Fri. Apr 19th, 2019

ਅਕਾਲੀ ਦਲ ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜੇਤੂ ਨਵਜੋਤ ਕੌਰ ਨੂੰ 2 ਲੱਖ ਰੁਪਏ ਦਾ ਇਨਾਮ ਦੇਵੇਗਾ

ਅਕਾਲੀ ਦਲ ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਗ਼ਮਾ ਜੇਤੂ ਨਵਜੋਤ ਕੌਰ ਨੂੰ 2 ਲੱਖ ਰੁਪਏ ਦਾ ਇਨਾਮ ਦੇਵੇਗਾ
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਗੁਜਾਰਿਸ਼ ਕੀਤੀ ਕਿ ਨਵਜੋਤ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਜਾਵੇ

ਸ਼੍ਰੋਮਣੀ ਅਕਾਲੀ ਦਲ ਵੱਲੋਂ  ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪਹਿਲਵਾਨ ਨਵਜੋਤ ਕੌਰ ਨੂੰ 2 ਲੱਖ ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਭਰੋਸਾ ਅੱਜ ਨਵਜੋਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਦਿੱਤਾ ਗਿਆ, ਜਦੋਂ ਉਹ ਸਰਦਾਰ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕਰਨ ਲਈ ਆਏ ਸਨ।ਨਵਜੋਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਵਜੋਤ ਦੀ ਜਿੱਤ ਪੰਜਾਬ ਵਿਚ ਕੁਸ਼ਤੀ ਦੀ ਖੇਡ ਨੂੰ ਹੁਲਾਰਾ ਦੇਵੇਗੀ ਅਤੇ ਦੂਜੀਆਂ ਕੁੜੀਆਂ ਨੂੰ ਉਸ ਦੇ ਨਕਸ਼ੇ ਕਦਮਾਂ ਉੱਤੇ ਲਈ ਚੱਲਣ ਲਈ ਪ੍ਰੇਰਿਤ ਕਰੇਗੀ। ਉਹਨਾਂ ਨੇ ਨਵਜੋਤ ਦੀ ਇੱਕ ਵੱਡੀ ਸੱਟ ਮਗਰੋਂ ਦੁਬਾਰਾ ਖੇਡਣ ਦੀ ਹਿੰਮਤ ਵਿਖਾਉਂਦਿਆਂ ਦੇਸ਼ ਵਾਸਤੇ ਸੋਨੇ ਦਾ ਤਗ਼ਮਾ ਜਿੱਤਣ ਲਈ ਪ੍ਰਸੰਸਾ ਕੀਤੀ।ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਨਵਜੋਤ ਨੂੰ ਡੀਐਸਪੀ ਦੀ ਨੌਕਰੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਕ੍ਰਿਕਟ ਵਿਸ਼ਵ ਕੱਪ ਦੀ ਸਟਾਰ ਹਰਮਨਪ੍ਰੀਤ ਕੌਰ ਨੂੰ ਡੀਐਸਪੀ ਨਿਯੁਕਤ ਕਰਨਾ ਇੱਕ ਪ੍ਰਸੰਸਾਯੋਗ ਕਦਮ ਸੀ। ਉਹਨਾਂ ਹੀ ਮਾਪਦੰਡਾਂ ਨੂੰ ਅਪਣਾਉਂਦਿਆਂ ਨਵਜੋਤ ਨੂੰ ਵੀ ਉਸੇ ਅਹੁਦੇ ਉੱਤੇ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਪਣੇ ਮਾਮੂਲੀ ਪਿਛੋਕੜ ਦੇ ਬਾਵਜੂਦ ਕੌਮਾਂਤਰੀ ਪੱਧਰ ਉੱਤੇ ਨਾਮਣਾ ਖੱਟਣ ਵਾਲੀ ਇਸ ਦਲੇਰ ਕੁੜੀ ਲਈ ਇਹੀ ਸਭ ਤੋਂ ਵੱਡਾ ਇਨਾਮ ਹੋਵੇਗਾ। ਉਹਨਾਂ ਕਿਹਾ ਕਿ ਇਸ ਨਾਲ ਸਾਡੀਆਂ ਮਹਿਲਾ ਖਿਡਾਰਨਾਂ ਤਕ ਵੀ ਸਹੀ ਸੁਨੇਹਾ ਜਾਵੇਗਾ ਕਿ ਪੰਜਾਬ ਨੂੰ ਉਹਨਾਂ ਉੱਤੇ ਫ਼ਖਰ ਹੈ ਅਤੇ ਸੂਬੇ ਵਾਸਤੇ ਵੱਡੀ ਮੱਲਾਂ ਮਾਰਨ ਉੱਤੇ ਉਹਨਾਂ ਨੂੰ ਵੀ ਢੁੱਕਵਾਂ ਸਨਮਾਨ ਮਿਲੇਗਾ।ਸਰਦਾਰ ਬਾਦਲ ਨੇ ਸੂਬਾ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਨਵਜੋਤ ਨੂੰ ਏਸ਼ੀਅਨ ਖੇਡਾਂ ਅਤੇ ਟੋਕੀਓ ਓਲੰਪਿਕਸ ਦੀ ਤਿਆਰੀ ਵਾਸਤੇ ਉੱਤਮ ਕਿਸਮ ਦੀ ਸਿਖਲਾਈ ਲਈ ਢੁੱਕਵੀ ਵਿੱਤੀ ਸਹਾਇਤਾ ਵੀ ਜਾਰੀ ਕਰੇ। ਉਹਨਾਂ ਕਿਹਾ ਕਿ ਨਵਜੋਤ ਦੇ ਪਰਿਵਾਰ ਨੇ ਹੁਣ ਤੀਕ ਆਪਣੇ ਸੀਮਤ ਸਰੋਤਾਂ ਦੇ ਬਾਵਜੂਦ ਤੰਗੀਆਂ ਝੱਲ ਕੇ ਉਸ ਦੇ ਸੁਫਨੇ ਨੂੰ ਸਾਕਾਰ ਕੀਤਾ ਹੈ। ਹੁਣ ਅਗਲੀ ਜ਼ਿੰਮੇਵਾਰੀ ਸਰਕਾਰ ਨੂੰ ਓਟਣੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *

%d bloggers like this: