀ ਨੂੰ ਜਾਣੂ ਕਰਵਾਉਂਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਸੰਗਰੂਰ ਦੇ ਥਾਣਾ ਸਦਰ ਅਤੇ ਸਿਟੀ ਅੰਦਰ ਐਸਐਚਓਜ਼ ਦੀ ਮੌਜੂਦਗੀ ਵਿਚ ਕਾਂਗਰਸੀ ਕਾਰਕੁੰਨਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਗਰੂਰ ਦੇ ਵਿਧਾਇਕ ਵਿਜੈਇੰਦਰ ਸਿੰਗਲਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਅਕਾਲੀ ਆਗੂ ਨੇ ਮੁੱਖ ਸਕੱਤਰ ਨੂੰ ਇਹ ਤਸਵੀਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦੇਣ ਲਈ ਆਖਿਆ ਅਤੇ ਨਾਲ ਇਹ ਵੀ ਕਿਹਾ ਕਿ ਉਹ ਅਜਿਹੀ ਫੋਟੋਆਂ ਲਾਉਣ ਦੇ ਜ਼ਾਬਤੇ ਬਾਰੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਨੂੰ ਵੀ ਨਿਰਦੇਸ਼ ਜਾਰੀ ਕਰਨ। ਇਸ ਸੰਬੰਧੀ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਤਸਵੀਰਾਂ ਲਗਾਏ ਜਾਣ ਦੀ ਇਸ ਘਟਨਾ ਨੇ ਸਾਬਿਤ ਕਰ ਦਿੱਤਾ ਕਿ ਸੂਬੇ ਦੀ ਪੁਲਿਸ ਦਾ ਪੂਰੀ ਤਰ੍ਹਾਂ ਸਿਆਸੀਕਰਨ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਘਟਨਾ ਇਹ ਵੀ ਸਾਬਿਤ ਕਰਦੀ ਹੈ ਕਿ ਕਾਂਗਰਸ ਪਾਰਟੀ ਨੇ ਥਾਣਿਆਂ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਹੀ ਇਹਨਾਂ ਨੂੰ ਚਲਾ ਰਹੀ ਹੈ।

ਕਾਂਗਰਸ ਕਾਰਕੁੰਨਾਂ ਵੱਲੋਂ ਆਪਣੇ ਆਗੂਆਂ ਦੀਆਂ ਥਾਣਿਆਂ ਵਿਚ ਲਾਈਆਂ ਤਸਵੀਰਾਂ ਦੇ ਗੈਰ-ਕਾਨੂੰਨੀ ਪੱਖ ਬਾਰੇ ਬੋਲਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਤਸਵੀਰ ਲਾਏ ਜਾਣ ਉੱਤੇ ਕੋਈ ਇਤਰਾਜ਼ ਨਹੀਂ ਕਰ ਸਕਦਾ, ਪਰ ਇਹ ਕਾਂਗਰਸੀ ਵਰਕਰਾਂ ਵੱਲੋਂ ਨਹੀਂ ਸਗੋਂ ਪ੍ਰਸਾਸ਼ਨ ਵੱਲੋਂ ਲਗਾਈ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਥਾਣਿਆਂ ਵਿਚ ਸਥਾਨਕ ਵਿਧਾਇਕ ਦੀ ਤਸਵੀਰ ਲਾਏ ਜਾਣ ਸੰਬੰਧੀ ਕੋਈ ਨਿਯਮ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਸੰਗਰੂਰ ਵਾਲੇ ਮਾਮਲੇ ਵਾਲੀ ਦਲੀਲ ਨੂੰ ਮੰਨਿਆ ਜਾਵੇ, ਫਿਰ ਤਾਂ ਅਕਾਲੀ ਦਲ ਅਤੇ ਆਪ ਦੇ ਵਿਧਾਇਕਾਂ ਦੀਆਂ ਤਸਵੀਰਾਂ ਵੀ ਉਹਨਾਂ ਦੇ ਹਲਕਿਆਂ ਅੰਦਰ ਪੈਂਦੇ ਥਾਣਿਆਂ ਅੰਦਰ ਲੱਗਣੀਆਂ ਚਾਹੀਦੀਆਂ ਹਨ।ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਲੋਕ ਅਕਸਰ ਪੁਲਿਸ ਸਟੇਸ਼ਨਾਂ ਵਿਚ ਸ਼ਿਕਾਇਤਾਂ ਦਰਜ ਕਰਵਾਉਣ ਜਾਂਦੇ ਹਨ। ਇਹ ਸ਼ਿਕਾਇਤਾਂ ਸਥਾਨਕ ਵਿਧਾਇਕ ਜਾਂ ਉਸ ਦੇ ਕਰੀਬੀ ਸਮਰਥਕਾਂ ਖ਼ਿਲਾਫ ਵੀ ਹੋ ਸਕਦੀਆਂ ਹਨ।  ਉਹਨਾਂ ਕਿਹਾ ਕਿ ਜੇਕਰ ਵਿਧਾਇਕ ਦੀ ਤਸਵੀਰ ਐਸਐਚਓ ਦੇ ਸਿਰ ਉੱਤੇ ਟੰਗੀ ਹੋਵੇਗੀ ਤਾਂ ਸ਼ਿਕਾਇਤਕਰਤਾ ਕਿਸ ਇਨਸਾਫ ਦੀ ਉਮੀਦ ਕਰ ਸਕਦੇ ਹਨ? ਉਹਨਾਂ ਕਿਹਾ ਕਿ ਪੰਜਾਬ ਪੁਲਿਸ ਇਕ ਪੇਸ਼ਾਵਰ ਫੋਰਸ ਹੈ, ਜਿਹੜੀ ਨਾ ਸਿਰਫ ਨਿਰਪੱਖ ਹੋਣੀ ਚਾਹੀਦੀ ਹੈ, ਸਗੋਂ ਹਮੇਸ਼ਾਂ ਨਿਰਪੱਖ ਢੰਗ ਨਾਲ ਕੰਮ ਕਰਦੀ ਦਿਸਣੀ ਵੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *